ਆਮ ਆਦਮੀ ਪਾਰਟੀ ਦੇ ਆਗੂ ਡਿਬੇਟ ਵਿੱਚ ਸ਼ਾਮਲ ਹੋਕੇ ਦੇਣ ਸ਼ਪਸ਼ਟੀਕਰਨ-ਐਚਐਸ ਵਾਲੀਆ
- ਰਾਜਨੀਤੀ
- 23 Jun, 2026 05:52 PM (Asia/Kolkata)
ਸ਼੍ਰੋਮਣੀ ਅਕਾਲੀ ਦਲ ਵਲੋਂ 24 ਜੂਨ ਨੂੰ ਕਪੂਰਥਲਾ ਦੇ ਜਲੋਖਾਨਾ ਚੋਂਕ ਵਿਖੇ ਹੋਵੇਗਾ ਡਿਬੇਟ,ਆਪ ਆਗੂਆਂ ਨੂੰ ਦਿੱਤਾ ਸੱਦਾ
ਕਪੂਰਥਲਾ 23 ਜੂਨ ਗੌਰਵ ਮੜੀਆ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਿੱਖ ਪੰਥ ਦੀ ਸਰਵਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਇਸ ਦੇ ਸਤਿਕਾਰਯੋਗ ਜਥੇਦਾਰ ਸਾਹਿਬਾਨ ਖ਼ਿਲਾਫ਼ ਅਪਣਾਈ ਗਈ ਟਕਰਾਅ ਦੀ ਨੀਤੀ ਦੀ ਸਖ਼ਤ ਨਿੰਦਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ 24 ਜੂਨ ਦਿਨ ਬੁੱਧਵਾਰ ਨੂੰ ਕਪੂਰਥਲਾ ਦੇ ਜਲੋਖਾਨਾ ਚੋਂਕ ਵਿਖੇ ਇੱਕ ਡਿਬੇਟ ਦਾ ਆਯੋਜਨ ਕਰ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚਐਸ ਵਾਲੀਆ ਨੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ,ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਲੁਬਾਣਾ ਸਮੇਤ ਆਪ ਦੀ ਸੀਨੀਅਰ ਲੀਡਰਸ਼ਿਪ ਨੂੰ ਇਸ ਡਿਬੇਟ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਡਿਬੇਟ ਵਿੱਚ ਆਪ ਆਗੂਆਂ ਨੂੰ ਸ਼ਾਮਲ ਹੋਕੇ ਮੁੱਖ ਮੰਤਰੀ ਵਲੋਂ ਗੁਰੂ ਸਾਹਿਬ ਦੇ ਕੀਤੇ ਗਏ ਅਪਮਾਨ ਬਾਰੇ ਜਨਤਾ ਦੇ ਸਾਹਮਣੇ ਆਪਣਾ ਸ਼ਪਸ਼ਟੀਕਰਨ ਦੇਣ।ਉਨ੍ਹਾਂਨੇ ਕਿਹਾ ਕਿ ਇਸ ਡਿਬੇਟ ਦੇ ਦੌਰਾਨ ਕਿਸੇ ਵੀ ਤਰਾਂ ਦੀ ਰਾਜਨੀਤੀ ਦੀ ਕੋਈ ਗੱਲ ਨਹੀਂ ਹੋਵੇਗੀ ਤੇ ਨਹੀਂ ਕੋਈ ਨਾਅਰੇਬਾਜੀ ਕੀਤੀ ਜਾਵੇਗੀ।ਉਨ੍ਹਾਂਨੇ ਕਿਹਾ ਕਿ ਇਥੇ ਬੜੇ ਮੁੱਖ ਮੰਤਰੀ ਆਏ ਅਤੇ ਆਉਂਦੇ ਰਹਿਣਗੇ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਮਹਾਨ ਸਨ,ਮਹਾਨ ਹਨ ਅਤੇ ਮਹਾਨ ਹੀ ਰਹਿਣਗੇ,ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਵਜੂਦ ਮਿਟ ਜਾਵੇਗਾ।ਉਨ੍ਹਾਂ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਨਾ ਲਾਉਣ ਦੀ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਝੁਕ ਕੇ ਗੁਰੂ ਦੇ ਦਰ,ਸ਼੍ਰੀ ਆਕਾਲ ਤਖਤ ਸਾਹਿਬ ਜਾਣ ਵਾਲਿਆਂ ਨੂੰ ਮਾਫ਼ੀ ਹੈ ਪਰ ਮੱਥਾ ਲਾਉਣ ਵਾਲਿਆਂ ਦਾ ਹਮੇਸ਼ਾ ਮਾੜਾ ਹਸ਼ਰ ਹੋਇਆ ਹੈ,ਜਿਸਦਾ ਇਤਿਹਾਸ ਗਵਾਹ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪਣੀ ਬਜਰ ਗ਼ਲਤੀ ਦਾ ਅਹਿਸਾਸ ਕਰਦੇ ਹੋਏ ਤੁਰੰਤ ਅਸਤੀਫਾ ਦੇਣਾ ਚਾਹੀਦਾ ਹੈ,ਨਾ ਕਿ ਖਾਲਸਾ ਪੰਥ ਦੀ ਸਰਬਉੱਚ ਸੰਸਥਾ ਅਤੇ ਇਸ ਦੇ ਜਥੇਦਾਰ ਤੇ ਸਿਆਸੀ ਹਮਲੇ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣੀ ਚਾਹੀਦੀ ਹੈ।ਉਨ੍ਹਾਂਨੇ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਦੀ ਬੇਅਦਬੀ ਕਰਨ ਵਾਲੀ ਇੱਕ ਵੀਡੀਓ ਵਾਇਰਲ ਦੇ ਸਬੰਧ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕੀਤੇ ਜਾਣ ਮੌਕੇ ਖੁਦ ਭਗਵੰਤ ਮਾਨ ਨੇ ਜਥੇਦਾਰ ਸਾਹਿਬ ਨੂੰ ਇਸ ਵੀਡੀਓ ਦੀ ਫੋਰੈਂਸਿਕ ਜਾਂਚ ਕਰਵਾਉਣ ਲਈ ਕਿਹਾ ਸੀ।ਪਰ ਹੁਣ,ਜਦੋਂ ਸਰਕਾਰੀ ਲੈਬਾਂ ਦੀਆਂ ਰਿਪੋਰਟਾਂ ਨੇ ਉਸ ਵੀਡੀਓ ਦੇ ਅਸਲੀ ਹੋਣ ਉੱਤੇ ਮੋਹਰ ਲਗਾ ਕੇ ਸਚਾਈ ਪ੍ਰਗਟ ਕਰ ਦਿਤੀ ਹੈ, ਤਾਂ ਮੁੱਖ ਮੰਤਰੀ ਬੜੀ ਹੀ ਢੀਠਤਾਈ ਨਾਲ ਆਪਣੇ ਹੀ ਬਿਆਨਾਂ ਤੋਂ ਮੁੱਕਰ ਰਹੇ ਹਨ।ਐਚਐਸ ਵਾਲੀਆ ਨੇ ਕਿਹਾ ਕਿ ਹੁਣ ਭਗਵੰਤ ਮਾਨ ਵੀਡੀਓ ਨੂੰ ਜਾਅਲੀ ਨਹੀਂ ਕਰਾਰ ਦੇ ਰਹੇ,ਸਗੋਂ ਇਹ ਦਾਅਵਾ ਕਰ ਰਹੇ ਹਨ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਉਹ ਨਹੀਂ ਹੈ।ਉਨ੍ਹਾਂ ਕਿਹਾ ਕਿ ਇਹ ਸ੍ਰੀ ਅਕਾਲ ਤਖ਼ਤ ਸਾਹਿਬ,ਸਿੱਖ ਪੰਥ ਅਤੇ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਹੈ।ਉਨ੍ਹਾਂ ਆਖਿਆ ਕਿ ਅਜਿਹੇ ਵਿਰੋਧਾਭਾਸੀ ਬਿਆਨ ਮੁੱਖ ਮੰਤਰੀ ਦੇ ਅਹੁਦੇ ਦੀ ਗੰਭੀਰਤਾ ਨੂੰ ਠੇਸ ਪਹੁੰਚਾਉਂਦੇ ਹਨ ਅਤੇ ਪੰਜਾਬ ਦੀ ਜਨਤਾ ਇਸ ਦਾ ਢੁੱਕਵਾਂ ਜਵਾਬ ਦੇਵੇਗੀ।ਐਚਐਸ ਵਾਲੀਆ ਨੇ ਭਗਵੰਤ ਮਾਨ ਉੱਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਉਹ ਕਦੇ ਵੀ ਇੱਕ ਸੱਚੇ ਅਤੇ ਮਰਿਆਦਾ ਦਾ ਪਾਲਣ ਕਰਨ ਵਾਲੇ ਸਿੱਖ ਵਜੋਂ ਨਹੀਂ ਵਿਚਰੇ।ਉਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਸ਼ਰਾਬ ਦੇ ਨਸ਼ੇ ਦੀ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਾ ਕੇ ਸਿੱਖ ਮਰਿਆਦਾ ਦੀ ਘੋਰ ਬੇਅਦਬੀ ਕੀਤੀ ਹੈ।ਅਜਿਹਾ ਵਿਅਕਤੀ,ਜੋ ਗੁਰੂ ਘਰ ਦੀ ਪਵਿੱਤਰ ਮਰਿਆਦਾ ਦਾ ਸਤਿਕਾਰ ਨਹੀਂ ਕਰ ਸਕਦਾ,ਉਹ ਅੱਜ ਆਪਣੇ ਪਾਪਾਂ ਤੇ ਪਰਦਾ ਪਾਉਣ ਲਈ ਸਿੱਖ ਪੰਥ ਦੀਆਂ ਮਹਾਨ ਸੰਸਥਾਵਾਂ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਸਿਆਸਤ ਤੋਂ ਬਹੁਤ ਉੱਪਰ ਹੈ ਅਤੇ ਕੋਈ ਵੀ ਮੁੱਖ ਮੰਤਰੀ ਇਸ ਤੋਂ ਵੱਡਾ ਨਹੀਂ ਹੋ ਸਕਦਾ।ਉਨ੍ਹਾਂ ਨੇ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਕਿ ਉਹ ਤੁਰੰਤ ਜਥੇਦਾਰ ਸਾਹਿਬ ਖ਼ਿਲਾਫ਼ ਬਿਆਨਬਾਜ਼ੀ ਬੰਦ ਕਰਨ ਅਤੇ ਇੱਕ ਨਿਮਾਣੇ ਸਿੱਖ ਵਜੋਂ ਅਕਾਲ ਤਖ਼ਤ ਸਾਹਿਬ ਤੇ ਹਾਜ਼ਰ ਹੋ ਕੇ ਅਪਣੀਆਂ ਭੁੱਲਾਂ ਦੀ ਖਿਮਾ ਜਾਚਨਾ ਕਰਨ,ਨਹੀਂ ਤਾਂ ਸਿੱਖ ਕੌਮ ਉਨ੍ਹਾਂ ਦੇ ਇਸ ਹੰਕਾਰ ਦਾ ਮੂੰਹ-ਤੋੜ ਜਵਾਬ ਦੇਵੇਗੀ।
Leave a Reply