ਮਾਝੇ ਦੀ ਸਿਆਸਤ ਵਿੱਚ ਵੱਡਾ ਫੇਰਬਦਲ: ਸਾਬਕਾ ਵਿਧਾਇਕ ਬ੍ਰਹਮਪੁਰਾ ਆਮ ਆਦਮੀ ਪਾਰਟੀ ਵਿੱਚ ਹੋਏ ਸ਼ਾਮਲ
- ਰਾਜਨੀਤੀ
- (Asia/Kolkata)
ਮੇਰੀ ਸਿਆਸਤ ਕੁਰਸੀ ਲਈ ਨਹੀਂ,ਲੋਕਾਂ ਦੀ ਸੇਵਾ ਕਰਨਾ ਹੈ - ਬ੍ਰਹਮਪੁਰਾ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,22 ਸਤੰਬਰ
ਪੰਜਾਬ ਦੀ ਸਿਆਸਤ ਖਾਸ ਕਰਕੇ ਮਾਝੇ ਦੇ ਹਲਕਾ ਖਡੂਰ ਸਾਹਿਬ ਵਿੱਚ ਉਸ ਵੇਲੇ ਇੱਕ ਨਵਾਂ ਅਧਿਆਏ ਜੁੜਿਆ, ਜਦੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ,ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਹ ਅਹਿਮ ਸ਼ਮੂਲੀਅਤ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਰਿਹਾਇਸ਼ 'ਤੇ ਹੋਈ,ਜਿੱਥੇ ਮੁੱਖ ਮੰਤਰੀ ਦੇ ਓ.ਐੱਸ.ਡੀ. ਰਾਜਬੀਰ ਸਿੰਘ ਘੁੰਮਣ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੀਨੀਅਰ ਆਗੂ,ਸਾਬਕਾ ਕੈਬਨਿਟ ਮੰਤਰੀ ਅਤੇ ਸਾਬਕਾ ਸੰਸਦ ਮੈਂਬਰ ਸਵਰਗੀ ਜਥੇ.ਰਣਜੀਤ ਸਿੰਘ ਬ੍ਰਹਮਪੁਰਾ ਨੂੰ ਬੇਹੱਦ ਪਿਆਰ ਅਤੇ ਅਥਾਹ ਸਤਿਕਾਰ ਨਾਲ ਯਾਦ ਕੀਤਾ।ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਪੰਥ ਦੀ ਸਿਆਸਤ ਵਿੱਚ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀਆਂ ਸੇਵਾਵਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਪੱਤਰਕਾਰਾਂ ਅਤੇ ਹਲਕੇ ਦੀ ਸੰਗਤ ਨੂੰ ਸੰਬੋਧਨ ਕਰਦਿਆਂ ਸ.ਰਵਿੰਦਰ ਸਿੰਘ ਬ੍ਰਹਮਪੁਰਾ ਨੇ ਸਪੱਸ਼ਟ ਕੀਤਾ,"ਮੈਂ ਅੱਜ ਆਮ ਆਦਮੀ ਪਾਰਟੀ ਵਿੱਚ ਕਿਸੇ ਅਹੁਦੇ ਦੀ ਲਾਲਸਾ ਵਾਸਤੇ ਸ਼ਮੂਲੀਅਤ ਨਹੀਂ ਕੀਤੀ। ਮੇਰਾ ਮਕਸਦ ਸਿਰਫ਼ ਤੇ ਸਿਰਫ਼ ਆਪਣੇ ਇਲਾਕੇ ਦੇ ਆਮ ਲੋਕਾਂ ਦੀ ਸੇਵਾ ਅਤੇ ਹਲਕੇ ਦਾ ਤਨਦੇਹੀ ਨਾਲ ਕੰਮ ਕਰਨਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਫ਼ੈਸਲਿਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਲਿਆਂਦੇ ਗਏ 'ਸਤਿਕਾਰ ਐਕਟ' ਅਤੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਨਸ਼ਿਆਂ ਦੇ ਕੋਹੜ ਵਿਰੁੱਧ ਛੇੜੀ ਗਈ ਫ਼ੈਸਲਾਕੁਨ ਜੰਗ ਨੇ ਉਨ੍ਹਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਵੇਲੇ 'ਆਪ' ਦੇ ਸੁਪਰੀਮੋ ਅਰਵਿੰਦਰ ਕੇਜਰੀਵਾਲ ਅਤੇ ਭਗਵੰਤ ਮਾਨ ਵਰਗੀ ਇਮਾਨਦਾਰ ਅਤੇ ਦਲੇਰ ਲੀਡਰਸ਼ਿਪ ਦੀ ਲੋੜ ਹੈ,ਜੋ ਜ਼ਮੀਨੀ ਪੱਧਰ 'ਤੇ ਮਾਫ਼ੀਏ ਦਾ ਲੱਕ ਤੋੜ ਰਹੀ ਹੈ।

ਆਪਣੇ ਪਿਤਾ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਯਾਦ ਕਰਦਿਆਂ ਉਨ੍ਹਾਂ ਭਾਵੁਕ ਹੁੰਦਿਆਂ ਕਿਹਾ, "ਮੇਰੇ ਬਾਪੂ ਜੀ ਨੇ ਆਪਣਾ ਸਮੁੱਚਾ ਜੀਵਨ ਪੰਥ,ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਦਿਆਂ ਇੱਕ ਨਿਮਾਣੇ ਟਕਸਾਲੀ ਵਜੋਂ ਮਾਝੇ ਦੀ ਧਰਤੀ 'ਤੇ ਬਤੀਤ ਕੀਤਾ। ਉਨ੍ਹਾਂ ਦੀ ਇਸੇ ਨਿਸ਼ਕਾਮ ਸੇਵਾ ਅਤੇ ਕੁਰਬਾਨੀ ਸਦਕਾ ਹੀ ਲੋਕਾਂ ਨੇ ਉਨ੍ਹਾਂ ਨੂੰ 'ਮਾਝੇ ਦਾ ਜਰਨੈਲ' ਖ਼ਿਤਾਬ ਨਾਲ ਨਿਵਾਜਿਆ ਸੀ। ਅੱਜ ਮੈਂ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਬਾਪੂ ਜੀ ਵੱਲੋਂ ਪਾਏ ਹੋਏ ਪੂਰਨਿਆਂ 'ਤੇ ਚੱਲਦਿਆਂ,ਮੁੱਖ ਮੰਤਰੀ ਭਗਵੰਤ ਮਾਨ ਦੀ ਟੀਮ ਦਾ ਹਿੱਸਾ ਬਣ ਕੇ ਪੰਜਾਬ ਦੀ ਬਿਹਤਰੀ ਅਤੇ ਆਪਣੇ ਇਲਾਕੇ ਦੇ ਲੋਕਾਂ ਲਈ ਦਿਨ-ਰਾਤ ਇੱਕ ਕਰ ਦੇਵਾਂਗਾ।
ਇਸ ਮੌਕੇ 'ਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੇ ਨਾਲ ਉਨ੍ਹਾਂ ਦੇ ਸਪੁੱਤਰ ਅਤੇ ਜਥੇਦਾਰ ਬ੍ਰਹਮਪੁਰਾ ਜੀ ਦੇ ਪੋਤਰੇ ਕੰਵਰਦੀਪ ਸਿੰਘ ਬ੍ਰਹਮਪੁਰਾ ,ਅਮਰੀਕ ਸਿੰਘ ਸਾਬਕਾ ਸਰਪੰਚ ਚੋਹਲਾ ਸਾਹਿਬ, ਹਰਜਿੰਦਰ ਸਿੰਘ ਬਾਦਸ਼ਾਹ,ਬਲਬੀਰ ਸਿੰਘ ਬੱਲੀ ਡਾਇਰੈਕਟਰ, ਜਤਿੰਦਰ ਸਿੰਘ ਕੈਰੋਂ, ਫਤਿਹ (ਪੈਵੀ ਘੁੰਮਣ), ਪਰਮਿੰਦਰ ਸਿੰਘ ਕੈਰੋਂ ਬਲਾਕ ਸੰਮਤੀ ਮੈਂਬਰ,ਗੁਰਭੇਜ ਸਿੰਘ ਕੈਰੋਂ,ਲਵਪ੍ਰੀਤ ਸਿੰਘ ਕੈਰੋਂ, ਬਲਜਿੰਦਰ ਸਿੰਘ ਗੋਹਲਵੜ,ਗੌਰਵਦੀਪ ਸਿੰਘ ਖਹਿਰਾ,ਜਗਮੀਤ ਹੁੰਦਲ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਆਗੂ ਸਾਹਿਬਾਨ ਸ਼ਾਮਲ ਹੋਏ।
Leave a Reply