ਸ਼ੰਭੂ ਲਾਂਘਾ ਹਰਿਆਣਾ ਸਰਕਾਰ ਵੱਲੋਂ ਬੰਦ ਕੀਤੇ ਜਾਣ ਦੀਆਂ ਖ਼ਬਰਾਂ ਬਹੁਤ ਹੀ ਚਿੰਤਾਜਨਕ ਹਨ - ਸਰਵਣ ਸਿੰਘ ਪੰਧੇਰ
- ਰਾਜਨੀਤੀ
- 20 Jul, 2026 06:54 PM (Asia/Kolkata)
ਟਾਂਗਰਾ ,ਸੁਰਜੀਤ ਸਿੰਘ ਖਾਲਸਾ
ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵਾਰ-ਵਾਰ ਪੰਜਾਬ ਆ ਕੇ ਚੰਗੇ ਰਾਜ ਅਤੇ ਲੋਕਤੰਤਰ ਦੀਆਂ ਗੱਲਾਂ ਕਰਦੇ ਹਨ, ਪਰ ਜਦੋਂ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਆਪਣੀ ਗੱਲ ਸ਼ਾਂਤਮਈ ਢੰਗ ਨਾਲ ਰੱਖਣ ਦਾ ਅਧਿਕਾਰ ਵੀ ਨਹੀਂ ਦਿੱਤਾ ਜਾਂਦਾ, ਤਾਂ ਇਹ ਉਨ੍ਹਾਂ ਦਾਵਿਆਂ 'ਤੇ ਸਵਾਲ ਖੜ੍ਹੇ ਕਰਦਾ ਹੈ।
ਪੰਜਾਬ ਨੂੰ ਦੇਸ਼ ਦਾ ਅਟੁੱਟ ਹਿੱਸਾ ਮੰਨਦਿਆਂ ਇੱਥੋਂ ਦੇ ਲੋਕਾਂ ਨੂੰ ਵੀ ਸੰਵਿਧਾਨ ਵੱਲੋਂ ਦਿੱਤੇ ਗਏ ਸ਼ਾਂਤਮਈ ਵਿਰੋਧ ਦੇ ਅਧਿਕਾਰ ਦਾ ਪੂਰਾ ਸਨਮਾਨ ਮਿਲਣਾ ਚਾਹੀਦਾ ਹੈ। ਚੰਦ ਘੰਟਿਆਂ ਲਈ ਇੱਕ ਦਿਨ ਦਾ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਮਨਾਹੀ ਕਰਨਾ ਲੋਕਤੰਤਰੀ ਕਦਰਾਂ-ਕੀਮਤਾਂ ਦੇ ਉਲਟ ਹੈ।
ਅਸੀਂ ਸਪੱਸ਼ਟ ਕਰਨਾ ਚਾਹੁੰਦੇ ਹਾਂ ਕਿ ਸਾਡਾ ਦੇਸ਼ ਬਚਾਓ ਮੋਰਚੇ ਦਾ ਸਰਕਾਰ ਨਾਲ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਅਸੀਂ ਸਵੇਰੇ ਕਰੀਬ 6 ਵਜੇ ਰਵਾਨਾ ਹੋਵਾਂਗੇ ਅਤੇ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਨੁਸ਼ਾਸਿਤ ਢੰਗ ਨਾਲ ਆਪਣਾ ਪ੍ਰਦਰਸ਼ਨ ਕਰਾਂਗੇ।
ਸਾਡਾ ਵੱਡਾ ਜਥਾ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਫਤਿਹਗੜ੍ਹ ਸਾਹਿਬ ਵਿਖੇ ਮੌਜੂਦ ਹੈ। ਇਸੇ ਤਰ੍ਹਾਂ ਵੱਖ-ਵੱਖ ਕਿਸਾਨ ਅਤੇ ਸਮਾਜਿਕ ਜਥੇਬੰਦੀਆਂ ਆਪਣੇ-ਆਪਣੇ ਨਿਰਧਾਰਤ ਸਥਾਨਾਂ 'ਤੇ ਸ਼ਾਂਤਮਈ ਢੰਗ ਨਾਲ ਡਟੀਆਂ ਹੋਈਆਂ ਹਨ।
ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਸ਼ੰਭੂ ਲਾਂਘਾ ਬੰਦ ਕਰਨ ਵਰਗੇ ਫ਼ੈਸਲਿਆਂ 'ਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਲੋਕਤੰਤਰੀ ਹੱਕਾਂ ਦਾ ਸਨਮਾਨ ਕਰਦਿਆਂ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਵੇ। ਅਸੀਂ ਸਾਰੇ ਸਾਥੀਆਂ ਨੂੰ ਵੀ ਅਪੀਲ ਕਰਦੇ ਹਾਂ ਕਿ ਪੂਰੀ ਸ਼ਾਂਤੀ, ਸੰਜਮ ਅਤੇ ਅਨੁਸ਼ਾਸਨ ਨਾਲ ਆਪਣੇ ਲੋਕਤੰਤਰੀ ਹੱਕਾਂ ਦੀ ਆਵਾਜ਼ ਬੁਲੰਦ ਕਰਨ।
Leave a Reply