ਪੰਜਾਬ ਨੂੰ ਹਿੰਦੂਤਵੀ ਰੰਗ 'ਚ ਰੰਗਣਾ ਚਾਹੁੰਦੈ ਕੇਜਰੀਵਾਲ
- ਸੰਪਾਦਕੀ
- 29 Jun, 2026 05:55 PM (Asia/Kolkata)
ਅਸੀਂ ਤਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਆਮ ਆਦਮੀ ਪਾਰਟੀ ਆਰ.ਐੱਸ.ਐੱਸ. ਦੀ ਬੀ ਟੀਮ ਹੈ ਜਿਸ ਦਾ ਏਜੰਡਾ ਭਾਜਪਾ ਵਾਂਗ ਹੀ ਸਿੱਖਾਂ ਅਤੇ ਪੰਜਾਬ ਨੂੰ ਹਿੰਦੂਤਵੀ ਰੰਗ ਵਿੱਚ ਰੰਗਣਾ ਹੈ। ਇਹ ਰਾਸ਼ਟਰਵਾਦੀ ਅਤੇ ਹਿੰਦੂਤਵੀ ਪਾਰਟੀਆਂ ਕਦੇ ਵੀ ਸਿੱਖਾਂ ਤੇ ਪੰਜਾਬ ਦਾ ਭਲਾ ਨਹੀਂ ਸੋਚ ਸਕਦੀਆਂ। ਜਿਵੇਂ ਭਾਜਪਾ ਨੇ ਰਾਮ ਮੰਦਿਰ ਦੇ ਨਾਂ ਉੱਤੇ ਸਿਆਸਤ ਕੀਤੀ ਓਵੇਂ ਹੀ ਹੁਣ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਸ੍ਰੀ ਅੰਮ੍ਰਿਤਸਰ ਵਿੱਚ ਲਵ-ਕੁਸ਼ ਅਤੇ ਸੀਤਾ ਦਾ ਮੰਦਰ ਬਣਾਉਣ ਦਾ ਐਲਾਨ ਕਰਕੇ ਆਪਣੀ ਹਿੰਦੂਤਵੀ ਸਿਆਸਤ ਦਾ ਉਭਾਰ ਕਰਨਾ ਚਾਹਿਆ ਹੈ।
ਪੁਰਾਤਨ ਸਿੱਖ ਗ੍ਰੰਥਾਂ ਵਿੱਚ ਤਾਂ ਪਹਿਲਾਂ ਹੀ ਦਰਜ਼ ਹੈ ਕਿ ਸ੍ਰੀ ਦਰਬਾਰ ਸਾਹਿਬ ਦੀ ਮਹਿਮਾ ਘਟਾਉਣ ਲਈ ਇਸ ਦੇ ਬਰਾਬਰ ਸਿੱਖਾਂ ਦੇ ਕਾਤਲ ਜਸਪਤ ਰਾਏ ਤੇ ਲਖਪਤ ਰਾਏ ਨੇ ਇਹ ਗੱਲ ਪ੍ਰਚਲਿਤ ਕਰਕੇ ਅੰਮ੍ਰਿਤਸਰ ਵਿੱਚ ਰਾਮ ਤੀਰਥ ਮੰਦਰ ਦਾ ਨਿਰਮਾਣ ਕਰਵਾਇਆ ਸੀ ਕਿ ਇੱਥੇ ਲਵ-ਕੁਸ਼ ਰਹੇ ਸਨ। ਇਸੇ ਤਰ੍ਹਾਂ ਪੰਡਿਤ ਮਦਨ ਮੋਹਨ ਮਾਲਵੀਆ ਨੇ 1922 ਵਿੱਚ ਸ੍ਰੀ ਦਰਬਾਰ ਸਾਹਿਬ ਦੀ ਇਮਾਰਤ ਦੀ ਨਕਲ ਕਰਕੇ ਦੁਰਗਿਆਣਾ ਮੰਦਰ ਬਣਵਾ ਦਿੱਤਾ ਸੀ। ਇਸ ਤੋਂ ਪਹਿਲਾਂ ਮੁਗਲ ਹਕੂਮਤ ਦੇ ਜ਼ੁਲਮਾਂ ਵੇਲੇ ਜਦੋਂ ਸਿੱਖ ਜੰਗਲਾਂ ਤੇ ਪਹਾੜਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਗਏ ਸਨ ਤਾਂ ਉਸ ਸਮੇਂ ਬ੍ਰਾਹਮਣਾਂ-ਮਹੰਤਾਂ ਨੇ ਗੁਰਦੁਆਰਿਆਂ 'ਚ ਹਿੰਦੂ ਰੀਤਾਂ ਸ਼ੁਰੂ ਕਰ ਦਿੱਤੀਆਂ ਸਨ ਅਤੇ 1849 ਵਿੱਚ ਸਿੱਖ ਰਾਜ ਖੁੱਸਣ ਤੋਂ ਬਾਅਦ ਅੰਗਰੇਜ਼ ਸਾਮਰਾਜ ਦੇ ਪਿੱਠੂ ਪੁਜਾਰੀ ਮਹੰਤਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕਰ ਦਿੱਤੀਆਂ ਸਨ। ਸ੍ਰੀ ਦਰਬਾਰ ਸਾਹਿਬ ਨੂੰ ਵਿਸ਼ਨੂੰ ਮੰਦਰ ਕਹਿਣ ਦੇ ਵੀ ਕੋਝੇ ਯਤਨ ਹੋਏ ਹਨ। ਹਿੰਦੂਤਵੀਆਂ ਦਾ ਇਹ ਏਜੰਡਾ ਹੈ ਕਿ ਸ੍ਰੀ ਅੰਮ੍ਰਿਤਸਰ ਨੂੰ ਗੁਰੂ ਨਗਰੀ ਤੋਂ ਦੇਵ ਨਗਰੀ ਜਾਂ ਦੇਵ ਭੂਮੀ ਬਣਾਇਆ ਜਾਵੇ, ਇਹਨਾਂ ਸਿਧਾਂਤਕ ਹਮਲਿਆਂ ਨੂੰ ਸਮਝਣ ਅਤੇ ਸੁਚੇਤ ਹੋਣ ਦੀ ਲੋੜ ਹੈ।
ਭਾਜਪਾ ਅਤੇ ਆਰ.ਐੱਸ.ਐੱਸ. ਵੱਲੋਂ ਪਹਿਲਾਂ ਹੀ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਹਿ ਕੇ ਚਿੜਾਇਆ ਜਾਂਦਾ ਸੀ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਅੰਮ੍ਰਿਤਸਰ ਦੇ ਪਾਸ ਰਾਮ ਤੀਰਥ ਮਹਾਂਰਿਸ਼ੀ ਵਾਲਮੀਕਿ ਮੰਦਰ ਦੇ ਨਾਲ ਲਵ-ਕੁਸ਼ ਤੇ ਸੀਤਾ ਦਾ ਮੰਦਰ ਵੀ ਬਣਾਇਆ ਜਾਏਗਾ ਤੇ ਸ੍ਰੀ ਅੰਮ੍ਰਿਤਸਰ ਦੀ ਮਹਾਨਤਾ ਇਸ ਨਾਲ ਜੋੜੀ ਜਾਇਆ ਕਰੇਗੀ। ਪੰਜਾਬ ਦਾ ਮੁੱਖ ਮੰਤਰੀ ਤਾਂ ਭਾਵੇਂ ਭਗਵੰਤ ਸਿੰਘ ਮਾਨ ਹੈ ਪਰ ਉਹ ਦਿੱਲੀ ਦੇ ਲਾਲੇ ਅਰਵਿੰਦ ਕੇਜਰੀਵਾਲ ਦੀਆਂ ਉਂਗਲਾਂ ਉੱਤੇ ਹੀ ਨੱਚਦਾ ਹੈ, ਜਿਹੜਾ ਕੇਜਰੀਵਾਲ ਮੀਡੀਆ ਵਿੱਚ ਆਖਦਾ ਸੀ ਕਿ 'ਅਸੀਂ ਭਾਜਪਾ ਨਾਲੋਂ ਵੀ ਵੱਧ ਕੱਟੜ ਹਿੰਦੂਤਵੀ ਹਾਂ' ਤੇ ਜੋ ਨਕਲੀ ਨਿਰੰਕਾਰੀਆਂ ਦਾ ਵੀ ਚੇਲਾ ਹੈ।
ਕੇਜਰੀਵਾਲ ਨੇ ਹੋਰ ਵੀ ਐਲਾਨ ਕੀਤੇ ਹਨ ਕਿ ਪੰਜਾਬ ਦੇ 22 ਸ਼ਹਿਰਾਂ 'ਚ 'ਏਕ ਸ਼ਾਮ ਭਗਵਾਨ ਸ਼ਿਵ ਜੀ ਦੇ ਨਾਮ' ਸਮਾਗਮ ਕਰਵਾਇਆ ਜਾਵੇਗਾ, ਪਟਿਆਲਾ ਦੇ ਕਾਲੀ ਮਾਤਾ ਮੰਦਰ ਦਾ 80 ਕਰੋੜ ਰੁਪਏ ਨਾਲ ਨਵੀਨੀਕਰਨ ਹੋਵੇਗਾ, ਮੁੱਖ ਮੰਤਰੀ ਤੀਰਥ ਯਾਤਰਾ 'ਚ ਸਾਲਾਸਰ, ਖਾਟੂ ਸ਼ਿਆਮ, ਹਰਿਦੁਆਰ, ਰਿਸ਼ੀਕੇਸ਼, ਮਥੁਰਾ ਵਰਿੰਦਾਵਨ ਦੇ ਨਵੇਂ ਰੂਟ ਜੋੜੇ ਜਾਣਗੇ, 1 ਅਗਸਤ ਤੋਂ ਪੰਜਾਬ ਭਰ 'ਚ 'ਹਮਾਰੇ ਰਾਮ' ਨਾਟਕ ਦੇ ਸ਼ੋਅ ਸ਼ੁਰੂ ਹੋਣਗੇ। ਜਿਹੜੀ ਆਮ ਆਦਮੀ ਪਾਰਟੀ ਇਹ ਦਾਅਵਾ ਕਰਦੀ ਸੀ ਕਿ ਉਹ ਧਰਮ ਦੀ ਰਾਜਨੀਤੀ ਨਹੀਂ ਕਰਦੀ ਸਗੋਂ ਉਹ ਤਾਂ ਸਕੂਲ ਅਤੇ ਹਸਪਤਾਲ ਬਣਾਉਂਦੀ ਹੈ ਤੇ ਚੰਗੀ ਕਾਨੂੰਨ ਵਿਵਸਥਾ ਤੇ ਰੁਜ਼ਗਾਰ ਮੁਹੱਈਆ ਕਰਵਾਉਂਦੀ ਹੈ। ਪਰ ਹੁਣ ਉਹ ਵੀ ਮੰਦਰ ਬਣਾਉਣ ਅਤੇ ਹਿੰਦੂ ਅਸਥਾਨਾਂ ਦੀਆਂ ਯਾਤਰਾਵਾਂ ਕਰਵਾਉਣ ਤੇ ਹਿੰਦੂ ਧਰਮ ਦੇ ਪ੍ਰਚਾਰ ਵਿੱਚ ਕਰੋੜਾਂ-ਅਰਬਾਂ ਰੁਪਏ ਖਰਚ ਕਰ ਰਹੀ ਹੈ ਤਾਂ ਜੋ ਹਿੰਦੂਆਂ ਨੂੰ ਖ਼ੁਸ਼ ਕੀਤਾ ਜਾ ਸਕੇ। ਕੇਜਰੀਵਾਲ ਨੇ ਪੰਜਾਬ ਵਿੱਚ ਆ ਕੇ ਹਿੰਦੂ ਪੱਤਾ ਖੇਡਿਆ ਹੈ ਤੇ ਹਿੰਦੂਤਵ ਦੇ ਪ੍ਰਚਾਰ-ਪ੍ਰਸਾਰ ਤੇ ਸਥਾਪਤੀ ਲਈ ਇਹ ਪੰਜ ਵੱਡੇ ਐਲਾਨ ਕੀਤੇ ਹਨ ਜਿਸ ਤੋਂ ਸਿੱਖਾਂ ਨੂੰ ਸਾਵਧਾਨ ਹੋਣ ਦੀ ਲੋੜ ਹੈ। ਪੰਜਾਬ ਵਿੱਚ ਸਰਕਾਰੀ ਪੱਧਰ ਉੱਤੇ ਇਹਨਾਂ ਵਿਸ਼ਾਲ ਸਮਾਗਮਾਂ ਅਤੇ ਹਿੰਦੂ ਯਾਤਰਾਵਾਂ ਨਾਲ ਸਿੱਖਾਂ ਨੂੰ ਹਿੰਦੂਤਵ ਵਿੱਚ ਜਜ਼ਬ ਕਰਨ ਦੇ ਹੀ ਯਤਨ ਹੋਣਗੇ। ਇਹਨਾਂ ਦੇ ਨਵੇਂ ਐਲਾਨਾਂ ਤੋਂ ਇੰਝ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤਾਂ ਸਿੱਖਾਂ ਨੂੰ ਹਿੰਦੂ ਅਤੇ ਪੰਜਾਬ ਨੂੰ ਹਿੰਦੁਸਤਾਨ ਹੀ ਸਮਝ ਰਹੇ ਹਨ। ਇਸ ਲਈ ਆਪਣੀ ਹੋਂਦ ਅਤੇ ਹੱਕਾਂ ਲਈ ਜੂਝਦੀ ਸਿੱਖ ਕੌਮ ਨੂੰ ਹਰ ਪਲ ਜਾਗਦੇ ਰਹਿਣਾ ਚਾਹੀਦਾ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply