ਵਾਰਸ ਪੰਜਾਬ"ਪਾਰਟੀ ਲਈ ਹਜ਼ਾਰਾਂ ਸੰਗਤਾਂ ਦਾ ਇਕੱਠ ਜੁੜਿਆ।

ਵਾਰਸ ਪੰਜਾਬ"ਪਾਰਟੀ ਲਈ ਹਜ਼ਾਰਾਂ ਸੰਗਤਾਂ ਦਾ ਇਕੱਠ ਜੁੜਿਆ।

•"ਵਾਰਸ ਪੰਜਾਬ"ਪਾਰਟੀ ਲਈ ਹਜ਼ਾਰਾਂ ਸੰਗਤਾਂ ਦਾ ਇਕੱਠ ਜੁੜਿਆ।

• ਸਮੁੱਚੇ ਇਕੱਠ ਦੀ ਰੂਹ ਦਾ ਹਾਣੀ ਅੰਮ੍ਰਿਤਪਾਲ ਸਿੰਘ ਹੀ ਸੀ।

• 40 ਸਾਲ ਤੋਂ ਘੱਟ ਉਮਰ ਦੇ 80 ਫੀਸਦ ਨੌਜਵਾਨ ਇਕੱਠ ਦੀ ਸ਼ਾਨ ਬਣੇ।

• ਮੋਹਾਲੀ ਮਾਰਚ ਨੇ ਛੇੜੀ ਨਵੀਂ ਚਰਚਾ: ,ਇਨੇ ਹੈਰਾਨਜਨਕ ਇਕੱਠ ਦੀ ਮੰਗ ਪੱਤਰ ਨਾਲ ਹੀ ਤਸੱਲੀ ਕਿਵੇਂ ਹੋ ਗਈ.? ਸੀਐਮ ਦੀ ਕੋਠੀ ਦਾ ਘਿਰਾਓ ਮੰਗ ਪੱਤਰ ਵਿੱਚ ਹੀ ਕਿਵੇਂ ਬਦਲਿਆ.? ਨੌਜਵਾਨ ਮਾਯੂਸ।

ਕਰਮਜੀਤ ਸਿੰਘ ਚੰਡੀਗੜ੍ਹ।
ਸੀਨੀਅਰ ਪੱਤਰਕਾਰ।

ਗੁਰਦੁਆਰਾ ਅੰਬ ਸਾਹਿਬ ਮੋਹਾਲੀ, 29 ਜੁਲਾਈ : ਦੋਸਤੋ,ਜੇ ਆਪ ਮੁਹਾਰਾ ਉਤਸ਼ਾਹ,ਜੋਸ਼,ਜਜ਼ਬਾ ਤੇ ਗਿਣਤੀ ਹੀ ਕਿਸੇ ਪਾਰਟੀ ਦੇ ਵਜੂਦ ਦਾ ਪਹਿਲਾ ਮਾਪ ਦੰਡ ਹੋਵੇ ਤਾਂ ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੀ ਜਵਾਨੀ "ਵਾਰਸ ਪੰਜਾਬ ਦੇ" ਪਾਰਟੀ ਵੱਲ ਪੂਰੀ ਤਰ੍ਹਾਂ ਝੁਕੀ ਹੋਈ ਨਜ਼ਰ ਆ ਰਹੀ ਹੈ।

ਤੁਹਾਡਾ ਪੱਤਰਕਾਰ ਸਤਵੇਂ ਪਾਤਸ਼ਾਹ ਦੀ ਯਾਦ ਵਿੱਚ ਬਣੇ ਅੰਬ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਪਣੇ ਇੱਕ ਦੋਸਤ ਪੱਤਰਕਾਰ ਦੇ ਨਾਲ ਮੋਟਰਸਾਈਕਲ ਉੱਤੇ ਉਨਾਂ ਚਿਰ ਜਲੂਸ ਦੇ ਨਾਲ ਨਾਲ ਹੌਲੀ ਹੌਲੀ ਚਲਦਾ ਰਿਹਾ ਜਦੋਂ ਤੱਕ ਇਹ ਜਲੂਸ ਚੰਡੀਗੜ੍ਹ ਦੇ 34 ਸੀ ਦੇ ਵੱਡੇ ਮੈਦਾਨ ਤੱਕ ਨਹੀਂ ਪਹੁੰਚ ਗਿਆ ਜਿੱਥੋਂ ਕਰੀਬ 250 ਗਜ਼ ਦੀ ਦੂਰੀ ਤੇ ਟਰਿਬਿਊਨ ਚੌਕ ਅਤੇ ਜ਼ੀਰਕਪੁਰ ਵੱਲ ਜਾਣ ਵਾਲੀ ਸੜਕ ਵਗਦੀ ਹੈ। ਤਾਜ਼ਾ ਖਬਰਾਂ ਅਨੁਸਾਰ ਇਹ ਜਲੂਸ ਚੰਡੀਗੜ੍ਹ ਵਿੱਚ ਗਵਰਨਰ ਹਾਊਸ ਦੇ ਨੇੜੇ ਪਹੁੰਚ ਗਿਆ ਅਤੇ ਉੱਥੇ ਹੀ ਸੀਐਮ ਦੇ ਇੱਕ ਉੱਚ ਅਧਿਕਾਰੀ ਨੂੰ ਮੰਗ ਪੱਤਰ ਦੇ ਕੇ ਵਾਪਸ ਆ ਗਿਆ।

ਪਰ ਪੱਤਰਕਾਰਾਂ ਵਿੱਚ ਸਵਾਲਾਂ ਦੇ ਰੂਪ ਵਿੱਚ ਇੱਕ ਨਵੀਂ ਚਰਚਾ ਵੀ ਛਿੜੀ ਹੋਈ ਹੈ ਕਿ ਇਨੇ ਵੱਡੇ ਤੇ ਹੈਰਾਨਜਨਕ ਇਕੱਠ ਦੀ ਕੇਵਲ ਮੰਗ ਪੱਤਰ ਨਾਲ ਹੀ ਤਸਲੀ ਕਿਵੇਂ ਹੋ ਗਈ? ਸੀਐਮ ਦੀ ਕੋਠੀ ਦੇ ਘਰਾਓ ਦਾ ਐਲਾਨ ਮੰਗ ਪੱਤਰ ਵਿੱਚ ਹੀ ਕਿਵੇਂ ਤੇ ਕਿਉਂ ਬਦਲਿਆ ਜਦਕਿ ਨੌਜਵਾਨ ਅੱਗੇ ਵਧਣ ਲਈ ਉਤਾਵਲੇ ਸਨ.।

ਦੋਸਤੋ, ਜੇ ਤੁਸੀਂ ਇਸ ਫਾਸਲੇ ਨੂੰ ਅੱਠ ਤੋਂ 10 ਕਿਲੋਮੀਟਰ ਵੀ ਗਿਣ ਲਵੋ ਤਾਂ ਇਹ ਸਾਰੇ ਰਾਹ ਉਤੇ ਕਿਤੇ ਵੱਡੇ ਵੱਡੇ ਗਰੁੱਪਾਂ ਦੀ ਸ਼ਕਲ ਵਿੱਚ ਅਤੇ ਕਿਤੇ ਕਿਤੇ ਛੋਟੇ ਗਰੁੱਪਾਂ ਦੇ ਰੂਪ ਵਿੱਚ ਤੁਸੀਂ ਪੰਜਾਬ ਦੀ ਚੜਦੀ ਜਵਾਨੀ ਨੂੰ ਮਾਰਚ ਕਰਦੇ ਹੋਏ ਵੇਖ ਸਕਦੇ ਸੀ। ਉਹਨਾਂ ਦੇ ਹੱਥਾਂ ਵਿੱਚ ਸੈਂਕੜੇ ਤਖਤੀਆਂ ਫੜੀਆਂ ਹੋਈਆਂ ਸਨ ਜਿਨਾਂ ਵਿੱਚ ਬੰਦੀ ਸਿੰਘਾਂ ਦੇ ਰਿਹਾਈ ਦੀ ਮੰਗ ਕੀਤੀ ਗਈ ਸੀ ਅੰਮ੍ਰਿਤਪਾਲ ਸਿੰਘ ਦੇ ਰਿਹਾਈ ਦੀ ਆਵਾਜ਼ ਸੀ, ਇਨਸਾਫ ਦੀ ਮੰਗ ਸੀ, ਜੋਸ਼ੀਲੇ ਜੈਕਾਰੇ ਤੇ ਨਾਅਰੇ ਸਨ,ਪਰ ਸਭ ਕੁਝ ਪੂਰੇ ਅਨੁਸ਼ਾਸਨ ਵਿੱਚ ਸੀ।ਕਰੀਬ 100 ਦੇ ਕਰੀਬ ਵਲੰਟੀਅਰ ਫੋਰਸ ਸੀ ਜਿਨਾਂ ਨੇ ਅੰਮ੍ਰਿਤ ਪਾਲ ਸਿੰਘ ਦੇ ਨਾਂ ਦੀ ਵਰਦੀ ਪਾਈ ਹੋਈ ਸੀ ਜੋ ਜਲੂਸ ਨੂੰ ਪੂਰੇ ਅਨੁਸ਼ਾਸਨ ਵਿੱਚ ਰੱਖ ਰਹੇ ਸਨ।

ਮੈਨੂੰ ਉਮੀਦ ਨਹੀਂ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਕੋਈ ਬਹੁਤ ਵੱਡਾ ਇਕੱਠ ਹੋ ਜਾਵੇਗਾ। ਮੇਰੇ ਦੋਸਤ ਦਾ ਵੀ ਖਿਆਲ ਸੀ ਕਿ ਸਾਰਾ ਜ਼ੋਰ ਲਾ ਕੇ ਵੀ ਤਿੰਨ ਚਾਰ ਹਜ਼ਾਰ ਤੋਂ ਵੱਧ ਇਕੱਠ ਨਹੀਂ ਹੋ ਸਕੇਗਾ ਕਿਉਂਕਿ ਇੱਕ ਤਾਂ ਗਰਮੀ ਹੱਦੋਂ ਵੱਧ ਸੀ ਅਤੇ ਦੂਜਾ ਮੌਸਮ ਦੀ ਰਿਪੋਰਟ ਮੁਤਾਬਕ ਅੱਜ ਚੰਡੀਗੜ੍ਹ ਤੇ ਮੋਹਾਲੀ ਵਿੱਚ ਭਾਰੀ ਤੋਂ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਪਰ ਦੋਸਤੋ,ਗਰਮੀ ਭਾਵੇਂ ਅੱਜ ਰਿਕਾਰਡ ਤੋੜ ਸੀ ਪਰ ਇਕੱਠ ਉਸ ਤੋਂ ਵੀ ਵੱਧ ਰਿਕਾਰਡ ਤੋੜ ਸੀ। ਬਾਰਿਸ਼ ਵੀ ਨਹੀਂ ਹੋਈ। ਸੰਗਤਾਂ ਵਿੱਚ ਉਤਸ਼ਾਹ ਇਸ ਹੱਦ ਤੱਕ ਚਲਾ ਗਿਆ ਸੀ ਕਿ ਬਹੁਤ ਸਾਰੀ ਸੰਗਤ ਰਾਤ ਹੀ ਇੱਥੇ ਪਹੁੰਚ ਗਈ ਸੀ ਅਤੇ ਕੁਝ ਸੰਗਤਾਂ ਨੇ ਫਤਿਹਗੜ੍ਹ ਗੁਰਦੁਆਰਾ ਸਾਹਿਬ ਵਿੱਚ ਰਾਤ ਕੱਟੀ।

ਹੁਣ ਤੁਸੀਂ ਪੁੱਛ ਸਕਦੇ ਹੋ ਕਿ ਇਹ ਸਹੀ ਸਹੀ ਗਿਣਤੀ ਕਿੰਨੀ ਸੀ। ਸਹੀ ਸਹੀ ਗਿਣਤੀ ਦਾ ਤਾਂ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਪਰ ਪਿਛਲੇ 45 50 ਸਾਲਾਂ ਵਿੱਚ ਸਰਗਰਮ ਪੱਤਰਕਾਰੀ ਕਰਦਿਆਂ ਮੈਂ ਇਹ ਕਹਿ ਸਕਦਾ ਹਾਂ ਕਿ ਗਿਣਤੀ ਹਜ਼ਾਰਾਂ ਵਿੱਚ ਸੀ। ਇੱਕ ਮੋਟੇ ਅੰਦਾਜੇ ਮੁਤਾਬਿਕ ਇਹ ਗਿਣਤੀ 18 ਤੋਂ 20 ਹਜਾਰ ਦੇ ਕਰੀਬ ਹੋ ਸਕਦੀ ਹੈ ਹੈ ਜਦਕਿ ਪਾਰਟੀ ਨਾਲ ਸੰਬੰਧਿਤ ਤਜਰਬੇਕਾਰ ਮੈਂਬਰ ਇਹ ਗਿਣਤੀ 30ਹਜਾਰ ਦੇ ਕਰੀਬ ਦੱਸ ਰਹੇ ਸਨ।ਪਰ ਦੋਸਤੋ, ਗਿਣਤੀ ਨਾਲੋਂ ਸੰਗਤਾਂ ਦਾ ਠਾਠਾਂ ਮਾਰਦਾ ਉਤਸ਼ਾਹ ਤੇ ਜੋਸ਼ ਤੁਹਾਡੇ ਪੱਤਰਕਾਰ ਲਈ ਸਭ ਤੋਂ ਵੱਧ ਅਹਿਮ ਸੀ। 

ਅੱਜ ਇੱਕ ਗੱਲ ਚਿੱਟੇ ਦਿਨ ਵਾਂਗ ਸਾਫ ਤੇ ਸਪਸ਼ਟ ਹੋ ਗਈ ਕਿ ਇਹ ਸਾਰੇ ਇਕੱਠ ਵਿੱਚ ਅੰਮ੍ਰਿਤਪਾਲ ਸਿੰਘ ਹੀ ਕੇਂਦਰ ਵਿੱਚ ਸੀ। ਇੰਜ ਵੀ ਕਿਹਾ ਜਾ ਸਕਦਾ ਹੈ ਕਿ ਇਹ ਅੰਮ੍ਰਿਤਪਾਲ ਸਿੰਘ ਦਾ ਹੀ ਇਕੱਠ ਸੀ, ਉਸਦੇ ਲਈ ਹੀ ਇਕੱਠ ਸੀ।

ਇਸ ਜਲੂਸ ਨੇ ਬਹੁਤ ਸਾਰੇ ਗੁੱਝੇ ਤੇ ਸਪਸ਼ਟ ਇਸ਼ਾਰੇ ਵੀ ਕੀਤੇ। ਇਸ ਜਲੂਸ ਦੀਆਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਜੋ ਵਿਰੋਧੀ ਪਾਰਟੀਆਂ ਦੀਆਂ ਸਫਾਂ ਵਿੱਚ ਵੱਡੀ ਚਿੰਤਾ ਪੈਦਾ ਕਰ ਸਕਦੀਹੈ। ਇਸ ਜਲੂਸ ਦੇ ਹੋਰ ਵੀ ਕਈ ਸੰਦੇਸ਼ ਹਨ ਅਤੇ ਸਭ ਤੋਂ ਵੱਡਾ ਸੁਨੇਹਾ ਇਹ ਦਿੱਤਾ ਗਿਆ ਹੈ ਕਿ ਵਾਰਸ ਪੰਜਾਬ ਪਾਰਟੀ ਜੇ ਸਭ ਤੋਂ ਵੱਡੀ ਧਿਰ ਨਹੀਂ ਵੀ ਤਾਂ ਬਰਾਬਰ ਦੀ ਰਾਜਨੀਤਿਕ ਧਿਰ ਬਣ ਕੇ ਜ਼ਰੂਰ ਉਭਰੀ ਹੈ।ਹੋ ਸਕਦਾ ਮੀਡੀਏ ਦੇ ਵੱਡੇ ਹਿੱਸੇ ਨੂੰ ਇਸ ਗੁੱਝੇ ਰਾਜ਼ ਦੀ ਅਜੇ ਸਮਝ ਨਾ ਲੱਗੇ ਕਿਉਂਕਿ ਬਹੁਤੇ ਪੱਤਰਕਾਰ ਅਤੇ ਐਗਜ਼ਟ ਪੋਲ ਵੀ ਇਹ ਨਹੀਂ ਸਨ ਸਮਝ ਸਕੇ ਕਿ ਅਚਾਨਕ ਕੋਈ ਵਿਜੈ ਥਲਪਤੀ ਵਰਗਾ ਸਾਰੀਆਂ ਰਵਾਇਤੀ ਪਾਰਟੀਆਂ ਨੂੰ ਰਾਜਨੀਤਿਕ ਦੁਨੀਆਂ ਤੋਂ ਲਾਂਭੇ ਕਰਕੇ ਕੋਈ ਅਸਚਰਜ ਕਰਾਮਾਤ ਕਰ ਦੇਵੇਗਾ ਅਤੇ ਮੁੱਖ ਮੰਤਰੀ ਬਣ ਜਾਵੇਗਾ। ਮੈਨੂੰ ਕਦੇ ਕਦੇ ਇਸ ਇਕੱਠ ਤੋਂ ਇਹ ਇਸ਼ਾਰਾ ਵੀ ਮਿਲਦਾ ਸੀ ਕਿ ਪੰਜਾਬ ਵਿੱਚ ਰੂਪੋਸ਼ ਪਰਤਾਂ ਵਿੱਚ ਰਿਝ ਰਹੀ ਬੇਚੈਨੀ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਨੂੰ ਪੰਜਾਬ ਦੀ ਸਿਰਮੌਰ ਪਾਰਟੀ ਬਣਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਸਕਦੀਹੈ।

ਪਰ ਮੇਰੇ ਕਈ ਦੋਸਤ ਪੱਤਰਕਾਰਾਂ ਦਾ ਅਤੇ ਰਾਜਨੀਤਿਕ ਵਿਦਵਾਨਾਂ ਦਾ ਕਹਿਣਾ ਸੀ ਕਿ ਇਸ ਵੱਡੇ ਜਲੂਸ ਬਾਰੇ ਕੋਈ ਬਹੁਤੇ ਭਰਮ ਨਹੀਂ ਪਾਲਣੇ ਚਾਹੀਦੇ।ਪਰ ਇਸ ਗੱਲ ਨਾਲ ਸਾਰੇ ਵੀਰ ਸਹਿਮਤ ਸਨ ਕਿ ਇਸ ਇਕੱਠ ਨੂੰ ਰੌਸ਼ਨ ਸੰਭਾਵਨਾਵਾਂ ਤੱਕ ਹੀ ਸੀਮਤ ਕਰਨਾ ਚਾਹੀਦਾ ਹੈ ਕਿਉਂਕਿ ਜਜ਼ਬਿਆਂ ਦੇ ਸਫਰ ਨੂੰ ਜੇ ਚੋਣ ਬੂਥਾਂ ਤੱਕ ਨਹੀਂ ਪਹੁੰਚਾਇਆ ਜਾਂਦਾ ਤਾਂ ਵੱਡੀ ਜਿੱਤ ਦੀ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਵਿਰੋਧੀ ਧਿਰਾਂ ਕੋਲ ਚੋਣ ਲੜਨ ਦਾ ਲੰਮਾ ਤਜਰਬਾ,ਅਨੁਭਵ ਤੇ ਸਾਧਨ ਹਨ ਜਿਨਾਂ ਦਾ ਮੁਕਾਬਲਾ ਕੇਵਲ ਤੇ ਕੇਵਲ ਜਜ਼ਬਿਆਂ ਦੇ ਆਸਰੇ ਹੀ ਨਹੀਂ ਕੀਤਾ ਜਾ ਸਕਦਾ।ਇਹ ਇਕੱਠ ਵਾਰਸ ਪੰਜਾਬ ਨੂੰ ਵਿਰੋਧੀਆਂ ਦੇ ਮੁਕਾਬਲੇ ਬੂਥਾਂ ਤੱਕ ਤਾਂ ਲੈ ਜਾਵੇਗਾ ਪਰ ਇਸ ਕੰਮ ਵਿੱਚ ਚੋਣ ਰਣਨੀਤੀ,ਕਰੜੀ ਮਿਹਨਤ ਤੇ ਤਿਆਗ ਦੀ ਵੀ ਭਾਰੀ ਲੋੜ ਪਵੇਗੀ। ਇਸੇ ਇਕੱਠ ਬਾਰੇ ਹੋਰ ਗੱਲਾਂ ਵੀ ਯਾਦ ਰੱਖਣ ਦੀ ਲੋੜ ਹੈ। ਦਸਤਾਰਾਂ ਵਾਲੇ ਨੌਜਵਾਨ 80 ਫੀਸਦ ਸਨ ਅਤੇ ਕਾਲੀਆਂ ਦਾੜੀਆਂ ਵਾਲੇ 90ਫੀਸਦ ਸਨ।

ਇਹ ਵੱਡਾ ਕਾਫਲਾ ਰਵਾਇਤੀ ਅਕਾਲੀ ਲੀਡਰਸ਼ਿਪ ਤੋਂ ਪੂਰੀ ਤਰਾਂ ਮੁਕਤ ਅਤੇ ਅਜ਼ਾਦ ਸੀ।ਆਪਾਂ ਮਾਡਰਨ ਮੁਹਾਵਰੇ ਵਿੱਚ ਇਹ ਕਹਿ ਸਕਦੇ ਹਾਂ ਕਿ ਇਹ ਇਕੱਠ ਸਿੱਖ ਨੌਜਵਾਨਾਂ ਦਾ gen-z ਸੀ। ਇਸ ਇਕੱਠ ਵਿੱਚ ਹੁਣੇ ਹੁਣੇ ਪਾਰਟੀ ਵਿੱਚ ਮਨਪ੍ਰੀਤ ਸਿੰਘ ਇਆਲੀ ਦੀ ਮਿਹਨਤ ਤੇ ਪ੍ਰਭਾਵ ਵੀ ਨਜ਼ਰ ਆਉਂਦਾ ਹੈ ਕਿਉਂਕਿ ਇਸ ਨਾਲ ਪਾਰਟੀ ਦਾ ਆਧਾਰ ਵੀ ਕਾਫੀ ਹੱਦ ਤੱਕ ਮਜ਼ਬੂਤ ਹੋਇਆ ਹੈ ਤੇ ਪਾਰਟੀ ਦਾ ਪ੍ਰਭਾਵ ਵੀ ਲੋਕਾਂ ਵਿੱਚ ਵਧਿਆ। ਇਸ ਇਕੱਠ ਤੋਂ ਇਹ ਸੰਕੇਤ ਵੀ ਮਿਲਦਾ ਹੈ ਕਿ ਪੰਜਾਬ ਦੀ ਜਵਾਨੀ ਕਿਸੇ ਨਾਇਕ ਦੀ ਤਲਾਸ਼ ਵਿੱਚ ਹੈ ਅਤੇ ਅੰਮ੍ਰਿਤਪਾਲ ਸਿੰਘ ਵਿੱਚ ਉਹਨਾਂ ਨੂੰ ਉਹ ਨਾਇਕ ਨਜ਼ਰ ਆਉਂਦਾ ਹੈ। ਇਕ ਗੁਰਪਾਲ ਸਿੰਘ ਨੰਗੇ ਪੈਰੀਂ ਮਾਰਚ ਕਰਦੇ ਹੋਏ ਵੇਖੇ ਗਏ। ਉਹ ਮਖੂ ਕਸਬੇ ਤੋਂ 600 ਨੌਜਵਾਨਾਂ ਦੇ ਨਾਲ ਆਏ ਸਨ।ਸਾਡੀ ਉਹਨਾਂ ਨਾਲ ਇੱਕ ਇੰਟਰਵਿਊ ਵੀ ਹੋਈ। ਪਿਛਲੇ ਕਈ ਮਹੀਨਿਆਂ ਤੋਂ ਉਹ ਨੰਗੇ ਪੈਰੀ ਹੀ ਰਹਿੰਦੇ ਹਨ ਅਤੇ ਜਦ ਤੱਕ ਅੰਮ੍ਰਿਤਪਾਲ ਸਿੰਘ ਰਿਹਾਅ ਨਹੀਂ ਹੁੰਦੇ ਉਦੋਂ ਤੱਕ ਉਹ ਨੰਗੇ ਪੈਰੀਂ ਹੀ ਰਹਿਣਗੇ। ਇਥੇ ਚੇਤੇ ਕਰਾਇਆ ਜਾਂਦਾ ਹੈ ਕਿ ਅੰਮ੍ਰਿਪਾਲ ਸਿੰਘ ਦੇ ਰੂਪੋਸ਼ ਦੇ ਦਿਨਾਂ ਵਿੱਚ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਉਹ ਰਾਤ ਵੀ ਆਈ ਸੀ ਜਦੋਂ ਉਹਨਾਂ ਦੇ ਪੈਰ ਦੇ ਜੁੱਤੀ ਲੱਥ ਗਈ ਸੀ ਕਿਉਂਕਿ ਜਿੱਥੋਂ ਦੀ ਉਹ ਲੰਘ ਰਹੇ ਸਨ, ਉਸ ਸਮੇਂ ਕਣਕ ਦੇ ਖੇਤ ਨੂੰ ਪਾਣੀ ਲੱਗਿਆ ਹੋਇਆ ਸੀ ਤੇ ਅੱਗੇ ਜਾ ਕੇ ਹੱਡਾ ਰੋੜੀ ਦੇ ਕੁੱਤਿਆਂ ਨੇ ਵੀ ਉਹਨਾਂ ਦੀਆਂ ਮੁਸ਼ਕਿਲਾਂ ਤੇ ਰੁਕਾਵਟਾਂ ਵਿੱਚ ਹੋਰ ਵਾਧਾ ਕਰ ਦਿੱਤਾ।ਉਹ ਨੰਗੇ ਪੈਰੀਂ ਹੀ ਰਾਤ ਦੇ ਹਨੇਰੇ ਵਿੱਚ ਇੱਕ ਲਿੰਕ ਰੋਡ ਤੇ ਚੱਲ ਰਹੇ ਸਨ ਤੇ ਪਿੱਛੋਂ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨਾਂ ਨੇ ਉਹਨਾਂ ਨੂੰ ਪਛਾਣ ਲਿਆ ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਸ਼ਰਨ ਦਿੱਤੀ ਅਤੇ ਉਸੇ ਘਰ ਤੋਂ ਉਹਨਾਂ ਨੇ ਕੌਮ ਦੇ ਨਾਲ ਲਾਈਵ ਹੋ ਕੇ ਸੰਦੇਸ਼ ਦਿਤਾ।ਉਸੇ ਯਾਦ ਨੂੰ ਕਾਇਮ ਕਰਦਿਆਂ ਗੁਰਪਾਲ ਸਿੰਘ ਨੇ ਵੀ ਨੰਗੇ ਪੈਰ ਹੀ ਰਹਿਣ ਦਾ ਪ੍ਰਣ ਕੀਤਾ ਅਤੇ ਅੱਜ ਵੀ ਉਹ ਨੰਗੇ ਪੈਰਾਂ ਨਾਲ ਚੱਲਣ ਕਰਕੇ ਉਹਨਾਂ ਦੇ ਜ਼ਖਮੀ ਪੈਰ ਅਸੀਂ ਦੇਖੇ। ਦੋਸਤੋ, ਇਸ ਇਕੱਠ ਦੇ ਹੋਰ ਵੀ ਰਾਜਨੀਤਿਕ ਸੰਦੇਸ਼ ਤੇ ਵਿਸ਼ਲੇਸ਼ਣ ਹਨ, ਜੋ ਲੇਖ ਲੰਮਾ ਹੋਣ ਕਰਕੇ ਇੱਥੇ ਹੀ ਖਤਮ ਕਰਦਾ ਹਾਂ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.