ਪੰਜਾਬ ਦੀ ਸਿਆਸਤ ਦੀ ਮੌਜੂਦਾ ਦਸ਼ਾ ਅਤੇ ਦਿਸ਼ਾ

ਪੰਜਾਬ ਦੀ ਸਿਆਸਤ ਦੀ ਮੌਜੂਦਾ ਦਸ਼ਾ ਅਤੇ ਦਿਸ਼ਾ

ਪੰਜਾਬ ਵਿੱਚ ਬੀਜੇਪੀ ਦੇ ਪੈਰ ਲਵਾਉਣ ਵਾਲੇ ਬਾਦਲਕੇ ਹੀ ਹਨ ਤੇ ਅੱਜ ਬੀਜੇਪੀ ਪੰਜਾਬ 'ਚ ਆਪਣੀ ਸਰਕਾਰ ਬਣਾਉਣ ਦੇ ਦਾਅਵੇ ਅਤੇ ਯਤਨ ਕਰ ਰਹੀ ਹੈ। ਭਾਜਪਾ ਦੇ ਪਿੱਛੇ ਲੱਗ ਕੇ ਬਾਦਲਾਂ ਨੇ ਪੰਥ ਨਾਲ ਵਿਗਾੜ ਲਈ, ਅਕਾਲੀ ਦਲ ਦਾ ਸਰੂਪ-ਮੁਹਾਂਦਰਾ ਤੇ ਏਜੰਡਾ ਹੀ ਬਦਲ ਦਿੱਤਾ ਤੇ ਬਾਦਲਕੇ ਸਿਰਫ਼ ਬੀਜੇਪੀ ਦੇ ਪਿਛਲੱਗ ਬਣ ਕੇ ਰਹਿ ਗਏ ਸਨ। ਅਕਾਲੀ ਦਲ ਬਾਦਲ ਸਮਝ ਹੀ ਨਹੀਂ ਸਕਿਆ ਕਿ ਜਿਸ ਭਾਜਪਾ ਨੇ ਕੱਟੜ ਹਿੰਦੂਵਾਦੀ ਪਾਰਟੀ ਸ਼ਿਵ ਸੈਨਾ ਖ਼ਤਮ ਕੀਤੀ, ਬਸਪਾ ਵਾਲਿਆਂ ਨੂੰ ਵਰਤ ਕੇ ਹਾਸ਼ੀਏ 'ਤੇ ਧੱਕਿਆ, ਕਸ਼ਮੀਰ 'ਚ ਮਹਿਬੂਬਾ ਮੁਫ਼ਤੀ ਨੂੰ ਵੀ ਨਾ ਬਖਸ਼ਿਆ ਉਹ ਬੀਜੇਪੀ ਅਕਾਲੀ ਦਲ ਨੂੰ ਕਿਵੇਂ ਛੱਡੇਗੀ! ਬੀਜੇਪੀ ਆਪਣੇ ਆਪ ਨੂੰ ਅਕਾਲੀ ਦਲ ਦਾ ਛੋਟਾ ਭਰਾ ਕਹਿੰਦੀ ਸੀ ਤੇ ਅੱਜ ਅਕਾਲੀ ਦਲ ਬਾਦਲ ਉੱਤੇ ਵੱਡੇ ਭਰਾ ਤੋਂ ਵੀ ਵੱਧ ਕੇ ਭਾਰੂ ਪੈਂਦੀ ਜਾ ਰਹੀ ਹੈ, ਉਹ ਆਪਣੇ ਆਪ ਨੂੰ ਬਾਦਲਾਂ ਦਾ ਬਾਪ ਸਮਝਦੀ ਹੈ। ਬਾਦਲਾਂ ਦੇ ਡੁੱਬ ਰਹੇ ਬੇੜੇ 'ਚੋਂ ਵੱਡੇ ਆਗੂ ਛਾਲਾਂ ਮਾਰ ਕੇ ਬੀਜੇਪੀ ਦੀ ਬੇੜੀ ਵਿੱਚ ਸਵਾਰ ਹੁੰਦੇ ਜਾ ਰਹੇ ਨੇ। ਹੁਣ ਬਾਦਲਕਿਆਂ ਨਾਲ ਦੁਬਾਰਾ ਗਠਜੋੜ ਕੀਤੇ ਬਿਨਾਂ ਹੀ ਬੀਜੇਪੀ ਪੰਜਾਬ ਚ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਬੀਜੇਪੀ ਦਾ ਏਜੰਡਾ ਹੈ ਕਿ ਪੰਜਾਬ 'ਚ ਉਹਨਾਂ ਦੀ ਆਪਣੀ ਪਾਰਟੀ ਦਾ ਮੁੱਖ ਮੰਤਰੀ ਹੋਵੇ ਤੇ ਸਮੂਹ ਬਾਦਲ ਦਲੀਏ ਉਹਨਾਂ ਦੇ ਛੋਟੇ-ਮੋਟੇ ਵਰਕਰ ਬਣ ਜਾਣ। ਸਿਆਸੀ ਖੇਤਰ ਵਿੱਚ ਸਰਗਰਮ ਬਹੁਤ ਸਾਰੇ ਸਿਆਸੀ ਆਗੂਆਂ ਦੇ ਕਾਫ਼ੀ ਲੋਕ ਨਿੱਜੀ ਤੌਰ 'ਤੇ ਸਮਰਥਕ ਹੁੰਦੇ ਹਨ ਤੇ ਹੁਣ ਉਹ ਆਗੂ ਭਾਜਪਾ ਦਾ ਪੱਲਾ ਫੜ ਕੇ ਆਪਣੇ ਵੋਟ ਬੈਂਕ ਨੂੰ ਭਾਜਪਾ ਦੇ ਹੱਕ ਵਿੱਚ ਭਗਤਾਉਣ ਦਾ ਯਤਨ ਕਰਨਗੇ। ਬੀਜੇਪੀ ਨੂੰ ਪਛਾੜਨ ਲਈ ਬਾਦਲਕੇ ਕਾਫ਼ੀ ਹੱਥ-ਪੈਰ ਮਾਰ ਰਹੇ ਹਨ ਪਰ ਫਿਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸਿੰਘਾਂ ਦੀਆਂ ਸ਼ਹੀਦੀਆਂ, ਬਲਾਤਕਾਰੀ ਸਿਰਸੇ ਵਾਲ਼ੇ ਨੂੰ ਦਿੱਤੀ ਮਾਫ਼ੀ ਤੇ ਇਹਨਾਂ ਦੇ ਹੋਰ ਕਾਲ਼ੇ ਕਾਰੇ ਬਾਦਲਕਿਆਂ ਨੂੰ ਉੱਠਣ ਨਹੀਂ ਦੇ ਰਹੇ, ਇਹ ਕਿਸੇ ਨਾ ਕਿਸੇ ਮੁੱਦੇ ਵਿੱਚ ਫਿਰ ਘਿਰ ਜਾਂਦੇ ਹਨ। ਤ੍ਰਾਸਦੀ ਦੀ ਗੱਲ ਹੈ ਕਿ ਪੰਥ ਤੇ ਪੰਜਾਬ ਨਾਲ ਹੋਏ ਧੱਕਿਆਂ ਅਤੇ ਜ਼ੁਲਮਾਂ ਵਿੱਚ ਕਾਂਗਰਸ ਤੇ ਭਾਜਪਾ ਵਾਂਗ ਬਾਦਲਕੇ ਵੀ ਦੋਸ਼ੀ ਹਨ। ਪੰਜਾਬ ਦੇ ਲੋਕਾਂ ਨੂੰ ਕਾਂਗਰਸੀਆਂ ਤੇ ਭਾਜਪਾਈਆਂ ਨਾਲੋਂ ਵੱਧ ਗੁੱਸਾ ਅਖੌਤੀ ਅਕਾਲੀ ਬਾਦਲਕਿਆਂ 'ਤੇ ਹੈ। ਬਾਦਲਕਿਆਂ ਨੂੰ ਲੱਗਦਾ ਹੈ ਕਿ ਜੇ ਸਿੱਖ ਕੌਮ ਅਤੇ ਪੰਜਾਬ ਉੱਤੇ ਏਨਾ ਜ਼ੁਲਮ ਕਰਕੇ ਘੱਲੂਘਾਰੇ ਤੇ ਨਸਲਕੁਸ਼ੀ ਵਰਤਾ ਕੇ ਪੰਜਾਬ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣ ਗਈਆਂ ਸਨ ਤਾਂ ਸਾਡਾ ਵੀ ਹੁਣ ਕਿਤੇ ਦਾਅ ਲੱਗ ਹੀ ਜਾਵੇਗਾ। ਇਸੇ ਤਰ੍ਹਾਂ ਭਾਜਪਾ ਨੂੰ ਵੀ ਲੱਗਦਾ ਹੈ ਕਿ ਪੰਥ ਅਤੇ ਪੰਜਾਬ ਦੇ ਹੱਕ ਦਿੱਤੇ ਬਿਨਾਂ ਹੀ ਅਸੀਂ ਪੰਜਾਬ 'ਚ ਆਪਣੀ ਸਰਕਾਰ ਬਣਾ ਲਵਾਂਗੇ। ਇਸੇ ਲਈ ਅਜੇ ਤੱਕ ਬੀਜੇਪੀ ਨੇ ਭਾਰਤੀ ਸੰਵਿਧਾਨ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਿਆ, ਨਾ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ ਤੇ ਨਾ ਹੀ ਸਿੱਖਾਂ ਦੇ ਢਾਹੇ ਗੁਰਦੁਆਰਿਆਂ ਦੀ ਮੁੜ ਉਸਾਰੀ ਕਰਵਾਈ, ਨਾ ਹੀ ਹੜ੍ਹਾਂ ਵਿੱਚ ਪੰਜਾਬ ਦੀ ਮਦਦ ਕੀਤੀ ਸੀ। ਬਾਦਲਕੇ, ਕਾਂਗਰਸੀ ਤੇ ਝਾੜੂ ਪਾਰਟੀ ਦੇ ਵੱਧ ਤੋਂ ਵੱਧ ਸਿਆਸੀ ਆਗੂ ਆਪਣੇ ਵੱਲ ਖਿੱਚ ਕੇ ਬੀਜੇਪੀ ਪੰਜਾਬ 'ਚ ਸੱਤਾ ਦੇ ਸੁਪਨੇ ਵੇਖੀ ਜਾ ਰਹੀ ਹੈ। ਕਾਂਗਰਸ ਆਪਸ 'ਚ ਲੜੀ ਜਾ ਰਹੀ ਹੈ, ਸੱਤਾ ਦੇ ਨਸ਼ੇ 'ਚ ਭਗਵੰਤ ਮਾਨ ਹੁਰੀਂ ਹੰਕਾਰੇ ਫਿਰਦੇ ਨੇ, ਬਾਦਲਕਿਆਂ 'ਤੇ ਪੰਥ ਔਖਾ ਹੈ ਤੇ ਭਾਜਪਾ ਵਾਲੇ ਆਪਣਾ ਉੱਲੂ ਸਿੱਧਾ ਕਰਨ ਨੂੰ ਫਿਰਦੇ ਹਨ। ਇਹ ਗੱਲ ਬੜੀ ਸਪਸ਼ਟ ਹੈ ਕਿ ਕਾਂਗਰਸ ਵਾਂਗ ਬੀਜੇਪੀ ਵੀ ਪੰਥ ਅਤੇ ਪੰਜਾਬ ਦੀ ਦੋਖੀ ਹੈ ਤੇ ਇਹਨਾਂ ਤੋਂ ਇਲਾਵਾ ਬਾਕੀ ਪਾਰਟੀਆਂ ਵੀ ਕੋਈ ਦੁੱਧ ਧੋਤੀਆਂ ਨਹੀਂ ਹਨ। ਆਮ ਆਦਮੀ ਪਾਰਟੀ ਵਾਲੇ ਅਤੇ ਪੰਥ ਦੇ ਭਗੌੜੇ ਬਾਦਲਕੇ ਇਹ ਸਭ ਦਿੱਲੀ ਦੇ ਦਲਾਲ ਹਨ। ਦੂਜੇ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਪਿਤਾ ਤਰਸੇਮ ਸਿੰਘ ਦੀ ਅਗਵਾਈ ਵਾਲਾ ਵਾਰਿਸ ਪੰਜਾਬ ਦੇ ਅਕਾਲੀ ਦਲ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਬੀਬੀ ਸਤਵੰਤ ਕੌਰ ਵਾਲਾ ਪੁਨਰ ਸੁਰਜੀਤ ਅਕਾਲੀ ਦਲ, ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੂਨਾਈਟਡ ਅਕਾਲੀ ਦਲ, ਭਾਈ ਮੋਹਕਮ ਸਿੰਘ, ਭਾਈ ਬਲਦੇਵ ਸਿੰਘ ਵਡਾਲਾ, ਭਾਈ ਬੂਟਾ ਸਿੰਘ ਰਣਸ਼ੀਂਹ ਅਤੇ ਹੋਰ ਪੰਥਕ ਜਥੇਬੰਦੀਆਂ ਤੇ ਸਰਗਰਮ ਆਗੂ ਪੰਥਪ੍ਰਸਤ ਅਤੇ ਪੰਜਾਬ ਪ੍ਰਸਤ ਤਾਂ ਜ਼ਰੂਰ ਹਨ ਪਰ ਇਹਨਾਂ ਸਾਰਿਆਂ ਵਿੱਚ ਏਕਤਾ ਨਹੀਂ। ਬੜੇ ਵਖਰੇਵੇਂ ਮੱਤਭੇਦ, ਖਿੱਚੋਤਾਣ ਤੇ ਅਸਹਿਮਤੀਆਂ ਹਨ ਜਿਸ ਕਰਕੇ ਵੋਟ ਰਾਜਨੀਤੀ ਵਿੱਚ ਅਜੇ ਕਿਤੇ ਵੀ ਪੰਥ ਤੇ ਪੰਜਾਬ ਦਾ ਸੁਨਹਿਰੀ ਅਤੇ ਸੁਰੱਖਿਅਤ ਭਵਿੱਖ ਨਹੀਂ ਦਿਸ ਰਿਹਾ। ਪੰਥਕ ਆਗੂਆਂ ਤੇ ਪੰਥਕ ਜਥੇਬੰਦੀਆਂ ਨੂੰ ਤਾਂ ਇੱਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ। ਨਿੱਤ ਨਵੇਂ ਮੁੱਦੇ, ਘਟਨਾਵਾਂ, ਚੁਣੌਤੀਆਂ, ਜ਼ੁਲਮ ਤੇ ਬੇਇਨਸਾਫ਼ੀਆਂ ਨਾਲ ਸਿੱਖਾਂ ਤੇ ਪੰਜਾਬੀਆਂ ਦੀ ਖੱਜਲ-ਖੁਆਰੀ ਹੋ ਰਹੀ ਹੈ। ਜਿਨ੍ਹਾਂ ਧਾਰਮਿਕ ਆਗੂਆਂ ਨੇ ਸਹੀ ਸੇਧ ਦੇਣੀ ਸੀ ਉਹ ਬਾਬੇ ਧੁੰਮੇ ਦੀ ਅਗਵਾਈ 'ਚ ਬੀਜੇਪੀ ਦਾ ਝੰਡਾ ਚੁੱਕੀ ਫਿਰਦੇ ਹਨ ਜਿਸ ਕਾਰਨ ਸਿੱਖ ਕੌਮ ਦੀ ਵੱਖਰੀ ਪਛਾਣ ਅਤੇ ਦੇਸ ਪੰਜਾਬ ਦੀ ਸ਼ਾਨ ਦਾਅ ਉੱਤੇ ਲੱਗੀ ਹੋਈ ਹੈ। ਪੰਥ ਤੇ ਪੰਜਾਬ ਦੇ ਦਰਦੀਆਂ ਨੂੰ ਇਸ ਸਮੱਸਿਆ ਦਾ ਕੋਈ ਹੱਲ ਕੱਢਣਾ ਚਾਹੀਦਾ ਹੈ। 
 

ਰਣਜੀਤ ਸਿੰਘ ਦਮਦਮੀ ਟਕਸਾਲ 
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.