ਸ਼ਹੀਦਾਂ ਦੇ ਵਾਰਸੋ! ਅੱਜ ਹਰੀਕੇ ਅਰਦਾਸ 'ਚ ਸ਼ਾਮਿਲ ਹੋਵੋ...

ਸ਼ਹੀਦਾਂ ਦੇ ਵਾਰਸੋ! ਅੱਜ ਹਰੀਕੇ ਅਰਦਾਸ 'ਚ ਸ਼ਾਮਿਲ ਹੋਵੋ...

ਸ਼ਹੀਦਾਂ ਦੇ ਵਾਰਸੋ! ਅੱਜ ਹਰੀਕੇ ਅਰਦਾਸ 'ਚ ਸ਼ਾਮਿਲ ਹੋਵੋ…

ਮਹਿਮਾਨ ਸੰਪਾਦਕੀ
ਰਣਜੀਤ ਸਿੰਘ ਦਮਦਮੀ ਟਕਸਾਲ

ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦਿੱਤੇ ਸੱਦੇ ਉੱਤੇ ਹਰੀਕੇ ਦਰਿਆ ਦੇ ਕੰਢੇ 'ਤੇ ਉਹਨਾਂ ਹਜ਼ਾਰਾਂ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਹੋਵੇਗੀ ਜੋ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਹੁਕਮ 'ਤੇ ਬੁੱਚੜ ਪੁਲਿਸ ਅਫ਼ਸਰਾਂ ਵੱਲੋਂ ਘਰਾਂ, ਦੁਕਾਨਾਂ, ਖੇਤਾਂ ਤੇ ਗੁਰਦੁਆਰਿਆਂ 'ਚੋਂ ਅਗਵਾ ਕਰਕੇ ਲਾਪਤਾ ਕਰ ਦਿੱਤੇ ਗਏ ਅਤੇ ਜਿਨ੍ਹਾਂ ਨੇ ਥਾਣਿਆਂ ਤੇ ਬੁੱਚੜਖਾਨਿਆਂ ਵਿੱਚ ਅਥਾਹ ਤਸ਼ੱਦਦ ਆਪਣੇ ਪਿੰਡੇ ਉੱਤੇ ਝੱਲਿਆ ਤੇ ਫਿਰ ਗੋਲ਼ੀਆਂ ਮਾਰ ਕੇ ਹਰੀਕੇ ਦਰਿਆ ਵਿੱਚ ਰੋੜ੍ਹ ਦਿੱਤੇ ਗਏ ਅਤੇ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਸ ਕਹਿ ਕੇ ਸਾੜ ਦਿੱਤਾ ਗਿਆ, ਜਿਨ੍ਹਾਂ ਦੀਆਂ ਲੰਬੇ ਸਮੇਂ ਤਕ ਜਾਂ ਅੱਜ ਤਕ ਅਰਦਾਸਾਂ ਵੀ ਨਾ ਹੋ ਸਕੀਆਂ, ਜਿਨ੍ਹਾਂ ਦੇ ਭੋਗ ਨਾ ਪਾਏ ਜਾ ਸਕੇ, ਜਿਨ੍ਹਾਂ ਬਾਰੇ ਇਹ ਵੀ ਪਤਾ ਨਹੀਂ ਸੀ ਲੱਗਦਾ ਕਿ ਉਹ ਜਿਉਂਦੇ ਵੀ ਹਨ ਜਾਂ ਮਾਰੇ ਗਏ ਹਨ, ਉਹਨਾਂ ਦੀਆਂ ਸ਼ਹਾਦਤਾਂ ਕਦੋਂ, ਕਿਵੇਂ ਤੇ ਕਿੱਥੇ ਹੋਈਆਂ, ਉਹਨਾਂ ਨਾਲ ਅਖੀਰਲੇ ਸਮੇਂ ਕੀ ਬੀਤੀ ਤੇ ਜਿਨ੍ਹਾਂ ਨੂੰ ਪਰਿਵਾਰ ਅੱਜ ਵੀ ਉਡੀਕ ਰਹੇ ਨੇ। ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਪੁਲਿਸ ਵੱਲੋਂ ਸ਼ਹੀਦ ਕਰਕੇ ਇਸੇ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਹਿੰਦੁਸਤਾਨੀ ਹਕੂਮਤ ਨੇ ਸਿੱਖ ਹੱਕਾਂ ਲਈ ਉੱਠੀਆਂ ਇਹਨਾਂ ਅਵਾਜ਼ਾਂ ਨੂੰ ਖ਼ਾਮੋਸ਼ ਕਰਨਾ ਚਾਹਿਆ ਸੀ ਪਰ ਸਾਡੇ ਸ਼ਹੀਦਾਂ ਦੀ ਗੂੰਜ ਪੂਰੀ ਦੁਨੀਆਂ ਵਿੱਚ ਪੈ ਰਹੀ ਹੈ। ਸ਼ਹੀਦਾਂ ਦੀ ਜੈ-ਜੈਕਾਰ ਸਦਾ ਹੁੰਦੀ ਰਹੇਗੀ ਤੇ ਭਾਰਤੀ ਹਕੂਮਤ ਦੇ ਬੁੱਚੜਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ। ਹਕੂਮਤ ਨੇ ਕੇਵਲ ਪੰਜਾਬ ਦੇ ਦਰਿਆਵਾਂ ਵਿੱਚ ਵਗਦੇ ਪਾਣੀਆਂ ਨੂੰ ਹੀ ਨਹੀਂ ਲੁੱਟਿਆ ਬਲਕਿ ਇਹਨਾਂ ਦਰਿਆਵਾਂ ਨੂੰ ਸਾਡੇ ਖ਼ੂਨ ਨਾਲ਼ ਲਾਲ ਵੀ ਕੀਤਾ ਹੈ। ਇਹ ਦਰਿਆ ਅਤੇ ਸ਼ਮਸ਼ਾਨ ਘਾਟ ਸਾਡੇ ਉੱਤੇ ਵਾਪਰੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਗਵਾਹੀ ਭਰਦੇ ਹਨ। ਸਿੱਖਾਂ ਉੱਤੇ ਜ਼ੁਲਮ ਕਰਨ ਤੇ ਕਰਵਾਉਣ ਵਾਲੇ ਜੱਲਾਦਾਂ ਨੂੰ ਅੱਜ ਮੂੰਹ ਲੁਕਾਉਣ ਨੂੰ ਕੋਈ ਥਾਂ ਨਹੀਂ ਮਿਲ ਰਹੀ ਤੇ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਬਣ ਰਹੀਆਂ ਨੇ ਤੇ ਭਵਿੱਖ ਵਿੱਚ ਹੋਰ ਵੀ ਬਣਨਗੀਆਂ। ਇਸ ਹਰੀਕੇ ਦੇ ਕੋਲ ਹੀ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਕਾਰ ਸੇਵਾ ਵਾਲਿਆਂ ਨੂੰ ਦੋ ਜੀਪਾਂ ਪਿੱਛੇ ਬੰਨ੍ਹ ਕੇ ਵਿਚਾਲਿਓਂ ਪਾੜ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਸੱਚ ਹੀ ਕਿਹਾ ਸੀ ਕਿ "ਸਾਨੂੰ ਮਾਰ ਕੇ ਵੀ ਹੁਣ ਪੁਲਿਸ ਤੋਂ ਸੱਚ 'ਤੇ ਪਰਦਾ ਨਹੀਂ ਪਾ ਹੋਣਾ।" ਪੁਲਿਸ ਨੇ ਜ਼ੁਲਮ ਦੇ ਹਨੇਰੇ ਵਿੱਚ ਸੱਚ ਦੀ ਰੋਸ਼ਨੀ ਲਈ ਦੀਵਾ ਲੈ ਕੇ ਆਏ ਭਾਈ ਖਾਲੜਾ ਨੂੰ ਵੀ ਭਾਵੇਂ ਲਾਵਾਰਸ ਲਾਸ਼ ਵਿੱਚ ਬਦਲ ਦਿੱਤਾ ਸੀ, ਪਰ ਭਾਈ ਖਾਲੜਾ ਅਤੇ ਸਾਡੇ ਹਜ਼ਾਰਾਂ ਸ਼ਹੀਦ ਲਾਵਾਰਿਸ ਨਹੀਂ ਹਨ, ਉਹਨਾਂ ਦਾ ਵਾਰਸ ਤਾਂ ਸਮੁੱਚਾ ਖ਼ਾਲਸਾ ਪੰਥ ਹੈ। ਤੇ ਪੰਥ ਆਪਣੇ ਸ਼ਹੀਦਾਂ ਨੂੰ ਕਦੇ ਇਕੱਲਿਆਂ ਨਹੀਂ ਛੱਡੇਗਾ, ਅਸੀਂ ਗੁਰਮਤਿ ਦੇ ਪਾਂਧੀ ਬਣ ਕੇ ਹੱਕ, ਸੱਚ, ਇਨਸਾਫ਼ ਅਤੇ ਆਪਣੇ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ, ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਆਓ ਇਸ ਅਰਦਾਸ ਸਮਾਗਮ ਵਿੱਚ ਅੱਜ ਸ਼ਾਮ 6 ਵਜੇ ਹਰੀਕੇ ਪੱਤਣ ਪੁੱਜ ਕੇ ਉਹਨਾਂ ਸ਼ਹੀਦਾਂ ਨੂੰ ਯਾਦ ਅਤੇ ਸਤਿਕਾਰ ਭੇਟ ਕਰੀਏ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਦੁੱਖ ਅਤੇ ਪੀੜਾ ਨੂੰ ਵੰਡਾਈਏ ਤੇ ਹਿੰਦ ਸਰਕਾਰ ਨੂੰ ਪੁਰਾਤਨ ਸਿੰਘਾਂ ਵਾਂਗ ਸੁਨੇਹਾ ਦੇਈਏ ਕਿ "ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮਨੂੰ ਵੱਢਦਾ, ਅਸੀਂ ਦੂਣੇ ਚੌਣੇ ਹੋਏ।" (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: 887229383.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.