ਸਿੱਖ ਕੌਮ ਦਾ ਅਨਮੋਲ ਹੀਰਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ
- ਗੁਰਬਾਣੀ-ਇਤਿਹਾਸ
- 29 Jun, 2026 06:01 PM (Asia/Kolkata)
ਅਮਰ ਸ਼ਹੀਦ ਭਾਈ ਕਸ਼ਮੀਰ ਸਿੰਘ ਜੀ ਸ਼ੀਰਾ ਦਾ ਜਨਮ 15 ਜਨਵਰੀ 1971 ਨੂੰ ਪਿਤਾ ਸ. ਦਲੀਪ ਸਿੰਘ ਜੀ ਦੇ ਘਰ, ਮਾਤਾ ਬੀਬੀ ਪ੍ਰੀਤਮ ਕੌਰ ਜੀ ਦੀ ਵਡਭਾਗੀ ਕੁੱਖੋਂ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਦੀ ਤਹਿਸੀਲ ਪੱਟੀ ਵਿਖੇ ਹੋਇਆ, ਇਹ ਪੱਟੀ ਸ਼ਹਿਰ ਹੁਣ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦਾ ਹੈ। ਪੱਟੀ ਦੇ ਮਸ਼ਹੂਰ ਸਿੱਖਾਂ ਵਾਲ਼ਾ ਮੁਹੱਲਾ (ਵਾਰਡ ਨੰਬਰ 3) ’ਚ ਆਪ ਦਾ ਘਰ ਸੀ। ਆਪ ਦਾ ਪਰਿਵਾਰ ਕਾਫ਼ੀ ਵੱਡਾ ਸੀ ਤੇ ਸਾਰੇ ਇਕੱਠੇ ਹੀ ਰਹਿੰਦੇ ਸਨ। ਆਪ ਦਾ ਕੱਦ ਪੰਜ ਫੁੱਟ ਅੱਠ ਇੰਚ, ਰੰਗ ਗੋਰਾ, ਸਰੀਰ ਪਤਲਾ ਤੇ ਸੁਭਾਅ ਬੜਾ ਜੋਸ਼ੀਲਾ ਸੀ। ਆਪ ਪੰਜ ਭਰਾ ਤੇ ਪੰਜ ਭੈਣਾਂ ਦੇ ਨਾਂ : ਸ. ਗੁਰਸ਼ੇਰ ਸਿੰਘ, ਸ. ਬਲਬੀਰ ਸਿੰਘ, ਸ. ਲਖਬੀਰ ਸਿੰਘ, ਸ਼ਹੀਦ ਕਸ਼ਮੀਰ ਸਿੰਘ ਸ਼ੀਰਾ, ਸ. ਸੁਰਿੰਦਰ ਸਿੰਘ, ਬੀਰ ਕੌਰ, ਚਰਨ ਕੌਰ, ਸਵਰਨ ਕੌਰ, ਕਰਮਜੀਤ ਕੌਰ ਤੇ ਪਰਮਜੀਤ ਕੌਰ। ਆਪ ਦੇ ਪਿਤਾ ਜੀ ਸ. ਦਲੀਪ ਸਿੰਘ ਜੋ ਪੱਟੀ ਦੀ ਕਚਹਿਰੀ ’ਚ ਸਰਕਾਰੀ ਨੌਕਰੀ ਕਰਦੇ ਸਨ ਤੇ ਦਾਦਾ ਜੀ ਸ. ਹੀਰਾ ਸਿੰਘ ਜੀ ਫ਼ੌਜ ਵਿੱਚੋਂ ਰਿਟਾਇਰਡ ਹੋਏ ਸਨ। ਛੋਟੀ ਉਮਰੇ ਹੀ ਆਪ ਧਾਰਮਿਕ ਖ਼ਿਆਲਾਂ ਵਾਲ਼ੇ ਸਨ ਤੇ ਪੱਟੀ ਦੇ ਇਤਿਹਾਸਕ ਗੁਰਦੁਆਰਾ ਭੱਠ ਸਾਹਿਬ ਵਿਖੇ ਬਹੁਤ ਸੇਵਾ ਕਰਿਆ ਕਰਦੇ ਅਤੇ ਹਰ ਮੱਸਿਆ ’ਤੇ ਆਪ ਸ੍ਰੀ ਦਰਬਾਰ ਸਾਹਿਬ (ਤਰਨ ਤਾਰਨ) ਵਿਖੇ ਦਰਸ਼ਨ-ਇਸ਼ਨਾਨ ਕਰਨ ਜਾਂਦੇ ਸਨ। ਆਪ ਨੇ ਅਠਵੀਂ ਤਕ ਪੜ੍ਹਾਈ ਕੀਤੀ ਤੇ ਫਿਰ ਪੱਟੀ ’ਚ ਭਾਂਡਿਆਂ ਵਾਲ਼ੇ ਚੌਂਕ ’ਚ ਆਪ ਇੱਕ ਦਰਜੀ ਦੀ ਦੁਕਾਨ ’ਤੇ ਕੰਮ ਕਰਨ ਲਗ ਪਏ ਤੇ ਕੱਪੜੇ ਸਿਊਣ ’ਚ ਚੰਗੇ ਕਾਰੀਗਰ ਬਣ ਗਏ।
ਜਦ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਧਰਮ ਯੁੱਧ ਮੋਰਚਾ ਲਾਇਆ ਤਾਂ ਆਪ ਛੋਟੀ ਉਮਰੇ ਹੀ ਗੁਰਦੁਆਰਾ ਭੱਠ ਸਾਹਿਬ ਪੱਟੀ ਦੇ ਜਥੇਦਾਰ ਬਾਬਾ ਰਸਾਲ ਸਿੰਘ ਨਿਹੰਗ ਨਾਲ਼ ਸ੍ਰੀ ਦਰਬਾਰ ਸਾਹਿਬ (ਸ੍ਰੀ ਅੰਮ੍ਰਿਤਸਰ) ਦਰਸ਼ਨਾਂ ਲਈ ਜਾਂਦੇ ਤੇ ਸੰਤ ਭਿੰਡਰਾਂਵਾਲ਼ਿਆਂ ਦੇ ਜੋਸ਼ੀਲੇ ਬਚਨ ਸੁਣ ਕੇ ਨਿਹਾਲ ਹੁੰਦੇ। ਓਦੋਂ ਹੀ ਦਲ ਪੰਥ ਬਾਬਾ ਬਿਧੀ ਚੰਦ ਸੰਪਰਦਾ ਦੇ ਮੁੱਖ ਜਥੇਦਾਰ ਸੰਤ ਬਾਬਾ ਦਇਆ ਸਿੰਘ ਨਿਹੰਗ ਸੁਰਸਿੰਘ ਵਾਲ਼ਿਆਂ, ਜਥੇਦਾਰ ਬਾਬਾ ਰਸਾਲ ਸਿੰਘ ਨਿਹੰਗ ਅਤੇ ਸੰਤ ਬਾਬਾ ਸੰਤੋਖ ਦਾਸ ਜੀ (ਮਾੜੀ ਕੰਬੋਕੇ ਵਾਲ਼ਿਆਂ) ਦੀ ਅਗਵਾਈ ’ਚ ਆਪ ਧਰਮ ਯੁੱਧ ਮੋਰਚੇ ’ਚ ਗ੍ਰਿਫ਼ਤਾਰੀਆਂ ਦਿੰਦੇ ਰਹੇ ਤੇ ਹੋਰ ਪੰਥਕ ਸਰਗਰਮੀਆਂ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲੈਂਦੇ ਸਨ। ਫਿਰ ਜਦ ਜੂਨ 1984 ’ਚ ਭਾਰਤੀ ਹਕੂਮਤ ਨੇ ਟੈਂਕਾਂ-ਤੋਪਾਂ ਨਾਲ਼ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਅਤੇ ਹਜ਼ਾਰਾਂ ਸੰਗਤਾਂ ਨੂੰ ਬੇ-ਰਹਿਮੀ ਨਾਲ਼ ਸ਼ਹੀਦ ਕੀਤਾ ਤਾਂ ਹੋਰਾਂ ਸਿੱਖਾਂ ਵਾਂਗ ਆਪ ਦੇ ਮਨ ’ਤੇ ਵੀ ਡੂੰਘੀ ਸੱਟ ਵੱਜੀ ਤੇ ਦਿਲ ’ਚ ਹਿੰਦ ਹਕੂਮਤ ਵਿਰੁੱਧ ਵਿਦਰੋਹ ਪੈਦਾ ਹੋ ਗਿਆ। ਘੱਲੂਘਾਰੇ ਪਿੱਛੋਂ ਜੁਝਾਰੂ ਸਿੰਘਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ’ਤੇ ਪਹਿਰਾ ਦਿੰਦਿਆਂ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ। ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਨੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧ ਦਿੱਤਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜਨਰਲ ਵੈਦਿਆਂ ਨੂੰ ਪੂਨੇ ਜਾ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਜਦੋਂ ਦਮਦਮੀ ਟਕਸਾਲ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ 26 ਜਨਵਰੀ 1986 ਨੂੰ ਸਰਬੱਤ ਖ਼ਾਲਸਾ ਸੱਦਿਆ ਗਿਆ ਤਾਂ ਆਪ ਉਸ ਦਿਨ ਇੱਕ ਸਿੱਖ ਹੋਣ ਦੇ ਨਾਤੇ ਉਚੇਚੇ ਤੌਰ ’ਤੇ ਸ਼ਾਮਲ ਹੋਏ ਅਤੇ ਖ਼ਾਲਸਾ ਪੰਥ ਦੇ ਠਾਠਾਂ ਮਾਰਦੇ ਇਕੱਠ ਤੇ ਪੰਥਕ ਜਜ਼ਬਾਤਾਂ ਨੂੰ ਵੇਖਿਆ ਤੇ ਕੌਮ ਲਈ ਲੜਨ-ਮਰਨ ਦਾ ਪ੍ਰਣ ਕੀਤਾ। ਫੇਰ ਸੰਨ 1987-88 ਵਿੱਚ ਭਾਈ ਕਸ਼ਮੀਰ ਸਿੰਘ ਸ਼ੀਰਾ ਦਾ ਖ਼ਾਲਿਸਤਾਨ ਕਮਾਂਡੋ ਫ਼ੋਰਸ ਦੇ ਜੁਝਾਰੂ ਸਿੰਘਾਂ ਨਾਲ਼ ਮੇਲ਼ ਹੋ ਗਿਆ ਤੇ ਜੁਝਾਰੂ ਸਿੰਘਾਂ ਦਾ ਉੱਚਾ-ਸੁੱਚਾ ਜੀਵਨ, ਨਾਮ-ਬਾਣੀ ਨਾਲ਼ ਪਿਆਰ ਤੇ ਕੌਮੀ ਸੰਘਰਸ਼ ਪ੍ਰਤੀ ਦ੍ਰਿੜਤਾ ਵੇਖ ਕੇ ਆਪ ਐਨੇ ਕਾਇਲ ਹੋਏ ਕਿ ਆਪ ਨੇ ਵੀ ਸਿੰਘਾਂ ਨਾਲ਼ ਮਿਲ਼ ਕੇ ਖ਼ਾਲਿਸਤਾਨੀ ਸੰਘਰਸ਼ ’ਚ ਗੁਪਤ ਤੌਰ ’ਤੇ ਸੇਵਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਣ ਆਪ ਦੀ ਦੁਕਾਨ ’ਤੇ ਅਕਸਰ ਹੀ ਜੁਝਾਰੂ ਸਿੰਘ ਆਉਣ ਲਗ ਪਏ। ਆਪ ਉਹਨਾਂ ਦੇ ਚੋਲ਼ੇ-ਕਛਹਿਰੇ-ਗਾਤਰੇ, ਪੈਂਟਾਂ-ਕਮੀਜਾਂ ਅਤੇ ਗੋਲ਼ਾ-ਬਰੂਦ ਸਾਂਭਣ ਲਈ ਗੁਥਲੀਆ ਵੀ ਸੀਂਦੇ ਰਹੇ ਤੇ ਹਥਿਆਰਾਂ ਉੱਤੇ ਸਜਾਵਟ ਲਈ ਖ਼ਾਲਸਈ ਝੰਡੀਆਂ ਬਣਾ ਕੇ ਦਿੰਦੇ ਜਿਨ੍ਹਾਂ ਉੱਤੇ ਖ਼ਾਲਿਸਤਾਨ ਕਮਾਂਡੋ ਫ਼ੋਰਸ, ਭਿੰਡਰਾਂਵਾਲ਼ਾ ਟਾਈਗਰ ਫ਼ੋਰਸ, ਬੱਬਰ ਖ਼ਾਲਸਾ ਜਾਂ ਖ਼ਾਲਿਸਤਾਨ ਜ਼ਿੰਦਾਬਾਦ ਲਿਖਿਆ ਹੁੰਦਾ ਸੀ ਤੇ ਫਿਰ ਹੌਲ਼ੀ-ਹੌਲ਼ੀ ਆਪ ਨੇ ਜੁਝਾਰੂ ਕਾਰਵਾਈਆਂ ’ਚ ਦੁਸ਼ਮਣਾਂ ਨੂੰ ਕਰਾਰੇ ਹੱਥ ਵਿਖਾਉਣੇ ਸ਼ੁਰੂ ਕਰ ਦਿੱਤੇ।
ਜਦੋਂ 3 ਨਵੰਬਰ 1990 ਨੂੰ ਭਿੰਡਰਾਂਵਾਲਾ ਟਾਈਗਰਜ਼ ਫ਼ੋਰਸ ਆਫ਼ ਖ਼ਾਲਿਸਤਾਨ ਦੇ ਜਰਨੈਲ ਭਾਈ ਸੁਖਵਿੰਦਰ ਸਿੰਘ ਸੰਘਾ ਤੇ ਉਹਨਾਂ ਦੇ ਜੁਝਾਰੂ ਸਾਥੀਆਂ ਭਾਈ ਬਿਕਰਮਜੀਤ ਸਿੰਘ ਨਾਰਲਾ, ਭਾਈ ਮਨਜੀਤ ਸਿੰਘ ਖੇਲਾ, ਭਾਈ ਮਨਜੀਤ ਸਿੰਘ ਮਾਧੋ ਅਤੇ ਭਾਈ ਰਮੇਸ਼ਪਾਲ ਸਿੰਘ ਉਰਫ਼ ਨਿਰਮਲਜੀਤ ਸਿੰਘ ਪਟਿਆਲਾ ਨੂੰ ਤਰਨ ਤਾਰਨ ਦੇ ਪਿੰਡ ਭੁੱਲਰ ’ਚ ਘੇਰਾ ਪਾ ਕੇ ਮੁਕਾਬਲੇ ਦੌਰਾਨ ਪੁਲੀਸ ਨੇ ਸ਼ਹੀਦ ਕਰ ਦਿੱਤਾ ਤਾਂ ਪੁਲੀਸ ਪਾਰਟੀ ਦੀ ਅਗਵਾਈ ਕਰਨ ਵਾਲ਼ੇ ਐੱਸ.ਪੀ. ਅਪ੍ਰੇਸ਼ਨ ਹਰਜੀਤ ਸਿਹੁੰ ਨੂੰ ਜੁਝਾਰੂ ਜਥੇਬੰਦੀਆਂ ਨੇ ਸੋਧਣ ਦਾ ਤਹੱਈਆ ਕਰ ਲਿਆ। ਫਿਰ ਖ਼ਾਲਿਸਤਾਨ ਕਮਾਂਡੋ ਫ਼ੋਰਸ ਅਤੇ ਭਿੰਡਰਾਂਵਾਲ਼ਾ ਟਾਈਗਰਜ਼ ਫ਼ੋਰਸ ਨੇ ਰਲ਼ ਕੇ ਇਸ ਐਕਸ਼ਨ ਨੂੰ ਓਦੋਂ ਸਿਰੇ ਚਾੜ੍ਹਿਆ ਜਦੋਂ 21 ਦਿਨਾਂ ਬਾਅਦ 24 ਨਵੰਬਰ 1990 ਨੂੰ ਤਰਨ ਤਾਰਨ ਦੇ ਰੋਹੀਵਾਲ਼ਾ ਡਰੇਨ ਪੁਲ਼ ’ਤੇ ਐੱਸ.ਪੀ. ਅਪ੍ਰੇਸ਼ਨ ਹਰਜੀਤ ਸਿਹੁੰ ਦੀ ਜੀਪ ਨੂੰ ਜੁਝਾਰੂ ਸਿੰਘਾਂ ਨੇ ਬੰਬ ਨਾਲ਼ ਉਡਾਅ ਦਿੱਤਾ। ਇਹ ਐਕਸ਼ਨ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ) ਅਤੇ ਉਹਨਾਂ ਦੇ ਜੁਝਾਰੂ ਸਾਥੀਆਂ ਭਾਈ ਮੇਜਰ ਸਿੰਘ ਯੂ.ਪੀ. (ਪਿੰਡ ਸ਼ਹੀਦ), ਭਾਈ ਸੁਰਜੀਤ ਸਿੰਘ ਸੀਤਲ ਝੱਖੜ (ਪਿੰਡ ਠੱਠੀ ਜੈਮਲ ਸਿੰਘ), ਭਾਈ ਬਲਵਿੰਦਰ ਸਿੰਘ ਮੰਡ (ਪਿੰਡ ਵਰਾਣਾ), ਭਾਈ ਬਲਵਿੰਦਰ ਸਿੰਘ ਫ਼ੌਜੀ (ਪਿੰਡ ਜਵੰਦਾ ਖੁਰਦ), ਬਾਬਾ ਸੁੱਖਾ ਸਿੰਘ (ਪਿੰਡ ਖਾਰਾ, ਸਰਹਾਲੀ), ਭਾਈ ਤਰਸੇਮ ਸਿੰਘ ਬੱਗਾ (ਪਿੰਡ ਕੰਗ) ਅਤੇ ਭਾਈ ਭੁਪਿੰਦਰ ਸਿੰਘ ਭਿੰਦਾ (ਪਿੰਡ ਦਸੰਧੀ ਮੱਲ੍ਹ) ਵੱਲੋਂ ਕੀਤਾ ਗਿਆ ਜਿਸ ਵਿੱਚ ਐੱਸ.ਪੀ. ਅਪ੍ਰੇਸ਼ਨ ਹਰਜੀਤ ਸਿਹੁੰ ਸਮੇਤ ਉਸ ਦੇ ਤਿੰਨ ਗੰਨਮੈਨ ਮਾਰੇ ਗਏ ਤੇ ਜੀਪ ਟੋਟੇ-ਟੋਟੇ ਹੋ ਗਈ। ਇਸ ਤਰ੍ਹਾਂ ਆਪ ਨੇ ਭਾਈ ਸੰਘੇ ਦੀ ਸ਼ਹਾਦਤ ਦਾ ਬਦਲਾ ਲੈ ਲਿਆ।
ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਜੁਝਾਰੂ ਗਰੁੱਪ ਨੇ ਅੰਮ੍ਰਿਤਸਰ, ਤਰਨ ਤਾਰਨ, ਪੱਟੀ, ਖੇਮਕਰਨ, ਭਿੱਖੀਵਿੰਡ, ਵਲਟੋਹਾ, ਕਾਲੀਆ-ਸਕੱਤਰਾ, ਸੁਰਸਿੰਘ, ਗੱਗੋਬੂਹਾ ਅਤੇ ਚੱਬਾ ਆਦਿ ਇਲਾਕਿਆਂ ’ਚ ਪੂਰੀ ਧਾਂਕ ਜਮਾਈ ਹੋਈ ਸੀ। ਆਪ ਸਿੰਘਾਂ ਕੋਲ਼ ਇੱਕ ਸਕੂਟਰ ਅਤੇ ਇੱਕ ਯਾਮਹਾ ਮੋਟਰ ਸਾਇਕਲ ਹੁੰਦਾ ਸੀ ਜਿਸ ਨੂੰ ਆਪ ਨੇ ਅਨੇਕਾਂ ਜੁਝਾਰੂ ਕਾਰਨਾਮਿਆਂ ’ਚ ਵਰਤਿਆ। ਆਪ ਨੇ ਨੌਰੰਗਾਬਾਦ ਦਾ ਇੱਕ ਦੁਸ਼ਟ ਸੋਧਿਆ ਜੋ ਖਾੜਕੂਆਂ ਦੇ ਭੇਸ ’ਚ ਲੁੱਟਾਂ-ਖੋਹਾਂ ਕਰਦਾ ਸੀ। ਕਿਸਾਨਾਂ ਨੂੰ ਲੁੱਟਣ ਵਾਲ਼ੇ ਇੱਕ ਆੜਤੀਏ ਨੂੰ ਵੀ ਗੱਡੀ ਚਾੜ੍ਹਿਆ ਜੋ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਖ਼ਿਲਾਫ਼ ਵੀ ਬਕਵਾਸ ਕਰਦਾ ਹੁੰਦਾ ਸੀ। ਭਾਰਤੀ ਫ਼ੋਰਸਾਂ ਨਾਲ਼ ਆਪ ਦੇ ਕਈ ਮੁਕਾਬਲੇ ਹੋਏ ਤੇ ਆਪ ਘੇਰੇ ਤੋੜ ਕੇ ਨਿਕਲ਼ ਜਾਂਦੇ ਰਹੇ। ਭਾਈ ਕਸ਼ਮੀਰ ਸਿੰਘ ਸ਼ੀਰਾ ਨੇ ਕਈ ਪੁਲੀਸ ਚੌਂਕੀਆਂ ਅਤੇ ਥਾਣਿਆਂ ਉੱਤੇ ਹਮਲੇ ਕੀਤੇ, ਬੁੱਚੜ ਪੁਲਸੀਆਂ ਨੂੰ ਸਜ਼ਾਵਾਂ ਦਿੱਤੀਆਂ ਅਤੇ ਕੈਟਾਂ, ਮੁਖ਼ਬਰਾਂ, ਗ਼ੱਦਾਰਾਂ ਨੂੰ ਸੋਧਿਆ। ਸਰਕਾਰੀ ਦੱਲਾਗਿਰੀ ਕਰਨ ਵਾਲ਼ੇ ਕਾਮਰੇਡਾਂ ਨੂੰ ਵੀ ਮੌਤ ਦੇ ਘਾਟ ਉਤਾਰਿਆ ਅਤੇ ਸਿੱਖੀ ਦੇ ਦੁਸ਼ਮਣਾਂ ਦੇ ਮਨਾਂ ’ਚ ਦਹਿਸ਼ਤ ਪੈਦਾ ਕਰ ਦਿੱਤੀ। ਇੱਕ ਵਾਰ ਜਦ ਆਪ ਤਰਨ ਤਾਰਨ ਦੇ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਆਏ ਤਾਂ ਪੁਲੀਸ ਨੂੰ ਸੂਹ ਹੋ ਗਈ ਤੇ ਬਾਹਰ ਆਉਂਦਿਆਂ ਸਾਰ ਪੁਲੀਸ ਨੇ ਆਪ ਉੱਤੇ ਗੋਲ਼ੀਆਂ ਦੀ ਵਾਛੜ ਕਰ ਦਿੱਤੀ ਪਰ ਗੁਰੂ ਸਾਹਿਬ ਵੱਲੋਂ ਬਖ਼ਸ਼ੀ ਸੂਰਬੀਰਤਾ ਅਤੇ ਨਿਰਭੈਅਤਾ ਸਦਕਾ ਆਪ ਜਬਰਦਸਤ ਮੁਕਾਬਲਾ ਕਰਦੇ ਹੋਏ ਓਥੋਂ ਨਿਕਲ਼ ਗਏ। ਜੁਝਾਰੂ ਭਾਈ ਦਲਬੀਰ ਸਿੰਘ ਖੇਲਾ ਤਾਂ ਆਪ ਦੇ ਭਰਾ ਹੀ ਬਣੇ ਹੋਏ ਸਨ ਤੇ ਆਪ ਦੋਵਾਂ ਦਾ ਇੱਕ-ਦੂਜੇ ਘਰ ਆਉਣਾ-ਜਾਣਾ ਤੇ ਪਰਿਵਾਰਕ ਮੇਲ਼ ਵੀ ਸੀ। ਆਪ ਨੇ ਅਨੇਕਾਂ ਸਮਾਜ ਸੁਧਾਰ ਦੇ ਕਾਰਜ ਵੀ ਕੀਤੇ, ਦਾਜ ਦੇਣਾ-ਲੈਣਾ ਬੰਦ ਕਰਵਾਇਆ, ਸ਼ਰਾਬ ਦੇ ਠੇਕੇ ਵੀ ਬੰਦ ਕਰਵਾਏ ਤੇ ਕਈ ਧੀਆਂ ਦੇ ਘਰ ਵਸਾਏ।
ਜਦੋਂ ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਵੱਡੇ ਭਰਾ ਸ. ਲਖਬੀਰ ਸਿੰਘ ਦੇ ਘਰ 30 ਨਵੰਬਰ 1991 ਨੂੰ ਇੱਕ ਬੱਚੇ ਨੇ ਜਨਮ ਲਿਆ ਤਾਂ ਆਪਣੇ ਭਤੀਜੇ ਦੇ ਜਨਮ ਦੀ ਖ਼ੁਸ਼ੀ ’ਚ ਆਪ ਲੱਡੂ ਵੰਡਦੇ ਘਰ ’ਚ ਦਾਖਲ ਹੋਏ ਤੇ ਬੱਚੇ ਨੂੰ ਚੁੱਕ ਕੇ ਉਸ ਦਾ ਮੱਥਾ ਚੁੰਮਦਿਆਂ ਸਾਰ ਆਪ ਨੇ ਕਿਹਾ “ਆ ਗਿਆ ਮੇਰੇ ਵੰਡੇ ਦਾ ਰਣਜੀਤ ਸਿੰਘ, ਹੁਣ ਮੈਂ ਸ਼ਹੀਦੀ ਪਾ ਜਾਣੀ ਏਂ।” ਇਹ ਗੱਲ ਸੁਣਦਿਆਂ ਸਾਰ ਆਪ ਦੀ ਇੱਕ ਰਿਸ਼ਤੇਦਾਰ ਬੀਬੀ ਨੇ ਕਿਹਾ “ਨਾ ਸ਼ੀਰੇ ਪੁੱਤ! ਏੱਦਾਂ ਨਾ ਬੋਲ, ਹਰੇਕ ਮਾਂ ਨੂੰ ਆਪਣਾ ਪੁੱਤ ਪਿਆਰਾ ਹੁੰਦੈ, ਉਹ ਆਪਣੀ ਮਾਂ ਦਾ ਹੀਰਾ ਏ, ਤੇ ਤੂੰ ਆਪਣੀ ਮਾਂ ਦਾ ਚੰਨ ਏਂ, ਜੁੱਗ-ਜੁੱਗ ਜਵਾਨੀਆਂ ਮਾਣੋ, ਤੁਹਾਡੇ ਘਰ ਤਾਂ ਬਾਬੇ ਨੇ ਮੇਹਰ ਕੀਤੀ ਏ, ਵੇਖ ਲੈ ਨਿਰਾ ਤੇਰੇ ਵਰਗਾ ਵਾ ਇਹ ਬੱਚਾ, ਅਸੀਂ ਤਾਂ ਨਾਮ ਸੋਚਣ ਹੀ ਦਏ ਸੀ ਕਿ ਕੀ ਰੱਖੀਏ, ਤੇ ਤੂੰ ਰੱਖ ਵੀ ਦਿੱਤਾ।” ਪਰ ਆਪ ਨੇ ਕਿਹਾ ਕਿ “ਨਹੀਂ ਮਾਸੀ! ਹੁਣ ਤਾਂ ਬਸ ਆਪਣੀ ਤਿਆਰੀ ਏ, ਜਿਹੜੇ ਰਾਹਾਂ ’ਤੇ ਮੈਂ ਪੈਰ ਰੱਖ ਲਿਆ ਇੱਥੇ ਕਦਮ-ਕਦਮ ’ਤੇ ਮੌਤ ਏ, ਪਤਾ ਨਹੀਂ ਕਦੋਂ ਮੁਕਾਬਲਾ ਹੋ ਜਾਣਾ ਤੇ ਕਲਗੀਆਂ ਵਾਲ਼ੇ ਬਾਪੂ ਨੇ ਅਵਾਜ਼ ਮਾਰ ਲੈਣੀ ਏਂ, ਇਹ ਸਿੱਖੀ ਬੜੀ ਨਿਆਰੀ ਏ, ਖੰਡੇ ਦੀ ਧਾਰ ’ਤੇ ਚੱਲਣਾ ਪੈਂਦਾ ਏ, ਗੁਰੂ ਮੇਹਰ ਕਰੇ ਤੇ ਹੁਣ ਜਲਦ ਹੀ ਸ਼ਹੀਦੀ ਦੀ ਦਾਤ ਝੋਲ਼ੀ ਵਿੱਚ ਪਾਵੇ।”
ਸੰਨ 1992 ਦੇ ਮਈ ਮਹੀਨੇ ’ਚ ਪੁਲੀਸ ਨੇ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਫੜਨ ਲਈ ਉਹਨਾਂ ਦੇ ਘਰ ’ਚ ਛਾਪਾ ਮਾਰਿਆ ਅਤੇ ਡਿਬੀਪੁਰਾ ਪਿੰਡ ’ਚ ਵਿਆਹੀ ਉਹਨਾਂ ਦੀ ਭੈਣ ਬੀਰ ਕੌਰ ਵੱਲ ਵੀ ਗਏ। ਲੇਕਿਨ ਆਪ ਹੱਥ ਨਾ ਆਏ, ਕਿਉਂਕਿ ਆਪ ਕਈ ਮਹੀਨੇ ਪਹਿਲਾਂ ਤੋਂ ਹੀ ਰੂਪੋਸ਼ ਵਿਚਰ ਰਹੇ ਸਨ ਤੇ ਕਦੇ-ਕਦਾਈਂ ਘਰ ਆਉਂਦੇ ਸਨ। ਫਿਰ ਕੁਝ ਸਮੇਂ ਬਾਅਦ ਸੀ.ਆਰ.ਪੀ.ਐੱਫ਼. ਨੇ ਆਪ ਨੂੰ ਕਰਤਾਰਪੁਰ ਦੇ ਨੇੜੇ ਪਿੰਡ ਦਿਆਲਪੁਰ ’ਚੋਂ ਸ਼ੱਕ ਦੇ ਆਧਾਰ ’ਤੇ ਓਦੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਆਪ ਖੇਤਾਂ ਵਿਚਲੇ ਇੱਕ ਘਰ ਵਿੱਚ ਠਹਿਰੇ ਹੋਏ ਸਨ ਤੇ ਬੰਬੀ ਉੱਤੇ ਇਸ਼ਨਾਨ ਕਰ ਰਹੇ ਸਨ। ਆਪ ਨਾਲ਼ ਜੁਝਾਰੂ ਭਾਈ ਤਰਸੇਮ ਸਿੰਘ ਬੱਗਾ ਅਤੇ ਭਾਈ ਗੁਰਦੇਵ ਸਿੰਘ ਗੇਬੂ ਵੀ ਫੜੇ ਗਏ। ਸੀ.ਆਰ.ਪੀ. ਨੇ ਆਪ ਨੂੰ ਜਲੰਧਰ ਦੀ ਪੁਲੀਸ ਦੇ ਹਵਾਲੇ ਕਰ ਦਿੱਤਾ। ਫਿਰ ਪੁਲੀਸ ਨੇ ਆਪ ਨੂੰ ਜਲੰਧਰ ਦੇ ਸੀ.ਆਈ.ਏ. ਸਟਾਫ਼ ਲਿਜਾ ਕੇ ਆਪ ਨੂੰ 15 ਦਿਨ ਘੋਰ ਤਸੀਹੇ ਦਿੱਤੇ, ਪਰ ਆਪ ਤਿੰਨਾਂ ਸਿੰਘਾਂ ਨੇ ਭਾਰੀ ਤਸ਼ੱਦਦ ਤਾਂ ਝੱਲ ਲਿਆ ਪਰ ਪੁਲੀਸ ਨੂੰ ਹਥਿਆਰਾਂ ਦੇ ਟਿਕਾਣਿਆਂ ਅਤੇ ਸਾਥੀਆਂ ਬਾਰੇ ਕੁਝ ਨਾ ਦੱਸਿਆ। ਪੁਲੀਸ ਨੇ ਆਪ ਨੂੰ ਕੁਝ ਕੇਸ ਪਾ ਕੇ ਜਲੰਧਰ ਦੀ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ, ਜਿੱਥੋਂ ਛੇ ਮਹੀਨਿਆਂ ਬਾਅਦ ਆਪ ਸਿੰਘਾਂ ਦੀ ਜ਼ਮਾਨਤ ’ਤੇ ਰਿਹਾਈ ਹੋਈ। ਜੇਲ੍ਹ ਵਿੱਚ ਆਪ ਦੀ ਚੋਟੀ ਦੇ ਜੁਝਾਰੂ ਸਿੰਘਾਂ ਨਾਲ਼ ਮੁਲਾਕਾਤ ਹੋਈ ਜਿਸ ਨੇ ਆਪ ਦੀ ਸੋਚ ਨੂੰ ਹੋਰ ਬਲਵਾਨ, ਪ੍ਰਚੰਡ ਅਤੇ ਤਿੱਖਾ ਕਰ ਦਿੱਤਾ ਅਤੇ ਬਾਹਰ ਆਉਂਦੇ ਸਾਰ ਹੀ ਆਪ ਨੇ 'ਬੱਬਰ ਸ਼ੇਰ' ਵਾਲ਼ੀ ਦਹਾੜ ਮਾਰੀ ਤੇ ਪੰਥ ਦੋਖੀਆਂ ਨੂੰ ਸੋਧਣਾ ਸ਼ੁਰੂ ਕਰ ਦਿੱਤਾ। ਜੇਲ੍ਹ ਤੋਂ ਬਾਹਰ ਆ ਕੇ ਆਪ ਨੇ ਦਿਆਲਪੁਰ ਪਿੰਡ ਦੇ ਉਸ ਟਾਊਟ ਨੂੰ ਸੋਧਿਆ ਜਿਸ ਨੇ ਆਪ ਸਿੰਘਾਂ ਦੀ ਮੁਖ਼ਬਰੀ ਕੀਤੀ ਸੀ। ਇਹ ਵੀ ਜ਼ਿਕਰਯੋਗ ਹੈ ਕਿ ਜਦ ਭਾਈ ਕਸ਼ਮੀਰ ਸਿੰਘ ਸ਼ੀਰਾ ਸੰਘਰਸ਼ ਵਿੱਚ ਵਿਚਰ ਰਹੇ ਸਨ ਤਾਂ ਇੱਕ ਵਾਰ ਸੀ.ਆਰ.ਪੀ.ਐੱਫ਼. ਨੇ ਉਹਨਾਂ ਦੇ ਭਰਾ ਸ. ਲਖਬੀਰ ਸਿੰਘ ਅਤੇ ਸ. ਸੁਰਿੰਦਰ ਸਿੰਘ (ਛਿੰਦਰ) ਉੱਤੇ ਵੀ ਬਹੁਤ ਜ਼ੁਲਮ ਢਾਹਿਆ ਸੀ। ਪੱਟੀ ’ਚ ਆਪ ਦੇ ਘਰ ਦੇ ਨੇੜੇ ਹੀ ਸੀ.ਆਰ.ਪੀ. ਦੀ ਚੌਂਕੀ ਬਣੀ ਹੋਈ ਸੀ।
ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਮਾਸੀ ਦੇ ਲੜਕੇ ਜੁਝਾਰੂ ਭਾਈ ਮੁਖਤਿਆਰ ਸਿੰਘ ਕਾਲ਼ੇਕੇ ਉਤਾੜ ਨੂੰ ਵੀ ਪੁਲੀਸ ਨੇ ਸੰਨ 1989 ਵਿੱਚ ਇੱਕ ਝੂਠੇ ਮੁਕਾਬਲੇ ’ਚ ਸ਼ਹੀਦ ਕਰ ਦਿੱਤਾ ਸੀ। ਆਪ ਦੇ ਸਾਥੀ ਭਾਈ ਭੁਪਿੰਦਰ ਸਿੰਘ ਭਿੰਦਾ ਅਤੇ ਬਾਬਾ ਸੁੱਖਾ ਸਿੰਘ ਖਾਰਾ ਦੇ ਪਰਿਵਾਰਾਂ ਨੂੰ ਵੀ ਪੁਲੀਸ ਦੇ ਕਹਿਰ ਦਾ ਸ਼ਿਕਾਰ ਹੋਣਾ ਪਿਆ। ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਜੁਝਾਰੂ ਸਫ਼ਾਂ ਅਤੇ ਸੰਗਤਾਂ ਵਿੱਚ 'ਬਾਬਾ ਸ਼ੀਰਾ', 'ਬਾਬਾ ਦਰਜੀ' ਤੇ 'ਪੱਟੀ ਵਾਲ਼ਾ ਸਿੰਘ' ਕਹਿ ਕੇ ਸਤਿਕਾਰਿਆ ਜਾਂਦਾ ਸੀ। ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਸਾਰੇ ਜੁਝਾਰੂ ਸਾਥੀ ਬਹੁਤ ਬੰਦਗੀ ਵਾਲ਼ੇ ਸਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ-ਸਤਿਕਾਰ, ਸਿੱਖੀ ਦੀ ਆਨ-ਸ਼ਾਨ, ਪੰਥ ਦੇ ਬੋਲ-ਬਾਲੇ ਅਤੇ ਧੀਆਂ-ਭੈਣਾਂ ਦੀ ਰਾਖੀ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਸਿਰ ’ਤੇ ਕੱਫਨ ਬੰਨ੍ਹੀ ਬੈਠੇ ਸਨ ਤੇ ਮੌਤ ਨੂੰ ਹੱਸ-ਹੱਸ ਮਖ਼ੌਲਾਂ ਕਰਦੇ ਸਨ। ਭਾਈ ਕਸ਼ਮੀਰ ਸਿੰਘ ਜੀ ਵੀ ਬਹੁਤ ਬਾਣੀ ਪੜ੍ਹਿਆ ਕਰਦੇ ਸਨ ਤੇ ਬਾਣੀ ਦਾ ਤੇਜ-ਪ੍ਰਤਾਪ ਉਹਨਾਂ ਦੇ ਚਿਹਰੇ ਉੱਤੇ ਹੀ ਭਖ਼ਦਾ ਸੀ। ਪਰਿਵਾਰ ਨੇ ਆਪ ਉੱਤੇ ਦਬਾਅ ਪਾ ਕੇ ਆਪ ਦੀ ਮੰਗਣੀ ਵੀ ਕਰ ਦਿੱਤੀ ਪਰ ਆਪ ਤਾਂ ਲਾੜੀ ਮੌਤ ਨੂੰ ਵਰ੍ਹਨ ਦੇ ਇਛੁੱਕ ਸਨ। ਜਦ ਆਪ ਸੰਘਰਸ਼ ਵਿੱਚ ਵਿਚਰ ਰਹੇ ਸਨ ਤਾਂ ਪਿੱਛੋਂ ਪੁਲੀਸ ਨੇ ਆਪ ਦੇ ਪਰਿਵਾਰ ਨੂੰ ਬੇਹੱਦ ਤੰਗ-ਪ੍ਰੇਸ਼ਾਨ ਕੀਤਾ ਜਿਸ ਕਾਰਨ ਪਰਿਵਾਰ ਖੇਰੂੰ-ਖੇਰੂੰ ਹੋ ਗਿਆ। ਪੱਟੀ ਵਾਲ਼ਾ ਸਾਂਝਾ ਮਕਾਨ ਵੇਚ ਕੇ ਹੁਣ ਆਪ ਦੇ ਭਰਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ ਆ ਕੇ ਕਿਰਾਏ ਉੱਤੇ ਰਹਿਣ ਲਗ ਪਏ। ਆਪ ਦੇ ਇਸ ਟਿਕਾਣੇ ਦਾ ਪੁਲੀਸ ਨੂੰ ਪਤਾ ਨਹੀਂ ਸੀ, ਓਦੋਂ ਤਕ ਆਪ ਦੇ ਕਾਫ਼ੀ ਸਾਥੀ ਸ਼ਹੀਦ ਹੋ ਚੁੱਕੇ ਸਨ।
ਜਦ ਸੰਨ 1992 ’ਚ ਪੰਜਾਬ ’ਚ ਜ਼ਾਲਮ ਕਾਂਗਰਸੀ ਮੁੱਖ ਮੰਤਰੀ ਬਿਅੰਤ ਸਿਹੁੰ ਬੁੱਚੜ ਦੀ ਸਰਕਾਰ ਬਣੀ ਤਾਂ ਸਖ਼ਤੀ ਐਨੀ ਵੱਧ ਗਈ ਕਿ ਲੋਕਾਂ ਨੇ ਠਾਹਰਾਂ ਦੇਣੀਆਂ ਵੀ ਬੰਦ ਕਰ ਦਿੱਤੀਆਂ, ਪੁਲੀਸ ਨੇ ਜੁਝਾਰੂਆਂ ਦੇ ਸਮਰਥਕ ਲੋਕਾਂ ਦੇ ਘਰ ਵੀ ਢਾਹ ਦਿੱਤੇ ਤੇ ਪੂਰਾ ਪੰਜਾਬ ਜ਼ੁਲਮ ਦੀ ਚੱਕੀ ਵਿੱਚ ਪੀਸ ਦਿੱਤਾ। ਸਰਕਾਰ ਨੇ ਕੈਟਾਂ-ਮੁਖ਼ਬਰਾਂ ਦੇ ਸਭ ਪਾਸੇ ਜਾਲ ਵਿਛਾ ਦਿੱਤੇ ਸਨ। ਖ਼ਾਲਿਸਤਾਨੀ ਸੰਘਰਸ਼ ਦੇ ਚੋਟੀ ਦੇ ਜੁਝਾਰੂ ਜਰਨੈਲ ਭਾਈ ਗੁਰਜੰਟ ਸਿੰਘ ਬੁੱਧਸਿੰਘਵਾਲ਼ਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਰਛਪਾਲ ਸਿੰਘ ਛੰਦੜਾ, ਭਾਈ ਕੰਵਰਜੀਤ ਸਿੰਘ ਸੁਲਤਾਨਵਿੰਡ, ਬਾਬਾ ਗੁਰਬਚਨ ਸਿੰਘ ਮਾਨੋਚਹਲ, ਬਾਬਾ ਸੁੱਖਾ ਸਿੰਘ ਖਾਰਾ ਤੇ ਹੋਰ ਸੂਰਮੇ ਵੀ ਸ਼ਹਾਦਤਾਂ ਦੇ ਜਾਮ ਪੀ ਚੁੱਕੇ ਸਨ। ਪੁਲੀਸ ਨੇ ਭਾਈ ਕਸ਼ਮੀਰ ਸਿੰਘ ਸ਼ੀਰਾ ਦੇ ਸਿਰ ਦਾ ਇੱੱਕ ਲੱਖ ਰੁਪਏ ਇਨਾਮ ਰੱਖ ਦਿੱਤਾ। ਓਧਰੋਂ ਕੰਗ ਪਿੰਡ ਦੇ ਰਹਿਣ ਵਾਲ਼ੇ ਆਪ ਦੇ ਜੁਝਾਰੂ ਸਾਥੀ ਭਾਈ ਤਰਸੇਮ ਸਿੰਘ ਬੱਗਾ ਨੂੰ ਉਹਨਾਂ ਦੇ ਪਰਿਵਾਰ ਨੇ ਅਕਾਲੀ ਆਗੂ ਸ. ਅਲਵਿੰਦਰ ਸਿੰਘ ਪੱਖੋਕੇ ਰਾਹੀਂ ਪੁਲੀਸ ਕੋਲ਼ ਪੇਸ਼ ਕਰਵਾ ਦਿੱਤਾ ਕਿਉਂਕਿ ਉਹਨਾਂ ਦੇ ਪਿਤਾ ਅਤੇ ਭਰਾਵਾਂ ਉੱਤੇ ਸਰਕਾਰ ਵੱਲੋਂ ਬੇਤਹਾਸ਼ਾ ਜ਼ੁਲਮ ਢਾਹਿਆ ਜਾ ਰਿਹਾ ਸੀ। ਭਾਈ ਤਰਸੇਮ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਪੁਲੀਸ ਨੇ ਭਾਈ ਕਸ਼ਮੀਰ ਸਿੰਘ ਨੂੰ ਫੜਨ ਲਈ ਪੱਟੀ ਅਤੇ ਤਰਨ ਤਾਰਨ ਦੇ ਕਈ ਇਲਾਕਿਆਂ ’ਚ ਚੱਪੇ-ਚੱਪੇ ’ਤੇ ਛਾਣਬੀਣ ਕੀਤੀ, ਰਿਸ਼ਤੇਦਾਰਾਂ ਦੇ ਘਰਾਂ ’ਚ ਵੀ ਛਾਪੇਮਾਰੀ ਕੀਤੀ। ਜੱਲਾਦ ਐਸ.ਐੱਸ.ਪੀ. ਅਜੀਤ ਸਿਹੁੰ ਸੰਧੂ ਅਤੇ ਐੱਸ.ਪੀ.(ਡੀ) ਦਿਲਬਾਗ ਸਿਹੁੰ ਦੇ ਹੁਕਮਾਂ ਉੱਤੇ ਜ਼ਾਲਮ ਥਾਣੇਦਾਰ ਗੁਲਜ਼ਾਰ ਚੰਦ ਆਪ ਨੂੰ ਫੜਨ ਲਈ ਬੜਾ ਬਜ਼ਿੱਦ ਸੀ। ਅਖ਼ੀਰ ਪੁਲੀਸ ਕਈ ਹੱਥਕੰਢੇ ਵਰਤ ਕੇ ਆਪ ਤਕ ਪਹੁੰਚ ਹੀ ਗਈ।
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ’ਤੇ ਜਸਪਾਲ ਨਗਰ ਦੇ ਨਾਲ਼ ਕੋਟ ਆਤਮਾ ਰਾਮ ਵਿਖੇ ਗੁਰਦੁਆਰਾ ਤੂਤ ਸਾਹਿਬ ਦੇ ਨੇੜਿਓਂ ਪੁਲੀਸ ਨੇ ਤੜਕਸਾਰ ਪੰਜ ਵਜੇ ਆਪ ਦੇ ਕਿਰਾਏ ਵਾਲ਼ੇ ਘਰ ਵਿੱਚ ਛਾਪਾ ਮਾਰਿਆ ਤੇ ਓਥੋਂ ਪੁਲੀਸ ਆਪ ਨੂੰ ਗ੍ਰਿਫ਼ਤਾਰ ਕਰ ਕੇ ਡੀ.ਸੀ.ਐੱਮ. ਟਰੱਕ ’ਚ ਬਿਠਾ ਕੇ ਤਰਨ ਤਾਰਨ ਲੈ ਗਈ। ਜਦ ਪੁਲੀਸ ਨੇ ਥਾਣੇਦਾਰ ਗੁਲਜ਼ਾਰ ਚੰਦ ਦੀ ਅਗਵਾਈ ’ਚ ਆਪ ਨੂੰ ਫੜਿਆ ਤਾਂ ਆਪ ਦੀ ਭੈਣ ਪਰਮਜੀਤ ਕੌਰ (ਪਾਸ਼ੋ) ਨੇ ਥਾਣੇਦਾਰ ਨੂੰ ਬਹੁਤ ਮੁੱਕੀਆਂ-ਧੱਫੇ ਮਾਰੇ ਤੇ ਆਪ ਨੂੰ ਪੁਲੀਸ ਦੀ ਗ੍ਰਿਫ਼ਤ ’ਚੋਂ ਛੁਡਾਉਣ ਲਈ ਭਾਰੀ ਜੱਦੋ-ਜਹਿਦ ਕੀਤੀ। ਭਰਾ ਸ. ਲਖਬੀਰ ਸਿੰਘ ਅਤੇ ਭਾਬੀ ਬਲਵਿੰਦਰ ਕੌਰ ਤੇ ਮੁਹੱਲਾ ਨਿਵਾਸੀਆਂ ਨੇ ਵੀ ਪੁਲੀਸ ਦਾ ਬੜਾ ਵਿਰੋਧ ਕੀਤਾ ਪਰ ਕਿਸੇ ਦੀ ਕੋਈ ਵਾਹ-ਪੇਸ਼ ਨਾ ਚੱਲੀ। ਗ੍ਰਿਫ਼ਤਾਰੀ ਉਪਰੰਤ ਪੁਲੀਸ ਆਪ ਨੂੰ ਤਰਨ ਤਾਰਨ ਦੇ ਸਿਟੀ ਥਾਣੇ ਲੈ ਗਈ ਜਿੱਥੇ ਆਪ ਨੂੰ ਖ਼ੌਫ਼ਨਾਕ ਤਸੀਹੇ ਦਿੱਤੇ ਗਏ, ਆਪ ਦੇ ਚੱਡੇ ਪਾੜੇ, ਕਰੰਟ ਲਾਏ, ਹੱਥਾਂ-ਪੈਰਾਂ ਦੇ ਨਹੁੰ ਖਿੱਚੇ, ਸਰੀਏ ਖੋਭ ਕੇ ਇੱਕ ਲੱਤ ਪਾੜ ਦਿੱਤੀ ਤੇ ਡਾਂਗਾਂ ਮਾਰ-ਮਾਰ ਕੇ ਸਰੀਰ ਪਿੰਜ ਦਿੱਤਾ ਗਿਆ। ਫਿਰ ਆਪ ਨੂੰ ਤਿੰਨ ਦਿਨ ਕੰਗ ਪਿੰਡ ਦੀ ਪੁਲੀਸ ਚੌਂਕੀ ’ਚ ਰੱਖਿਆ ਗਿਆ। ਜਿੱਥੇ ਆਪ ਦਾ ਪਰਿਵਾਰ ਹਰ ਰੋਜ਼ ਥਾਣੇ ਆਉਂਦਾ ਤੇ ਆਪ ਨੂੰ ਪੁਲੀਸ ਹਿਰਾਸਤ ’ਚੋਂ ਛੁਡਾਉਣ ਲਈ ਬੜੀ ਮੁਸ਼ੱਕਤ ਕਰਦਾ। ਪੁਲੀਸ ਏਹੀ ਕਹਿੰਦੀ ਰਹੀ ਕਿ “ਪੁੱਛਗਿੱਛ ਕਰ ਕੇ ਛੱਡ ਦਿਆਂਗੇ, ਜੇਲ੍ਹ ਭੇਜ ਦਿਆਂਗੇ, ਫਿਕਰ ਨਾ ਕਰੋ।” ਪਰ ਜਦ ਅਗਲੇ ਦਿਨ ਆਪ ਦੇ ਭਰਾ ਸ. ਲਖਬੀਰ ਸਿੰਘ ਨੇ ਅਖ਼ਬਾਰ ਪੜ੍ਹੀ ਜਿਸ ਵਿੱਚ ਭਾਈ ਕਸ਼ਮੀਰ ਸਿੰਘ ਸ਼ੀਰਾ ਸਮੇਤ ਪੰਜ ਖਾੜਕੂਆਂ ਦੇ ਮਾਰੇ ਜਾਣ ਦੀ ਪਹਿਲੇ ਪੰਨੇ ਉੱਤੇ ਖ਼ਬਰ ਛਪੀ ਸੀ ਤਾਂ ਪਰਿਵਾਰ ਨੂੰ ਪਤਾ ਲੱਗਾ ਕਿ ਭਾਣਾ ਵਾਪਰ ਗਿਆ ਹੈ। ਮਿਤੀ 30 ਜੂਨ 1993 ਨੂੰ ਪੁਲੀਸ ਨੇ ਕੰਗ ਚੌਂਕੀ ਵਿੱਚੋਂ ਕੱਢ ਕੇ ਭਾਈ ਕਸ਼ਮੀਰ ਸਿੰਘ ਸ਼ੀਰਾ, ਭਾਈ ਤਰਸੇਮ ਸਿੰਘ ਬੱਗਾ, ਭਾਈ ਪ੍ਰਿਤਪਾਲ ਸਿੰਘ ਭੂਰਾ ਕੋਹਨਾ, ਭਾਈ ਮਨਜੀਤ ਸਿੰਘ ਭੂੂਰਾ ਕੋਹਨਾ ਤੇ ਇੱਕ ਅਣਪਛਾਤੇ ਸਿੰਘ ਨੂੰ ਤਰਨ ਤਾਰਨ ਦੇ ਪਿੰਡ ਬਾਠ ਕੋਲ਼ ਭੁੱਲਰ ਵਾਲ਼ੀ ਨਹਿਰ ਦੇ ਬਾਗੜੀਆਂ ਵਾਲ਼ੇ ਪੁਲ਼ ਉੱਤੇ ਲਿਜਾ ਕੇ ਤੜਕੇ ਚਾਰ ਵਜੇ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ।
ਸ਼ਹੀਦੀ ਤੋਂ ਪਹਿਲਾਂ ਜਦ ਭਾਈ ਕਸ਼ਮੀਰ ਸਿੰਘ ਸ਼ੀਰਾ ਨੂੰ ਪਤਾ ਲਗ ਗਿਆ ਸੀ ਕਿ ਹੁਣ ਪੁਲੀਸ ਨੇ ਸਾਨੂੰ ਛੱਡਣਾ ਨਹੀਂ ਤੇ ਸਵੇਰੇ ਮੁਕਾਬਲਾ ਬਣਾ ਦੇਣਾ ਹੈ ਤਾਂ ਥਾਣੇ ’ਚ ਹੀ ਉਹਨਾ ਨੇ ਜਪੁ ਜੀ ਸਾਹਿਬ, ਸੁਖਮਨੀ ਸਾਹਿਬ ਅਤੇ ਸੋਹਿਲਾ ਸਾਹਿਬ ਦਾ ਪਾਠ ਕੀਤਾ ਜੋ ਉਹਨਾਂ ਨੂੰ ਜ਼ੁਬਾਨੀ ਕੰਠ ਸੀ ਅਤੇ ਅਰਦਾਸ ਕੀਤੀ ਕਿ ਸ਼ਹਾਦਤ ਦੀ ਮਹਾਨ ਦਾਤ ਮੈਨੂੰ ਪ੍ਰਾਪਤ ਹੋ ਜਾਵੇ ਜਿਸ ਦੀ ਲੰਬੇ ਸਮੇਂ ਤੋਂ ਉਡੀਕ ਹੈ। ਜ਼ਾਲਮ ਅਤੇ ਬੁੱਚੜ ਪੁਲਸੀਏ ਅੱਧੀ ਰਾਤ ਨੂੰ ਆਪ ਸਿੰਘਾਂ ਨੂੰ ਮੁਕਾਬਲੇ ਵਾਲ਼ੀ ਜਗ੍ਹਾ ’ਤੇ ਲੈ ਗਏ ਤੇ ਓਥੇ ਪੁਲੀਸ ਨੇ ਫ਼ਿਲਮੀ ਕਹਾਣੀ ਵਾਂਗ ਸਿੰਘਾਂ ਦਾ ਸ਼ਿਕਾਰ ਖੇਡਣ ਲਈ ਕਿਹਾ, “ਓਏ ਮੁੰਡਿਓਂ! ਜੇ ਭੱਜ ਸਕਦੇ ਓ ਤਾਂ ਭੱਜ ਲਓ, ਤੁਹਾਨੂੰ ਕੁਝ ਨਹੀਂ ਕਹਿੰਦੇ।” ਤਸ਼ੱਦਦ ਦੇ ਭੰਨੇ, ਲਹੂ ਨਾਲ਼ ਲਿੱਬੜੇ ਤੇ ਅੱਧਮੋਏ ਹੋਏ ਸਿੰਘਾਂ ਦੀ ਹਾਲਤ ਕਿੱਥੋਂ ਭੱਜਣ ਵਾਲ਼ੀ ਸੀ ਪਰ ਖੂੰਖਾਰ ਪੁਲਸੀਆਂ ਨੂੰ ਤਾਂ ਇਹਨਾਂ ਸਿੰਘਾਂ ਨੂੰ ਗਹਿਗੱਚ ਮੁਕਾਬਲੇ ’ਚ ਮਰਿਆ ਵਿਖਾ ਕੇ ਦਿੱਲੀ ਦਰਬਾਰ ਪਾਸੋਂ ਫੀਤੀਆਂ, ਸਟਾਰ, ਇਨਾਮ ਤੇ ਤਰੱਕੀਆਂ ਲੈਣ ਦਾ ਲਾਲਚ ਨਜ਼ਰ ਆ ਰਿਹਾ ਸੀ। ਉਹਨੀਂ ਦਿਨੀਂ ਜ਼ਾਲਮ ਅਤੇ ਦਰਿੰਦਾ ਮੁੱਖ ਮੰਤਰੀ ਬਿਅੰਤ ਸਿਹੁੰ, ਪੰਜਾਬ ਦਾ ਬੁੱਚੜ ਪੁਲੀਸ ਮੁਖੀ ਕੇ.ਪੀ.ਐੱਸ. ਗਿੱਲ ਅਤੇ ਜੱਲਾਦ ਓ.ਪੀ. ਸ਼ਰਮਾ ਤੇ ਗਵਰਨਰ ਸੁਰਿੰਦਰ ਨਾਥ ਦੀ ਅਗਵਾਈ ’ਚ ਹਿੰਦੁਸਤਾਨੀ ਪੁਲੀਸ ਤਾਂ ਸਿੱਖਾਂ ਨੂੰ ਮਾਰਨ ਵਾਲ਼ੀ ਇੱਕ ਕਾਤਲ ਮਸ਼ੀਨ ਹੀ ਬਣ ਗਈ ਸੀ ਤੇ ਪੁਲਸੀਆਂ ਨੂੰ ਵੱਧ ਤੋਂ ਵੱਧ ਬੰਦੇ ਮਾਰਨ ਦਾ ਸਵਾਦ ਪੈ ਗਿਆ ਸੀ, ਪੰਜਾਬ ਨੂੰ ਬਲ਼ਦੀ ਭੱਠੀ ਵਿੱਚ ਝੋਕ ਦਿੱਤਾ ਗਿਆ ਤੇ ਹਰ ਰੋਜ਼ ਸਿੱਖ ਨੌਜਵਾਨਾਂ ਦੇ ਸਿਵੇ ਮੱਚਣ ਲੱਗੇ। ਖ਼ੈਰ, ਥਾਣੇਦਾਰ ਗੁਲਜ਼ਾਰ ਚੰਦ ਨੇ ਹਵਾ ’ਚ ਕੁਝ ਗੋਲ਼ੀਆਂ ਚਲਾਈਆਂ ਅਤੇ ਪੁਲਸੀਆਂ ਕੋਲ਼ ਸਿੰਘਾਂ ਦੇ ਸਰੀਰਾਂ ਉੱਤੇ ਬੱਟ ਮਰਵਾਏ ਤੇ ਧੂੰਹਦੇ ਰਹੇ।
ਭਾਈ ਕਸ਼ਮੀਰ ਸਿੰਘ ਨੇ ਕਿਹਾ, ਥਾਣੇਦਾਰਾ! “ਮੈਂ ਨਹੀਂ ਭੱਜਣਾ, ਤੁਸੀਂ ਜੋ ਕਰਨਾ, ਕਰ ਲਓ, ਅਸੀਂ ਤਾਂ ਆਪਣਾ ਸੋਹਿਲਾ ਖ਼ੁਦ ਪੜ੍ਹ ਚੁੱਕੇ ਹਾਂ ਤੇ ਹਿੱਕ ਤਾਣ ਕੇ ਸੀਨੇ ’ਚ ਗੋਲ਼ੀਆਂ ਖਾਵਾਂਗੇ।” ਪਰ ਓਦੋਂ ਹੀ ਤਿੰਨਾਂ ਸਿੰਘਾਂ ਨੇ ਕਾਹਲ਼ੀ ਨਾਲ਼ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਪਿੱਛੋਂ ਅੰਨ੍ਹੇਵਾਹ ਗੋਲ਼ੀਆਂ ਮਾਰ ਦਿੱਤੀਆਂ। ਤਿੰਨਾਂ ਸਿੰਘਾਂ ਦੀ ਹੋਈ ਸ਼ਹੀਦੀ ਵੇਖ ਕੇ ਭਾਈ ਕਸ਼ਮੀਰ ਸਿੰਘ ਸ਼ੀਰਾ ਤੇ ਭਾਈ ਤਰਸੇਮ ਸਿੰਘ ਬੱਗਾ ਬਿਲਕੁਲ ਵੀ ਘਬਰਾਏ ਨਾ, ਉਹਨਾਂ ਦੋਹਾਂ ਨੇ ਪੂਰੇ ਜੋਸ਼ ਨਾਲ਼ 'ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ' ਦੇ ਜੈਕਾਰੇ ਅਤੇ 'ਖ਼ਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਲਾਏ ਤੇ ਪੁਲੀਸ ਨੇ ਤੁਰੰਤ ਆਪ ਦੀ ਹਿੱਕ ਉੱਤੇ ਗੋਲ਼ੀਆਂ ਚਲਾ ਕੇ ਆਪ ਨੂੰ ਵੀ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਆਪ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫ਼ਤਹਿ ਸਿੰਘ ਜੀ ਵਾਂਗ ਹੱਸ-ਹੱਸ ਸ਼ਹੀਦੀਆਂ ਪਾ ਕੇ ਸਿੱਖੀ ਦੇ ਆਲੀਸ਼ਾਨ ਮਹਿਲ ਨੂੰ ਹੋਰ ਪੱਕਿਆਂ ਕਰ ਗਏ ਤੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਗੋਦ ਵਿੱਚ ਜਾ ਬਿਰਾਜੇ ਤੇ ਸਿੱਖ ਕੌਮ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਸਿੱਖਿਆ ਦੇ ਗਏ ਕਿ ਜਦ ਧਰਮ ’ਤੇ ਬਿਪਤਾ ਆਣ ਪਵੇ ਤਾਂ ਧਰਮ ਦੀ ਰਾਖੀ ਹਿੱਤ ਕਿਵੇਂ ਭੈਅ ਮੁਕਤ ਹੋ ਕੇ ਖ਼ਾਲਸਾਈ ਜਜ਼ਬੇ ਸਹਿਤ ਸ਼ਹਾਦਤ ਨੂੰ ਗਲ਼ੇ ਲਾਉਣਾ ਹੈ।
ਮਿਤੀ 1 ਜੁਲਾਈ 1993 ਨੂੰ ਅਖ਼ਬਾਰਾਂ ’ਚ ਪੁਲੀਸ ਨੇ ਮਨਘੜਤ ਕਹਾਣੀ ਅਨੁਸਾਰ ਛਪਵਾਇਆ ਕਿ “ਅੱਜ ਸਵੇਰੇ ਤੜਕਸਾਰ ਪੁਲਿਸ ਜ਼ਿਲ੍ਹਾ ਤਰਨ ਤਾਰਨ (ਅੰਮ੍ਰਿਤਸਰ) ਦੇ ਪਿੰਡ ਬਾਠ ਨੇੜੇ ਪੰਜ ਖਾੜਕੂ ਕਸ਼ਮੀਰ ਸਿੰਘ, ਤਰਸੇਮ ਸਿੰਘ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ ਤੇ ਇੱਕ ਹੋਰ ਅਣਪਛਾਤਾ ਵਿਅਕਤੀ ਮੁਕਾਬਲੇ ਦੌਰਾਨ ਮਾਰੇ ਗਏ ਤੇ ਮੁਕਾਬਲੇ ਵਾਲ਼ੀ ਥਾਂ ਤੋਂ ਇੱਕ 303 ਰਾਈਫਲ, ਇੱਕ-ਇੱਕ ਨਾਲ਼ੀ ਰਾਈਫਲ, ਇੱਕ 12 ਬੋਰ ਬੰਦੂਕ, ਦੋ ਹੈਂਡ ਗ੍ਰਨੇਡ ਤੇ ਕੁਝ ਕਾਰਤੂਸ ਬਰਾਮਦ ਹੋਏ ਹਨ।” ਪੁਲੀਸ ਨੇ ਤਰਨ ਤਾਰਨ ਦੇ ਸਿਵਲ ਹਸਪਤਾਲ ’ਚ ਇਹਨਾਂ ਪੰਜਾਂ ਸਿੰਘਾਂ ਦਾ ਪੋਸਟ ਮਾਰਟਮ ਕਰਵਾਇਆ ਅਤੇ ਸ਼ਹੀਦੀ ਦੇਹਾਂ ਪਰਿਵਾਰਾਂ ਨੂੰ ਸੌਂਪਣ ਦੀ ਬਜਾਏ ਆਪ ਹੀ ਸ਼ਮਸ਼ਾਨ ਘਾਟ ’ਚ ਭਾਰੀ ਪੁਲੀਸ ਫ਼ੋਰਸ ਤਾਇਨਾਤ ਕਰਕੇ ਸਸਕਾਰ ਕਰ ਦਿੱਤਾ ਜਿੱਥੋਂ ਬਾਅਦ ’ਚ ਪਰਿਵਾਰਾਂ ਨੇ ਪੰਜਾਂ ਸ਼ਹੀਦਾਂ ਦੇ ਇਕੱਠੇ ਫੁੱਲ ਚੁਗ ਕੇ ਇੱਕੋ ਬੋਰੀ ’ਚ ਪਾ ਲਏ ਤੇ ਸ੍ਰੀ ਗੋਇੰਦਵਾਲ ਸਾਹਿਬ ’ਚ ਜਾ ਕੇ ਵਹਾਏ। ਫਿਰ ਪਰਿਵਾਰਾਂ ਨੇ ਇਹਨਾਂ ਸ਼ਹੀਦਾਂ ਦੇ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਲੇਕਿਨ ਪੁਲੀਸ ਨੇ ਰਿਸ਼ਤੇਦਾਰਾਂ ਅਤੇ ਸੰਗਤਾਂ ਨੂੰ ਅਰਦਾਸ ਸਮਾਗਮ ’ਚ ਹਾਜ਼ਰ ਨਾ ਹੋਣ ਦਿੱਤਾ। ਮਨੁੱਖੀ ਹੱਕਾਂ ਦੇ ਪਹਿਰੇਦਾਰ ਭਾਈ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਸਿੰਘਾਂ ਦੇ ਝੂਠੇ ਪੁਲੀਸ ਮੁਕਾਬਲੇ ਬਾਰੇ ਆਵਾਜ਼ ਬੁਲੰਦ ਕੀਤੀ, ਫਿਰ ਭਾਈ ਖਾਲੜਾ ਦੀ ਸ਼ਹੀਦੀ ਤੋਂ ਬਾਅਦ ‘ਖਾਲੜਾ ਮਿਸ਼ਨ’ ਜਥੇਬੰਦੀ ਤੇ ਮਨੁੱਖੀ ਅਧਿਕਾਰ ਇਨਸਾਫ਼ ਸੰਸਥਾਵਾਂ ਨੇ ਇਹਨਾਂ ਸਿੰਘਾਂ ਦਾ ਕੇਸ ਵੀ ਲੰਮਾ ਸਮਾਂ ਅਦਾਲਤਾਂ ’ਚ ਲੜਿਆ ਤੇ ਝੂਠੇ ਮੁਕਾਬਲਿਆਂ ਦਾ ਸੱਚ ਸਾਹਮਣੇ ਲਿਆ ਕੇ ਭਾਰਤ ਸਰਕਾਰ ਦਾ ਖ਼ੂਨੀ ਚਿਹਰਾ ਨੰਗਾ ਕੀਤਾ। ਦਾਸ ਨੂੰ ਆਪਣੇ ਚਾਚਾ ਜੀ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਦੀ ਕੁਰਬਾਨੀ, ਘਾਲਣਾ, ਸਿਦਕ, ਸਿੱਖੀ ਸੇਵਾ, ਦ੍ਰਿੜਤਾ ਅਤੇ ਸ਼ਹਾਦਤ ਉੱਤੇ ਬੜਾ ਮਾਣ ਹੈ। ਇਹਨਾਂ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਏਹੀ ਹੈ ਕਿ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ-ਬਾਟੇ ਦਾ ਅੰਮ੍ਰਿਤ ਛਕੀਏ, ਬਾਣੀ-ਬਾਣੇ ਦੇ ਧਾਰਨੀ ਹੋਈਏ ਤੇ ਕੌਮੀ ਅਜ਼ਾਦੀ ਲਈ ਡਟ ਕੇ ਸੰਘਰਸ਼ ਕਰੀਏ। ਪੁਰਾਤਨ ਅਤੇ ਅਜੋਕੇ ਸੰਘਰਸ਼ ਦੇ ਸਮੂਹ ਸ਼ਹੀਦਾਂ ਨੂੰ ਪ੍ਰਣਾਮ।
“ਸਦੀਆਂ ਤੋਂ ਹੈ ਰੀਤ ਸਿੰਘਾਂ ਦੀ, ਕੌਮ ਲਈ ਮਰ ਮਿਟਦੇ ਨੇ। ਜਦ ਵੀ ਭੀੜ ਸਿੱਖੀ 'ਤੇ ਬਣਦੀ, ਖ਼ੂਨ ਦੇ ਸਿੱਖੀ ਨੂੰ ਸਿੰਜਦੇ ਨੇ।”
ਰਣਜੀਤ ਸਿੰਘ ਦਮਦਮੀ ਟਕਸਾਲ
ਭਤੀਜਾ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
Leave a Reply