ਭਾਈ ਖਾਲੜਾ ਦੇ ਕਾਤਲਾਂ ਨੂੰ ਕਰਕੇ ਅਜ਼ਾਦ, ਭਗਵੰਤ ਮਾਨ ਸਰਕਾਰ ਬੇਨਕਾਬ- ਆਪ ਵਾਲੇ ਨਿਕਲੇ ਭਗਤ ਸਿੰਘ ਦੇ ਝੂਠੇ ਵਾਰਿਸ- ਖਾਲੜਾ ਮਿਸ਼ਨ
- ਰਾਜਨੀਤੀ
- 21 Jul, 2026 04:55 PM (Asia/Kolkata)
ਅੰਮ੍ਰਿਤਸਰ , ਸੁਰਜੀਤ ਸਿੰਘ ਖ਼ਾਲਸਾ
ਅੱਜ ਇੱਥੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਤੇ ਮਨੁੱਖੀ ਅਧਿਕਾਰ ਇੰਨਸਾਫ ਸੰਘਰਸ਼ ਕਮੇਟੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਕਿਹਾ ਕਿ ਕਾਂਗਰਸ, ਭਾਜਪਾ, ਬਾਦਲਕਿਆਂ ਵਾਂਗ ਭਗਵੰਤ ਮਾਨ ਸਰਕਾਰ ਸਿੱਖਾਂ ਦੇ ਕਾਤਲਾਂ ਦੇ ਹੱਕ ਵਿੱਚ ਆ ਗਈ ਹੈ। ਇਸੇ ਕਾਰਨ ਉਸ ਨੇ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲ ਡੀ.ਅੇਸ.ਪੀ. ਜਸਪਾਲ ਸਿੰਘ ਸਮੇਤ ਤਿੰਨ ਕਾਤਲਾਂ ਨੂੰ ਰਿਹਾਅ ਕਰ ਦਿੱਤਾ ਹੈ। ਉਸਨੇ ਸਿੱਖ ਪੰਥ ਨੂੰ ਸੁਨੇਹਾ ਦਿੱਤਾ ਹੈ ਕਿ ਉਸ ਨੂੰ ਸਿੱਖ ਪੰਥ ਦੀ ਕੋਈ ਪ੍ਰਵਾਹ ਨਹੀਂ, ਉਹ ਵੀ ਕਾਂਗਰਸ, ਭਾਜਪਾ, ਬਾਦਲਕਿਆਂ ਵਾਂਗ ਕਾਤਲਾਂ ਦੇ ਹੱਕ ਵਿੱਚ ਡੱਟਕੇ ਖਲੋਤਾ ਹੈ। ਉਨ੍ਹਾਂ ਕਿਹਾ ਕਈ ਦਹਾਕੇ ਸੜਕਾਂ ਤੇ ਅਦਾਲਤਾਂ ਵਿੱਚ ਸੰਘਰਸ਼ ਕਰਨ ਤੋਂ ਬਾਅਦ ਭਾਈ ਖਾਲੜਾ ਦੇ ਕਾਤਲਾਂ ਨੂੰ ਸਜ਼ਾਵਾਂ ਹੋਈਆਂ, ਪਰ ਭਗਵੰਤ ਮਾਨ ਸਰਕਾਰ ਨੇ ਸਾਰੀਆਂ ਹੱਦਾਂ ਟੱਪ ਕੇ ਗੈਰ ਕਾਨੂੰਨੀ ਤਰੀਕੇ ਨਾਲ ਕਾਤਲਾਂ ਨੂੰ ਮਾਫੀ ਦੇ ਕੇ ਅਜ਼ਾਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਮਿ ਮੁੱਖ ਮੰਤਰੀ ਅਸਤੀਫਾ ਦੇਣ ਅਤੇ ਸਾਰੀ ਸਚਾਈ ਲੋਕਾਂ ਸਾਹਮਣੇ ਰੱਖਣ। ਪੰਜਾਬ ਦੇ ਲੋਕ ਇਸ ਮਹਾਂਪਾਪ ਬਦਲੇ ਕੇਜਰੀਵਾਲਕਿਆਂ ਨੂੰ ਕਦੀ ਮਾਫ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਫੋਜੀ ਹਮਲੇ, ਝੂਠੇ ਮੁਕਾਬਲਿਆਂ, ਨਵੰਬਰ-84 ਕਤਲੇਆਮ, ਲਈ ਕਾਂਗਰਸ, ਭਾਜਪਾ, ਬਾਦਲਕੇ ਸਭ ਦੋਸ਼ੀ ਹਨ ਅਤੇ ਆਮ ਪਾਰਟੀ ਨੇ ਭਾਈ ਖਾਲੜਾ ਦੇ ਕਾਤਲਾਂ ਨਂੂੰ ਰਿਹਾਅ ਕਰਕੇ ਆਪਣਾ ਅਸਲੀ ਰੂਪ ਵਿਖਾ ਦਿੱਤਾ ਹੈ। ਕਾਂਗਰਸ, ਭਾਜਪਾ, ਬਾਦਲਕਿਆਂ ਤੇ ਆਮ ਪਾਰਟੀ ਨੇ ਝੂਠੇ ਮੁਕਾਬਲਿਆਂ ਰਾਂਹੀ ਰਾਜ ਭਾਗ ਚਲਾਇਆ ਤੇ ਦੋਸ਼ੀਆਂ ਨੂੰ ਬਚਾਇਆ। ਜਥੇਬੰਦੀਆਂ ਨੇ ਕਿਹਾ ਕਿ ਬਾਦਲਕੇ ਅੱਕੀ ਪਲਾਹੀਂ ਹੱਥ ਮਾਰਕੇ ਪਾਪਾਂ ਤੇ ਪਰਦਾ ਪਾਉਣਾ ਚਾਹੁੰਦੇ ਹਨ, ਪਰ ਅਜਿਹਾ ਹੋਣ ਵਾਲਾ ਨਹੀਂ। ਸਿੱਖ ਪੰਥ ਤਾਂ ਕੇ.ਪੀ.ਅੇਸ. ਗਿੱਲ ਨਾਲ ਗੁਪਤ ਮੁਲਾਕਾਤਾਂ ਦਾ, ਫੌਜੀ ਹਮਲੇ ਵੇਲੇ ਲਿਖੀਆਂ ਗੁਪਤ ਚਿੱਠੀਆਂ ਦਾ, ਸੈਣੀ ਵਰਗੇ ਡੀ.ਜੀ.ਪੀ. ਲ਼ਾਉਣ ਦਾ ਹਿਸਾਬ ਮੰਗ ਰਿਹਾ ਹੈ। ਪੰਥ ਖਾਲੜਾ ਦੇ ਕਾਤਲਾਂ ਨੂੰ ਵਕੀਲ ਕਰਕੇ ਦੇਣ ਦਾ ਹਿਸਾਬ ਮੰਗ ਰਿਹਾ ਹੈ। ਕਾਂਗਰਸੀਆਂ ਨੂੰ, ਕਾਤਲਾਂ ਨੂੰ ਸਿਰਪਾਓ ਦੇਣ ਦਾ ਹਿਸਾਬ ਮੰਗ ਰਿਹਾ ਹੈ। ਪਰ ਬਾਦਲਕੇ ਇਧਰ-ਉਧਰ ਦੀਆਂ ਮਾਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ, ਭਾਜਪਾ, ਬਾਦਲਕਿਆਂ ਤੇ ਆਮ ਪਾਰਟੀ ਨੂੰ ਕਦੇ ਮਾਫ ਨਹੀਂ ਕਰਨਗੇ। ਇਸ ਮੌਕੇ ਬਾਬਾ ਦਰਸ਼ਨ ਸਿੰਘ, ਅੇਡਵੋਕੇਟ ਜਗਦੀਪ ਸਿੰਘ ਰੰਧਾਵਾ, ਹਰਦਿਆਲ ਸਿੰਘ ਘਰਿਆਲਾ, ਜਸਬੀਰ ਸਿੰਘ, ਵਿਰਸਾ ਸਿੰਘ ਬਹਿਲਾ, ਹਰਮਨਦੀਪ ਸਿੰਘ ਸਰਹਾਲੀ, ਸਤਵਿੰਦਰ ਸਿੰਘ, ਬਲਦੇਵ ਸਿੰਘ ਸਾਂਘਣਾ, ਬੌਬੀ ਕੁਮਾਰ, ਸੁਖਵਿੰਦਰ ਸਿੰਘ ਤਰਨ ਤਾਰਨ, ਬਾਬਾ ਗੁਰਜੀਤ ਸਿੰਘ, ਸਤਵੰਤ ਸਿੰਘ ਮਾਣਕ ਆਦਿ ਹਾਜ਼ਰ ਸਨ।
Leave a Reply