ਸਰਕਾਰ ਦੀ ਹੋਈ ਹਾਰ, ਪੰਥ ਖ਼ਾਲਸਾ ਜੇਤੂ ਕਰਾਰ

ਸਰਕਾਰ ਦੀ ਹੋਈ ਹਾਰ, ਪੰਥ ਖ਼ਾਲਸਾ ਜੇਤੂ ਕਰਾਰ

2 ਦਸੰਬਰ 2024 ਨੂੰ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਆਗੂਆਂ ਦੀ ਪੰਥਕ ਪੇਸ਼ੀ ਤੋਂ ਬਾਅਦ ਅੱਜ ਮੁੜ 29 ਜੂਨ 2026 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਾਹੋ-ਜਲਾਲ, ਬੁਲੰਦ ਸ਼ਾਨ, ਮਹਾਨ ਰੁਤਬਾ ਤੇ ਵੱਖਰਾ ਜਲਵਾ ਵੇਖਣ ਨੂੰ ਮਿਲਿਆ ਜਦੋਂ ਆਮ ਆਦਮੀ ਪਾਰਟੀ ਅਤੇ ਹੋਰ ਪਾਰਟੀਆਂ ਦੇ ਸਮੂਹ ਸਿੱਖ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਮਾਮਲੇ ਵਿੱਚ ਪੇਸ਼ੀ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਵਧੀਆ ਭੂਮਿਕਾ ਨਿਭਾਈ ਤੇ ਜਥੇਦਾਰ ਗੜਗੱਜ ਸਚਮੁੱਚ ਗਰਜਦਾ ਨਜ਼ਰ ਆਇਆ।
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਝਾੜੂ ਪਾਰਟੀ ਦੀ ਹੈਂਕੜ ਭੰਨੀ ਗਈ ਤੇ 'ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਹੈ' ਮੁੜ ਸਾਬਿਤ ਹੋ ਗਿਆ ਜਿਸ ਦਾ ਸਿੱਧਾ ਪ੍ਰਸਾਰਨ ਪੂਰੀ ਦੁਨੀਆਂ ਨੇ ਵੇਖਿਆ। ਪੰਜਾਬ ਅਸੈਂਬਲੀ ਦੇ ਸਮੂਹ ਵਿਧਾਇਕਾਂ, ਮੰਤਰੀਆਂ ਤੇ ਸਪੀਕਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਮੰਨਿਆ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਖੌਤੀ ਭਾਰਤੀ ਲੋਕਤੰਤਰੀ ਪ੍ਰਣਾਲੀ ਵੀ ਲੀਰੋ-ਲੀਰ ਹੋਈ, ਅਕਾਲੀ ਦਲ ਅਤੇ ਕਾਂਗਰਸੀ ਵਿਧਾਇਕਾਂ ਨੇ ਖੁੱਲ੍ਹ ਕੇ ਦੱਸਿਆ ਕਿ ਵਿਧਾਨ ਸਭਾ ਵਿੱਚ ਤਾਂ ਝਾੜੂ ਪਾਰਟੀ ਵਾਲੇ ਬੋਲਣ ਹੀ ਨਹੀਂ ਦਿੰਦੇ ਤੇ ਤਾਨਾਸ਼ਾਹੀ ਤੇ ਹਿਟਲਰਸ਼ਾਹੀ ਕਰਦੇ ਨੇ। ਝਾੜੂ ਪਾਰਟੀ ਦੇ ਵਿਧਾਇਕਾਂ ਨੇ ਅੱਜ ਇਹ ਮੰਨ ਹੀ ਲਿਆ ਕਿ ਉਹਨਾਂ ਨੇ ਤਾਂ ਸਤਿਕਾਰ ਸੋਧ ਕਾਨੂੰਨ ਪੜ੍ਹਿਆ ਹੀ ਨਹੀਂ ਹੈ ਤੇ ਬਿਨਾਂ ਪੜ੍ਹੇ ਅਤੇ ਬਿਨਾਂ ਵਿਚਾਰੇ ਹੀ ਭਗਵੰਤ ਮਾਨ ਦੀ 'ਹਾਂ ਵਿੱਚ ਹਾਂ' ਮਿਲਾਉਂਦਿਆਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ। ਵਿਧਾਇਕਾਂ ਨੂੰ ਤਾਂ ਕਾਨੂੰਨ ਵਿੱਚ ਪੰਥ ਵਿਰੋਧੀ ਗੱਲਾਂ ਅਤੇ ਕਸਟੋਡੀਅਨ ਦੀ ਵਿਆਖਿਆ ਬਾਰੇ ਕੱਖ ਪਤਾ ਹੀ ਨਹੀਂ ਸੀ। ਭਗਵੰਤ ਮਾਨ ਦਾ ਵਿਧਾਨ ਸਭਾ ਅਤੇ ਪ੍ਰੈਸ ਵਿੱਚ ਬੋਲਿਆ ਝੂਠ ਵੀ ਸਾਹਮਣੇ ਆਇਆ ਕਿਉਂਕਿ ਕਾਨੂੰਨ ਵਿੱਚ ਤਾਂ ਬੇਅਦਬੀ ਕਰਨ ਵਾਲੇ ਮੰਦਬੁੱਧੀ ਦੇ ਪਰਿਵਾਰ ਅਤੇ ਪਾਲਣਹਾਰ ਨੂੰ ਸਜ਼ਾ ਦੇਣ ਬਾਰੇ ਕੋਈ ਜ਼ਿਕਰ ਹੀ ਨਹੀਂ ਹੈ।
ਸਮੂਹ ਪਾਰਟੀ ਦੇ ਵਿਧਾਇਕਾਂ ਨੇ ਮੰਨਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਕਾਨੂੰਨ ਬਣ ਰਿਹਾ ਹੋਵੇ ਤੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਜਥੇਬੰਦੀਆਂ, ਸਿੱਖ ਵਿਦਵਾਨਾਂ ਤੇ ਸਮੁੱਚੇ ਖ਼ਾਲਸਾ ਪੰਥ ਦੀ ਰਾਏ ਨਾ ਲੈਣੀ ਭਗਵੰਤ ਮਾਨ ਸਰਕਾਰ ਦੀ ਇੱਕ ਵੱਡੀ ਗ਼ਲਤੀ ਸੀ ਜਿਸ ਕਰਕੇ ਅੱਜ ਇਹ ਬਖੇੜੇ ਅਤੇ ਵਿਵਾਦ ਪੈਦਾ ਹੋਏ ਨੇ। ਸਮੂਹ ਵਿਧਾਇਕਾਂ ਅਤੇ ਮੰਤਰੀਆਂ ਨੇ ਅਖ਼ੀਰ 'ਤੇ ਹੱਥ ਖੜ੍ਹੇ ਕਰਕੇ ਕਾਨੂੰਨ 'ਚ ਸੋਧ ਕਰਨ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਪ੍ਰਵਾਨ ਕੀਤਾ। ਇਸ ਤੋਂ ਪਹਿਲਾਂ ਭਗਵੰਤ ਮਾਨ ਅਤੇ ਉਸ ਦੀ ਪਾਰਟੀ ਦੇ ਆਗੂਆਂ ਅਤੇ ਆਈ.ਟੀ. ਸੈੱਲ ਨੇ ਜਥੇਦਾਰ ਦੀ ਬਥੇਰੀ ਕਿਰਦਾਰਕੁਸ਼ੀ ਕੀਤੀ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਖ਼ਾਲਸਾ ਪੰਥ ਨੂੰ ਚੁਣੌਤੀ ਦਿੱਤੀ ਤੇ ਵੰਗਾਰਿਆ ਸੀ ਅਤੇ ਉਹ ਸੱਤਾ ਦੇ ਨਸ਼ੇ ਵਿੱਚ ਆਪਹੁਦਰਾਪਣ ਕਰਦੇ ਰਹੇ ਤੇ ਇਸ ਕਾਨੂੰਨ ਨੂੰ ਠੋਕ-ਵਜਾ ਕੇ ਸਹੀ ਦੱਸਦੇ ਰਹੇ ਸਨ।
ਪਰ ਅੱਜ ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ, ਸਰਵਉੱਚਤਾ, ਸਿਧਾਂਤ ਅਤੇ ਤਾਕਤ ਦਾ ਅੰਦਾਜਾ ਹੋ ਹੀ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਨੇ ਇਨ੍ਹਾਂ ਸਮੂਹ ਵਿਧਾਇਕਾਂ ਨੂੰ ਸਹੀ ਸੇਧ ਦਿੱਤੀ ਤੇ ਇਹਨਾਂ ਦੀਆਂ ਗ਼ਲਤੀਆਂ ਤੋਂ ਜਾਣੂੰ ਕਰਵਾਇਆ। ਅਸੈਂਬਲੀ ਵਿੱਚ ਤਾਂ ਭਗਵੰਤ ਮਾਨ ਸਰਕਾਰ ਵੱਲੋਂ ਲਿਆਂਦੇ ਏਜੰਡੇ ਬਾਰੇ ਜੇ ਕੋਈ ਅਸਹਿਮਤੀ ਪ੍ਰਗਟਾਉਂਦਾ ਜਾਂ ਵੱਖਰੀ ਰਾਏ ਰੱਖਦਾ ਸੀ ਤਾਂ ਝਾੜੂ ਪਾਰਟੀ ਵਾਲੇ ਤੁਰੰਤ ਉਸ ਦੇ ਖ਼ਿਲਾਫ਼ ਹੋ ਜਾਂਦੇ ਸਨ ਤੇ ਉਸ ਨੂੰ ਗ਼ੱਦਾਰ ਐਲਾਨ ਦਿੰਦੇ ਸਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਅੱਜ ਹਰ ਇੱਕ ਦੀ ਗੱਲ ਸੁਣੀ, ਹਰ ਕਿਸੇ ਨੂੰ ਸਮਾਂ ਦਿੱਤਾ, ਜਵਾਬਤਲਬੀ ਕੀਤੀ ਅਤੇ ਸਪਸ਼ਟੀਕਰਨ ਲਿਆ। ਤੇ ਫਿਰ ਜਥੇਦਾਰ ਨੇ ਕਿਹਾ ਕਿ ਕਾਨੂੰਨ ਵਿੱਚ ਜਦੋਂ ਤਕ ਸੋਧ ਨਹੀਂ ਹੁੰਦੀ ਇਸ ਨੂੰ ਹੋਲਡ ਕੀਤਾ ਜਾਵੇ ਤੇ ਆਦੇਸ਼ ਦਿੱਤਾ ਕਿ ਇੱਕ ਮਹੀਨੇ ਵਿੱਚ ਕਾਨੂੰਨ ਵਿੱਚ ਸੋਧ ਕੀਤੀ ਜਾਵੇ ਤੇ ਇਤਰਾਜ਼ਯੋਗ ਮੱਦਾਂ ਹਟਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਖ਼ਾਲਸਾ ਪੰਥ ਦੀ ਰਾਏ ਤੇ ਭਾਵਨਾਵਾਂ ਅਨੁਸਾਰ ਹੀ ਕਾਨੂੰਨ ਬਣੇ। ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਓ ਪਰ ਗੁਰੂ ਸਾਹਿਬ ਦੇ ਵਜ਼ੀਰਾਂ, ਪ੍ਰਬੰਧਕਾਂ, ਸੇਵਾਦਾਰਾਂ ਤੇ ਸੰਗਤਾਂ ਨੂੰ ਦੋਸ਼ੀ ਨਾ ਬਣਾਓ।
ਜਥੇਦਾਰ ਨੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਨੂੰ ਕਾਨੂੰਨ ‘ਚ ਇੱਕ ਮੱਦ ਸ਼ਾਮਲ ਕਰਨ ਲਈ ਵੀ ਕਿਹਾ ਕਿ "ਜੇ ਕੋਈ ਸਿੱਖ ਵਿਰੋਧੀ ਡੇਰੇ ਦਾ ਚੇਲਾ ਜਾਣਬੁੱਝ ਕੇ ਜਾਂ ਸਾਜ਼ਿਸ਼ੀ ਢੰਗ ਨਾਲ ਬੇਅਦਬੀ ਕਰਦਾ ਹੈ ਤਾਂ ਉਸ ਡੇਰੇ ਦੇ ਮੁਖੀ ਖ਼ਿਲਾਫ਼ ਵੀ ਬੇਅਦਬੀ ਦਾ ਕੇਸ ਦਰਜ ਕੀਤਾ ਜਾਵੇ।" ਇਹ ਇਸ ਲਈ ਜ਼ਰੂਰੀ ਹੈ ਕਿ ਪਿਛਲੇ ਸਮੇਂ ਵਿੱਚ ਭਨਿਆਰੇ ਵਾਲੇ ਸਾਧ ਅਤੇ ਡੇਰਾ ਸਿਰਸਾ ਮੁਖੀ ਦੇ ਚੇਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਕੀਤੀਆਂ ਹਨ। ਡੇਰਾ ਸਿਰਸਾ ਮੁਖੀ ਨੂੰ ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਤਿੰਨਾਂ ਸਰਕਾਰਾਂ ਨੇ ਹੱਥ ਨਾ ਪਾਇਆ।
ਅੱਜ ਹਰ ਸਿੱਖ ਨੂੰ ਇਹ ਵੀ ਮਹਿਸੂਸ ਹੋਇਆ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਸਾਨੂੰ ਕਿੰਨਾ ਮਹਾਨ ਫ਼ਲਸਫ਼ਾ, ਰਵਾਇਤ, ਪ੍ਰੰਪਰਾ ਤੇ ਸਿਧਾਂਤ ਬਖ਼ਸ਼ਿਸ਼ ਕੀਤਾ ਹੈ ਜਿਸ ਨਾਲ ਵੱਡੇ ਤੋਂ ਵੱਡੇ ਹਾਕਮ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਣਾ ਪੈਂਦਾ ਹੈ। ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਸੁਰਜੀਤ ਸਿੰਘ ਬਰਨਾਲਾ, ਸੰਤਾ ਸਿੰਘ ਨਿਹੰਗ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਸਭ ਨੂੰ ਇੱਥੇ ਨਿਮਾਣਾ ਬਣ ਕੇ ਆਉਣਾ ਪਿਆ ਸੀ ਤੇ ਪਿਛਲੇ ਸਮੇਂ ਵਿੱਚ ਅਜੋਕਾ ਮੁੱਖ ਮੰਤਰੀ ਭਗਵੰਤ ਮਾਨ ਵੀ ਜਥੇਦਾਰ ਨੂੰ ਸਪੱਸ਼ਟੀਕਰਨ ਦੇਣ ਲਈ ਪਹੁੰਚਿਆ ਸੀ।
ਭਗਵੰਤ ਮਾਨ ਦੀ ਦਸ ਗੁਰੂ ਸਾਹਿਬਾਨ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਇਤਰਾਜ਼ਯੋਗ ਵੀਡੀਓ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪਹਿਲਾਂ ਹੀ ਫ਼ੈਸਲਾ ਸੁਣਾਇਆ ਜਾ ਚੁੱਕਾ ਹੈ ਜਿਸ ਵਿੱਚ ਭਗਵੰਤ ਮਾਨ ਨੂੰ ਗੁਰੂ ਦੋਖੀ ਅਤੇ ਪੰਥ ਦੋਖੀ ਕਰਾਰ ਦਿੱਤਾ ਗਿਆ ਹੈ। ਅੱਜ ਝਾੜੂ ਪਾਰਟੀ ਦੀ ਹਿੰਮਤ ਨਹੀਂ ਪਈ ਕਿ ਉਹ ਇਹ ਕਹਿ ਸਕਣ ਕਿ ਸਾਡੇ ਮੁੱਖ ਮੰਤਰੀ ਵਿਰੁੱਧ ਤਾਂ ਤੁਸੀਂ ਹੁਕਮਨਾਮਾ ਜਾਰੀ ਕੀਤਾ ਹੋਇਆ ਹੈ, ਜੇ ਉਹ ਗੁਰੂ ਦੋਖੀ ਹੈ ਤਾਂ ਅਸੀਂ ਵੀ ਸਾਰੇ ਦੋਖੀ ਹੀ ਹਾਂ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਹੀਂ ਆਵਾਂਗੇ। ਪਰ ਇਹਨਾਂ ਵਿਧਾਇਕਾਂ ਨੂੰ ਅੰਦਰੋਂ ਪਤਾ ਹੈ ਕਿ ਭਗਵੰਤ ਮਾਨ ਦੀ ਗ਼ਲਤੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਟੱਕਰ ਸਾਨੂੰ ਸਭ ਨੂੰ ਮਹਿੰਗੀ ਪਵੇਗੀ। ਹੁਣ ਵੀ ਝਾੜੂ ਪਾਰਟੀ ਦੇ ਇਹ ਸਾਰੇ ਵਿਧਾਇਕ ਮੀਟਿੰਗ ਕਰਕੇ ਭਗਵੰਤ ਮਾਨ ਨੂੰ ਸਮਝਾਉਣ ਕਿ ਉਹ ਪੰਥ ਨਾਲ ਮੱਥਾ ਨਾ ਲਾਵੇ ਤੇ ਪੰਥ ਦੀ ਸ਼ਰਨ ਵਿੱਚ ਜਾ ਕੇ ਆਪਣਾ ਗੁਰੂ ਦੋਖੀ ਅਤੇ ਪੰਥ ਦੋਖੀ ਦਾ ਕਲੰਕ ਮਾਫ਼ ਕਰਾਵੇ, ਨਹੀਂ ਤਾਂ ਚੋਣ ਜਾਬਤਾ ਲੱਗਣ ਤੋਂ ਬਾਅਦ ਭਗਵੰਤ ਮਾਨ ਲਈ ਔਖਾ ਹੋ ਜਾਏਗਾ, ਕਿਸੇ ਨੇ ਗੁਰਦੁਆਰਾ ਸਾਹਿਬ 'ਚੋਂ ਸਿਰੋਪਾ ਨਹੀਂ ਦੇਣਾ ਤੇ ਉਸ ਦੇ ਖ਼ਿਲਾਫ਼ ਥਾਂ-ਥਾਂ ਉੱਤੇ ਲੱਗੇ ਬੋਰਡ ਭਾਰੀ ਮੁਸ਼ਕਿਲਾਂ ਪੈਦਾ ਕਰਨਗੇ ਤੇ ਸੱਤਾ ਖੁੱਸਣ ਤੋਂ ਬਾਅਦ ਉਸ ਨੇ ਕਿਸੇ ਜੋਗਾ ਨਹੀਂ ਰਹਿਣਾ। ਭਗਵੰਤ ਮਾਨ ਦੀ ਜ਼ਿੱਦ ਬਾਦਲਕਿਆਂ, ਕਾਂਗਰਸੀਆਂ ਤੇ ਭਾਜਪਾਈਆਂ ਨੂੰ ਸੂਤ ਬੈਠੇਗੀ।
ਭਗਵੰਤ ਮਾਨ ਇਹ ਵੀ ਆਖਦਾ ਹੁੰਦਾ ਸੀ ਕਿ ਜਥੇਦਾਰ ਸਾਰੀ ਕਾਰਵਾਈ ਨੂੰ ਲਾਈਵ ਕਰਨ, ਅਸੀਂ ਪੋਤੜੇ ਫਰੋਲਾਂਗੇ। ਪਰ ਅੱਜ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਹ ਸਾਰੀ ਕਾਰਵਾਈ ਸਿੱਧੇ ਪ੍ਰਸਾਰਨ ਰਾਹੀਂ ਟੀ.ਵੀ. ਚੈੱਨਲਾਂ ਤੇ ਸੋਸ਼ਲ ਮੀਡੀਆ 'ਤੇ ਵਿਖਾਈ ਜਾ ਰਹੀ ਸੀ ਜਿਸ ਵਿੱਚ ਝਾੜੂ ਪਾਰਟੀ ਦੋਸ਼ੀ ਸਾਬਤ ਹੋ ਰਹੀ ਸੀ ਤਾਂ ਆਪ ਪਾਰਟੀ ਦੇ ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਬੇਨਤੀ ਕੀਤੀ ਕਿ ਇਹ ਮਾਮਲਾ ਜਨਤਕ ਤੌਰ 'ਤੇ ਪ੍ਰਸਾਰਿਤ ਨਾ ਕੀਤਾ ਜਾਵੇ ਪਰ ਜਥੇਦਾਰ ਨੇ ਅੱਗੋਂ ਚੰਗੀ ਝਾੜ ਪਾ ਦਿੱਤੀ ਜਿਸ ਨਾਲ ਭਗਵੰਤ ਮਾਨ ਦਾ ਮੂੰਹ ਭੰਨਿਆ ਗਿਆ। ਹਾਲਾਂਕਿ ਇਸ ਸਾਰੀ ਕਾਰਵਾਈ ਦੇ ਅੰਤ 'ਚ ਜਥੇਦਾਰ ਨੂੰ ਪਤਾ ਲੱਗਿਆ ਕਿ ਮੀਡੀਆ ਚੈਨਲਾਂ ਨੇ ਕਥਿਤ ਤੌਰ ‘ਤੇ ਸਰਕਾਰ ਦੇ ਨਿਰਦੇਸ਼ਾਂ 'ਤੇ ਲਾਈਵ ਪ੍ਰਸਾਰਣ ਰੋਕ ਦਿੱਤਾ ਹੈ ਤਾਂ ਜਥੇਦਾਰ ਨੇ ਮੌਜੂਦਾ ਸਰਕਾਰ ਦੇ ਮੰਤਰੀਆਂ ਨੂੰ ਚੈੱਨਲਾਂ ਨੂੰ ਦੁਬਾਰਾ ਲਾਈਵ ਕਵਰੇਜ ਸ਼ੁਰੂ ਕਰਨ ਦੀ ਹਦਾਇਤ ਕੀਤੀ ਜਿਸ ਨਾਲ ਝਾੜੂ ਪਾਰਟੀ ਦਾ ਆਵਾਜ਼ ਦਬਾਉਣ ਦਾ ਚਿਹਰਾ ਮੁੜ ਨੰਗਾ ਹੋ ਗਿਆ।
ਸਤਿਕਾਰ ਸੋਧ ਕਾਨੂੰਨ ਤੋਂ ਬਾਅਦ ਜਿਹੜੇ ਕੁਝ ਸਿੱਖ ਆਗੂ ਅਤੇ ਜਥੇਬੰਦੀਆਂ ਅੰਨ੍ਹੇਵਾਹ ਭਗਵੰਤ ਮਾਨ ਸਰਕਾਰ ਦੀ ਅਤੇ ਕਾਨੂੰਨ ਦੀ ਹਮਾਇਤ ਕਰ ਰਹੀਆਂ ਸਨ ਤੇ ਜਥੇਦਾਰਾਂ ਅਤੇ ਖ਼ਾਲਸਾ ਪੰਥ ਨੂੰ ਚਿੜਾ ਰਹੀਆਂ ਸਨ, ਹੁਣ ਉਹਨਾਂ ਨੂੰ ਵੀ ਆਪਣੀ ਗਲਤੀ-ਭੁੱਲ ਬਖ਼ਸ਼ਾ ਲੈਣੀ ਚਾਹੀਦੀ ਹੈ ਤੇ ਹਕੀਕਤ ਨੂੰ ਸਮਝਣਾ ਚਾਹੀਦਾ ਹੈ, ਜਦੋਂ ਕਾਨੂੰਨ ਬਣਾਉਣ ਵਾਲੇ ਅੱਜ ਮੰਨ ਰਹੇ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਸੰਸਥਾਵਾਂ ਨੂੰ ਦਰ- ਕਿਨਾਰ ਕਰਨਾ, ਰਾਏ ਨਾ ਲੈਣੀ, ਮਨਮਰਜ਼ੀ ਦਾ ਕਾਨੂੰਨ ਬਣਾ ਦੇਣਾ ਉਹਨਾਂ ਦੀ ਵੱਡੀ ਗਲਤੀ ਹੈ ਜਿਸ ਵਿੱਚ ਸੋਧ ਹੋਵੇਗੀ ਤਾਂ ਫਿਰ ਉਹਨਾਂ ਸਿੱਖ ਆਗੂਆਂ ਨੂੰ ਵੀ ਹੁਣ ਬੇਵਜ੍ਹਾ ਬਿਆਨਬਾਜੀ ਅਤੇ ਗਤੀਵਿਧੀ ਨਹੀਂ ਕਰਨੀ ਚਾਹੀਦੀ, ਸਗੋਂ ਸਰਕਾਰ ਦਾ ਪੱਖ ਪੂਰਨਾ ਛੱਡ ਕੇ ਖਾਲਸਾ ਪੰਥ ਦੇ ਨਾਲ ਖੜ੍ਹ ਜਾਣਾ ਚਾਹੀਦਾ ਹੈ। ਅੱਜ ਦੀ ਸਾਰੀ ਕਾਰਵਾਈ ਨਾਲ ਭਗਵੰਤ ਮਾਨ ਸਰਕਾਰ ਦੀ ਹਾਰ ਅਤੇ ਖ਼ਾਲਸਾ ਪੰਥ ਜੇਤੂ ਕਰਾਰ ਹੋਇਆ ਹੈ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.