ਗੁਰੂ ਦਾ ਦਰ, ਸਿੱਖੀ ਦਾ ਸਿਦਕ ਅਤੇ ਸ਼ਹੀਦਾਂ ਦੀ ਵਿਰਾਸਤ ਤਖ਼ਤ ਢਾਹੁਣ ਵਾਲੇ ਮਿਟ ਗਏ ਪਰ ਖ਼ਾਲਸੇ ਦਾ ਸਿਦਕ ਨਾ ਮਿਟਿਆ
- ਗੁਰਬਾਣੀ-ਇਤਿਹਾਸ
- (Asia/Kolkata)
ਸ੍ਰੀ ਦਰਬਾਰ ਸਾਹਿਬ ਸਿੱਖਾਂ ਦਾ ਦਿਲ, ਰੂਹ ਅਤੇ ਜ਼ਿੰਦ-ਜਾਨ ਹੈ। ਇਸ ਉੱਤੇ ਵੱਜੀ ਸੱਟ ਹਰ ਸਿੱਖ ਆਪਣੇ ਸੀਨੇ ਉੱਤੇ ਮਹਿਸੂਸ ਕਰਦਾ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਖ਼ਾਲਸੇ ਦੀ ਅਣਖ਼, ਅਜ਼ਾਦ ਹਸਤੀ ਅਤੇ ਪਾਤਸ਼ਾਹੀ ਦਾਅਵੇ ਦਾ ਪ੍ਰਤੀਕ ਹੈ। ਇੱਥੋਂ ਕੌਮ ਨੇ ਹਮੇਸ਼ਾਂ ਸਿਰ ਚੁੱਕ ਕੇ ਜਿਊਣ, ਆਪਣੇ ਹੱਕਾਂ ਦੀ ਰਾਖੀ ਕਰਨ ਅਤੇ ਜ਼ਾਲਮ ਹਕੂਮਤਾਂ ਅੱਗੇ ਡਟਣ ਦੀ ਸੇਧ ਲਈ ਹੈ। ਇਨ੍ਹਾਂ ਪਵਿੱਤਰ ਅਸਥਾਨਾਂ ਨਾਲ ਸਿੱਖ ਦਾ ਰਿਸ਼ਤਾ ਉਸ ਦੇ ਵਿਸ਼ਵਾਸ, ਇਤਿਹਾਸ ਅਤੇ ਕੌਮੀ ਹੋਂਦ ਨਾਲ ਜੁੜਿਆ ਹੋਇਆ ਹੈ।
ਹਾਕਮਾਂ ਨੂੰ ਆਪਣੀਆਂ ਫ਼ੌਜਾਂ ਅਤੇ ਰਾਜ ਦਾ ਬੜਾ ਮਾਣ ਹੁੰਦਾ ਸੀ। ਉਹ ਸਮਝਦੇ ਸਨ ਕਿ ਸ੍ਰੀ ਹਰਿਮੰਦਰ ਸਾਹਿਬ ਉੱਤੇ ਚੜ੍ਹਾਈ ਕਰਕੇ ਸਿੱਖਾਂ ਦਾ ਹੌਸਲਾ ਤੋੜ ਦੇਣਗੇ। ਪਰ ਇਤਿਹਾਸ ਦੱਸਦਾ ਹੈ ਕਿ ਵੱਡੇ ਲਸ਼ਕਰਾਂ ਅੱਗੇ ਵੀ ਗੁਰੂ ਦੇ ਮੁੱਠੀ ਭਰ ਸਿੰਘ ਸੀਨਾ ਤਾਣ ਕੇ ਖੜ੍ਹਦੇ ਰਹੇ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਾਂ ਹੇਠ ਉਨ੍ਹਾਂ ਦਾ ਆਸਰਾ ਗਿਣਤੀ ਨਹੀਂ, ਗੁਰੂ ਉੱਤੇ ਅਟੁੱਟ ਭਰੋਸਾ ਸੀ। ਉਨ੍ਹਾਂ ਨੇ ਜਾਨਾਂ ਵਾਰ ਦਿੱਤੀਆਂ, ਪਰ ਸਿੱਖੀ ਸਿਦਕ ਨਹੀਂ ਹਾਰਿਆ। ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨੇ ਔਖੇ ਵੇਲੇ ਸੀਸ ਵਾਰ ਕੇ ਇਹ ਗੱਲ ਪੱਕੀ ਕੀਤੀ ਕਿ ਹਾਕਮ ਦਾ ਜ਼ੋਰ ਮੁੱਕ ਜਾਂਦਾ ਹੈ, ਪਰ ਗੁਰੂ ਦੇ ਸਿੱਖ ਦਾ ਸਿਦਕ ਜਿਊਂਦਾ ਰਹਿੰਦਾ ਹੈ।
ਹਾਕਮ ਇਮਾਰਤਾਂ ਢਾਹ ਕੇ ਆਪਣੀ ਜਿੱਤ ਦੇ ਢੋਲ ਵਜਾਉਂਦੇ ਰਹੇ। ਉਨ੍ਹਾਂ ਨੂੰ ਲੱਗਦਾ ਸੀ ਕਿ ਹੁਣ ਸਿੱਖ ਮੁੱਕ ਗਏ, ਹੁਣ ਇਹ ਕੌਮ ਮੁੜ ਸਿਰ ਨਹੀਂ ਚੁੱਕ ਸਕੇਗੀ। ਪਰ ਜਿਨ੍ਹਾਂ ਨੂੰ ਆਪਣੀ ਤਾਕਤ ਦਾ ਹੰਕਾਰ ਸੀ, ਉਹ ਮਿੱਟੀ ਹੋ ਗਏ; ਗੁਰੂ ਦਾ ਦਰ ਅੱਜ ਵੀ ਵੱਸਦਾ ਹੈ ਅਤੇ ਸਿੱਖੀ ਦੀ ਜੋਤ ਅੱਜ ਵੀ ਜਗਦੀ ਹੈ। ਢਹਿ ਗਈਆਂ ਇਮਾਰਤਾਂ ਮੁੜ ਉਸਰਦੀਆਂ ਰਹੀਆਂ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਕੌਮ ਦੇ ਅੰਦਰ ਨਵਾਂ ਹੌਸਲਾ ਭਰਦੀਆਂ ਰਹੀਆਂ।
ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਹਮਲਾ ਤੇ ਬੇਅਦਬੀ ਸਿੱਖ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਜ਼ਾਲਮ ਚਾਹੇ ਅਬਦਾਲੀ ਹੋਵੇ, ਮੱਸਾ ਰੰਘੜ ਹੋਵੇ, ਇੰਦਰਾ ਗਾਂਧੀ ਹੋਵੇ ਜਾਂ ਕੋਈ ਹੋਰ—ਗੁਰੂ ਦੇ ਦਰ ਨਾਲ ਜੁੜਿਆ ਸਿੱਖ ਦਾ ਸਿਦਕ ਕਿਸੇ ਹਕੂਮਤ ਦੀ ਤਾਕਤ ਅੱਗੇ ਝੁਕਣ ਵਾਲਾ ਨਹੀਂ। ਗੁਰੂ ਦੇ ਦਰ ਦੀ ਰਾਖੀ ਲਈ ਸਿੱਖ ਡਟਦੇ ਆਏ ਹਨ ਅਤੇ ਆਪਣੀ ਇਸ ਜ਼ਿੰਮੇਵਾਰੀ ਨੂੰ ਸਦਾ ਚੇਤੇ ਰੱਖਣਗੇ।
ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ, ਬਾਬਾ ਦੀਪ ਸਿੰਘ, ਬਾਬਾ ਗੁਰਬਖ਼ਸ਼ ਸਿੰਘ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਹਰਾ ਸਿੰਘ ਅਤੇ ਜਨਰਲ ਸ਼ਾਬੇਗ ਸਿੰਘ ਵਰਗੇ ਸੂਰਮਿਆਂ ਦੀਆਂ ਕੁਰਬਾਨੀਆਂ ਸਾਡੀ ਕੌਮੀ ਯਾਦ ਦਾ ਅਟੁੱਟ ਹਿੱਸਾ ਹਨ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਆਪਣਾ ਫ਼ਰਜ ਨਿਭਾਇਆ। ਅੱਜ ਸਾਡਾ ਫ਼ਰਜ ਹੈ ਕਿ ਉਨ੍ਹਾਂ ਦੇ ਸਿਦਕ, ਕੁਰਬਾਨੀ ਅਤੇ ਇਤਿਹਾਸ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਈਏ।
ਸਿੱਖ ਕੌਮ ਦੀ ਹੋਂਦ ਅਤੇ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦਾਂ ਦੇ ਪਰਿਵਾਰ ਮੇਰੇ ਲਈ ਬੜੇ ਸਤਿਕਾਰਯੋਗ ਹਨ। ਸ਼ਹੀਦਾਂ ਦਾ ਇਤਿਹਾਸ ਲਿਖਣ ਦੀ ਸੇਵਾ ਮੈਂ ‘ਗੁਰੂ ਦੀ ਸੇਵਾ’ ਸਮਝ ਕੇ ਕਰਦਾ ਹਾਂ। ਉਨ੍ਹਾਂ ਦੀ ਯਾਦ ਸੰਭਾਲਣ ਦੇ ਨਾਲ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਅਤੇ ਦੁੱਖ-ਸੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹਨਾ ਵੀ ਸਾਡੀ ਜ਼ਿੰਮੇਵਾਰੀ ਹੈ। ਜਿਨ੍ਹਾਂ ਨੇ ਕੌਮ ਲਈ ਆਪਣੇ ਪਿਆਰੇ ਵਾਰੇ ਹੋਣ, ਉਨ੍ਹਾਂ ਨੂੰ ਕੌਮ ਕਦੇ ਇਕੱਲਾ ਮਹਿਸੂਸ ਨਾ ਹੋਣ ਦੇਵੇ।
ਜਿੰਨਾ ਚਿਰ ਮੇਰੇ ਸਾਹ ਚੱਲਦੇ ਹਨ, ਮੇਰੀ ਕਲਮ ਸਿੱਖੀ, ਸਿੱਖ ਸੰਘਰਸ਼ ਅਤੇ ਸ਼ਹੀਦਾਂ ਦੇ ਪਰਿਵਾਰਾਂ ਲਈ ਚੱਲਦੀ ਰਹੇਗੀ। ਸ਼ਹੀਦਾਂ ਦੀ ਯਾਦ ਸੰਭਾਲਣੀ, ਉਨ੍ਹਾਂ ਦਾ ਇਤਿਹਾਸ ਅਗਲੀ ਪੀੜ੍ਹੀ ਤਕ ਪਹੁੰਚਾਉਣਾ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਮੇਰੇ ਜੀਵਨ ਦਾ ਅਹਿਦ ਹੈ। ਗੁਰੂ ਦਾ ਦਰ ਸਾਡੀ ਜ਼ਿੰਦ-ਜਾਨ ਹੈ ਅਤੇ ਸ਼ਹੀਦ ਸਾਡੀ ਅਣਖ਼ ਦੇ ਚਾਨਣ ਮੁਨਾਰੇ ਹਨ। ਇਸ ਵਿਰਾਸਤ ਨੂੰ ਸੰਭਾਲ ਕੇ ਹੀ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਰ ਚੁੱਕ ਕੇ ਜਿਊਣ ਦਾ ਰਾਹ ਵਿਖਾ ਸਕਦੇ ਹਾਂ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply