ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ ਖ਼ਾਲਿਸਤਾਨ ਦੀ ਪ੍ਰਾਪਤੀ ਤਕ ਸੰਘਰਸ਼ ਜਾਰੀ ਰਹੇਗਾ : ਪੰਥਕ ਆਗੂ
- ਰਾਜਨੀਤੀ
- 14 May,2025
ਸ਼ਹੀਦ ਭਾਈ ਮੱਖਣ ਸਿੰਘ ਗੜੁੱਲੀ ਦੀ ਯਾਦ 'ਚ ਕਰਵਾਇਆ ਸਮਾਗਮ
ਅੰਮ੍ਰਿਤਸਰ, 14 ਮਈ , ਨਜ਼ਰਾਨਾ ਟਾਈਮਜ ਬਿਊਰੋ
ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਚੱਲੇ ਹਥਿਆਰਬੰਦ ਸੰਘਰਸ਼ 'ਚ ਜੂਝਣ ਵਾਲੇ ਜੁਝਾਰੂ ਸ਼ਹੀਦ ਭਾਈ ਮੱਖਣ ਸਿੰਘ ਗੜੁੱਲੀ ਦਾ ਸ਼ਹੀਦੀ ਦਿਹਾੜਾ ਉਨ੍ਹਾਂ ਦੇ ਪਰਿਵਾਰ, ਸਮੂਹ ਸਿੱਖ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵਲੋਂ ਪਿੰਡ ਗਗਨੌਲੀ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਜਿਸ ਵਿਚ ਵੱਖੋ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਜੁਝਾਰੂ-ਜਰਨੈਲ ਭਾਈ ਦਲਜੀਤ ਸਿੰਘ ਬਿੱਟੂ, ਆਵਾਜ਼ ਏ ਕੌਮ ਤੋਂ ਸਿੱਖ ਚਿੰਤਕ ਭਾਈ ਪ੍ਰਭਜੋਤ ਸਿੰਘ ਨਵਾਂਸ਼ਹਿਰ, ਪ੍ਰਧਾਨ ਭਾਈ ਮਨਜੀਤ ਸਿੰਘ ਕਰਤਾਰਪੁਰ, ਭਾਈ ਨੋਬਲਜੀਤ ਸਿੰਘ ਬੁੱਲ੍ਹੋਵਾਲ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਭਾਈ ਹਰਜਿੰਦਰ ਸਿੰਘ ਜ਼ਿੰਦਾ, ਭਾਈ ਰਣਵੀਰ ਸਿੰਘ ਬੈਂਸਤਾਨੀ, ਭਾਈ ਕਰਨੈਲ ਸਿੰਘ ਘੋੜੇਬਾਹਾ, ਭਾਈ ਪਰਮਜੀਤ ਸਿੰਘ ਗਾਜੀ, ਭਾਈ ਅੰਗਰੇਜ ਸਿੰਘ ਮੋਗਾ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਅਤੇ ਚਾਲੀ ਦੇ ਕਰੀਬ ਸ਼ਹੀਦ ਖਾੜਕੂਆਂ ਦੇ ਪਰਿਵਾਰਾਂ ਦੇ 5100-5100 ਰੁਪਏ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤੇ ਗਏ। ਪੰਥਕ ਆਗੂਆਂ ਨੇ ਕਿਹਾ ਕਿ ਅੱਜ ਸਾਡਾ ਵਜ਼ੂਦ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ ਅਤੇ ਸ਼ਹੀਦ ਭਾਈ ਮੱਖਣ ਸਿੰਘ ਜੀ ਸਮੇਤ ਸਮੁੱਚੇ ਜੁਝਾਰੂ ਸ਼ਹੀਦਾਂ ਕਰਕੇ ਹੀ ਹੈ, ਜਿਨ੍ਹਾਂ ਨੇ ਸਿੱਖ ਪਛਾਣ ਨੂੰ ਕਾਇਮ ਰੱਖਣ ਅਤੇ ਸਿੱਖ ਪ੍ਰਭੂਸੱਤਾ ਖਾਲਿਸਤਾਨ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਜੁਝਾਰੂ ਸਿੰਘ ਬਹੁਤ ਹੀ ਉੱਚੇ-ਸੁੱਚੇ ਕਿਰਦਾਰਾਂ ਵਾਲੀਆਂ ਸੂਝਵਾਨ ਰੂਹਾਂ ਸਨ ਅਤੇ ਇੱਥੋਂ ਤੱਕ ਉੱਚ-ਕੋਟੀ ਦੇ ਪੜ੍ਹੇ-ਲਿਖੇ ਅਤੇ ਨੌਕਰੀਆਂ ਕਰਨ ਵਾਲੇ ਸਿੰਘਾਂ ਨੇ ਵੀ ਆਪਣੇ ਘਰ-ਪਰਿਵਾਰ ਛੱਡ ਕੇ ਸਿੱਖਾਂ 'ਤੇ ਹੋ ਰਹੇ ਜਬਰ ਜ਼ੁਲਮ ਨੂੰ ਠੱਲ੍ਹ ਪਾਉਣ ਅਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਵੱਡਾ ਹਥਿਆਰਬੰਦ ਸੰਘਰਸ਼ ਲੜਿਆ। ਖਾੜਕੂ ਸਿੰਘਾਂ ਦਾ ਮਕਸਦ ਅਤੇ ਸੰਘਰਸ਼ ਗੁਰੂ ਸਾਹਿਬ ਜੀ ਵਲੋਂ ਉਸਾਰੇ ਸਰਬੱਤ ਦੇ ਭਲੇ ਵਾਲੇ ਹਲੀਮੀ ਰਾਜ ਦੇ ਸੰਕਲਪ ਤੋਂ ਪ੍ਰੇਰਿਤ ਸੀ। ਇਸ ਸੰਕਲਪ ਦੀ ਪ੍ਰਾਪਤੀ ਲਈ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਮੂਹ ਜੁਝਾਰੂ ਸ਼ਹੀਦ ਸਿੰਘਾਂ ਨੇ ਪੂਰਾ ਪਹਿਰਾ ਦਿੱਤਾ। ਅਖ਼ੀਰ ਉਨ੍ਹਾਂ ਕਿਹਾ ਕਿ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਸ਼ਹੀਦ ਭਾਈ ਮੱਖਣ ਸਿੰਘ ਜੀ ਦੇ ਪਰਿਵਾਰ ਵਲੋਂ ਸ਼ਹੀਦ ਖਾੜਕੂਆਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਭਾਈ ਮੱਖਣ ਸਿੰਘ ਜੀ ਦੇ ਭਰਾਤਾ ਭਾਈ ਹਰਕਮਲ ਸਿੰਘ, ਬਾਪੂ ਸੇਵਾ ਸਿੰਘ, ਬਾਬਾ ਹਰਦੇਵ ਸਿੰਘ ਜੀ ਤਲਵੰਡੀ ਅਰਾਈਆਂ, ਭਾਈ ਕੰਵਲ ਚਰਨਜੀਤ ਸਿੰਘ ਜਲੰਧਰ, ਧਰਮੀ ਫੌਜੀ ਭਾਈ ਜਸਵੰਤ ਸਿੰਘ, ਬੀਬੀ ਕੁਲਵਿੰਦਰ ਕੌਰ ਜੀ ਤੁਗਲਵਾਲ, ਭਾਈ ਅੰਗਰੇਜ਼ ਸਿੰਘ, ਲਖਵੀਰ ਸਿੰਘ ਸ਼ਹੀਦ ਸਿੰਘ ਦਾ ਸਮੂਹ ਪਰਿਵਾਰ ਅਤੇ ਰਿਸ਼ਤੇਦਾਰ ਹਾਜ਼ਰ ਸਨ।
Posted By:
GURBHEJ SINGH ANANDPURI
Leave a Reply