ਝੂਠੇ ਮੁਕਾਬਲਿਆਂ 'ਚ ਮਾਹਰ ਬੁੱਚੜ ਪੰਜਾਬ ਪੁਲਿਸ

ਝੂਠੇ ਮੁਕਾਬਲਿਆਂ 'ਚ ਮਾਹਰ ਬੁੱਚੜ ਪੰਜਾਬ ਪੁਲਿਸ

ਪੰਜਾਬ ਪੁਲਿਸ ਨੇ ਹੋਰ ਕਿੰਨੇ ਕੁ ਸਿੱਖਾਂ ਦਾ ਖ਼ੂਨ ਪੀਣਾ ਹੈ ? ਸਿੱਖਾਂ ਤੇ ਪੰਜਾਬੀਆਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨਾ ਪੁਲਿਸ ਲਈ ਆਮ ਗੱਲ ਬਣੀ ਹੋਈ ਹੈ। ਝੂਠੇ ਮੁਕਾਬਲੇ ਬਣਾਉਣ 'ਚ ਪੁਲਿਸ ਐਨੀ ਮਾਹਰ ਹੋ ਚੁੱਕੀ ਹੈ ਕਿ ਜਦੋਂ ਦਿਲ ਕਰਦਾ ਹੈ ਕਿਸੇ ਸਿੱਖ ਨੌਜਵਾਨ ਨੂੰ ਚੁੱਕ ਕੇ ਉਸ ਨੂੰ ਕਿਸੇ ਘਟਨਾ ਵਿੱਚ ਦੋਸ਼ੀ ਦੱਸ ਕੇ, ਭਾਰੀ ਤਸ਼ੱਦਦ ਕਰਕੇ, ਫਿਰ ਝੂਠਾ ਮੁਕਾਬਲਾ ਵਿਖਾ ਦਿੰਦੀ ਹੈ ਤੇ ਮੀਡੀਆ ਵਿੱਚ ਕਿਸੇ ਫਿਲਮੀ ਸੀਨ ਵਾਂਗ ਕਹਾਣੀ ਸੁਣਾ ਦਿੱਤੀ ਜਾਂਦੀ ਹੈ। ਪਰ ਪਹਿਲੇ ਪਲ ਵਿੱਚ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਪੁਲਿਸ ਨੇ ਕਹਾਣੀ ਘੜੀ ਹੋਈ ਹੈ ਤੇ ਅਸਲ ਸੱਚ ਕੁਝ ਹੋਰ ਹੀ ਹੈ। ਇੱਕ-ਦੋ ਨਹੀਂ ਸੈਂਕੜੇ ਅਜਿਹੀਆਂ ਘਟਨਾਵਾਂ ਹਨ, ਜਦੋਂ ਪੁਲਿਸ ਆਪਣੀ ਨਾਕਾਮੀ ਲੁਕਾਉਣ ਲਈ, ਕਿਸੇ ਸੱਚ ਨੂੰ ਛੁਪਾਉਣ ਲਈ, ਅਸਲ ਦੋਸ਼ੀ ਨੂੰ ਬਚਾਉਣ ਲਈ ਤੇ ਕਿਸੇ ਬੇਦੋਸ਼ੇ ਨੂੰ ਫਸਾਉਣ ਲਈ, ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾਉਣ ਲਈ, ਮੀਡੀਆ 'ਚ ਵਾਹ-ਵਾਹ ਕਰਵਾਉਣ ਲਈ ਕਿਸੇ ਮਾਂ ਦਾ ਪੁੱਤ, ਕਿਸੇ ਭੈਣ ਦਾ ਭਰਾ ਤੇ ਕਿਸੇ ਪਤਨੀ ਦਾ ਪਤੀ ਝੂਠੇ ਪੁਲਿਸ ਮੁਕਾਬਲੇ ਜਾਂ ਪੁਲਿਸ ਹਿਰਾਸਤ ਵਿੱਚ ਹੀ ਕੋਹ-ਕੋਹ ਕੇ ਮਾਰ ਦਿੰਦੀ ਹੈ। ਖਾੜਕੂਵਾਦ ਵੇਲੇ ਦਾ ਪੁਲਿਸ ਦੇ ਮੂੰਹ ਨੂੰ ਲੱਗਿਆ ਖ਼ੂਨ ਉੱਤਰਿਆ ਨਹੀਂ ਹੈ। ਕਿਸੇ ਵੇਲੇ ਤਾਂ ਲੱਗਦਾ ਹੈ ਕਿ ਇਹ ਪੁਲਿਸ, ਪੰਜਾਬ ਪੁਲਿਸ ਤਾਂ ਹੋ ਹੀ ਨਹੀਂ ਸਕਦੀ ਇਹ ਤਾਂ ਭਾਰਤੀ ਹਕੂਮਤ ਵੱਲੋਂ ਤਿਆਰ ਕੀਤੀ ਬੰਦੇ ਮਾਰਨ ਵਾਲੀ ਮਸ਼ੀਨ ਹੈ। ਗੁਰਦਾਸਪੁਰ ਦੇ ਪਿੰਡ ਆਦੀਆਂ ਦੇ 19 ਸਾਲਾਂ ਦੇ ਨੌਜਵਾਨ ਰਣਜੀਤ ਸਿੰਘ ਨਾਲ ਜੋ ਕੁਝ ਵਾਪਰਿਆ ਉਸ ਤੋਂ ਲੋਕ ਹੈਰਾਨ-ਪ੍ਰੇਸ਼ਾਨ ਹਨ ਤੇ ਪੁਲਿਸ ਦੀ ਸਾਰੀ ਕਹਾਣੀ ਨੂੰ ਮੀਡੀਆ ਸਾਮ੍ਹਣੇ ਝੁਠਲਾ ਰਹੇ ਹਨ ਕਿ ਕਿਵੇਂ ਘਰੋਂ ਉਸ ਨੌਜਵਾਨ ਨੂੰ ਚੁੱਕ ਕੇ ਪੁਲਿਸ ਨੇ ਝੂਠਾ ਮੁਕਾਬਲਾ ਬਣਾ ਦਿੱਤਾ। ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਪ੍ਰਕਾਸ਼ ਸਿੰਘ ਬਾਦਲ ਨੇ ਬਾਬਾ ਬੂਝਾ ਸਿੰਘ ਨੂੰ ਮਾਰ ਕੇ ਸ਼ੁਰੂ ਕੀਤਾ ਸੀ, ਤੇ ਫਿਰ ਸਿੱਖ ਸੰਘਰਸ਼ ਦੀ ਅਰੰਭਤਾ ਦੌਰਾਨ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਵੀ ਸੰਘਰਸ਼ੀ ਗੁਰਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ, ਸੁਰਜੀਤ ਸਿੰਘ ਬਰਨਾਲਾ ਦੀ ਸਰਕਾਰ ਦੌਰਾਨ ਵੀ ਇਹ ਕਹਿਰ ਰੁਕਿਆ ਨਹੀਂ ਸੀ ਅਤੇ ਫਿਰ ਜਦੋਂ ਬੁੱਚੜ ਬੇਅੰਤ ਸਿੰਘ ਦੀ ਸਰਕਾਰ ਬਣੀ ਤਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਹੜ੍ਹ ਆ ਗਿਆ ਸੀ। ਫੀਤੀਆਂ, ਸਟਾਰਾਂ, ਇਨਾਮਾਂ ਤੇ ਹੋਰ ਤਰੱਕੀਆਂ ਦੇ ਲਾਲਚ ਵਿੱਚ ਬੁੱਚੜ ਪੁਲਸੀਆਂ ਨੇ ਰੱਜ ਕੇ ਸਿੱਖ ਜਵਾਨੀ ਦਾ ਘਾਣ ਕੀਤਾ ਤੇ ਪੰਜਾਬ ਵਿੱਚ ਖ਼ੂਨ ਦੇ ਦਰਿਆ ਵਗਾ ਦਿੱਤੇ। ਇੱਕ ਲੱਖ ਤੋਂ ਵੱਧ ਸਿੱਖ ਨੌਜਵਾਨ ਪੁਲਿਸ ਦੇ ਇਸ ਜ਼ੁਲਮ ਦਾ ਸ਼ਿਕਾਰ ਬਣੇ ਤੇ ਇਹ ਜ਼ਾਲਮਾਨਾ ਰਵੱਈਆ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਿੱਚ ਵੀ ਜਾਰੀ ਹੈ। ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਨੇ ਸੱਚ ਹੀ ਕਿਹਾ ਸੀ ਕਿ ਭਗਵੰਤ ਮਾਨ ਜੋ ਬਿਅੰਤੇ ਬੁੱਚੜ ਦੇ ਰਾਹ ਉਤੇ ਚੱਲੇਗਾ ਤੇ ਦਿੱਲੀ ਇਸ ਤੋਂ ਬਹੁਤ ਕੁਝ ਕਰਵਾਏਗੀ। 


ਨੌਜਵਾਨ ਰਣਜੀਤ ਸਿੰਘ ਆਦੀਆਂ ਦੇ ਕਤਲ ਨਾਲ ਅੱਜ ਇਹ ਗੱਲ ਫਿਰ ਸਾਬਤ ਹੋ ਗਈ ਹੈ ਕਿ ਝੂਠੇ ਪੁਲਿਸ ਮੁਕਾਬਲੇ ਬਣਾਉਣੇ ਇਹ ਪੁਲਿਸ ਦਾ ਰਿਵਾਜ ਅਤੇ ਅਸੱਭਿਆਚਾਰ ਬਣ ਚੁੱਕਾ ਹੈ ਜੋ ਬਿਨਾਂ ਰੋਕ-ਟੋਕ ਦੇ ਲਗਾਤਾਰ ਜਾਰੀ ਹੈ। ਸਵਾਲ ਇਹ ਹੈ ਕਿ ਕੀ ਪੰਜਾਬ ਦੇ ਲੋਕ ਹੁਣ ਹੱਥ 'ਤੇ ਹੱਥ ਧਰ ਕੇ ਬੈਠੇ ਰਹਿਣਗੇ ? ਕੀ ਬਾਕੀ ਸਿਆਸੀ ਪਾਰਟੀਆਂ ਦੇ ਆਗੂ ਹੁਣ ਕੁਝ ਬੋਲਣਗੇ ? ਕੀ ਪੁਲਿਸ ਅਤੇ ਸਰਕਾਰ ਦੇ ਇਸ ਘਟੀਆ ਕਾਰੇ ਨੂੰ ਰੋਕਣ ਲਈ ਕੋਈ ਠੋਸ ਉਪਰਾਲੇ ਹੋਣਗੇ ? ਮਨੁੱਖੀ ਅਧਿਕਾਰ ਸੰਗਠਨਾਂ, ਵਕੀਲਾਂ, ਚਿੰਤਕਾਂ, ਬੁੱਧੀਜੀਵੀਆਂ ਅਤੇ ਹੋਰ ਪੰਜਾਬ ਦੇ ਦਰਦੀਆਂ ਨੂੰ ਤੁਰੰਤ ਸਰਗਰਮ ਹੋਣਾ ਚਾਹੀਦਾ ਹੈ, ਕਾਨੂੰਨੀ ਪੱਖ ਤੋਂ ਵੀ ਪੁਲਿਸ ਦੀ ਘੇਰਾਬੰਦੀ ਕਰਨੀ ਚਾਹੀਦੀ ਹੈ। ਰਣਜੀਤ ਸਿੰਘ ਆਦੀਆਂ ਦੇ ਕਤਲ ਵਿਰੁੱਧ ਪੰਥਕ ਜਥੇਬੰਦੀਆਂ ਨਿੱਤਰ ਆਈਆਂ ਹਨ ਤੇ ਇਸ ਲਾਮਬੰਦੀ ਵਿੱਚ ਹਰੇਕ ਨੂੰ ਸ਼ਾਮਲ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਪੁੱਤਾਂ ਨੂੰ ਜ਼ਾਲਮ ਪੁਲਿਸ ਤੋਂ ਬਚਾਇਆ ਜਾ ਸਕੇ। ਇਹ ਯਾਦ ਰੱਖਿਓ ਜੇ ਅੱਜ ਨਾ ਬੋਲੇ ਤਾਂ ਕੱਲ੍ਹ ਨੂੰ ਸਾਡੀ ਵਾਰੀ ਵੀ ਹੋ ਸਕਦੀ ਹੈ। 
 

      ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 

          ਮੋ:+91 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.