ਨਕਲੀ ਨਿਹੰਗਾਂ ਦੇ ਰੂਪ ਵਿੱਚ ਉੱਭਰਦੀ ਚੁਣੌਤੀ — ਪੰਥ ਨੂੰ ਸੁਚੇਤ ਹੋਣ ਦੀ ਲੋੜ
- ਸੰਪਾਦਕੀ
- 28 Jul, 2026 10:31 AM (Asia/Kolkata)
ਨਕਲੀ ਨਿਹੰਗਾਂ ਦੇ ਰੂਪ ਵਿੱਚ ਉੱਭਰਦੀ ਚੁਣੌਤੀ — ਪੰਥ ਨੂੰ ਸੁਚੇਤ ਹੋਣ ਦੀ ਲੋੜ
ਸੰਗਤ ਜੀ,
ਪਿਛਲੇ ਕੁਝ ਸਾਲਾਂ ਤੋਂ ਸਿੱਖ ਪੰਥ ਦੇ ਸਾਹਮਣੇ ਇੱਕ ਚਿੰਤਾਜਨਕ ਰੁਝਾਨ ਉੱਭਰ ਰਿਹਾ ਹੈ। ਕੁਝ ਵਿਅਕਤੀ ਆਪਣੇ ਆਪ ਨੂੰ ਨਿਹੰਗ ਸਿੰਘ ਵਜੋਂ ਪੇਸ਼ ਕਰਦੇ ਹੋਏ ਅਜਿਹੇ ਕਿਰਿਆ-ਕਲਾਪ ਅਤੇ ਬਿਆਨ ਦੇ ਰਹੇ ਹਨ ਜੋ ਗੁਰਮਤਿ ਦੀ ਮੂਲ ਵਿਚਾਰਧਾਰਾ, ਸਿੱਖ ਰਹਿਤ ਅਤੇ ਪੰਥਕ ਮਰਿਆਦਾ ਨਾਲ ਮੇਲ ਨਹੀਂ ਖਾਂਦੇ।
ਅਜਿਹੇ ਲੋਕਾਂ ਦੇ ਵਿਵਹਾਰ ਕਾਰਨ ਨਾ ਕੇਵਲ ਸਿੱਖ ਪੰਥ ਦੀ ਛਵੀ ਨੂੰ ਨੁਕਸਾਨ ਪਹੁੰਚਦਾ ਹੈ, ਸਗੋਂ ਵਿਰੋਧੀ ਤਾਕਤਾਂ ਨੂੰ ਵੀ ਇਹ ਕਹਿਣ ਦਾ ਮੌਕਾ ਮਿਲਦਾ ਹੈ ਕਿ ਸਿੱਖ ਗੁੱਸੇ, ਅਸਹਿਣਸ਼ੀਲਤਾ ਜਾਂ ਅਰਾਜਕਤਾ ਦੇ ਪੱਖਧਰ ਹਨ। ਇਹ ਧਾਰਨਾ ਗੁਰਬਾਣੀ ਦੇ ਉਸ ਸੰਦੇਸ਼ ਦੇ ਬਿਲਕੁਲ ਉਲਟ ਹੈ ਜੋ ਸਾਨੂੰ ਸੰਜਮ, ਵਿਵੇਕ, ਨਿਮਰਤਾ ਅਤੇ ਧਰਮ-ਅਧਾਰਿਤ ਦ੍ਰਿੜਤਾ ਦਾ ਰਾਹ ਦਿਖਾਉਂਦਾ ਹੈ।
ਇਸ ਲਈ ਸਮਾਂ ਆ ਗਿਆ ਹੈ ਕਿ ਅਸੀਂ ਵਿਅਕਤੀਆਂ ਦੀ ਪਹਿਚਾਣ ਨਹੀਂ, ਸਗੋਂ ਉਨ੍ਹਾਂ ਦੇ ਆਚਰਨ ਨੂੰ ਗੁਰਮਤਿ ਦੀ ਕਸਵੱਟੀ ’ਤੇ ਪਰਖੀਏ। ਜੋ ਵੀ ਵਿਅਕਤੀ ਨਿਹੰਗ ਦੇ ਰੂਪ ਵਿੱਚ ਸਾਹਮਣੇ ਆ ਕੇ ਗੁਰਮਤਿ ਦੇ ਉਲਟ ਵਿਚਾਰਾਂ ਜਾਂ ਕਿਰਿਆਵਾਂ ਨੂੰ ਪ੍ਰਚਾਰਿਤ ਕਰਦਾ ਹੈ, ਉਸ ਤੋਂ ਪੰਥ ਨੂੰ ਸਚੇਤ ਰਹਿਣਾ ਚਾਹੀਦਾ ਹੈ।
ਮੈਂ ਪੰਥ ਦੀਆਂ ਸਾਰੀਆਂ ਜ਼ਿੰਮੇਵਾਰ ਸੰਸਥਾਵਾਂ ਨੂੰ ਅਪੀਲ ਕਰਦਾ ਹਾਂ ਕਿ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣ। ਵਿਸ਼ੇਸ਼ ਤੌਰ ’ਤੇ ਪੰਥ ਦੀਆਂ ਪ੍ਰਮੁੱਖ ਨਿਹੰਗ ਜਥੇਬੰਦੀਆਂ ਦੀ ਇਹ ਨੈਤਿਕ ਅਤੇ ਪੰਥਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਪੱਸ਼ਟ ਕਰਨ ਕਿ ਨਿਹੰਗ ਪਰੰਪਰਾ ਦੀ ਅਸਲ ਪਛਾਣ ਕੀ ਹੈ ਅਤੇ ਜੋ ਲੋਕ ਇਸ ਪਰੰਪਰਾ ਦੇ ਨਾਮ ’ਤੇ ਗੁਰਮਤਿ-ਵਿਰੋਧੀ ਵਿਵਹਾਰ ਕਰਦੇ ਹਨ, ਉਨ੍ਹਾਂ ਤੋਂ ਸਾਰਿਆਂ ਨੂੰ ਸਚੇਤ ਕਰਨ ਅਤੇ ਲੋੜ ਅਨੁਸਾਰ ਪੰਥਕ ਮਰਿਆਦਾ ਅਨੁਸਾਰ ਕਾਰਵਾਈ ਕਰਨ।
ਸਾਡਾ ਨਿਸ਼ਾਨਾ ਕਿਸੇ ਵਿਅਕਤੀ ਜਾਂ ਜਥੇਬੰਦੀ ਨੂੰ ਬਦਨਾਮ ਕਰਨਾ ਨਹੀਂ, ਸਗੋਂ ਗੁਰਮਤਿ ਦੀ ਮਰਿਆਦਾ, ਨਿਹੰਗ ਪਰੰਪਰਾ ਦੀ ਅਸਲ ਪਛਾਣ ਅਤੇ ਸਿੱਖ ਪੰਥ ਦੀ ਸਾਖ ਦੀ ਰੱਖਿਆ ਕਰਨਾ ਹੋਣਾ ਚਾਹੀਦਾ ਹੈ।
ਯਾਦ ਰੱਖੋ, ਪੰਥ ਨੂੰ ਸਭ ਤੋਂ ਵੱਧ ਨੁਕਸਾਨ ਉਹ ਨਹੀਂ ਪਹੁੰਚਾਉਂਦਾ ਜੋ ਬਾਹਰੋਂ ਵਿਰੋਧ ਕਰਦਾ ਹੈ, ਸਗੋਂ ਉਹ ਪਹੁੰਚਾਉਂਦਾ ਹੈ ਜੋ ਅੰਦਰੋਂ ਪੰਥ ਦੀ ਪਛਾਣ ਦਾ ਚੋਲਾ ਪਾ ਕੇ ਗੁਰਮਤਿ ਦੇ ਉਲਟ ਸੰਦੇਸ਼ ਫੈਲਾਉਂਦਾ ਹੈ।
ਮਹਿਮਾਨ ਸੰਪਾਦਕ
ਗੁਰਜੀਤ ਸਿੰਘ ਅਜ਼ਾਦ
Leave a Reply