ਖ਼ਾਲਿਸਤਾਨ ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਾਦਲਾਂ ਨੇ ਵਿਸਾਰਿਆ: ਭਾਈ ਰਣਜੀਤ ਸਿੰਘ ਦਾ ਦੋਸ਼

ਖ਼ਾਲਿਸਤਾਨ ਤੇ ਅਨੰਦਪੁਰ ਸਾਹਿਬ ਦੇ ਮਤੇ ਨੂੰ ਬਾਦਲਾਂ ਨੇ ਵਿਸਾਰਿਆ: ਭਾਈ ਰਣਜੀਤ ਸਿੰਘ ਦਾ ਦੋਸ਼

ਅੰਮ੍ਰਿਤਸਰ, 18 ਅਪ੍ਰੈਲ ,ਸੋਧ ਸਿੰਘ ਬਾਜ਼ ,ਜੁਗਰਾਜ ਸਿੰਘ ਸਰਹਾਲੀ

ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਅਜੋਕੇ ਹਲਾਤਾਂ ਸੰਬੰਧੀ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਦਲ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਯੋਗ ਗਰਦਾਨੀ ਲੀਡਰਸ਼ਿਪ ਮਰਿਆ ਸੱਪ ਹੈ, ਜਿਸ ਨੂੰ ਕੌਮ ਦੇ ਗਲੋਂ ਲਾਹੁਣ ਲਈ ਸਿੱਖ ਜਵਾਨੀ ਦੀਆਂ ਕੁਰਬਾਨੀਆਂ ਹੋਣਗੀਆਂ। ਗੁਰਦੁਆਰਾ ਸੁਧਾਰ ਲਹਿਰ ਵਰਗੀ ਕੋਈ ਲਹਿਰ ਹੀ ਇਸ ਪੰਥ ਦੋਖੀ ਲੀਡਰਸ਼ਿਪ ਤੋਂ ਖਹਿੜਾ ਛੁਡਾ ਸਕਦੀ ਹੈ। ਇਹ ਮਹੰਤਾਂ ਨਾਲੋਂ ਵੀ ਵੱਧ ਦੁਖੀ ਕਰਨਗੇ। ਮਹੰਤਾਂ ਤੋਂ ਤਾਂ ਸੌਖਾ ਖਹਿੜਾ ਛੁੱਟ ਗਿਆ ਸੀ, ਪਰ ਨਾ ਮਹੰਤਾਂ ਨੇ ਮੰਨਿਆ ਸੀ ਕਿ ਉਹ ਗਲਤ ਹਨ ਅਤੇ ਨਾ ਹੀ ਇਹਨਾਂ ਨੇ ਮੰਨਣਾ ਕਿ ਇਹ ਗਲਤ ਹਨ।

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੱਕਾਰ ਮਿੱਟੀ ਵਿੱਚ ਮਿਲਾ ਦਿੱਤਾ ਹੈ ਅਤੇ ਇਹਨਾਂ ਦੋਵਾਂ ਮਾਣਮੱਤੀਆਂ ਸੰਸਥਾਵਾਂ ਨੂੰ ਪੰਥ ਵਿਰੋਧੀ ਸੰਸਥਾਵਾਂ ਬਣਾ ਦਿੱਤਾ ਹੈ। ਕਾਂਗਰਸ, ਭਾਜਪਾ ਅਤੇ ਝਾੜੂ ਪਾਰਟੀ ਵਾਂਗ ਬਾਦਲ ਦਲ ਵੀ ਪੰਥ ਅਤੇ ਪੰਜਾਬ ਦਾ ਕੁਝ ਨਹੀਂ ਸੰਵਾਰ ਸਕਦਾ, ਸਗੋਂ ਇਹਨਾਂ ਪਾਰਟੀਆਂ ਨਾਲੋਂ ਵੀ ਵਧੇਰੇ ਨੁਕਸਾਨ ਕਰ ਰਿਹਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਹਿੰਦੂ ਲੀਡਰ ਕਹਿ ਰਹੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਕਾਸ ਅਤੇ ਵਿਰਾਸਤ ਦੋਵਾਂ ਨੂੰ ਅੱਗੇ ਵਧਾਇਆ ਹੈ, ਪਰ ਇੱਧਰ ਸਾਡੇ ਸਿੱਖ ਲੀਡਰਾਂ ਨੇ ਵਿਕਾਸ ਦੀ ਗੱਲ ਤਾਂ ਕੀਤੀ ਪਰ ਪੰਥ ਅਤੇ ਪੰਜਾਬ ਦੀ ਵਿਰਾਸਤ ਨੂੰ ਰੋਲ ਦਿੱਤਾ। ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਵਿਕਾਸ ਦੇ ਨਾਂ ਉੱਤੇ ਖ਼ਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼, ਅਨੰਦਪੁਰ ਦੇ ਮਤੇ ਦਾ ਸੰਘਰਸ਼, ਵੱਧ ਅਧਿਕਾਰਾਂ ਦੀ ਗੱਲ ਅਤੇ ਸਿੱਖਾਂ ਦੀ ਵੱਖਰੀ ਪਛਾਣ ਦੀ ਗੱਲ ਨੂੰ ਵੀ ਭੁਲਾ ਦਿੱਤਾ। ਕਸ਼ਮੀਰ ਵਿੱਚ ਧਾਰਾ 370 ਟੁੱਟਣ ਦੀ ਹਮਾਇਤ ਕਰਨੀ ਸੁਖਬੀਰ ਸਿੰਘ ਬਾਦਲ ਦੀ ਇਤਿਹਾਸਕ ਗਲਤੀ ਸੀ, ਇਸ ਨਾਲ ਅਨੰਦਪੁਰ ਸਾਹਿਬ ਦੇ ਮਤੇ ਦਾ ਵੀ ਭੋਗ ਪੈ ਗਿਆ, ਖ਼ਾਲਿਸਤਾਨ ਦੀ ਗੱਲ ਤਾਂ ਇਹਨਾਂ ਲਈ ਬਹੁਤ ਦੂਰ ਸੀ। ਬਾਦਲਕਿਆਂ ਨੇ ਝੂਠੇ ਪੁਲਿਸ ਮੁਕਾਬਲਿਆਂ ਦਾ ਇਨਸਾਫ਼ ਤਾਂ ਕੀ ਦਿਵਾਉਣਾ ਸੀ, ਉਲਟਾ ਦੋਸ਼ੀ ਅਤੇ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਕਲੰਕ ਲਵਾ ਲਿਆ। ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਭਾਈ ਜਸਵੰਤ ਸਿੰਘ ਖਾਲੜਾ ਅਤੇ ਬਾਬਾ ਚਰਨ ਸਿੰਘ ਕਾਰ ਸੇਵਾ ਵਾਲਿਆਂ ਦੇ ਕੇਸ ਅਹਿਮ ਸਨ ਪਰ ਬਾਦਲਕਿਆਂ ਨੇ 1997 ਵਿੱਚ ਸਰਕਾਰ ਬਣਨ ਮਗਰੋਂ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਹੋਰ ਸਿੱਖ ਪਰਿਵਾਰਾਂ ਨੂੰ ਕਿਹਾ ਕਿ "ਛੱਡੋ ਜੀ, ਪੁਰਾਣੀਆਂ ਗੱਲਾਂ, ਹੁਣ ਤਾਂ ਵਿਕਾਸ ਦੀ ਗੱਲ ਕਰੋ।"

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕਾਂਗਰਸ ਨੇ ਸਿੱਖ ਮਾਰੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਪਰ ਭਾਜਪਾ ਅਤੇ ਬਾਦਲਕਿਆਂ ਨੇ ਸਿੱਖੀ ਸਿਧਾਂਤ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੱਡੀ ਸੱਟ ਮਾਰੀ ਜਿਸ ਦੀ ਭਰਪਾਈ ਕਰਨੀ ਬਹੁਤ ਮੁਸ਼ਕਲ ਹੈ। ਉਹਨਾਂ ਕਿਹਾ ਕਿ ਬਾਦਲ ਦਲ ਦੇ ਸੋਹਿਲੇ ਗਾਉਣ ਵਾਲਿਆਂ ਨੂੰ ਭਵਿੱਖ ਵਿੱਚ ਸ਼ਰਮਸਾਰ ਹੋਣਾ ਪਵੇਗਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਸੁਖਬੀਰ ਸਿੰਘ ਬਾਦਲ ਦਾ ਮੁਥਾਜ ਨਹੀਂ ਹੈ। ਉਹਨਾਂ ਕਿਹਾ ਕਿ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਨਹੀਂ ਸਨ ਉਦੋਂ ਅਕਾਲੀ ਦਲ ਪੂਰੇ ਜੋਬਨ ਉੱਤੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰ ਰਿਹਾ ਸੀ, ਅਤੇ ਜਦੋਂ ਹੁਣ ਵੀ ਸੁਖਬੀਰ ਸਿੰਘ ਬਾਦਲ ਨਹੀਂ ਹੋਵੇਗਾ ਉਦੋਂ ਵੀ ਅਕਾਲੀ ਦਲ ਦੀ ਹੋਂਦ ਬਰਕਰਾਰ ਰਹੇਗੀ ਅਤੇ ਸਿੱਖ ਆਪਣੇ ਗੁਰੂ ਸਾਹਿਬ ਵੱਲੋਂ ਬਖਸ਼ੇ ਸਿਧਾਂਤਾਂ ਉੱਤੇ ਪਹਿਰਾ ਦਿੰਦੇ ਰਹਿਣਗੇ। ਅਕਾਲ ਪੁਰਖ ਨੂੰ ਧਿਆਉਣ ਵਾਲਾ ਹਰ ਸਿੱਖ ਹੀ ਅਕਾਲੀ ਹੈ, ਸਿਰਫ਼ ਇਸ ਪਾਰਟੀ ਦਾ ਮੈਂਬਰ ਬਣ ਕੇ ਵੋਟਾਂ ਲੜਨ ਵਾਲਾ ਹੀ ਅਕਾਲੀ ਨਹੀਂ ਹੁੰਦਾ। ਭਾਈ ਰਣਜੀਤ ਸਿੰਘ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਬਹੁਤ ਸੁਚੱਜੇ ਢੰਗ ਨਾਲ ਅਗਵਾਈ ਕਰ ਰਹੇ ਹਨ ਅਤੇ ਉਹ ਪੰਥਕ ਸਿਧਾਂਤਾਂ, ਪੰਜਾਬ ਦੀ ਖੁਸ਼ਹਾਲੀ, ਖ਼ਾਲਿਸਤਾਨ ਦੀ ਅਜ਼ਾਦੀ ਦੀ ਗੱਲ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ 'ਤੇ ਡਟ ਕੇ ਪਹਿਰਾ ਦੇ ਰਹੇ ਹਨ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਵਾਲਾ ਹੀ ਅਸਲ ਵਿੱਚ ਅਕਾਲੀ ਦਲ ਹੈ ਅਤੇ ਬਾਦਲਕਿਆਂ ਵਾਲਾ ਅਕਾਲੀ ਦਲ ਤਾਂ ਬੇਅਦਬੀ ਦਲ, ਸਿਰਸਾ ਦਲ ਅਤੇ ਬਈਆ ਦਲ ਬਣ ਚੁੱਕਾ ਹੈ।