18ਵੇਂ ਬ੍ਰਿਕਸ ਸੰਮੇਲਨ ਦੌਰਾਨ ਦੁਨੀਆਂ ਦੀ ਨਜ਼ਰ ਰਹੇਗੀ ਮੋਦੀ+ਸ਼ੀ-ਜਿਨਪਿੰਗ ਮੁਲਾਕਾਤ 'ਤੇ.
- ਅੰਤਰਰਾਸ਼ਟਰੀ
- (Asia/Kolkata)
ਚੰਡੀਗੜ੍ਹ/ਬੀਜਿੰਗ 10 ਸਤੰਬਰ (ਮੰਗਤ ਸਿੰਘ ਸੈਦਪੁਰ) : ਸਾਲ 2026 'ਚ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦਾ ਮੁੱਖ ਥੀਮ "ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਲਈ ਨਿਰਮਾਣ" ਰੱਖਿਆ ਗਿਆ ਹੈ। ਇਸ ਸੰਮੇਲਨ ਵਿੱਚ ਗਲੋਬਲ ਦੱਖਣ ਦੀਆਂ ਤਰਜੀਹਾਂ, ਗਲੋਬਲ ਸਪਲਾਈ ਚੇਨ, ਸਰਹੱਦ ਪਾਰ ਭੁਗਤਾਨ ਪ੍ਰਣਾਲੀਆਂ, ਰਾਸ਼ਟਰੀ ਮੁਦਰਾਵਾਂ ਦੀ ਵਰਤੋਂ, ਆਰਟੀਫੀਸ਼ੀਅਲ ਇੰਟੈਲੀਜੈਂਸ, ਡਿਜੀਟਲ ਵਪਾਰ, ਊਰਜਾ ਸੁਰੱਖਿਆ ਅਤੇ ਜਲਵਾਯੂ ਪਰਿਵਰਤਨ ਵਰਗੇ ਅਹਿਮ ਮੁੱਦਿਆਂ 'ਤੇ ਚਰਚਾ ਹੋਵੇਗੀ। ਇਸੇ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 12 ਅਤੇ 13 ਸਤੰਬਰ ਨੂੰ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣਗੇ। ਚੀਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਸ ਬਾਰੇ ਰਸਮੀ ਪੁਸ਼ਟੀ ਕੀਤੀ ਹੈ। ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਸ਼ੇਸ਼ ਸੱਦੇ 'ਤੇ ਹੋ ਰਿਹਾ ਹੈ। ਸਾਲ 2019 ਵਿੱਚ ਮਮੱਲਾਪੁਰਮ ਵਿਖੇ ਹੋਈ ਗੈਰ-ਰਸਮੀ ਮੁਲਾਕਾਤ ਤੋਂ ਬਾਅਦ ਰਾਸ਼ਟਰਪਤੀ ਸ਼ੀ ਦੀ ਇਹ ਪਹਿਲੀ ਭਾਰਤ ਫੇਰੀ ਹੋਵੇਗੀ, ਜੋ ਕਿ ਅਸਲ ਕੰਟਰੋਲ ਰੇਖਾ 'ਤੇ ਚੱਲ ਰਹੇ ਤਣਾਅ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਮੁੜ ਪਟੜੀ 'ਤੇ ਲਿਆਉਣ ਦੇ ਯਤਨਾਂ ਵਜੋਂ ਵੇਖੀ ਜਾ ਰਹੀ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਹੋਣ ਵਾਲੇ ਇਸ ਦੋ-ਰੋਜ਼ਾ ਸੰਮੇਲਨ ਦੀ ਮੇਜ਼ਬਾਨੀ ਭਾਰਤ ਕਰ ਰਿਹਾ ਹੈ। ਚੀਨੀ ਪੁਸ਼ਟੀ ਤੋਂ ਪਹਿਲਾਂ ਚੀਨ ਵਿੱਚ ਭਾਰਤ ਦੇ ਰਾਜਦੂਤ ਵਿਕਰਮ ਦੋਰਾਇਸਵਾਮੀ ਨੇ ਗਲੋਬਲ ਟਾਈਮਜ਼ ਵਿੱਚ ਲਿਖੇ ਆਪਣੇ ਲੇਖ ਰਾਹੀਂ ਦੋਵਾਂ ਏਸ਼ੀਆਈ ਸ਼ਕਤੀਆਂ ਵਿਚਕਾਰ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਉੱਭਰਦੀਆਂ ਅਰਥਵਿਵਸਥਾਵਾਂ ਵਜੋਂ ਭਾਰਤ ਅਤੇ ਚੀਨ ਲਈ ਸਥਿਰ ਅਤੇ ਅਨੁਮਾਨਯੋਗ ਸਬੰਧ ਬਣਾਏ ਰੱਖਣਾ ਨਾ ਸਿਰਫ਼ ਉਨ੍ਹਾਂ ਦੀ 2.8 ਅਰਬ ਆਬਾਦੀ ਲਈ, ਸਗੋਂ ਵਿਸ਼ਵ ਸ਼ਾਂਤੀ ਅਤੇ ਸਥਿਰਤਾ ਲਈ ਵੀ ਬਹੁਤ ਜ਼ਰੂਰੀ ਹੈ। ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਇਸ ਸਾਂਝੇਦਾਰੀ ਦੀ ਮੁੱਖ ਨੀਂਹ ਹੈ। ਜਿਸ ਲਈ ਆਪਸੀ ਸਤਿਕਾਰ ਅਤੇ ਸਮਝ ਦੀ ਲੋੜ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਦੇ ਸ਼ੁਰੂ ਵਿੱਚ 1 ਸਤੰਬਰ ਨੂੰ ਬਿਸ਼ਕੇਕ ਵਿੱਚ 26ਵੇਂ ਸ਼ੰਘਾਈ ਸਹਿਯੋਗ ਸੰਗਠਨ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਸੰਖੇਪ ਗੱਲਬਾਤ ਅਤੇ ਹੱਥ ਮਿਲਾਉਣ ਦੀ ਘਟਨਾ ਨੇ ਇਸ ਦੌਰੇ ਦੇ ਸੰਕੇਤ ਦਿੱਤੇ ਸਨ। ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਸ਼ੀ ਜਿਨਪਿੰਗ ਨੂੰ ਬ੍ਰਿਕਸ ਵਿੱਚ ਸ਼ਾਮਲ ਹੋਣ ਦਾ ਨਿਓਤਾ ਦਿੱਤਾ ਸੀ।
Leave a Reply