ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੀ ਨਾਕਾਮ ਕੋਸ਼ਿਸ਼ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ : ਗੁਰਦੁਆਰਾ ਕਮੇਟੀ
- ਧਾਰਮਿਕ
- 28 Jun, 2026 07:28 PM (Asia/Kolkata)
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਜੂਨ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ, ਸੋਹਾਣਾ ਵਿਖੇ ਉਸ ਵੇਲੇ ਭਾਰੀ ਤਣਾਅਪੂਰਨ ਮਾਹੌਲ ਬਣਿਆ, ਜਦੋਂ ਗੁਰਦੁਆਰਾ ਸਾਹਿਬ ਪਹੁੰਚੇ ਜਥੇਦਾਰ ਅਕਾਲ ਤਖ਼ਤ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਮੌਜੂਦਗੀ ਵਿੱਚ ਹੀ ਕਥਿਤ ਤੌਰ 'ਤੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਵਿਅਕਤੀ ਦੀ ਕੁੱਟਮਾਰ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ। ਇਸ ਅਚਾਨਕ ਹੋਈ ਘਟਨਾ ਕਾਰਨ ਉੱਥੇ ਮੌਜੂਦ ਸੰਗਤਾਂ ਵਿੱਚ ਅਫੜਾ-ਦਫੜੀ ਮੱਚ ਗਈ। ਮਾਮਲੇ ਦੀ ਗੰਭੀਰਤਾ ਅਤੇ ਤਣਾਅ ਨੂੰ ਵਧਦਾ ਦੇਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਅਤੇ ਮੈਨੇਜਮੈਂਟ ਵੱਲੋਂ ਤੁਰੰਤ ਮੁਸਤੈਦੀ ਦਿਖਾਈ ਗਈ। ਪ੍ਰਬੰਧਕਾਂ ਨੇ ਦੋਵਾਂ ਪੱਖਾਂ ਦੀ ਗੱਲ ਨੂੰ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਅਤੇ ਉੱਚੀ ਸੂਝ-ਬੂਝ ਦਾ ਪ੍ਰਦਰਸ਼ਨ ਕਰਦੇ ਹੋਏ ਮਾਮਲੇ ਨੂੰ ਮੌਕੇ 'ਤੇ ਹੀ ਪੂਰੀ ਤਰ੍ਹਾਂ ਸੁਲਝਾ ਲਿਆ। ਮਿਲੀ ਜਾਣਕਾਰੀ ਅਨੁਸਾਰ, ਗੁਰਦੁਆਰਾ ਸਾਹਿਬ ਦੇ ਅੰਦਰ ਮਾਮਲਾ ਗਰਮਾਉਣ ਤੋਂ ਤੁਰੰਤ ਬਾਅਦ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਦੇ ਅੰਦਰ ਪਹੁੰਚ ਗਏ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਅੰਦਰ ਨਿਹੰਗ ਸਿੰਘਾਂ ਦੇ ਨਾਲ ਕਥਿਤ ਤੌਰ 'ਤੇ ਧੱਕਾ-ਮੁੱਕੀ ਹੋਣ ਦੀ ਗੱਲ ਵੀ ਸਾਹਮਣੇ ਆਈ। ਸ਼ੁਰੂਆਤੀ ਜਾਣਕਾਰੀ ਮੁਤਾਬਕ, ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਦਾ ਅਮਨ-ਚੈਨ ਭੰਗ ਕਰਨ ਅਤੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਕਾਰਨ ਇਹ ਸਾਰਾ ਵਿਵਾਦ ਖੜ੍ਹਾ ਹੋਇਆ ਸੀ।
Leave a Reply