ਜ਼ਹਿਰੀਲੀ ਸ਼ਰਾਬ ਦੇ ਗੋਰਖ ਧੰਦੇ ਨੂੰ ਰਾਜਨੀਤਿਕ ਸਰਪ੍ਰਸਤ ਹਾਸਲ- ਬੀਬੀ ਜਗੀਰ ਕੌਰ
- ਰਾਜਨੀਤੀ
- 14 May, 2025 08:10 PM (Asia/Kolkata)
ਪੀੜਤ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਅਤੇ ਜੁਡੀਸ਼ੀਅਲ ਜਾਂਚ ਦੀ ਕੀਤੀ ਮੰਗ
ਜਲੰਧਰ,14 ਮਈ, ਨਜ਼ਰਾਨਾ ਟਾਈਮਜ ਬਿਊਰੋ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 21 ਜਣਿਆਂ ਦੀ ਹੋਈ ਮੌਤ ‘ਤੇ ਡੂੰਘੇ ਦੱੁਖ ਦਾ ਪ੍ਰਗਟਾਵਾ ਕਰਦਿਆ ਦੋਸ਼ ਲਾਇਆ ਕਿ ਜ਼ਹਿਰੀਲੀ ਸ਼ਰਾਬ ਦਾ ਗੋਰਖਧੰਦਾ ਰਾਜਨੀਤਿਕ ਸਰਪ੍ਰਸਤੀ ਤੋਂ ਬਿਨ੍ਹਾਂ ਨਹੀਂ ਚੱਲ ਸਕਦਾ। ਇੱਥੋਂ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਬੀਬੀ ਜਗੀਰ ਕੌਰ ਨੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਮਾਰੇ ਗਏ ਗਰੀਬ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ।ਉਨ੍ਹਾਂ ਕਿਹਾ ਕਿ 21 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਜਾਨ ਚਲੇ ਜਾਣੀ ਕੋਈ ਛੋਟੀ ਘਟਨਾ ਨਹੀਂ ਹੈ।ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕੋਲੋ ਮੰਗ ਕੀਤੀ ਕਿ ਇਸ ਘਟਨਾ ਦੀ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ ਅਤੇ ਸਾਰਾ ਸੱਚ ਪੰਜਾਬ ਦੇ ਲੋਕਾਂ ਸਾਹਮਣੇ ਰੱਖਿਆ ਜਾਵੇ ਕਿ ਇੰਨ੍ਹਾਂ 21 ਗਰੀਬ ਲੋਕਾਂ ਦੀ ਜਾਨ ਲੈਣ ਪਿੱਛੇ ਕਿਹੜੇ ਰਾਸੂਖਵਾਨ ਦਾ ਹੱਥ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ ਤਾਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਤੇ ਇਹ ਮੁਹਿੰਮ ਨੂੰ ਹਰ ਪਿੰਡ ਤੱਕ ਲੈ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੀ ਫੂਕ ਨਿਕਲ ਗਈ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਹੜੇ 10 ਲੋਕ ਅਜੇ ਵੀ ਜ਼ੇਰੇ ਇਲਾਜ ਹਨ ,ਉਨ੍ਹਾਂ ਦਾ ਇਲਾਜ ਪੰਜਾਬ ਸਰਕਾਰ ਕਰਵਾਏ ਅਤੇ ਪੀੜਤ ਪਰਿਵਾਰਾਂ ਨੂੰ ਪ੍ਰਤੀ ਵਿਅਕਤੀ 25 ਲੱਖ ਦੀ ਮਾਲੀ ਸਹਾਇਤਾ ਦਿੱਤੀ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।ਉਨ੍ਹਾਂ ਇਹ ਮੰਗ ਵੀ ਕੀਤੀ ਕਿ ਕਾਂਗਰਸ ਸਰਕਾਰ ਸਮੇਂ 2020 ਵਿੱਚ ਵੀ ਮਾਝੇ ਦੇ ਤਰਨਤਾਰਨ,ਅੰਮ੍ਰਿਤਸਰ,ਅਤੇ ਗੁਰਦਾਸਪੁਰ ਜਿਿਲ੍ਹਆਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਪੰਜਾਬ ਦੇ ਆਪਣੇ ਜਿਲ੍ਹੇ ਸੰਗਰੂਰ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 20 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਮਜੀਠਾ ਹਲਕੇ ਵਿੱਚ ਵਾਪਰੀ ਇਸ ਦੁਖਦਾਇਕ ਘਟਨਾ ਲਈ ਸਿੱਧੇ ਤੌਰ 'ਤੇ ਜੁੰਮੇਵਾਰ ਹਲਕੇ ਦੇ ਥਾਣੇਦਾਰ ਅਤੇ ਡੀਐਸਪੀ ਨੂੰ ਮੁਆਤੱਲ ਤਾਂ ਕਰ ਦਿੱਤਾ ਗਿਆ ਹੈ ਪਰ ਅਸਲ ਦੋਸ਼ੀਆਂ ਨੂੰ ਅਜੇ ਫੜਨਾ ਬਾਕੀ ਹੈ।
ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿੱਚ ਗਰੀਬ ਲੋਕਾਂ ਦੀ ਮੌਤ ਹੋ ਗਈ ਸੀ।ਉਸ ਵੇਲੇ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਵਿੱਚ ਸੀ।ਉਸ ਵੇਲੇ ਕਾਂਗਰਸ ਨੂੰ ਘੇਰਦਿਆ ਆਪ ਨੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ। ਹੁਣ ਜਦੋਂ ਆਪ ਸੱਤਾ ਵਿੱਚ ਹੈ ਤਾਂ ਸ਼ਰਾਬ ਦਾ ਇਹ ਧੰਦਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਗਰੀਬ ਦੀ ਜਾਨ ਜ਼ਹਿਰੀਲੀ ਸ਼ਰਾਬ ਪੀਣ ਨਾਲ ਨਾ ਜਾਵੇ।
Leave a Reply