ਦਰਬਾਰ ਸਾਹਿਬ 'ਤੇ ਸੰਨ 1955, 1984, 1986 ਤੇ 1988 'ਚ ਚਾਰ ਵਾਰ ਹਮਲੇ ਕਰ ਚੁੱਕੀ ਹੈ ਭਾਰਤ ਸਰਕਾਰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- 19 May,2025

ਅੰਮ੍ਰਿਤਸਰ, 19 ਮਈ ,ਨਜ਼ਰਾਨਾ ਟਾਈਮਜ ਬਿਊਰੋ
ਭਾਰਤੀ ਫ਼ੌਜ ਨੇ ਦਾਅਵਾ ਕੀਤਾ ਹੈ ਕਿ ਭਾਰਤ-ਪਾਕਿਸਤਾਨ 'ਚ ਬਣੇ ਜੰਗ ਦੇ ਮਾਹੌਲ 'ਚ ਪਾਕਿਸਤਾਨ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨਾ ਚਾਹਿਆ ਤੇ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਦੀ ਰਾਖੀ ਕੀਤੀ। ਇਸ ਸੰਬੰਧੀ ਮੀਡੀਆ ਨੂੰ ਬਿਆਨ ਜਾਰੀ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਕੌਮ ਵਿੱਚ ਮੁਸਲਮਾਨਾਂ ਅਤੇ ਪਾਕਿਸਤਾਨ ਪ੍ਰਤੀ ਭੜਕਾਹਟ ਅਤੇ ਨਫ਼ਰਤ ਪੈਦਾ ਕਰਨ ਲਈ ਭਾਰਤੀ ਹਕੂਮਤ ਅਤੇ ਮੋਦੀ ਸਰਕਾਰ ਵੱਲੋਂ ਅਜਿਹੇ ਬੇਬੁਨਿਆਦ ਬਿਆਨ ਦਿੱਤੇ ਜਾ ਰਹੇ ਹਨ ਜਿਸ ਨੂੰ ਹਿੰਦੂ ਮੀਡੀਆ ਵੱਡੇ ਪੱਧਰ ਉੱਤੇ ਪ੍ਰਚਾਰ ਰਿਹਾ ਹੈ ਪਰ ਸਿੱਖ ਪੂਰੀ ਤਰ੍ਹਾਂ ਸੁਚੇਤ ਹਨ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਜਦੋਂ-ਜਦੋਂ ਵੀ ਹਮਲਾ ਹੋਇਆ ਤਾਂ ਇਸ ਮੁਕੱਦਸ ਸਥਾਨ ਦੀ ਪਵਿੱਤਰਤਾ ਦੀ ਰਾਖੀ ਕਰਦਿਆਂ ਸਿੱਖਾਂ ਨੇ ਹੀ ਸਿਰ ਵਾਰੇ ਹਨ ਤੇ ਸਿੱਖਾਂ ਨੇ ਹਮਲਾ ਕਰਨ ਵਾਲਾ ਕੋਈ ਵੀ ਦੁਸ਼ਟ ਨਹੀਂ ਬਖਸ਼ਿਆ ਉਹ ਭਾਵੇਂ ਅਬਦਾਲੀ, ਮੱਸਾ ਰੰਘੜ, ਇੰਦਰਾ ਗਾਂਧੀ ਜਾਂ ਜਨਰਲ ਵੈਦਿਆ ਹੋਵੇ। ਉਹਨਾਂ ਕਿਹਾ ਕਿ 1947 ਤੋਂ ਬਾਅਦ ਭਾਰਤ ਸਰਕਾਰ ਸ੍ਰੀ ਦਰਬਾਰ ਸਾਹਿਬ ਉੱਤੇ ਚਾਰ ਵਾਰ ਹਮਲੇ ਕਰ ਚੁੱਕੀ ਹੈ। ਸੰਨ 1955 ਵਿੱਚ ਪਹਿਲਾ ਹਮਲਾ ਪੰਡਿਤ ਜਵਾਹਰ ਲਾਲ ਨਹਿਰੂ ਨੇ, 1984 ਵਿੱਚ ਦੂਜਾ ਹਮਲਾ ਕਾਂਗਰਸ ਅਤੇ ਭਾਜਪਾ ਨੇ, 1986 ਵਿੱਚ ਤੀਜਾ ਹਮਲਾ ਰਾਜੀਵ ਗਾਂਧੀ ਨੇ ਅਤੇ 1988 ਵਿੱਚ ਭਾਰਤ ਸਰਕਾਰ ਚੌਥਾ ਹਮਲਾ ਕਰਵਾ ਕੇ ਵੀ ਹਟੀ ਨਹੀਂ ਸਗੋਂ 18 ਦਸੰਬਰ 2021 ਵਿੱਚ ਡੀਪ ਸਟੇਟ ਨੇ ਦਰਬਾਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣੀ ਚਾਹੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੂਨ 1984 'ਚ ਕਹਿੰਦੀ ਰਹੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ। ਜਿਸ ਫ਼ਿਰਕੂ ਹਿੰਦੂਤਵੀਆਂ ਭਾਜਪਾਈਆਂ ਨੇ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖ਼ਿਤਾਬ ਦਿੱਤਾ, ਦਰਬਾਰ ਸਾਹਿਬ 'ਤੇ ਹਮਲੇ ਦੀਆਂ ਖ਼ੁਸ਼ੀਆਂ ਮਨਾਈਆਂ ਉਸ ਭਾਜਪਾ ਸਰਕਾਰ ਅਤੇ ਭਾਰਤੀ ਫ਼ੌਜ ਦੇ ਦਾਅਵਿਆਂ ਉੱਤੇ ਯਕੀਨ ਨਹੀਂ ਕੀਤਾ ਜਾ ਸਕਦਾ। ਭਾਰਤੀ ਫ਼ੌਜ ਨੇ ਤਾਂ ਟੈਂਕਾਂ, ਤੋਪਾਂ, ਬੰਬਾਂ ਮਸ਼ੀਨਗੰਨਾਂ, ਹਵਾਈ ਜ਼ਹਾਜਾਂ ਅਤੇ ਜ਼ਹਿਰੀਲੀਆਂ ਗੈਸਾਂ ਨਾਲ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਲੁੱਟਿਆ, ਤੋਸ਼ਾਖਾਨਾ ਸਾੜਿਆ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਉਹਨਾਂ ਦੇ ਸਾਥੀਆਂ ਤੇ ਹਜ਼ਾਰਾਂ ਸੰਗਤਾਂ ਨੂੰ ਸ਼ਹੀਦ ਕੀਤਾ, ਦੁੱਧ ਪੀਂਦੇ ਬੱਚੇ ਵੀ ਨਾ ਬਖ਼ਸ਼ੇ, ਪਾਵਨ ਸਰੂਪਾਂ 'ਤੇ ਗੋਲ਼ੀਆਂ ਚਲਾਈਆਂ, ਅੰਮ੍ਰਿਤ ਸਰੋਵਰ ਨੂੰ ਖ਼ੂਨ ਨਾਲ ਲਾਲ ਕਰ ਦਿੱਤਾ, ਪ੍ਰਕਰਮਾ ਨੂੰ ਲਾਸ਼ਾਂ ਨਾਲ ਭਰ ਦਿੱਤਾ, ਦਰਬਾਰ ਸਾਹਿਬ ਨੂੰ ਹਜ਼ਾਰਾਂ ਗੋਲ਼ੀਆਂ ਨਾਲ ਵਿੰਨ੍ਹ ਦਿੱਤਾ, ਮਰਯਾਦਾ ਭੰਗ ਕਰ ਦਿੱਤੀ, ਰਾਗੀ-ਪਾਠੀ ਮਾਰ ਦਿੱਤੇ, ਭਾਰਤੀ ਫ਼ੌਜ ਨੇ ਸਿੱਖ ਬੀਬੀਆਂ ਦੀ ਪੱਤ ਰੋਲੀ, ਸ਼ਰਾਬਾਂ ਤੇ ਸਿਗਰਟਾਂ ਪੀਤੀਆਂ ਤੇ ਸਿੱਖ ਕੌਮ ਦਾ ਭਾਰੀ ਵਿਨਾਸ਼ ਕੀਤਾ ਅਤੇ ਕਈ ਮਹੀਨੇ ਦਰਬਾਰ ਸਾਹਿਬ ਨੂੰ ਘੇਰੀ ਰੱਖਿਆ। ਭਾਰਤੀ ਫ਼ੌਜ ਹੁਣ ਵੀ ਦਰਬਾਰ ਸਾਹਿਬ ਦੀ ਰੱਖਿਆ ਨਹੀਂ, ਬਲਕਿ ਹਮਲਾ ਜ਼ਰੂਰ ਕਰ-ਕਰਵਾ ਸਕਦੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਸ ਲੜਾਈ ਵਿੱਚੋਂ ਹਿੰਦੂ ਆਪ ਪਿੱਛੇ ਹਟਣਾ ਚਾਹੁੰਦੇ ਹਨ ਤੇ ਸਾਜਿਸ਼ ਤਹਿਤ ਸਿੱਖਾਂ ਤੇ ਮੁਸਲਮਾਨਾਂ ਨੂੰ ਲੜਾ ਕੇ ਮਰਵਾਉਣਾ ਚਾਹੁੰਦੇ ਹਨ ਜਿਵੇਂ 1947 ਵਿੱਚ ਦਸ ਲੱਖ ਪੰਜਾਬੀ ਮਰਵਾ ਦਿੱਤੇ ਸੀ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲਾ ਚਾਹੇ ਕੋਈ ਵੀ ਹੋਵੇ ਸਿੱਖ ਬਖਸ਼ਣਗੇ ਨਹੀਂ, ਦਰਬਾਰ ਸਾਹਿਬ ਸਿੱਖਾਂ ਦੀ ਜ਼ਿੰਦ-ਜਾਨ ਹੈ। ਜੇਕਰ ਪਾਕਿਸਤਾਨ ਨੇ ਭਾਰਤ ਨਾਲ ਵੈਰ ਕੱਢਣ ਲਈ ਹਮਲਾ ਕਰਨਾ ਹੁੰਦਾ ਤਾਂ ਉਹ ਕਿਸੇ ਮੰਦਰ ਜਾਂ ਪਾਰਲੀਮੈਂਟ ਨੂੰ ਤਾਂ ਚਾਹੇ ਨਿਸ਼ਾਨਾ ਬਣਾ ਸਕਦੇ ਸੀ ਪਰ ਦਰਬਾਰ ਸਾਹਿਬ ਬਾਰੇ ਸੋਚ ਵੀ ਨਹੀਂ ਸਕਦੇ ਕਿਉਂਕਿ ਉਹਨਾਂ ਦਾ ਸਿੱਖਾਂ ਨਾਲ ਕੋਈ ਵੈਰ ਨਹੀਂ ਤੇ ਜੇ ਉਹ ਅਜਿਹੀ ਹਰਕਤ ਕਰਨਗੇ ਤਾਂ ਮੁਸਲਿਮ ਕੌਮ ਵੀ ਉਹਨਾਂ ਦੇ ਖ਼ਿਲਾਫ਼ ਹੋ ਜਾਏਗੀ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਰਤ-ਪਾਕਿਸਤਾਨ ਜੰਗ ਦੌਰਾਨ ਸਿੱਖਾਂ ਨੂੰ ਇਹ ਦੋਵੇਂ ਦੇਸ਼ ਵਰਤਣਾ ਚਾਹੁੰਦੇ ਹਨ ਅਤੇ ਆਪੋ-ਆਪਣੇ ਹੱਕ ਵਿੱਚ ਭੁਗਤਾਉਣ ਦਾ ਯਤਨ ਕਰ ਰਹੇ ਹਨ ਪਰ ਸਿੱਖ ਇਸ ਜੰਗ ਦੇ ਖ਼ਿਲਾਫ਼ ਅਤੇ ਅਮਨ ਦੇ ਹਾਮੀ ਹਨ। ਪਾਕਿਸਤਾਨ ਸਿੱਖਾਂ ਨਾਲ ਨਹੀਂ ਲੜਨਾ ਚਾਹੁੰਦਾ ਤੇ ਭਾਰਤ ਸਿੱਖਾਂ ਦੇ ਬਗੈਰ ਨਹੀਂ ਲੜਨਾ ਚਾਹੁੰਦਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਅਸੀਂ ਭੁੱਲ ਨਹੀਂ ਸਕਦੇ ਕਿ ਮੁਗਲ ਹਕੂਮਤ ਵਾਂਗ ਹਿੰਦੂ ਹਕੂਮਤ ਨੇ ਵੀ ਦਰਬਾਰ ਸਾਹਿਬ ਅਤੇ ਸਿੱਖ ਕੌਮ ਉੱਤੇ ਹਮਲੇ ਕੀਤੇ ਹਨ ਤੇ ਭਾਰਤ ਵਿੱਚ ਹੁਣ ਵੀ ਗੁਰਦੁਆਰੇ ਢਾਹੇ ਜਾ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਨੇ, ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਹਰ ਰੋਜ਼ ਸਿੱਖਾਂ ਨੂੰ ਸੰਤਾਪ ਦਿੱਤਾ ਜਾ ਰਿਹਾ ਹੈ। ਸਿੱਖਾਂ ਨੂੰ ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਸਿਰਜਣਾ ਦੀ ਲੋੜ ਹੈ।
Posted By:

Leave a Reply