ਸੇਵਾ, ਸਮਾਨਤਾ ਤੇ ਸਵੈਮਾਣ 'ਚ ਸਿੱਖੀ ਦੀ ਮਹਾਨਤਾ
- ਗੁਰਬਾਣੀ-ਇਤਿਹਾਸ
- (Asia/Kolkata)
ਸੰਸਾਰ ਭਰ ਦੇ ਧਰਮਾਂ ਵਿੱਚੋਂ ਸਿੱਖ ਧਰਮ ਅਤੇ ਧਾਰਮਿਕ ਗ੍ਰੰਥਾਂ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਮਹਾਨ ਹਨ। ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖ਼ਸ਼ੀ ਤੇ ਸਿੱਖ ਉਹਨਾਂ ਨੂੰ ਜੁੱਗੋ-ਜੁੱਗ ਅਟੱਲ ਗੁਰੂ ਮੰਨਦੇ ਹਨ। ਗੁਰਬਾਣੀ ਮਨੁੱਖ ਨੂੰ ਵਹਿਮਾਂ-ਭਰਮਾਂ, ਹਉਮੈ-ਹੰਕਾਰ ਅਤੇ ਵਿਤਕਰੇ ਵਿੱਚੋਂ ਕੱਢ ਕੇ ਸਚਿਆਰ ਜੀਵਨ ਜਿਊਣ ਦਾ ਰਾਹ ਵਿਖਾਉਂਦੀ ਹੈ। ਇਸ ਦੀ ਸਿੱਖਿਆ ਕੇਵਲ ਸਿੱਖਾਂ ਲਈ ਨਹੀਂ ਬਲਕਿ ਸਮੁੱਚੀ ਮਨੁੱਖਤਾ ਲਈ ਹੈ। ਸਿੱਖੀ ਮਨੁੱਖ ਨੂੰ ਸੱਚ ਬੋਲਣਾ, ਕਿਰਤ ਕਰਨੀ, ਵੰਡ ਛਕਣਾ ਅਤੇ ਜ਼ੁਲਮ ਅੱਗੇ ਡਟਣਾ ਸਿਖਾਉਂਦੀ ਹੈ। ਭੁੱਖੇ ਨੂੰ ਰੋਟੀ ਦੇਣੀ, ਦੁਖੀ ਦਾ ਸਹਾਰਾ ਬਣਨਾ ਅਤੇ ਕਮਜ਼ੋਰ ਦੀ ਬਾਂਹ ਫੜਨੀ ਸਿੱਖੀ ਦੀ ਪਛਾਣ ਹੈ। ਗੁਰੂ ਦਾ ਲੰਗਰ ਸਿੱਖੀ ਦੀ ਬਰਾਬਰੀ ਦਾ ਜਿਊਂਦਾ ਸਬੂਤ ਹੈ। ਇੱਥੇ ਅਮੀਰ-ਗਰੀਬ, ਉੱਚਾ-ਨੀਵਾਂ ਅਤੇ ਆਪਣਾ-ਪਰਾਇਆ ਵੇਖ ਕੇ ਰੋਟੀ ਨਹੀਂ ਮਿਲਦੀ। ਕਿਸੇ ਦੀ ਜਾਤ ਨਹੀਂ ਪੁੱਛੀ ਜਾਂਦੀ, ਕਿਸੇ ਦਾ ਧਰਮ ਨਹੀਂ ਪੁੱਛਿਆ ਜਾਂਦਾ। ਸਾਰੇ ਇੱਕੋ ਪੰਗਤ ਵਿੱਚ ਬੈਠ ਕੇ ਲੰਗਰ ਛਕਦੇ ਹਨ। ਸ੍ਰੀ ਦਰਬਾਰ ਸਾਹਿਬ ਵਿਖੇ ਹਰ ਰੋਜ਼ ਵੱਡੀ ਗਿਣਤੀ ਵਿੱਚ ਸੰਗਤਾਂ ਬਿਨਾਂ ਕਿਸੇ ਮੁੱਲ ਦੇ ਲੰਗਰ ਛਕਦੀਆਂ ਹਨ। ਜਿੱਥੇ ਦੁਨੀਆਂ ਮਨੁੱਖਾਂ ਵਿਚਕਾਰ ਕੰਧਾਂ ਖੜ੍ਹੀਆਂ ਕਰਦੀ ਹੈ, ਓਥੇ ਗੁਰੂ ਦਾ ਦਰ ਅਤੇ ਲੰਗਰ ਉਹਨਾਂ ਨੂੰ ਇਕੱਠੇ ਬਿਠਾਉਂਦਾ ਹੈ। ਸ੍ਰੀ ਦਰਬਾਰ ਸਾਹਿਬ ਦੇ ਦਰਵਾਜ਼ੇ ਹਰ ਧਰਮ ਦੇ ਮਨੁੱਖ ਲਈ ਖੁੱਲ੍ਹੇ ਹਨ। ਜਿਹੜਾ ਵੀ ਮਰਯਾਦਾ ਦਾ ਸਤਿਕਾਰ ਕਰਦਿਆਂ ਸ਼ਰਧਾ ਨਾਲ ਆਵੇ, ਉਹ ਦਰਸ਼ਨ ਕਰ ਸਕਦਾ ਹੈ। ਸਿੱਖੀ ਦਾ ਸੁਨੇਹਾ ਸਾਫ਼ ਹੈ ਕਿ ਅਕਾਲ ਪੁਰਖ ਦੀ ਬਣਾਈ ਮਨੁੱਖਤਾ ਵਿੱਚ ਕਿਸੇ ਨੂੰ ਨੀਵਾਂ ਨਾ ਸਮਝੋ। ਮਨੁੱਖ ਦੀ ਕਦਰ ਉਸ ਦੀ ਜਾਤ ਨਾਲ ਨਹੀਂ, ਉਸ ਦੀ ਕਰਨੀ ਨਾਲ ਕਰੋ। ਜਾਤ ਦੇ ਨਾਂ ਉੱਤੇ ਕਿਸੇ ਨੂੰ ਧੱਕਾ ਦੇਣਾ ਗੁਰੂ ਦੀ ਸਿੱਖਿਆ ਦੇ ਉਲਟ ਹੈ। ਸਿੱਖ ਧਰਮ ਦੇ ਪ੍ਰਕਾਸ਼ ਅਤੇ ਇਤਿਹਾਸ ਨੂੰ ਅਜੇ ਸਾਢੇ ਕੁ ਪੰਜ ਸਦੀਆਂ ਦਾ ਸਮਾਂ ਹੋਇਆ ਹੈ ਪਰ ਇਸ ਸਮੇਂ ਵਿੱਚ ਸਿੱਖ ਕੌਮ ਨੇ ਸੇਵਾ, ਬਹਾਦਰੀ ਅਤੇ ਕੁਰਬਾਨੀ ਨਾਲ ਦੁਨੀਆਂ ਭਰ ਵਿੱਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਅੱਜ ਅਨੇਕਾਂ ਦੇਸ਼ਾਂ ਵਿੱਚ ਸਿੱਖ ਵੱਸਦੇ ਹਨ ਤੇ ਵੱਡੇ-ਵੱਡੇ ਅਹੁਦਿਆਂ ਉੱਤੇ ਵੀ ਬਿਰਾਜਮਾਨ ਹਨ। ਜਿੱਥੇ ਵੀ ਗਏ ਹਨ, ਆਪਣੀ ਮਿਹਨਤ ਨਾਲ ਪੈਰਾਂ ਉੱਤੇ ਖੜ੍ਹੇ ਹੋਏ ਹਨ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ। ਦਸਤਾਰ ਨੇ ਸਿੱਖਾਂ ਨੂੰ ਵੱਖਰੀ ਪਛਾਣ ਦਿੱਤੀ ਹੈ ਤੇ ਸੇਵਾ ਨੇ ਉਸ ਪਛਾਣ ਨੂੰ ਮਾਣ ਬਖ਼ਸ਼ਿਆ ਹੈ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਤਾਂ ਸਿੱਖ ਇਤਿਹਾਸ ਦਾ ਮਾਣਮੱਤਾ ਪੰਨਾ ਹੈ। ਸਾਲ 2020 ਵਿੱਚ ਬੀ.ਬੀ.ਸੀ. ਦੇ ‘ਵਰਲਡ ਹਿਸਟਰੀਜ਼’ ਰਸਾਲੇ ਦੇ ਪਾਠਕਾਂ ਦੀ ਵੋਟ ਵਿੱਚ ਉਹਨਾਂ ਨੂੰ ਇਤਿਹਾਸ ਦੇ ਮਹਾਨ ਆਗੂਆਂ ਵਿੱਚੋਂ ਪਹਿਲਾ ਸਥਾਨ ਮਿਲਿਆ। ਦੁਨੀਆਂ ਭਰ ਦੇ ਜਰਨੈਲਾਂ ਵਿੱਚੋਂ ਸਰਦਾਰ ਹਰੀ ਸਿੰਘ ਨਲੂਆ ਦਾ ਨਾਂ ਸਭ ਤੋਂ ਉੱਪਰ ਹੈ ਜੋ ਸਿੱਖ ਕੌਮ ਲਈ ਬੜੇ ਮਾਣ ਵਾਲੀ ਗੱਲ ਹੈ। ਸਿੱਖ ਇਤਿਹਾਸ ਸ਼ਹਾਦਤਾਂ ਨਾਲ ਭਰਿਆ ਪਿਆ ਹੈ। ਗੁਰੂ ਸਾਹਿਬਾਨ, ਸਾਹਿਬਜ਼ਾਦਿਆਂ ਅਤੇ ਅਣਗਿਣਤ ਸਿੰਘਾਂ-ਸਿੰਘਣੀਆਂ ਨੇ ਧਰਮ, ਸੱਚ ਅਤੇ ਮਨੁੱਖੀ ਹੱਕਾਂ ਲਈ ਸ਼ਹਾਦਤਾਂ ਪਾਈਆਂ। ਉਹਨਾਂ ਨੇ ਆਪਣਾ ਸੀਸ ਦੇ ਦਿੱਤਾ, ਪਰ ਜ਼ੁਲਮ ਅੱਗੇ ਸਿਰ ਨਹੀਂ ਝੁਕਾਇਆ। ਇਹ ਕੁਰਬਾਨੀਆਂ ਸਾਨੂੰ ਸਿਖਾਉਂਦੀਆਂ ਹਨ ਕਿ ਅਣਖ਼ ਨਾਲ ਜਿਊਣਾ ਹੈ ਅਤੇ ਦੂਜਿਆਂ ਦੇ ਹੱਕਾਂ ਲਈ ਵੀ ਖੜ੍ਹਨਾ ਹੈ। ਸਿੱਖ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਹੈ। ਉਸ ਦੀ ਅਰਦਾਸ ਵਿੱਚ ਸਾਰੀ ਦੁਨੀਆਂ ਦੀ ਭਲਾਈ ਸ਼ਾਮਲ ਹੈ। ਇਹੋ ਸਿੱਖੀ ਦੀ ਵਡਿਆਈ ਹੈ ਕਿ ਆਪਣੀ ਵੱਖਰੀ ਹੋਂਦ-ਪਛਾਣ ਉੱਤੇ ਡਟੇ ਰਹਿਣਾ ਅਤੇ ਹਰ ਮਨੁੱਖ ਦਾ ਭਲਾ ਮੰਗਣਾ। ਸਿੱਖ ਕੇਸਾਂ ਨੂੰ ਗੁਰੂ ਦੀ ਬਖ਼ਸ਼ੀ ਪਛਾਣ ਮੰਨਦਾ ਹੈ ਅਤੇ ਪਰਮਾਤਮਾ ਦੇ ਹੁਕਮ ਵਿੱਚ ਜੀਵਨ ਜਿਊਣ ਦੀ ਕੋਸ਼ਿਸ਼ ਕਰਦਾ ਹੈ। ਭਾਰਤ ਦੀ ਅਜ਼ਾਦੀ ਲਈ ਵੀ ਸਿੱਖਾਂ ਨੇ ਵੱਡੀਆਂ ਕੁਰਬਾਨੀਆਂ ਦਿੱਤੀਆਂ। ਪਰ ਆਜ਼ਾਦੀ ਤੋਂ ਬਾਅਦ ਵਾਪਰੇ ਵਿਤਕਰਿਆਂ, ਜੂਨ 1984 ਦੇ ਹਮਲੇ ਅਤੇ ਨਵੰਬਰ 1984 ਦੇ ਸਿੱਖ ਕਤਲੇਆਮ ਨੇ ਕੌਮ ਦੇ ਮਨ ਉੱਤੇ ਡੂੰਘੇ ਜ਼ਖ਼ਮ ਛੱਡੇ। ਜਿਹੜੀ ਕੌਮ ਸਭ ਦਾ ਭਲਾ ਮੰਗਦੀ ਹੈ, ਉਸ ਦੇ ਆਪਣੇ ਹੱਕਾਂ ਨੂੰ ਕਿਉਂ ਦਬਾਇਆ ਜਾਵੇ ? ਸਿੱਖਾਂ ਨੂੰ ਵੀ ਆਪਣੀ ਧਾਰਮਿਕ ਅਜ਼ਾਦੀ, ਬੋਲੀ, ਪਛਾਣ ਅਤੇ ਭਵਿੱਖ ਬਾਰੇ ਫ਼ੈਸਲੇ ਕਰਨ ਦਾ ਹੱਕ ਹੈ। ਸਰਕਾਰਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਸੇਵਾ ਕਰਨ ਵਾਲੇ ਹੱਥ ਆਪਣੇ ਹੱਕਾਂ ਲਈ ਖੜ੍ਹਨਾ ਵੀ ਜਾਣਦੇ ਹਨ। ਸਿੱਖ ਕੌਮ ਆਪਣੇ ਹੱਕ, ਪੰਜਾਬ ਦੀ ਅਜ਼ਾਦੀ ਅਤੇ ਸਵੈਮਾਣ ਲਈ ਆਵਾਜ਼ ਉਠਾਉਂਦੀ ਰਹੇਗੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply