ਕੀ ਸਿੱਖ ਸੰਘਰਸ਼ ਅਜੇ ਵੀ ਜਾਰੀ ਹੈ ?

ਕੀ ਸਿੱਖ ਸੰਘਰਸ਼ ਅਜੇ ਵੀ ਜਾਰੀ ਹੈ ?

ਕਈ ਪੁੱਛਦੇ ਨੇ ਕਿ 'ਕੀ ਸਿੱਖ ਸੰਘਰਸ਼ ਅਜੇ ਵੀ ਜਾਰੀ ਹੈ ?'

 ਉਹਨਾਂ ਨੂੰ ਦੱਸ ਦੇਈਏ ਕਿ ਖ਼ਾਲਸੇ ਦਾ ਸੰਘਰਸ਼ ਤਾਂ ਸਦੀਵੀ ਹੈ ਕਿਉਂਕਿ ਹੱਕ, ਸੱਚ ਅਤੇ ਨਿਆਂ ਦੀ ਪ੍ਰਾਪਤੀ ਲਈ ਤੇ ਜਬਰ-ਜ਼ੁਲਮ ਦੇ ਖ਼ਿਲਾਫ਼ ਖ਼ਾਲਸੇ ਦੀ ਟੱਕਰ ਤਾਂ ਹਮੇਸ਼ਾਂ ਜਾਰੀ ਰਹਿਣੀ ਹੈ। ਜੇਕਰ ਅਜੋਕੇ ਸਮੇੰ ਦੀ ਗੱਲ ਕਰੀਏ ਤਾਂ ਅਣਖੀਲੇ ਸਿੱਖਾਂ ਵੱਲੋਂ ਪ੍ਰਭੂਸੱਤਾ ਸੰਪੰਨ ਆਜ਼ਾਦ ਖ਼ਾਲਸਾ ਰਾਜ (ਖ਼ਾਲਿਸਤਾਨ) ਦੀ ਪ੍ਰਾਪਤੀ ਲਈ ਵੱਖੋ-ਵੱਖ ਢੰਗ-ਤਰੀਕਿਆਂ ਨਾਲ ਲਗਾਤਾਰ ਜੱਦੋ-ਜਹਿਦ ਕੀਤੀ ਜਾ ਰਹੀ ਹੈ ਜਿਸ ਨੂੰ ਦਬਾਉਣ ਲਈ ਹਿੰਦ ਹਕੂਮਤ ਨੇ ਭਾਵੇਂ ਹਰ ਤਰੀਕਾ ਤੇ ਹਰਬਾ ਵਰਤਿਆ ਹੈ ਪਰ ਇਹ ਸੰਘਰਸ਼ ਪੜਾਅ-ਦਰ-ਪੜਾਅ ਅੱਗੇ ਵੱਧ ਰਿਹਾ ਹੈ। 1978 ਦੇ ਸਾਕੇ, ਜੂਨ 1984 ਦੇ ਘੱਲੂਘਾਰੇ ਤੇ ਨਵੰਬਰ 1984 ਦੀ ਨਸਲਕੁਸ਼ੀ ਤੋਂ ਬਾਅਦ ਹਥਿਆਰਬੰਦ ਸੰਘਰਸ਼ ਪੂਰੇ ਸਿਖਰਾਂ 'ਤੇ ਲੜਿਆ ਗਿਆ ਜਿਸ ਵਿੱਚ ਬੇਸ਼ੁਮਾਰ ਸ਼ਹਾਦਤਾਂ ਹੋਈਆਂ। 1995 ਵਿੱਚ ਜੁਝਾਰੂ ਲਹਿਰ ਵਿੱਚ ਖੜੋਤ ਆਉਣ ਤੋਂ ਬਾਅਦ ਲੋਕਤੰਤਰਿਕ-ਜ਼ਮਹੂਰੀਅਤ, ਰਾਜਨੀਤਕ ਤੇ ਸੰਵਿਧਾਨਿਕ ਢੰਗ ਨਾਲ ਕੀਤਾ ਜਾ ਰਿਹਾ ਇਹ ਸੰਘਰਸ਼ ਭਾਰਤੀ ਹਕੂਮਤ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ ਤੇ ਇਸ ਦੀ ਮੰਜ਼ਲ ਹੁਣ ਬਹੁਤੀ ਦੂਰ ਨਹੀਂ ਹੈ ਇਹ ਗੱਲ ਸਿੱਖਾਂ ਨਾਲੋਂ ਵੱਧ ਭਾਰਤੀ ਹਾਕਮ ਜਾਣਦੇ ਹਨ ਜੋ ਐਨੇ ਬੁਖਲਾਏ ਹੋਏ ਹਨ ਕਿ ਸਿੱਖ ਨੌਜਵਾਨਾਂ 'ਚ ਦਹਿਸ਼ਤ ਪੈਦਾ ਕਰ ਰਹੇ ਨੇ, ਝੂਠੇ ਕੇਸਾਂ 'ਚ ਫਸਾ ਕੇ ਬੰਦੀ ਬਣਾ ਰਹੇ ਨੇ, ਸਿੱਖ ਸੰਪਰਦਾਵਾਂ ਤੇ ਸਿੱਖ ਆਗੂਆਂ ਨਾਲ ਰਾਬਤਾ ਕਾਇਮ ਕਰ ਰਹੇ ਨੇ ਤੇ ਸਿੱਖ ਹਿਤੈਸ਼ੀ ਹੋਣ ਦਾ ਦਾਅਵਾ ਕਰਕੇ ਸਿੱਖਾਂ ਦੇ ਵੱਡੇ ਹਿੱਸੇ ਨੂੰ ਭਰਮਾਉਣ ਤੇ ਵਰਗਲਾਉਣ ਵਿੱਚ ਲੱਗੇ ਹੋਏ ਹਨ ਅਤੇ ਵਿਦੇਸ਼ਾਂ ਵਿੱਚ ਉੱਠੀ ਖ਼ਾਲਿਸਤਾਨ ਦੀ ਦਮਦਾਰ ਲਹਿਰ ਨੂੰ ਰੋਕਣ ਲਈ ਖ਼ਾਲਿਸਤਾਨੀ ਆਗੂਆਂ ਦੇ ਕਤਲ ਕਰਵਾ ਰਹੇ ਨੇ ਤੇ ਕੈਨੇਡਾ, ਅਮਰੀਕਾ, ਇੰਗਲੈਂਡ ਤੇ ਪਾਕਿਸਤਾਨ ਵਰਗੇ ਮੁਲਕਾਂ ਨੂੰ ਆਪਣੇ ਹੱਕ ਵਿੱਚ ਭੁਗਤਾ ਰਹੇ ਹਨ। ਇਸ ਸਭ ਦੇ ਬਾਵਜੂਦ ਵੀ ਖ਼ਾਲਿਸਤਾਨ ਦੇ ਹੱਕ ਵਿੱਚ ਦੁਨੀਆਂ ਭਰ 'ਚੋਂ ਕੋਈ ਨਾ ਕੋਈ ਆਵਾਜ਼ ਉੱਠਦੀ ਰਹਿੰਦੀ ਹੈ ਜੋ ਸਾਡੇ ਸ਼ਹੀਦਾਂ ਦੀ ਕਮਾਈ ਅਤੇ ਸਿੱਖਾਂ ਦੀ ਸੰਘਰਸ਼ ਪ੍ਰਤੀ ਦ੍ਰਿੜਤਾ ਦਾ ਸਬੂਤ ਤੇ ਸਫ਼ਲਤਾ ਹੈ। ਸਿੱਖਾਂ ਨੇ ਪੰਜਵੇਂ ਪਾਤਸ਼ਾਹ ਦਾ ਹਲੇਮੀ ਰਾਜ, ਭਗਤਾਂ ਦਾ ਬੇਗਮਪੁਰਾ ਅਤੇ ਦਸਵੇਂ ਪਾਤਸ਼ਾਹ ਜੀ ਦਾ 'ਰਾਜ ਕਰੇਗਾ ਖ਼ਾਲਸਾ' ਦਾ ਸੰਕਲਪ ਹਰ ਹੀਲੇ ਸਾਕਾਰ ਕਰਨਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਖ਼ਾਲਸਾ ਰਾਜ ਸਥਾਪਿਤ ਕੀਤਾ, ਸਿੱਖ ਮਿਸਲਾਂ ਦੇ ਜਰਨੈਲ ਲਹੂ ਡੋਲ੍ਹਵਾਂ ਸੰਘਰਸ਼ ਕਰਕੇ ਪੰਜਾਬ ਦੇ ਮਾਲਕ ਬਣੇ ਅਤੇ ਮਹਾਰਾਜਾ ਰਣਜੀਤ ਸਿੰਘ ਨੇ ਵਿਸ਼ਾਲ ਸਿੱਖ ਰਾਜ ਸਿਰਜਿਆ ਸੀ ਤੇ 1849 ਵਿੱਚ ਖੁੱਸੇ ਇਸ ਰਾਜ ਨੂੰ ਪ੍ਰਾਪਤ ਕਰਨ ਲਈ ਸਿੱਖ ਬੇਹੱਦ ਉਤਾਵਲੇ ਹਨ। 1947 ਵਿੱਚ ਨਿਕੰਮੇ ਸਿੱਖ ਆਗੂਆਂ ਅਤੇ ਮੱਕਾਰ ਹਿੰਦੂਤਵੀ ਆਗੂਆਂ ਦੇ ਕਾਰਨ ਸਿੱਖ ਆਪਣਾ ਰਾਜ ਪ੍ਰਾਪਤ ਕਰਨ ਤੋਂ ਹੀਣੇ ਰਹਿ ਗਏ ਸਨ ਪਰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਆਮਦ ਨਾਲ ਸਿੱਖਾਂ ਨੇ ਅਜ਼ਾਦੀ ਦਾ ਝੰਡਾ ਮੁੜ ਚੁੱਕ ਲਿਆ ਤੇ ਹੁਣ ਜਦੋਂ ਖ਼ਾਲਿਸਤਾਨ ਭਾਰਤ ਤੋਂ ਅਜ਼ਾਦੀ ਪ੍ਰਾਪਤ ਕਰ ਲਵੇਗਾ ਤਾਂ ਉਸ ਤੋਂ ਬਾਅਦ ਵੀ ਸੰਘਰਸ਼ ਮੁੱਕਣਾ ਨਹੀਂ ਕਿਉਂਕਿ ਭਾਰਤ ਵਿੱਚ ਜੂਝ ਰਹੀਆਂ ਹੋਰ ਕੌਮਾਂ-ਸਟੇਟਾਂ ਅਤੇ ਸੰਸਾਰ ਭਰ ਵਿੱਚ ਜਿੱਥੇ ਵੀ ਕਿਸੇ ਕੌਮ-ਕਬੀਲੇ ਜਾਂ ਦੇਸ ਨਾਲ ਧੱਕਾ ਹੋ ਰਿਹਾ ਹੈ ਤਾਂ ਖ਼ਾਲਸੇ ਨੇ ਉਹਨਾਂ ਦਾ ਵੀ ਮਦਦਗਾਰ ਬਣਨਾ ਹੈ। ਸਾਡਾ ਇਹ ਸੰਘਰਸ਼ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਸਾਰ ਉੱਤੇ ਹੋਏ ਪ੍ਰਕਾਸ਼ ਨਾਲ ਹੀ ਅਰੰਭ ਹੋ ਗਿਆ ਸੀ, ਬਿਪਰ ਨੂੰ ਜਨੇਊ ਪਾਉਣ ਤੋਂ ਇਨਕਾਰ ਕਰਨਾ, ਬਾਬਰ ਨੂੰ ਜਾਬਰ ਕਹਿਣਾ, ਦੂਜੇ ਪਾਤਸ਼ਾਹ ਵੱਲੋਂ ਹੁਮਾਯੂੰ ਨੂੰ ਵੰਗਾਰਨਾ, ਪੰਜਵੇਂ ਪਾਤਸ਼ਾਹ ਦੀ ਸ਼ਾਂਤਮਈ ਸ਼ਹੀਦੀ, ਛੇਵੇਂ ਪਾਤਸ਼ਾਹ ਵੱਲੋਂ ਚਾਰੇ ਜੰਗ ਫ਼ਤਹਿ ਕਰਨੇ, ਨੌਵੇਂ ਪਾਤਸ਼ਾਹ ਵੱਲੋਂ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਲਈ ਸ਼ਹਾਦਤ ਦੇਣੀ ਤੇ ਦਸਵੇਂ ਪਾਤਸ਼ਾਹ ਜੀ ਵੱਲੋਂ ਖ਼ਾਲਸੇ ਦੀ ਸਿਰਜਣਾ ਕਰਨੀ ਤੇ ਚੌਦ੍ਹਾਂ ਜੰਗਾਂ ਲੜਨੀਆਂ ਤੇ ਫਿਰ ਸਿੱਖ ਕੌਮ ਦੀ ਅਣਖ਼-ਗ਼ੈਰਤ ਦੀ ਰਾਖੀ ਅਤੇ ਸਰਬੱਤ ਦੇ ਭਲੇ ਲਈ ਸਦੀਵੀ ਸੰਘਰਸ਼ ਕਰਨ ਦਾ ਖ਼ਾਲਸੇ ਨੂੰ ਗੁਰੂ ਸਾਹਿਬ ਦਾ ਹੁਕਮ ਹੈ ਜਿਸ ਉੱਤੇ ਸਿੱਖ ਪਹਿਰਾ ਦਿੰਦੇ ਰਹਿਣਗੇ। ਇਸ ਲਈ ਇਹ ਗੱਲ ਐਲਾਨੀਆਂ ਤੌਰ 'ਤੇ ਸਪੱਸ਼ਟ ਹੈ ਕਿ 'ਜਦੋਂ ਤੱਕ ਦੁਨੀਆਂ ਉਤੇ ਸਿੱਖ ਹਨ ਓਦੋਂ ਤੱਕ ਸਿੱਖ ਸੰਘਰਸ਼ ਵੀ ਜਾਰੀ ਰਹੇਗਾ।' 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.