ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ ਨੀਤੀ ਦੇ ਖਿਲਾਫ ਵਕੀਲਾਂ ਵਲੋਂ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ ਨੀਤੀ ਦੇ ਖਿਲਾਫ ਵਕੀਲਾਂ ਵਲੋਂ ਭੁੱਖ ਹੜਤਾਲ ਤੀਜੇ ਦਿਨ ਵੀ ਜਾਰੀ

ਜਿਲ੍ਹਾ ਬਾਰ ਐਸੋਸੀਏਸ਼ਨ ਤਰਨਤਾਰਨ ਵਲੋਂ 7 ਜੁਲਾਈ ਤੋਂ ਲਗਾਤਾਰ ਕੀਤੀ ਹੈ ਹੜਤਾਲ

ਰਾਕੇਸ਼ ਨਈਅਰ ਚੋਹਲਾ
ਤਰਨ ਤਾਰਨ, 22 ਜੁਲਾਈ

ਜ਼ਿਲ੍ਹਾ ਤਰਨ ਤਾਰਨ ਬਾਰ ਐਸੋਸੀਏਸ਼ਨ ਵੱਲੋਂ ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ (ਲੀਗਲ ਏਡ ਡਿਫੈਂਸ ਕੌਂਸਲ) ਨੀਤੀ ਦੇ ਵਿਰੋਧ ਵਿੱਚ 7 ਜੁਲਾਈ ਤੋਂ ਚੱਲ ਰਹੀ ਲਗਾਤਾਰ ਹੜਤਾਲ ਦੇ ਤਹਿਤ 20 ਜੁਲਾਈ ਤੋਂ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਦਾ ਅੱਜ ਤੀਜਾ ਦਿਨ ਰਿਹਾ।ਵਕੀਲਾਂ ਨੇ ਆਪਣਾ ਸੰਘਰਸ਼ ਜਾਰੀ ਰੱਖਦਿਆਂ ਸਰਕਾਰ ਅਤੇ ਸੰਬੰਧਿਤ ਅਧਿਕਾਰੀਆਂ ਤੋਂ ਇਸ ਸਕੀਮ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।

ਬਾਰ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ ਸਕੀਮ ਨਾਲ ਵਕੀਲ ਭਾਈਚਾਰੇ ਦੇ ਹਿੱਤਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਆਮ ਵਕੀਲਾਂ ਦੇ ਰੁਜ਼ਗਾਰ 'ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਇਸ ਸਕੀਮ ਨੂੰ ਵਾਪਸ ਨਹੀਂ ਲੈਂਦੀ,ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਅਤੇ ਭੁੱਖ ਹੜਤਾਲ ਜਾਰੀ ਰਹੇਗੀ।

ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਿੰਦਰ ਸਿੰਘ ਢਿੱਲੋਂ,ਜੁਆਇੰਟ ਸੈਕਟਰੀ ਕਵਲਜੀਤ ਕੌਰ,ਐਡਵੋਕੇਟ ਰਾਜਬੀਰ ਕੌਰ ਢਿੱਲੋਂ,ਐਡਵੋਕੇਟ ਅਭਿਨਵ ਸ਼ਰਮਾ, ਐਡਵੋਕੇਟ ਕਵਲਜੀਤ ਸਿੰਘ ਮੰਡ,ਐਡਵੋਕੇਟ ਹਰਮਨਦੀਪ ਸਿੰਘ ਕੰਗ,ਐਡਵੋਕੇਟ ਰਵਿੰਦਰ ਸਿੰਘ ਖਹਿਰਾ ਸਮੇਤ ਵੱਡੀ ਗਿਣਤੀ ਵਿੱਚ ਬਾਰ ਐਸੋਸੀਏਸ਼ਨ ਦੇ ਮੈਂਬਰ ਹਾਜ਼ਰ ਸਨ।ਜ਼ਿਲ੍ਹਾ ਤਰਨ ਤਾਰਨ ਬਾਰ ਐਸੋਸੀਏਸ਼ਨ ਵੱਲੋਂ ਸਮੂਹ ਵਕੀਲਾਂ ਨੂੰ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਅਤੇ ਕਾਨੂੰਨੀ ਸਹਾਇਤਾ ਡਿਫੈਂਸ ਕੌਂਸਲ ਸਕੀਮ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ।ਇਸ ਦੇ ਨਾਲ ਹੀ ਸਮੂਹ ਵਕੀਲਾਂ ਨੂੰ ਆਪਣੇ-ਆਪਣੇ ਅਧਿਕਾਰਾਂ ਦੀ ਰਾਖੀ ਲਈ ਇੱਕਜੁੱਟ ਰਹਿਣ ਦਾ ਸੱਦਾ ਵੀ ਦਿੱਤਾ ਗਿਆ ਹੈ।ਬਾਰ ਐਸੋਸੀਏਸ਼ਨ ਨੇ ਕਿਹਾ ਕਿ ਵਕੀਲਾਂ ਦੇ ਹੱਕਾਂ ਦੀ ਰੱਖਿਆ ਲਈ ਇਹ ਸੰਘਰਸ਼ ਲਗਾਤਾਰ ਜਾਰੀ ਰਹੇਗਾ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.