ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਦੀ ਦਲੇਰੀ ਨਾਲ ਬਦਲਿਆ ਮਹਾਰਾਸ਼ਟਰ ਸਰਕਾਰ ਦਾ ਫੈਸਲਾ- ਇੰਜੀ. ਸੋਹਲ/ਡਾ. ਭਗਵਾਨ ਸਿੰਘ
- ਧਾਰਮਿਕ/ਰਾਜਨੀਤੀ
- 27 Jun, 2026 07:10 PM (Asia/Kolkata)
ਸਮੂਹ ਜਥੇਦਾਰ ਸਾਹਿਬਾਨ ਨੂੰ ਉਹਨਾਂ ਤੋਂ ਪੰਥਕ ਧਾਰਾ ਪ੍ਰਤੀ ਸਮਰਪਣ ਦੀ ਲੈਣ ਸੇਧ
ਚੰਡੀਗੜ੍ਹ 27 ਜੂਨ (ਮੰਗਤ ਸਿੰਘ ਸੈਦਪੁਰ) : ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸੀਨੀਅਰ ਸਾਬਕਾ ਆਗੂ ਡਾਕਟਰ ਭਗਵਾਨ ਸਿੰਘ ਅਤੇ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਤਸੱਲੀ ਪ੍ਰਗਟਾਈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਸਿਆਣਪ ਵਿਖਾਉਂਦਿਆਂ 1956 ਵਾਲੇ ਐਕਟ ਨੂੰ ਰੱਦ ਕਰਨ ਵਾਲਾ ਆਰਡੀਨੈਂਸ ਰੋਕ ਕੇ ਸਾਰੀਆਂ ਧਿਰਾਂ ਨਾਲ ਸਲਾਹ ਮਸ਼ਵਰੇ ਲਈ ਇਕ ਕਮੇਟੀ ਬਣਾਉਣ ਦਾ ਫੈਸਲਾ ਸ਼ਲਾਘਾਯੋਗ ਕਦਮ ਹੈ। ਆਗੂਆਂ ਨੇ ਕਿਹਾ ਕਿ ਇਸ ਪੰਥਕ ਜਿੱਤ ਦਾ ਸਿਹਰਾ ਸਿੰਘ ਸਾਹਿਬ ਜਥੇਦਾਰ ਕੁਲਵੰਤ ਸਿੰਘ ਅਤੇ ਉਥੋਂ ਦੇ ਪੰਜ ਪਿਆਰਿਆਂ ਨੂੰ ਜਾਂਦਾ ਹੈ, ਜਿੰਨਾ ਨੇ ਬਿਨਾ ਕਿਸੇ ਭੈਅ ਅਤੇ ਝਿਜਕ ਤੋਂ ਇਸ ਕਾਨੂੰਨੀ ਫੈਸਲੇ ਖਿਲਾਫ ਤੁਰੰਤ ਸਟੈਂਡ ਲੈਂਦਿਆਂ ਨਾ ਸਿਰਫ ਇਹਨੂੰ ਰੱਦ ਕੀਤਾ ਸਗੋਂ ਸਰਕਾਰ ਨੂੰ ਸਖਤ ਚਿਤਾਵਨੀ ਵੀ ਦਿੱਤੀ ਕਿ ਇਸਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਸਰਕਾਰਾਂ ਦੀ ਧੌਂਸ ਨਾ ਮੰਨਣ ਵਾਲੇ ਉਹਨਾਂ ਦੇ ਇਸ ਸਪੱਸ਼ਟ ਸਟੈਂਡ ਨੇ ਸਰਕਾਰੀ ਸਾਜਿਸ਼ ਦੀਆਂ ਧੱਜੀਆਂ ਉਡਾ ਕੇ ਰੱਖ ਦਿੱਤੀਆਂ। ਜਿਸ ਕਰਕੇ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣਾ ਪਿਆ। ਸਾਰੇ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਉਹਨਾਂ ਤੋਂ ਜਰੂਰ ਸਿੱਖਣਾ ਚਾਹੀਦਾ ਹੈ ਕਿ ਜੇ ਨਿਰਭੈਅਤਾ ਅਤੇ ਨਿਰਪੱਖਤਾ ਨਾਲ ਪੰਥ ਦੀ ਚੜਦੀ ਕਲਾ ਦੇ ਫੈਸਲੇ ਲੈਣਗੇ ਤਾਂ ਫਿਰ ਉਹਨਾਂ ਨੂੰ ਪ੍ਰਚਾਰ ਲਈ ਮੀਡੀਆ ਦੇ ਤਰਲੇ ਨਹੀ ਕਰਨੇ ਪੈਣਗੇ। ਦੋਹਾਂ ਆਗੂਆਂ ਨੇ ਤਖਤ ਸ੍ਰੀ ਹਜੂਰ ਸਾਹਿਬ ਦੇ ਗੁਰਮਤੇ ਦੀ ਤੁਲਣਾ 2 ਦਸੰਬਰ ਦੇ ਹੁਕਮਨਾਮਿਆਂ ਨਾਲ ਕਰਦਿਆਂ ਕਿਹਾ ਕਿ ਉਹ ਵੀ ਇਕ ਇਸੇ ਤਰਾਂ ਦਾ ਹੀ ਰੱਬੀ ਬਖਸ਼ਿਸ਼ਾਂ ਭਰਿਆ ਫੈਸਲਾ ਸੀ ਜਿਸਨੂੰ ਮੰਨਣ ਵਾਲਿਆਂ ਦੇ ਲੋਕ ਪਰਲੋਕ ਸੰਵਰ ਜਾਣੇ ਸਨ। ਪਰ ਉਥੇ ਸਭ ਕੁਝ ਮੰਨ ਕੇ ਮੁਕਰ ਜਾਣ ਵਾਲੇ ਬੇਈਮਾਨ ਲੋਕ ਹੁਣ ਝੂਠੀਆਂ ਸੱਚੀਆਂ ਵੀਡੀਓ ਦੇ ਆਸਰੇ ਰਾਜਗੱਦੀ ਭਾਲ ਰਹੇ ਹਨ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਆਪਣੇ ਕਤਲ ਦੀ ਸਾਜਿਸ਼ ਦੱਸਣ ਵਾਲੇ ਹੁਣ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਮੰਨਣ ਲਈ ਸਲਾਹਾਂ ਦੇ ਰਹੇ ਹਨ ਅਤੇ ਹੁਕਮਨਾਮਾ ਲਾਗੂ ਕਰਾਉਣ ਲਈ ਧਰਮ ਯੁੱਧ ਮੋਰਚਾ ਲਾਉਣ ਦੀਆਂ ਗੱਲਾਂ ਕਰ ਰਹੇ ਹਨ। ਐਸ.ਜੀ.ਪੀ.ਸੀ ਅਤੇ ਅਕਾਲੀ ਦਲ ਦਾ ਪ੍ਰਧਾਨ ਹੁੰਦਿਆਂ ਜੇ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਨੇ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਨਿਮਾਣੇ ਸਿੱਖਾਂ ਵਾਂਗੂ ਅਧੀਨਗੀ ਨਾਲ ਮੰਨਿਆ ਹੁੰਦਾ ਤਾਂ ਅੱਜ ਹੋਰ ਕਿਸੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਮੋਰਚੇ ਲਾਉਣ ਦੀ ਲੋੜ ਨਹੀਂ ਸੀ ਪੈਣੀ। ਪਰ ਹੁਣ ਉਹ ਜਿੰਨੇ ਮਰਜੀ ਮੋਰਚੇ ਲਾ ਲੈਣ, ਲੋਕ ਉਹਨਾਂ ਦੀ ਉਸ ਧਾਰਮਿਕ ਅਵੱਗਿਆ ਨੂੰ ਕਦੇ ਮਾਫ ਨਹੀਂ ਕਰਨਗੇ। ਬਿਆਨ ਦੇ ਅਖੀਰ ਵਿੱਚ ਦੋਹਾਂ ਆਗੂਆਂ ਨੇ ਮਹਾਰਾਸ਼ਟਰ ਸਰਕਾਰ ਦਾ ਵੀ ਧੰਨਵਾਦ ਕੀਤਾ, ਜਿਸ ਨੇ ਸਿਖ ਭਾਵਨਾਵਾਂ ਦੀ ਕਦਰ ਕਰਦਿਆਂ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਗੁਰਮਤੇ ਨੂੰ ਗੰਭੀਰਤਾ ਨਾਲ ਲੈ ਕੇ ਆਪਣਾ ਫੈਸਲਾ ਬਦਲਿਆ।
Leave a Reply