ਆਓ ਸ਼ਸਤਰਧਾਰੀ ਹੋ ਕੇ ਗੁਰੂ ਦੇ ਹੁਕਮ ’ਤੇ ਪਹਿਰਾ ਦੇਈਏ , ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਆਓ ਸ਼ਸਤਰਧਾਰੀ ਹੋ ਕੇ ਗੁਰੂ ਦੇ ਹੁਕਮ ’ਤੇ ਪਹਿਰਾ ਦੇਈਏ , ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਜਹਾਂਗੀਰ ਅਤੇ ਔਰੰਗਜ਼ੇਬ ਨੂੰ ਵੀ ਸਮੱਸਿਆ ਸੀ ਕਿ ਸਿੱਖ ਗੁਰੂ ਹਥਿਆਰ ਅਤੇ ਫ਼ੌਜ ਕਿਉਂ ਰੱਖਦੇ ਹਨ। ਸਾਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰ ਰੱਖਣ ਦੀ ਤਾਕੀਦ ਕੀਤੀ ਹੋਈ ਹੈ। ਦਸਮੇਸ਼ ਪਿਤਾ ਦਾ ਹੁਕਮ ਹੈ ਕਿ ਕੇਸਾਂ ਤੇ ਸ਼ਸਤਰਾਂ ਬਗੈਰ ਬੰਦਾ ਭੇਡ ਵਾਂਗ ਹੈ, ਇਹ ਮੇਰਾ ਹੁਕਮ ਹੈ ਕਿ ਬਿਨਾਂ ਕੇਸਾਂ ਤੇ ਕਿਰਪਾਨ ਤੋਂ ਮੇਰੇ ਮੱਥੇ ਨਾ ਲੱਗਣਾ। “ਬਿਨਾ ਸ਼ਸਤ੍ਰ ਕੇਸੰ ਨਰੰ ਭੇਡ ਜਾਨੋ॥ ਗਹੇ ਕਾਨ ਤਾ ਕੋ ਕਿਤੇ ਲੈ ਸਿਧਾਨੋ।। ਇਹੈ ਮੋਰ ਆਗਿਆ ਸੁਣੋ ਹੇ ਪਿਆਰੇ॥ ਬਿਨਾ ਤੇਗ ਕੇਸੰ ਦਿਵੋ ਨਾ ਦਿਦਾਰੇ॥” ਕਿਰਪਾ ਕਰਕੇ ਜਿਹੜੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੰਨ ਰਹੇ ਉਹ ਬਾਕੀ ਸਿੱਖਾਂ ਨੂੰ ਤਾਹਨੇ-ਮੇਹਣੇ ਨਾ ਮਾਰਨ, ਸਗੋਂ ਆਪਣੀ ਗ਼ਲਤੀ ਸੁਧਾਰ ਕੇ ਪਿਆਰੇ ਪੁੱਤਰ ਬਣਨ। ਜਿਹੋ-ਜਿਹਾ ਮਹੌਲ ਚਲ ਰਿਹਾ ਹੈ ਇਸ ਦੇ ਟਾਕਰੇ ਲਈ ਤਾਂ ਸਗੋਂ ਹਰ ਸਿੱਖ ਨੂੰ ਅੰਮ੍ਰਿਤਧਾਰੀ, ਸ਼ਸਤਰਧਾਰੀ ਤੇ ਗੁਰਮਤਿ ਸਿਧਾਂਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ। 
ਬਾਕੀ ਜਿਹੜੇ ਸਾਨੂੰ ਮੱਤਾਂ ਦਿੰਦੇ ਨੇ ਕਿ 'ਕਿਤਾਬਾਂ ਰੱਖੋ, ਹਥਿਆਰ ਨਾ ਰੱਖੋ।' ਉਹਨਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸਿੱਖ ਨੌਜਵਾਨਾਂ ਨੂੰ ਤਾਂ ਕਿਤਾਬਾਂ ਰੱਖਣ ਕਰਕੇ ਵੀ ਉਮਰ-ਕੈਦ ਹੋ ਗਈ ਹੈ, ਜੇ ਕਿਤਾਬਾਂ ਕਰਕੇ ਵੀ ਉਮਰ-ਕੈਦ ਹੀ ਹੋਣੀ ਹੈ ਤਾਂ ਸਿੱਖ ਸ਼ਸਤਰ ਰੱਖ ਕੇ ਕਿਉਂ ਨਾ ਸਜ਼ਾ ਭੁਗਤਣ ? ਹਥਿਆਰ ਨੂੰ ਕਤਲੋਗਾਰਦ ਦਾ ਪ੍ਰਤੀਕ ਬਣਾ ਕੇ ਵਿਰੋਧ ਕਰਨ ਵਾਲ਼ਿਓ, ਓਹੀ ਛੁਰੀ ਜਦ ਡਾਕਟਰ ਕੋਲ਼ ਹੋਵੇ ਤਾਂ ਜਿੰਦਗੀ ਦੇਣ ਵਾਲ਼ੀ ਬਣ ਜਾਂਦੀ ਹੈ ਜਿਹੜੀ ਛੁਰੀ ਕਾਤਲ ਕੋਲ਼ ਜਾਨ ਲੈਣ ਵਾਲ਼ੀ ਹੁੰਦੀ ਹੈ। ਡਾਕਟਰ ਨੂੰ ਛੁਰੀ ਦੀ ਵਰਤੋਂ ਕਰਨ ਕਰਕੇ ਪੈਸੇ ਦਿੰਦੇ ਹਾਂ, ਸਤਿਕਾਰ ਦਿੰਦੇ ਹਾਂ ਜਦਕਿ ਕਾਤਲ ਲਈ ਸਜ਼ਾ ਦੀ ਮੰਗ ਕਰਦੇ ਹਾਂ। ਇਵੇਂ ਹੀ ਜਦ ਹਥਿਆਰ ਸਿੱਖ ਕੋਲ਼ ਹੋਵੇ ਤਾਂ ਮਨੁੱਖਤਾ ਦੀ ਸੇਵਾ ਕਰਦਾ ਹੈ ਪਰ ਓਹੀ ਹਥਿਆਰ ਦੂਜੇ ਕੋਲ਼ ਮਨੁੱਖਤਾ ਲਈ ਖ਼ਤਰਨਾਕ ਵੀ ਹੋ ਸਕਦਾ ਹੈ। 
ਸ. ਭਗਤ ਸਿੰਘ ਦੇ ਅਖੌਤੀ ਵਾਰਸ ਅੱਜ ਵਾਲ਼ੇ ਕਾਮਰੇਡ ਹਥਿਆਰ ਰੱਖਣ ਖ਼ਿਲਾਫ਼ ਹਨ, ਓਹ ਸਿੱਖਾਂ ਦੀ ਨਸਲਕੁਸ਼ੀ ਦੇ ਸਮਰਥਕ ਹਨ। ਸਿੱਖਾਂ ਦੇ ਲਾਇਸੈਂਸੀ ਹਥਿਆਰਾਂ ਦਾ ਵਿਰੋਧ ਕਰਨ ਵਾਲ਼ੇ ਕਾਮਰੇਡੋ! ਨਾਲ਼ੇ ਕਹਿੰਦੇ ਓ ਕਿ “ਇਨਕਲਾਬ ਬੰਦੂਕ ਦੀ ਗੋਲ਼ੀ ’ਚੋਂ ਨਿਕਲ਼ਦਾ ਏ।” ਹੁਣ ਕੀ ਹੋ ਗਿਆ, ਆਉਣ ਦਿਓ ਇਨਕਲਾਬ! ਪਿੱਛੇ ਜਿਹੇ ਹਿੰਦੂ ਕੱਟੜਵਾਦੀ ਸੂਰੀ ਨੇ ਵੀ ਹਿੰਦੂ ਨੌਜਵਾਨਾਂ ਨੂੰ ਵਧੀਆ ਤੋਂ ਵਧੀਆ ਹਥਿਆਰ ਰੱਖਣ ਲਈ ਕਿਹਾ ਸੀ। ਹਿੰਦੂ ਕਿੰਨੇ ਖੁਸ਼ਕਿਸਮਤ ਨੇ ਕਿ ਉਹਨਾਂ ਵਿੱਚ ਬਾਬਾ ਧੁੰਮਾ, ਭਗਵੰਤ ਮਾਨ, ਹਰਜੀਤ ਗਰੇਵਾਲ, ਸੁਖਬੀਰ ਬਾਦਲ, ਬਿਕਰਮਜੀਤ ਮਜੀਠੀਆ, ਰਵਨੀਤ ਬਿੱਟੂ, ਰਾਜਾ ਵੜਿੰਗ ਵਰਗੇ ਨਹੀਂ, ਇਹ ਸਾਡੀ ਕਿਸਮਤ ਵਿੱਚ ਹੀ ਪਤਾ ਨਹੀਂ ਕਿਉਂ ਲਿਖਤੇ ? ਜਿਹੜੇ ਅਕਸਰ ਹੀ ਸ਼ਸਤਰਧਾਰੀ ਸਿੱਖਾਂ ਖ਼ਿਲਾਫ਼ ਪਿੱਟਦੇ ਰਹਿੰਦੇ ਨੇ। 
ਇਹਨਾਂ ਹਥਿਆਰਾਂ ਨਾਲ਼ ਛੇਵੇਂ ਪਾਤਸ਼ਾਹ ਨੇ ਚਾਰ ਤੇ ਦਸਵੇਂ ਪਾਤਸ਼ਾਹ ਨੇ ਚੌਦ੍ਹਾਂ ਜੰਗਾਂ ਕੀਤੀਆਂ। ਸ਼ਸਤਰਾਂ ਦੇ ਨਾਲ ਹੀ ਸਿੰਘ-ਸੂਰਮੇ ਅਠਾਰ੍ਹਵੀਂ ਸਦੀ 'ਚ ਹਿੰਦੂਆਂ ਦੀਆਂ ਬਹੂ-ਬੇਟੀਆਂ ਗਜ਼ਨੀ ਦੇ ਬਜ਼ਾਰਾਂ 'ਚੋਂ ਬਚਾ ਕੇ ਲਿਆਉਂਦੇ ਰਹੇ ਹਾਂ। ਹਥਿਆਰਾਂ ਨਾਲ਼ ਹੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਹਿੰਦੁਸਤਾਨ ਦੀ ਹਕੂਮਤ ਨਾਲ ਟੱਕਰ ਲਈ ਸੀ। ਸ਼ਹੀਦ ਊਧਮ ਸਿੰਘ ਨੇ ਹਥਿਆਰ ਨਾਲ਼ ਹੀ ਜਨਰਲ ਡਾਇਰ ਨੂੰ ਮਾਰਿਆ ਸੀ। ਭਗਤ ਸਿੰਘ ਨੇ ਸਾਂਡਰਸ ਨੂੰ ਮਾਰਿਆ ਤੇ ਅਸੰਬਲੀ 'ਚ ਬੰਬ ਸੁੱਟਿਆ ਸੀ। 
ਸਿੱਖੋ! ਯਾਦ ਰੱਖੋ ਕਿ ਸ਼ਸਤਰ ਨੂੰ ਦਸਮੇਸ਼ ਪਾਤਸ਼ਾਹ ਨੇ ਕਕਾਰਾਂ ਵਿੱਚ ਵੀ ਸਤਿਕਾਰਿਆ ਹੈ। ਸ਼ਸਤਰ ਦੀ ਸ਼ਕਤੀ ਪੀਰ-ਫਕੀਰ ਵਾਂਗ ਹੀ ਮਨੁੱਖ ਦੇ ਖਜ਼ਾਨੇ ਭਰਪੂਰ ਕਰਦੀ ਹੈ। ਸ਼ਸ਼ਤਰ ਕੋਲ਼ ਸਮਰੱਥਾ ਹੈ। ਸ਼ਸ਼ਤਰ ਮਨੁੱਖ ਨੂੰ ਅਣਖ਼-ਗ਼ੈਰਤ, ਰੜਕ ਤੇ ਚੜ੍ਹਤ ਵਾਲ਼ੇ ਬਣਾਉਂਦਾ ਹੈ। ਸਿੱਖ ਅਹਿੰਸਾਵਾਦੀ ਨਹੀਂ, ਸਿੱਖ ਬੋਧੀ ਨਹੀਂ। ਸਿੱਖ ਸਿੰਘ ਹੈ, ਸੰਤ ਸਿਪਾਹੀ ਹੈ। ਹੁਣ ਦੇ ਵੇਲ਼ੇ ਸਿੱਖੀ ਦੇ ਵੈਰੀ ਸਿੱਖਾਂ ਨੂੰ ਵਰਗਲਾ ਕੇ ਹਥਿਆਰਹੀਣ ਕਰਨ ਲਈ ਯਤਨਸ਼ੀਲ ਹਨ। ਪਰ ਆਓ ਸ਼ਸਤਰਧਾਰੀ ਹੋ ਕੇ ਗੁਰੂ ਦੇ ਹੁਕਮ ’ਤੇ ਪਹਿਰਾ ਦੇਈਏ। 
ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.