ਝਾੜੂ ਪਾਰਟੀ ਬਣੀ ਡਾਂਗਾਂ ਵਾਲੀ ਖ਼ੂਨ ਪੀਣੀ ਸਰਕਾਰ

ਝਾੜੂ ਪਾਰਟੀ ਬਣੀ ਡਾਂਗਾਂ ਵਾਲੀ ਖ਼ੂਨ ਪੀਣੀ ਸਰਕਾਰ

ਆਮ ਆਦਮੀ ਪਾਰਟੀ ਨੂੰ ਹੁਣ ਆਪਣਾ ਨਾਂ ਬਦਲ ਕੇ ਡੰਡੇਮਾਰ-ਲੱਠਮਾਰ ਅਤੇ ਖ਼ੂਨ ਪੀਣੀ ਪਾਰਟੀ ਰੱਖ ਲੈਣਾ ਚਾਹੀਦਾ ਹੈ ਕਿਉਂਕਿ ਆਪਣੇ ਹੱਕ ਮੰਗ ਰਹੇ ਪੰਜਾਬੀਆਂ ਉੱਤੇ ਭਗਵੰਤ ਮਾਨ ਦੀ ਸਰਕਾਰ ਨਿੱਤ ਦਿਨ ਡੰਡੇ ਵਰ੍ਹਾ ਰਹੀ ਹੈ। ਕਦੇ ਅਧਿਆਪਕ ਕੁੱਟੇ ਜਾਂਦੇ ਨੇ, ਕਦੇ ਕਿਸਾਨ ਕੁੱਟੇ ਜਾਂਦੇ ਨੇ, ਕਦੇ ਸਫ਼ਾਈ ਸੇਵਕ ਕੁੱਟੇ ਜਾਂਦੇ ਨੇ ਤੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਪੰਥ-ਪ੍ਰਸਤ ਸਿੱਖ ਕੁੱਟੇ ਜਾਂਦੇ ਨੇ। ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਅਤੇ ਕੇਜਰੀਵਾਲ ਆਖਦੇ ਸੀ ਕਿ ਅਸੀਂ ਬਦਲਾਅ ਲਿਆਵਾਂਗੇ ਪਰ ਹੁਣ ਤਾਂ ਇੰਝ ਲੱਗਦਾ ਹੈ ਜਿਵੇਂ ਇਹ ਪੰਜਾਬੀਆਂ ਨੂੰ ਕੁੱਟ-ਕੁੱਟ ਕੇ ਪਤਾ ਨਹੀਂ ਕਾਹਦੇ ਬਦਲੇ ਲੈ ਰਹੇ ਨੇ। ਸਰਕਾਰ ਪਾਸੋਂ ਸ਼ਾਂਤਮਈ ਢੰਗ ਨਾਲ ਆਪਣੇ ਜਾਇਜ਼ ਹੱਕ ਮੰਗਣੇ ਵੀ ਵੱਡਾ ਜੁਰਮ ਬਣ ਗਿਆ ਹੈ, ਧਰਨੇ-ਮੁਜ਼ਾਹਰੇ ਅਤੇ ਪ੍ਰਦਰਸ਼ਨ ਕਰਨੇ ਵੀ ਪੁਲਿਸ ਦੀਆਂ ਨਜ਼ਰਾਂ ਵਿੱਚ ਵੱਡਾ ਗੁਨਾਹ ਹੈ। ਬੇਰੁਜ਼ਗਾਰੀ ਅਤੇ ਧੱਕੇਸ਼ਾਹੀਆਂ ਨਾਲ ਪਹਿਲਾਂ ਤੋਂ ਹੀ ਝੰਬੇ ਹੋਏ ਲੋਕ ਜਦੋਂ ਆਪਣੀ ਆਵਾਜ਼ ਬੁਲੰਦ ਕਰਨ ਲਈ ਸੜਕਾਂ 'ਤੇ ਉੱਤਰਦੇ ਹਨ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਉੱਤੇ ਪੁਲਿਸ ਹੈਵਾਨ ਬਣ ਜਾਂਦੀ ਹੈ। ਪੁਲਿਸ ਕਿਸੇ ਬੱਚੇ, ਬਜ਼ੁਰਗ ਬੀਬੀ ਅਤੇ ਨੌਜਵਾਨ ਨੂੰ ਨਹੀਂ ਬਖਸ਼ਦੀ, ਡਾਂਗਾਂ ਦਾ ਮੀਂਹ ਵਰ੍ਹਾਇਆ ਜਾਂਦਾ ਹੈ। ਪੱਗਾਂ ਲਾਹੁਣੀਆਂ ਅਤੇ ਚੁੰਨੀਆਂ ਪਾੜਨੀਆਂ ਪੁਲਿਸ ਦਾ ਸੱਭਿਆਚਾਰ ਬਣ ਚੁੱਕਾ ਹੈ। ਗਰਮੀ ਦੇ ਕਰਕੇ ਸਰੀਰ ਵਿੱਚੋਂ ਪਸੀਨਾ ਅਤੇ ਪੁਲਿਸ ਦੇ ਅੱਤਿਆਚਾਰ ਕਰਕੇ ਲੋਕਾਂ ਦੇ ਸਿਰ ਅਤੇ ਮੱਥੇ ਵਿੱਚੋਂ ਖ਼ੂਨ ਵਹਿੰਦਾ ਹੁੰਦਾ ਹੈ। ਲੱਤਾਂ-ਬਾਹਾਂ ਤੋੜ ਕੇ, ਗੋਡੇ-ਗਿੱਟੇ ਛਿੱਲ ਕੇ, ਧੂਹ-ਘੜੀਸ ਕਰਕੇ, ਗਾਲ-ਮੰਦਾ ਬੋਲ ਕੇ ਪੁਲਿਸ ਆਪਣੇ ਲੋਕਾਂ ਦੀ ਸੇਵਾ ਕਰ ਰਹੀ ਹੁੰਦੀ ਹੈ। ਪਹਿਲਾਂ ਬਾਦਲ-ਭਾਜਪਾ ਅਤੇ ਕੈਪਟਨ ਦੀ ਸਰਕਾਰ ਵਿੱਚ ਵੀ ਇਹੋ ਕੁਝ ਹੁੰਦਾ ਸੀ ਤੇ ਹੁਣ ਭਗਵੰਤ ਮਾਨ ਵੀ ਓਹੀ ਕੁਝ ਕਰ-ਕਰਵਾ ਰਿਹਾ ਹੈ। ਫਿਰ ਕਿਸ ਚੀਜ਼ ਦਾ ਬਦਲਾਅ ਆਇਆ ਹੈ ? ਕਿਹੜੀ ਤਰੱਕੀ ਹੋਈ ਹੈ ? ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਨ ਵਾਲਿਆਂ ਨੇ ਤਾਂ ਪੰਜਾਬੀਆਂ ਨੂੰ ਸੜਕਾਂ ਉੱਤੇ ਖ਼ੂਨ ਨਾਲ ਲਥ-ਪਥ ਕੀਤਾ ਹੋਇਆ ਹੈ। ਭਗਵੰਤ ਮਾਨ ਦੇ ਬਥੇਰੇ ਵਾਅਦੇ ਫੋਕੇ ਨਿਕਲੇ ਹਨ ਪਰ ਇਸ ਦੇ ਬਾਵਜੂਦ ਵੀ ਫੋਕੇ ਦਾਅਵੇ ਕੀਤੇ ਜਾ ਰਹੇ ਹਨ ਅਤੇ ਝੂਠੇ ਦਮਗੱਜੇ ਮਾਰੇ ਜਾ ਰਹੇ ਹਨ। ਪਹਿਲੀਆਂ ਸਰਕਾਰਾਂ ਤੋਂ ਨਿਰਾਸ਼ ਹੋ ਕੇ ਜਿਨ੍ਹਾਂ ਪੰਜਾਬੀਆਂ ਨੇ ਝਾੜੂ ਪਾਰਟੀ ਨੂੰ ਸੱਤਾ ਦਿੱਤੀ ਸੀ, ਉਹ ਝਾੜੂ ਦਾ ਤੀਲਾ-ਤੀਲਾ ਕਰਕੇ ਖਿਲਾਰਨ ਵਿੱਚ ਲੋਕ ਦੇਰ ਨਹੀਂ ਲਾਉਣਗੇ! ਇਹ ਗੱਲ ਭਗਵੰਤ ਮਾਨ ਅਤੇ ਉਸਦੇ ਹੋਰ ਮੰਤਰੀ-ਸੰਤਰੀ ਸੁਣ ਲੈਣ! ਜੇ ਭਗਵੰਤ ਮਾਨ ਦੀ ਸਰਕਾਰ ਨੇ ਸੱਚਮੁੱਚ ਹੀ ਲੋਕਾਂ ਦੇ ਮਸਲੇ ਹੱਲ ਕੀਤੇ ਹੁੰਦੇ ਤਾਂ ਲੋਕ ਸੜਕਾਂ 'ਤੇ ਉਤਰਦੇ ਹੀ ਕਿਉਂ ? ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਤਾਂ ਲੋਕ ਸਤਾਏ ਹੋਏ ਨੇ, ਇਸ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਦੁਖੀ ਹੈ। ਸਾਢੇ ਚਾਰ ਸਾਲਾਂ ਬਾਅਦ ਕੁਝ ਕੁ ਬੀਬੀਆਂ ਦੇ ਖਾਤੇ ਵਿੱਚ 3 ਹਜ਼ਾਰ ਰੁਪਏ ਪਾ ਕੇ ਕੀ ਭਗਵੰਤ ਮਾਨ ਆਪਣੇ ਆਪ ਨੂੰ ਦਾਤਾ ਸਮਝਣ ਲੱਗ ਪਿਆ ਹੈ ? ਕੀ ਉਹ ਪੰਜਾਬੀਆਂ ਨੂੰ ਮੰਗਤੇ ਸਮਝਦਾ ਹੈ ? ਲੋਕਾਂ ਨੂੰ ਝੂੰਗਾ ਦੇਣ ਦੀ ਬਜਾਏ ਉਹਨਾਂ ਦੇ ਬਣਦੇ ਹੱਕ ਦਿੱਤੇ ਜਾਣ। ਭ੍ਰਿਸ਼ਟਾਚਾਰ ਖ਼ਤਮ ਕਰਨ ਦੀਆਂ ਗੱਲਾਂ ਕਰਨ ਵਾਲੇ ਸਭ ਤੋਂ ਵੱਡੇ ਭ੍ਰਿਸ਼ਟਾਚਾਰੀ ਅਤੇ ਬੇਈਮਾਨ ਨਿਕਲੇ। ਭਗਵੰਤ ਮਾਨ ਆਖਦਾ ਸੀ ਕਿ ਉਸ ਦੀ ਸਰਕਾਰ ਵਿੱਚ ਕਿਸੇ ਨੂੰ ਧਰਨੇ-ਪ੍ਰਦਰਸ਼ਨ ਨਹੀਂ ਕਰਨੇ ਪੈਣਗੇ, ਸਰਕਾਰ ਨੇ ਪੰਜਾਬੀਆਂ ਨੂੰ ਉਹ ਤਾਰੇ ਵਿਖਾਏ ਕਿ ਹੁਣ ਤਾਂ ਇਹ ਧਰਨੇ-ਪ੍ਰਦਰਸ਼ਨਾਂ ਵਾਲਾ ਪੰਜਾਬ ਬਣਦਾ ਜਾ ਰਿਹਾ ਹੈ। ਪੰਜਾਬੀਆਂ ਦੇ ਵੱਜਦੀਆਂ ਡਾਂਗਾਂ ਅਤੇ ਹੋਰ ਤਸ਼ੱਦਦ ਭੁੱਲਿਆ-ਭੁਲਾਇਆ ਨਹੀਂ ਜਾਣਾ, ਜੇ ਸਰਕਾਰ ਨੇ ਹੱਕ ਨਾ ਦਿੱਤੇ ਤਾਂ ਆਉਂਦੀਆਂ ਚੋਣਾਂ ਵਿੱਚ ਲੋਕ ਪਾਸਾ ਪਲਟਣ ਲੱਗਿਆ ਦੇਰ ਨਹੀਂ ਲਾਉਣਗੇ। ਇਹ ਝਾੜੂ ਪਾਰਟੀ ਡਾਂਗਾਂ ਵਾਲੀ ਸਰਕਾਰ ਅਤੇ ਪੰਜਾਬੀਆਂ ਦਾ ਖ਼ੂਨ ਪੀਣੀ ਪਾਰਟੀ ਬਣ ਚੁੱਕੀ ਹੈ।
 ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.