ਸ਼ਹੀਦ ਭਾਈ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ 31 ਨੂੰ

ਸ਼ਹੀਦ ਭਾਈ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ 31 ਨੂੰ

ਭਾਈ ਬੇਅੰਤ ਸਿੰਘ ਦਾ ਸ਼ੁੱਭ ਕਾਰਨਾਮਾ ਸਿੱਖ ਇਤਿਹਾਸ ਦੇ ਵਿੱਚ ਸੁਨਿਹਰੀ ਅੱਖਰਾਂ ਚ ਅੰਕਿਤ ਹੈ: ਸਖੀਰਾ
ਅੰਮ੍ਰਿਤਸਰ, 18 ਅਕਤੂਬਰ ,ਸੁਰਜੀਤ ਸਿੰਘ ਖ਼ਾਲਸਾ 

ਭਾਰਤ ਦੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕਤਲ ਕਾਂਡ ਦੇ ਦੌਰਾਨ ਭਾਰਤੀ ਸੁਰੱਖਿਆ ਫੋਰਸਾਂ ਦੇ ਵੱਲੋਂ ਸ਼ਹੀਦ ਕੀਤੇ ਗਏ ਸ਼ਹੀਦ ਭਾਈ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਸੰਨ 2015 ਦੇ ਸਰਬੱਤ ਖਾਲਸਾ ਸੰਮੇਲਨ ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਦੇ ਵੱਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ 29 ਅਕਤੂਬਰ ਦਿਨ ਬੁੱਧਵਾਰ ਨੂੰ ਸ਼ਹੀਦ ਭਾਈ ਬੇਅੰਤ ਸਿੰਘ ਦੀ ਯਾਦ ਵਿੱਚ ਸੇਵਾ ਸਿਮਰਨ ਤੇ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਥਿਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਬਦਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਸ਼ੁੱਭਾਰੰਭ ਹੋਵੇਗਾ। ਜਿਸ ਦਾ 31 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਭੋਗ ਪਾਉਣ ਉਪਰੰਤ ਰਾਗੀ ਸਿੰਘਾਂ ਦੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਜਾਵੇਗਾ ਤੇ ਸਮਾਰੋਹ ਪ੍ਰਬੰਧਕਾਂ ਦੇ ਵੱਲੋਂ ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਦੱਸਿਆ ਕਿ ਸਿੱਖ ਕੌਮ ਤੇ ਸਿੱਖ ਪੰਥ ਦੇ ਵਾਸਤੇ ਜੋ ਕੁਰਬਾਨੀ ਸ਼ਹੀਦ ਭਾਈ ਬੇਅੰਤ ਸਿੰਘ ਦੇ ਵੱਲੋਂ ਦਿੱਤੀ ਗਈ ਹੈ। ਉਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੂਨ 1984 ਦੇ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਕਾ ਨੀਲਾ ਤਾਰਾ ਕਰਵਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕਰਨ ਵਾਲੀ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਮੁਕਾਉਣ ਵਾਲੇ ਤੇ ਭਾਰਤੀ ਸੁਰੱਖਿਆ ਏਜੰਸੀਆ ਦੇ ਕੋਲੋਂ ਸ਼ਹੀਦੀ ਜਾਮ ਪੀਣ ਵਾਲੇ ਸ਼ਹੀਦ ਭਾਈ ਬੇਅੰਤ ਸਿੰਘ ਦਾ ਸ਼ੁੱਭ ਕਾਰਨਾਮਾ ਸਿੱਖ ਇਤਿਹਾਸ ਦੇ ਵਿੱਚ ਸੁਨਿਹਰੀ ਅੱਖਰਾਂ ਨਾਲ ਅੰਕਿਤ ਹੈ। ਉਨ੍ਹਾਂ ਦੱਸਿਆ ਕਿ ਜਦੋਂ ਵੀ ਪੰਥਕ ਦਰਦੀਆਂ ਤੇ ਪੰਥਕ ਹਿਤੈਸ਼ੀਆਂ ਦੇ ਵੱਲੋਂ ਸ਼ਹੀਦਾਂ ਦੀ ਬਾਤ ਪਾਈ ਜਾਂਦੀ ਹੈ ਤਾਂ ਇੰਦਰਾ ਗਾਂਧੀ ਕਤਲ ਕਾਂਡ ਨਾਲ ਸਬੰਧਤ ਸ਼ਹੀਦੀ ਜਾਮ ਪੀਣ ਵਾਲੇ ਸ਼ਹੀਦਾਂ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ। ਉਨ੍ਹਾਂ ਕਿਹਾ ਕਿ ਕੁੱਝ ਪੰਥਕ ਦੋਖੀਆਂ ਦੇ ਵੱਲੋਂ ਕੇਂਦਰ ਦੀਆਂ ਮੌਕਾ ਪ੍ਰਸਤ ਸਰਕਾਰਾਂ ਦੀ ਝੋਲੀ ਵਿੱਚ ਪੈ ਕੇ ਸ਼ਹੀਦਾਂ ਦੀ ਸ਼ਹੀਦੀ ਦਾ ਮੁੱਲ ਵੱਟਣ ਦੀਆਂ ਚਿਰੋਕਣੀਆਂ ਵਿਉ਼ਂਤਾਂ ਗੁੰਦੀਆ ਜਾ ਰਹੀਆਂ ਹਨ। ਪਰ ਪੰਥਕ ਹਿਤੈਸ਼ੀਆਂ ਤੇ ਪੰਥਕ ਦਰਦੀਆਂ ਦੇ ਵੱਲੋਂ ਮੂੰਹ ਤੋੜਵਾਂ ਜਵਾਬ ਦਿੱਤੇ ਜਾਣ ਕਾਰਨ ਉਹ ਵਿਊਂਤਾਂ ਧਰੀਆਂ ਧਰਾਈਆ ਰਹਿ ਗਈਆਂ। ਭਾਈ ਜਰਨੈਲ ਸਿੰਘ ਸਖੀਰਾ ਨੇ ਅੱਗੇ ਦੱਸਿਆ ਕਿ ਸ਼ਹੀਦੀ ਸਮਾਰੋਹਾਂ ਨੂੰ ਵੀ ਸਰਕਾਰੀ ਏਜੰਸੀਆਂ ਦੇ ਵੱਲੋਂ ਤਾਰਪੀਡੋ ਕਰਨ ਦੀਆਂ ਕੋਝੀਆਂ ਚਾਲਾ ਚੱਲੀਆਂ ਗਈਆਂ। ਪਰ ਸਮੁੱਚੀ ਕੌਮ ਦੇ ਰੂਹ ਏ ਰਵਾਂ ਬਣ ਚੁੱਕੇ ਸ਼ਹੀਦਾਂ ਦੇ ਸ਼ਹੀਦੀ ਸਮਾਰੋਹਾਂ ਦੇ ਉੱਪਰ ਪੰਥਕ ਸਫਾ ਦੇ ਵਫਾਦਾਰਾਂ ਦੇ ਵੱਲੋਂ ਕਿਸੇ ਵੀ ਕਿਸਮ ਦੀ ਕੋਈ ਕਾਲੀ ਪਰਛਾਈ ਨਹੀਂ ਪੈਣ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸ਼ਹੀਦ ਬੇਅੰਤ ਸਿੰਘ ਦੀ 41ਵੀਂ ਸਲਾਨਾ ਬਰਸੀ ਦੇ ਉੱਪਰ ਤੈਅ ਕੀਤੀ ਗਈ ਰਣਨੀਤੀ ਅਨੁਸਾਰ ਸ਼ਹੀਦੀ ਸਮਾਗਮ ਹੋਵੇਗਾ ਤੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਜਾਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.