ਲੋਕ ਸਭਾ 'ਚ ਗੂੰਜਿਆ ਗਗਨਦੀਪ ਰੰਧਾਵਾ ਦੀ ਮੌਤ ਮਾਮਲਾ; MP ਔਜਲਾ ਨੇ NIA ਜਾਂਚ ਦੀ ਕੀਤੀ ਸੀ ਮੰਗ, ਹੁਣ CBI ਕਰੇਗੀ ਪੜਤਾਲ
- ਰਾਜਨੀਤੀ
- 23 Mar, 2026 03:16 PM (Asia/Kolkata)
ਨਵੀਂ ਦਿੱਲੀ/ਅੰਮ੍ਰਿਤਸਰ, ਨਜ਼ਰਾਨਾ ਟਾਈਮਜ
ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਲੋਕ ਸਭਾ ਵਿੱਚ ਡੀ.ਐਮ. ਡਾ. ਗਗਨਦੀਪ ਸਿੰਘ ਰੰਧਾਵਾ ਦੀ ਮੌਤ ਦਾ ਗੰਭੀਰ ਮੁੱਦਾ ਚੁੱਕਦਿਆਂ ਇਸ ਦੀ ਉੱਚ-ਪੱਧਰੀ ਜਾਂਚ ਦੀ ਮੰਗ ਕੀਤੀ। ਔਜਲਾ ਨੇ ਸਦਨ ਵਿੱਚ ਬੋਲਦਿਆਂ ਕਿਹਾ ਕਿ ਇਸ ਮਾਮਲੇ ਦੀ ਸੱਚਾਈ ਦੇਸ਼ ਦੇ ਸਾਹਮਣੇ ਆਉਣੀ ਚਾਹੀਦੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਗੈਂਗਸਟਰ ਲਿੰਕ ਜਾਂ ਸਿਆਸੀ ਸ਼ਹਿ ਦਾ ਪਰਦਾਫਾਸ਼ ਹੋ ਸਕੇ।
ਗ੍ਰਹਿ ਮੰਤਰੀ ਵੱਲੋਂ ਤੁਰੰਤ ਕਾਰਵਾਈ ਦਾ ਭਰੋਸਾ
ਸਾਂਸਦ ਔਜਲਾ ਦੀ ਦਲੀਲ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਇਸ ਸਬੰਧੀ ਲਿਖਤੀ ਮੰਗ ਪੱਤਰ ਸੌਂਪਣ ਲਈ ਕਿਹਾ। ਗ੍ਰਹਿ ਮੰਤਰੀ ਨੇ ਭਰੋਸਾ ਦਿੱਤਾ ਕਿ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ CBI (ਕੇਂਦਰੀ ਜਾਂਚ ਬਿਊਰੋ) ਨੂੰ ਸੌਂਪ ਦਿੱਤੀ ਜਾਵੇਗੀ।
#ਇਸ ਭਰੋਸੇ ਤੋਂ ਤੁਰੰਤ ਬਾਅਦ ਗੁਰਜੀਤ ਸਿੰਘ ਔਜਲਾ ਅਤੇ ਹੋਰ ਸਾਥੀ ਸੰਸਦ ਮੈਂਬਰਾਂ ਵੱਲੋਂ CBI ਜਾਂਚ ਲਈ ਇੱਕ ਰਸਮੀ ਪੱਤਰ ਗ੍ਰਹਿ ਮੰਤਰੀ ਨੂੰ ਸੌਂਪ ਦਿੱਤਾ ਗਿਆ ਹੈ। ਔਜਲਾ ਨੇ ਕਿਹਾ ਕਿ ਇਹ ਸਿਰਫ਼ ਇੱਕ ਅਧਿਕਾਰੀ ਦੀ ਮੌਤ ਦਾ ਮਾਮਲਾ ਨਹੀਂ ਹੈ, ਸਗੋਂ ਇਹ ਪ੍ਰਸ਼ਾਸਨਿਕ ਢਾਂਚੇ 'ਤੇ ਬਣ ਰਹੇ ਦਬਾਅ ਅਤੇ ਨਿਆਂ ਪ੍ਰਣਾਲੀ ਦੀ ਅਸਲ ਸਥਿਤੀ ਨੂੰ ਦਰਸਾਉਂਦਾ ਹੈ।
ਇਨਸਾਫ਼ ਦੀ ਲੜਾਈ ਜਾਰੀ ਰਹੇਗੀ
ਔਜਲਾ ਨੇ ਸਪੱਸ਼ਟ ਕੀਤਾ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਹ ਵਚਨਬੱਧ ਹਨ। ਉਨ੍ਹਾਂ ਕਿਹਾ, "ਸੱਚ ਅਤੇ ਇਨਸਾਫ਼ ਲਈ ਇਹ ਲੜਾਈ ਅੰਤ ਤੱਕ ਜਾਰੀ ਰਹੇਗੀ ਤਾਂ ਜੋ ਪ੍ਰਸ਼ਾਸਨ ਵਿੱਚ ਕੰਮ ਕਰ ਰਹੇ ਅਧਿਕਾਰੀਆਂ ਦਾ ਮਨੋਬਲ ਬਣਿਆ ਰਹੇ।"
Leave a Reply