ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ’ਤੇ ਲਾਹੌਰ ’ਚ ਵਿਸ਼ੇਸ਼ ਸਮਾਗਮ , ਸਿੱਖ ਯਾਤਰੀਆਂ ਨੇ ਕੀਤੀ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ
- ਅੰਤਰਰਾਸ਼ਟਰੀ
- 29 Jun, 2026 07:37 PM (Asia/Kolkata)
ਲਾਹੌਰ, 29 ਜੂਨ: ਮਹਾਰਾਜਾ ਰਣਜੀਤ ਸਿੰਘ ਜੀ ਦੀ 187ਵੀਂ ਬਰਸੀ ਦੇ ਮੌਕੇ ’ਤੇ ਪਾਕਿਸਤਾਨ ਦੇ ਧਾਰਮਿਕ ਮਾਮਲੇ ਅਤੇ ਅੰਤਰ-ਧਾਰਮਿਕ ਸਦਭਾਵਨਾ ਮੰਤਰਾਲੇ ਦੇ ਪ੍ਰਸ਼ਾਸਕੀ ਅਧੀਨ ਕੰਮ ਕਰ ਰਹੇ ਇਵੈਕਿਊਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਗੁਰਦੁਆਰਾ ਡੇਰਾ ਸਾਹਿਬ, ਲਾਹੌਰ ਵਿਖੇ ਮੁੱਖ ਯਾਦਗਾਰੀ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਭਾਰਤ ਸਮੇਤ ਵੱਖ-ਵੱਖ ਦੇਸ਼ਾਂ ਤੋਂ ਪੁੱਜੇ ਸਿੱਖ ਸ਼ਰਧਾਲੂਆਂ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਪੀਐਸਜੀਪੀਸੀ) ਦੇ ਅਹੁਦੇਦਾਰਾਂ, ਈਟੀਪੀਬੀ ਦੇ ਅਧਿਕਾਰੀਆਂ ਅਤੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਈਟੀਪੀਬੀ ਦੇ ਸਕੱਤਰ ਸ੍ਰੀ ਨਾਸਿਰ ਮੁਸ਼ਤਾਕ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਉਨ੍ਹਾਂ ਦੇ ਨਾਲ ਪੀਐਸਜੀਪੀਸੀ ਦੇ ਪ੍ਰਧਾਨ ਅਤੇ ਪੰਜਾਬ ਸਰਕਾਰ ਦੇ ਘੱਟ ਗਿਣਤੀ ਮਾਮਲੇ ਤੇ ਮਨੁੱਖੀ ਅਧਿਕਾਰਾਂ ਬਾਰੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ, ਪੀਐਸਜੀਪੀਸੀ ਦੀ ਸਕੱਤਰ ਜਨਰਲ ਬੀਬੀ ਸਤਵੰਤ ਕੌਰ, ਮੈਂਬਰ ਪ੍ਰੋਫੈਸਰ ਮੰਪਾਲ ਸਿੰਘ, ਹੋਰ ਕਮੇਟੀ ਮੈਂਬਰ ਅਤੇ ਈਟੀਪੀਬੀ ਦੇ ਅਧਿਕਾਰੀ ਵੀ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਈਟੀਪੀਬੀ ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਕਿਹਾ ਕਿ ਚੇਅਰਮੈਨ ਕਾਮਰ-ਉਜ਼-ਜ਼ਮਾਨ ਦੀਆਂ ਹਦਾਇਤਾਂ ਅਨੁਸਾਰ ਭਾਰਤ ਤੋਂ ਆਏ ਸਿੱਖ ਯਾਤਰੀਆਂ ਲਈ ਹਰ ਸੰਭਵ ਸੁਵਿਧਾ ਯਕੀਨੀ ਬਣਾਈ ਗਈ ਹੈ। ਉਨ੍ਹਾਂ ਦੱਸਿਆ ਕਿ ਯਾਤਰੀਆਂ ਨੂੰ ਉੱਚ ਪੱਧਰੀ ਰਿਹਾਇਸ਼, ਗੁਰੂ ਕਾ ਲੰਗਰ, ਆਵਾਜਾਈ, ਮੈਡੀਕਲ ਕੈਂਪ, ਐਂਬੂਲੈਂਸ ਅਤੇ ਐਮਰਜੈਂਸੀ ਮੁੱਢਲੀ ਸਹਾਇਤਾ ਵਰਗੀਆਂ ਸਾਰੀਆਂ ਲੋੜੀਂਦੀਆਂ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਿਰਫ਼ ਸਿੱਖ ਭਾਈਚਾਰੇ ਦਾ ਧਾਰਮਿਕ ਸਮਾਗਮ ਹੀ ਨਹੀਂ, ਸਗੋਂ ਆਪਸੀ ਸਤਿਕਾਰ, ਧਾਰਮਿਕ ਸਹਿਣਸ਼ੀਲਤਾ ਅਤੇ ਪਾਕਿਸਤਾਨ ਦੀ ਸਾਂਝੀ ਸੱਭਿਆਚਾਰਕ ਵਿਰਾਸਤ ਦਾ ਵੀ ਪ੍ਰਤੀਕ ਹੈ। ਉਨ੍ਹਾਂ ਸੰਸਾਰ ਭਰ ਦੇ ਸਿੱਖਾਂ ਨੂੰ ਪਾਕਿਸਤਾਨ ਆ ਕੇ ਆਪਣੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨ ਦਾ ਸੱਦਾ ਦਿੰਦਿਆਂ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਈਟੀਪੀਬੀ ਉਨ੍ਹਾਂ ਦੀ ਸੇਵਾ ਅਤੇ ਸਤਿਕਾਰ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਪੀਐਸਜੀਪੀਸੀ ਦੇ ਪ੍ਰਧਾਨ ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਆਪਣੇ ਸੰਬੋਧਨ ਦੌਰਾਨ ਈਟੀਪੀਬੀ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੀਐਸਜੀਪੀਸੀ ਦੀ ਸਮੁੱਚੀ ਟੀਮ ਵੱਲੋਂ ਕੀਤੇ ਗਏ ਸ਼ਾਨਦਾਰ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ “ਸਿੱਖ ਕੌਮ ਪਾਕਿਸਤਾਨ ਦਾ ਤਾਜ ਹੈ।” ਉਨ੍ਹਾਂ ਕਿਹਾ ਕਿ ਭਾਰਤ ਸਮੇਤ ਦੁਨੀਆ ਭਰ ਤੋਂ ਆਉਣ ਵਾਲੀ ਸਿੱਖ ਸੰਗਤ ਪਾਕਿਸਤਾਨ ਤੋਂ ਪਿਆਰ, ਸ਼ਾਂਤੀ ਅਤੇ ਅੰਤਰ-ਧਾਰਮਿਕ ਸਦਭਾਵਨਾ ਦਾ ਸੰਦੇਸ਼ ਲੈ ਕੇ ਵਾਪਸ ਜਾਂਦੀ ਹੈ। ਉਨ੍ਹਾਂ ਵਿਸ਼ਵ ਭਰ ਦੇ ਸਿੱਖ ਭਾਈਚਾਰੇ ਨੂੰ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਕੌਰੀਡੋਰ ਦੀ ਹੋਰ ਬਿਹਤਰ ਸੰਭਾਲ ਅਤੇ ਨਿਰੰਤਰ ਚਲਾਉਣ ਲਈ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ।

ਭਾਰਤ ਤੋਂ ਪੁੱਜੇ ਸਿੱਖ ਯਾਤਰੀਆਂ ਨੇ ਵੀ ਪਾਕਿਸਤਾਨ ਵਿੱਚ ਕੀਤੇ ਗਏ ਪ੍ਰਬੰਧਾਂ ’ਤੇ ਪੂਰੀ ਤਸੱਲੀ ਦਾ ਪ੍ਰਗਟਾਵਾ ਕੀਤਾ। ਸ਼ਰਧਾਲੂ ਹਰਜਿੰਦਰ ਕੌਰ ਨੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰੇ ਪਹਿਲਾਂ ਨਾਲੋਂ ਹੋਰ ਵੀ ਸੁੰਦਰ ਅਤੇ ਵਧੀਆ ਹਾਲਤ ਵਿੱਚ ਹਨ। ਜਥਾ ਆਗੂ ਖੁਸ਼ਵਿੰਦਰ ਸਿੰਘ ਨੇ ਰਿਹਾਇਸ਼, ਲੰਗਰ, ਆਵਾਜਾਈ ਅਤੇ ਮੈਡੀਕਲ ਸੇਵਾਵਾਂ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ, ਜਦਕਿ ਹਰਵਿੰਦਰ ਸਿੰਘ ਨੇ ਈਟੀਪੀਬੀ ਦੇ ਪ੍ਰਬੰਧਾਂ ਨੂੰ ਆਦਰਸ਼ ਅਤੇ ਬੇਹੱਦ ਸ਼ਲਾਘਾਯੋਗ ਕਰਾਰ ਦਿੱਤਾ। ਦੱਸਣਯੋਗ ਹੈ ਕਿ ਦਸ ਦਿਨਾਂ ਦੀ ਧਾਰਮਿਕ ਯਾਤਰਾ ’ਤੇ ਪਾਕਿਸਤਾਨ ਆਏ ਭਾਰਤੀ ਸਿੱਖ ਸ਼ਰਧਾਲੂ 30 ਜੂਨ 2026 ਨੂੰ ਵਾਹਗਾ ਸਰਹੱਦ ਰਾਹੀਂ ਭਾਰਤ ਲਈ ਰਵਾਨਾ ਹੋਣਗੇ। ਇਸ ਮੌਕੇ ਈਟੀਪੀਬੀ ਦੇ ਸਕੱਤਰ ਨਾਸਿਰ ਮੁਸ਼ਤਾਕ ਖੁਦ ਵਾਹਗਾ ਬਾਰਡਰ ’ਤੇ ਪੁੱਜ ਕੇ ਯਾਤਰੀਆਂ ਨੂੰ ਵਿਦਾ ਕਰਨਗੇ
Leave a Reply