ਨੌਵੀਂ 'ਚ ਪੜ੍ਹਦੇ ਸਿੱਖ ਬੱਚੇ ਦਾ ਝੂਠਾ ਪੁਲਿਸ ਮੁਕਾਬਲਾ...

ਨੌਵੀਂ 'ਚ ਪੜ੍ਹਦੇ ਸਿੱਖ ਬੱਚੇ ਦਾ ਝੂਠਾ ਪੁਲਿਸ ਮੁਕਾਬਲਾ...

ਖਾੜਕੂਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਭਾਰਤ ਸਰਕਾਰ ਦੇ ਹਿੰਦੂ ਹੁਕਮਰਾਨਾਂ ਦੇ ਹੁਕਮ 'ਤੇ ਪੰਜਾਬ ਪੁਲੀਸ ਨੇ ਹਜ਼ਾਰਾਂ ਬੇਦੋਸ਼ੇ ਸਿੱਖ ਨੌਜਵਾਨਾਂ ਨੂੰ ਘਰਾਂ, ਖੇਤਾਂ ਅਤੇ ਦੁਕਾਨਾਂ 'ਚੋਂ ਚੁੱਕ ਕੇ ਝੂਠੇ ਪੁਲੀਸ ਮੁਕਾਬਲਿਆਂ 'ਚ ਮਾਰ ਮੁਕਾਇਆ। ਉਹਨੀਂ ਦਿਨੀਂ ਸਿੱਖ ਜਵਾਨੀ ਦੇ ਖੂਨ ਨਾਲ਼ ਹੋਲੀ ਖੇਡ ਕੇ ਆਪਣੇ ਮੋਢਿਆਂ 'ਤੇ ਸਟਾਰ, ਫੀਤੀਆਂ ਅਤੇ ਮੈਡਲ ਲਗਵਾਉਣ ਤੇ ਇਨਾਮ ਪ੍ਰਾਪਤ ਕਰਨ ਲਈ ਪੁਲੀਸ ਅਫ਼ਸਰਾਂ 'ਚ ਦੌੜ ਲੱਗੀ ਹੋਈ ਸੀ। ਪੁਲੀਸ ਇੱਕ ਖੂੰਖਾਰ ਜਾਨਵਰਾਂ ਦਾ ਰੂਪ ਧਾਰਨ ਕਰ ਚੁੱਕੀ ਸੀ। ਰਿਆਲੀ ਪਿੰਡ ਦਾ ਇੱਕ ਨੌਜਵਾਨ ਗੁਰਦੇਵ ਸਿੰਘ ਸੋਨਾ ਜੋ ਅਜੇ ਨੌਵੀਂ ਕਲਾਸ 'ਚ ਪੜ੍ਹਦਾ ਸੀ, 14 ਕੁ ਸਾਲ ਉਮਰ ਸੀ, ਉਸ ਦੇ ਅਜੇ ਦਾੜ੍ਹੀ ਵੀ ਨਹੀਂ ਸੀ ਫੁੱਟੀ ਪਰ ਪੁਲੀਸ ਨੇ ਉਸ ਨੂੰ ਆਪਣੇ ਜ਼ੁਲਮ ਦਾ ਸ਼ਿਕਾਰ ਬਣਾ ਲਿਆ ਤੇ ਉਸ ਨੂੰ ਇੱਕ ਖਤਰਨਾਕ ਖਾੜਕੂ ਕਹਿ ਕੇ ਝੂਠੇ ਪੁਲੀਸ ਮੁਕਾਬਲੇ 'ਚ ਸ਼ਹੀਦ ਕਰ ਦਿੱਤਾ। ਜਦ ਮੈਂ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਬਟਾਲਾ ਦੇ ਪਿੰਡ ਰਿਆਲੀ ਕਲਾਂ 'ਚ ਸ਼ਹੀਦਾਂ ਦਾ ਇਤਿਹਾਸ ਲਿਖਣ ਗਿਆ ਤਾਂ ਮੇਰੀ ਮੁਲਾਕਾਤ ਭਾਈ ਗੁਰਦੇਵ ਸਿੰਘ ਸੋਨਾ ਦੇ ਪਿਤਾ ਸ. ਲੱਖਾ ਸਿੰਘ ਨਾਲ ਹੋਈ ਤੇ ਉਹਨਾਂ ਨੇ ਭੁੱਬਾਂ ਮਾਰ ਰੋਂਦੇ ਹੋਏ ਦਰਦਭਰੀ ਗਾਥਾ ਮੈਨੂੰ ਸੁਣਾਈ। 
ਉਹਨਾਂ ਦੱਸਿਆ ਕਿ 17 ਜੁਲਾਈ 1989 ਨੂੰ ਸਾਡੇ ਘਰ ਪੁਲੀਸ ਆਈ ਤੇ ਥਾਣੇਦਾਰ ਅਜਾਇਬ ਸਿਹੁੰ ਤੇ ਕਿਰਪਾਲ ਸਿਹੁੰ ਮੇਰੀ ਘਰਵਾਲੀ ਨੂੰ ਮੰਦਾ ਬੋਲਣ ਲਗ ਪਏ। ਜਦ ਮੈਂ ਅੱਗੇ ਹੋਇਆ ਤਾਂ ਅਜਾਇਬ ਸਿਹੁੰ ਕਹਿੰਦਾ ਕਿ "ਸੋਨਾ ਕਿੱਥੇ ਐ ?" ਅਸੀਂ ਕਿਹਾ "ਕੀ ਹੋਇਆ ਜਨਾਬ।" ਕਹਿੰਦਾ "ਹੁਣੀਂ ਪੇਸ਼ ਕਰਾਓ ਉਹਨੂੰ।" ਮੈਂ ਸੋਨੇ ਨੂੰ ਆਵਾਜ਼ ਮਾਰੀ, ਓਦੋਂ ਅਸੀਂ ਝੋਨਾ ਲਾ ਰਹੇ ਸੀ ਤੇ ਏਨੇ ਚਿਰ ਨੂੰ ਮੇਰੀ ਬੇਟੀ ਉਹਨਾਂ ਵਾਸਤੇ ਪਾਣੀ ਲੈ ਕੇ ਆਈ ਤੇ ਅਜਾਇਬ ਸਿਹੁੰ ਨੇ ਉਹਨੂੰ ਗੁੱਤੋਂ ਫੜ ਲਿਆ ਤੇ ਪਾਣੀ ਵਗਾਹ ਕੇ ਮਾਰਿਆ। ਉਹ ਸਾਡੇ ਸਾਹਮਣੇ ਸੋਨੇ ਨੂੰ ਜੀਪ 'ਚ ਬਿਠਾ ਕੇ ਲੈ ਗਏ। ਅਸੀਂ ਸਮਝਿਆ ਕਿ ਪੁੱਛ-ਗਿੱਛ ਕਰ ਕੇ ਹੁਣੀਂ ਜਾਂ ਸਵੇਰੇ ਛੱਡ ਦੇਣਗੇ। ਪਰ ਬਾਅਦ 'ਚ ਸੋਨੇ ਨੂੰ ਬਟਾਲੇ ਦੇ ਬੀਕੋ ਬੁੱਚੜਖਾਨੇ ਅਤੇ ਅੰਮ੍ਰਿਤਸਰ ਦੇ ਮਾਲ ਮੰਡੀ ਬੁੱਚੜਖਾਨੇ ਲਿਜਾ ਕੇ ਘੋਰ ਤਸੀਹੇ ਦਿੱਤੇ ਗਏ, ਉਸ ਬੱਚੇ ਦੇ ਨਹੁੰ ਵੀ ਖਿੱਚ ਦਿੱਤੇ। ਪਿਤਾ ਨੇ ਦੱਸਿਆ ਕਿ ਮੈਂ ਸੋਨੇ ਨੂੰ ਛੁਡਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਮੈਂ ਕਈ ਵਾਰ ਐੱਸ.ਐੱਸ.ਪੀ. ਗੋਬਿੰਦ ਰਾਮ ਨੂੰ ਮਿਲਣ ਗਿਆ ਪਰ ਉਹ ਕਹਿੰਦਾ ਕਿ "ਅਸੀਂ ਤਾਂ ਰਿਆਲੀ ਪਿੰਡ ਦਾ ਕੋਈ ਮੁੰਡਾ ਫੜਿਆ ਹੀ ਨਹੀਂ।" 
ਫਿਰ ਮੈਂ ਪਿੰਡ ਦੇ ਬ੍ਰਾਹਮਣਾਂ ਨੂੰ ਵੀ ਇਕੱਠਿਆਂ ਕਰਕੇ ਥਾਣੇ ਅਤੇ ਐੱਸ.ਐੱਸ.ਪੀ. ਦੇ ਦਫ਼ਤਰ ਲੈ ਕੇ ਗਿਆ ਪਰ ਕਿਸੇ ਨੇ ਸਾਡੀ ਇੱਕ ਨਾ ਸੁਣੀ। ਤੇ ਇੱਕ ਥਾਣੇਦਾਰ ਸਾਨੂੰ ਕਹਿੰਦਾ "ਚੁੱਪ ਕਰਕੇ ਇੱਥੋਂ ਚਲੇ ਜਾਓ, ਨਹੀਂ ਤਾਂ ਤੁਹਾਨੂੰ ਵੀ ਚੁੱਕ ਕੇ ਅੰਦਰ ਕਰ ਦੂੰ।" ਅਸੀਂ ਪ੍ਰਤਾਪ ਸਿੰਘ ਬਾਜਵਾ ਤੇ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਕਈ ਹੋਰ ਲੀਡਰਾਂ ਨੂੰ ਵੀ ਮਿਲ਼ੇ ਪਰ ਪੁਲੀਸ ਕੋਈ ਹੱਥ-ਪੱਲਾ ਹੀ ਨਹੀਂ ਸੀ ਫੜਾਉਂਦੀ। ਸ. ਲੱਖਾ ਸਿੰਘ ਕਹਿੰਦੇ ਕਿ "ਜੇ ਮੇਰੇ ਪੁੱਤ ਦਾ ਕੋਈ ਕਸੂਰ ਹੁੰਦਾ ਜਾਂ ਖਾੜਕੂਆਂ ਨਾਲ਼ ਰਲ਼ੇ ਹੋਣ ਦੀ ਜਾਂ ਓਹਦੀ ਕੋਈ ਐਹੋ ਜਿਹੀ ਗੱਲ ਹੁੰਦੀ, ਉਸ ਕੋਲ ਕੋਈ ਹਥਿਆਰ ਹੁੰਦਾ ਤਾਂ ਮੈਂ ਉਹਨੂੰ ਆਪ ਹੀ ਆਸੇ-ਪਾਸੇ ਕਰ ਦਿੰਦਾ ਪਰ ਉਹ ਤਾਂ ਵਿਚਾਰਾਂ ਬੜਾ ਭੋਲ਼ਾ ਸੀ। ਬੁੱਚੜਖਾਨਿਆਂ 'ਚ ਘੋਰ ਤਸੀਹੇ ਦੇਣ ਤੋਂ ਬਾਅਦ ਸੋਨੇ ਨੂੰ ਪੁਲੀਸ ਉਸ ਦੇ ਨਾਨਕਿਆਂ ਦੇ ਪਿੰਡ ਸੂਰੋਂ ਪੱਡਾ ਲੈ ਗਈ। ਉਸ ਦਿਨ ਮਾਮਾ ਜੀ ਅਤੇ ਨਾਨਾ ਜੀ ਤਾਂ ਘਰ ਨਹੀਂ ਸਨ। ਪੁਲੀਸ ਵਾਰ-ਵਾਰ ਕਹੀ ਜਾਵੇ ਕਿ ਹਥਿਆਰਾਂ ਬਾਰੇ ਦੱਸ। ਪਰ ਸੋਨੇ ਕੋਲ ਕੁਝ ਹੈ ਹੀ ਨਹੀਂ ਸੀ, ਨਾ ਉਸ ਨੂੰ ਕੁਝ ਪਤਾ ਸੀ। 
ਫਿਰ ਪੁਲੀਸ ਆਪ ਹੀ ਘਰ ਦੀ ਤਲਾਸ਼ੀ ਕਰਨ ਲਗ ਪਈ ਤੇ ਜਦ ਉਸ ਪੁਰਾਣੇ ਜਿਹੇ ਘਰ ਦੇ ਇੱਕ ਕਮਰੇ ਦਾ ਜਿੰਦਰਾ ਤੋੜਿਆ ਤਾਂ ਪੁਲੀਸ ਦੇ ਭੂੰਡਾਂ ਦੀ ਖੱਖਰ ਲੜ ਗਈ। ਜਿਸ ਤੋਂ ਗੁੱਸੇ 'ਚ ਆ ਕੇ ਪੁਲੀਸ ਨੇ ਸੋਨੇ ਦੀ ਮਾਮੀ ਦੇ ਸਾਹਮਣੇ ਦਰਖ਼ਤ ਤੋਂ ਇੱਕ ਡਾਹਣਾ ਤੋੜਿਆ ਤੇ ਸੋਨੇ ਨੂੰ ਕੁੱਟ-ਕੁੱਟ ਕੇ ਓਥੇ ਹੀ ਅੱਧ-ਮੋਇਆ ਕਰ ਦਿੱਤਾ ਤੇ ਗੱਡੀ 'ਚ ਸੁੱਟ ਲਿਆ। ਫਿਰ 24 ਜੁਲਾਈ 1989 ਦੀ ਰਾਤ ਨੂੰ ਵਡਾਲਾ ਗ੍ਰੰਥੀਆਂ ਕੋਲ਼ ਸੂਏ ਦੇ ਪੁਲ਼ ਉੱਤੇ ਉਸ ਨੂੰ ਇੱਕ ਝੂਠੇ ਪੁਲੀਸ ਮੁਕਾਬਲੇ 'ਚ ਪਿੰਡ ਰਿਆਲੀ ਦੇ ਹੀ ਇੱਕ ਜੁਝਾਰੂ ਭਾਈ ਕੰਵਲਜੀਤ ਸਿੰਘ ਛਿੰਦਾ ਨਾਲ਼ ਸ਼ਹੀਦ ਕਰ ਦਿੱਤਾ ਤੇ ਫਿਰ ਅਖ਼ਬਾਰਾਂ 'ਚ ਭਾਈ ਗੁਰਦੇਵ ਸਿੰਘ ਸੋਨਾ ਨੂੰ ਅਣਪਛਾਤਾ ਕਰਾਰ ਦੇ ਦਿੱਤਾ। 
ਸ. ਲੱਖਾ ਸਿੰਘ ਕਹਿੰਦੇ ਕਿ "ਸਾਡੇ ਪੁੱਤ ਦੀ ਤਾਂ ਸਾਨੂੰ ਲਾਸ਼ ਵੀ ਨਾ ਮਿਲ਼ੀ। ਉਹ ਮੇਰੇ ਨਾਲ਼ ਖੇਤਾਂ 'ਚ ਕੰਮ ਕਰਵਾਉਂਦਾ ਸੀ, ਪੱਠੇ ਲਿਆਉਂਦਾ ਸੀ, ਮੇਰੇ ਨਾਲ਼ ਹੀ ਸੌਂਦਾ ਸੀ, ਉਹਨੇ ਤਾਂ ਕਦੇ ਚਿੜੀ ਵੀ ਨਹੀਂ ਸੀ ਮਾਰੀ ਪਰ ਜ਼ਾਲਮਾਂ ਨੇ ਉਸ ਨੂੰ ਖਤਰਨਾਕ ਦਹਿਸ਼ਤਗਰਦ ਐਲਾਨ ਦਿੱਤਾ ਤੇ ਸਾਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਖੋਹ ਲਿਆ। ਫਿਰ ਅਸੀਂ ਪੁਲੀਸ ਉੱਤੇ ਵਕੀਲ ਰਾਜਵਿੰਦਰ ਸਿੰਘ ਬੈਂਸ ਰਾਹੀਂ ਕੇਸ ਵੀ ਕੀਤਾ ਜਿਸ ਦੀ ਸੁਣਵਾਈ ਚਲਦੀ ਰਹੀ। ਪਰ ਪੁਲੀਸ ਨੇ ਸਾਨੂੰ ਬੜਾ ਪ੍ਰੇਸ਼ਾਨ ਕੀਤਾ, ਸਾਡੇ ਉੱਤੇ ਬੜਾ ਦਬਾਅ ਬਣਾਇਆ, ਰੋਜ਼-ਰੋਜ਼ ਸਾਈਨ ਕਰਨ ਲਈ ਥਾਣੇ ਬੁਲਾ ਲਿਆ ਜਾਂਦਾ, ਕਦੇ ਪੁਲੀਸ ਘਰੇ ਆ ਕੇ ਬੈਠੀ ਰਹਿੰਦੀ, ਰਾਜ਼ੀਨਾਮੇ ਲਈ ਕਹਿੰਦੇ ਜਿਸ ਤੋਂ ਮੈਂ ਬਹੁਤ ਤੰਗ ਆਇਆ ਅਤੇ ਉੱਤੋਂ ਕੇਸ ਦੀ ਪੈਰਵਾਈ ਕਰਨ ਵਾਲ਼ੇ ਮੇਰੇ ਜਵਾਈ ਦਾ ਪਾਸਪੋਰਟ ਵੀ ਸਰਕਾਰ ਨੇ ਇਸੇ ਕਾਰਨ ਰੋਕ ਦਿੱਤਾ। ਜਿਸ ਤੋਂ ਬਾਅਦ ਅਸੀਂ ਕੇਸ ਹੀ ਵਾਪਸ ਲੈ ਲਿਆ ਕਿ ਹੁਣ ਪੁੱਤ ਤਾਂ ਵਾਪਸ ਮਿਲ਼ਣਾ ਨਹੀਂ, ਤੇ ਨਾ ਹੀ ਅਦਾਲਤਾਂ 'ਚੋਂ ਇਨਸਾਫ਼ ਮਿਲ਼ਣਾ ਹੈ, ਬਸ ਖੱਜਲ-ਖੁਆਰੀ ਹੀ ਹੈ ਜਿੰਨੀ ਮਰਜੀ ਝੱਲੀ ਜਾਓ। ਪੰਜਾਬ ਵਿੱਚ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਅਜਿਹੀ ਦਾਸਤਾਨ ਹੈ। ਨੋਟ:- ਸ਼ਹੀਦਾਂ ਬਾਰੇ ਹੋਰ ਜਾਣਕਾਰੀ ਲਈ ਦਾਸ ਵੱਲੋਂ ਲਿਖੀਆਂ ਤਵਾਰੀਖ ਸ਼ਹੀਦ ਏ ਖ਼ਾਲਿਸਤਾਨ (ਭਾਗ ਤਿੰਨ) ਕਿਤਾਬਾਂ ਪੜ੍ਹੋ ਸੰਗਤ ਜੀ। 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.