ਸਿੱਖਾਂ ਨੂੰ ਯੋਗਾ ਦੀ ਥਾਂ ਸ਼ਸਤਰ ਵਿੱਦਿਆ ਦਾ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ : ਬੀਬੀ ਕੁਲਵਿੰਦਰ ਕੌਰ ਖ਼ਾਲਸਾ

ਸਿੱਖਾਂ ਨੂੰ ਯੋਗਾ ਦੀ ਥਾਂ ਸ਼ਸਤਰ ਵਿੱਦਿਆ ਦਾ ਰੋਜ਼ਾਨਾ ਅਭਿਆਸ ਕਰਨਾ ਚਾਹੀਦਾ ਹੈ : ਬੀਬੀ ਕੁਲਵਿੰਦਰ ਕੌਰ ਖ਼ਾਲਸਾ

ਗੁਰਦਾਸਪੁਰ, 23 ਜੂਨ (ਕੁਲਵਿੰਦਰ ਸਿੰਘ ਚੰਦੀ) :  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਪਿੰਡ ਮਨੋਹਰਪੁਰ, ਜ਼ਿਲ੍ਹਾ ਗੁਰਦਾਸਪੁਰ ਵਿੱਚ ਗਤਕਾ ਪ੍ਰਦਰਸ਼ਨੀ ਸਮੇਂ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਹਿੰਦੂਆਂ ਦੇ ਯੋਗਾਂ ਦਿਵਸ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ ਹੈ, ਸਿੱਖਾਂ ਨੂੰ ਹਰ ਸਾਲ 21 ਜੂਨ ਵਾਲੇ ਦਿਨ ਕੌਮਾਂਤਰੀ ਗਤਕਾ ਦਿਹਾੜਾ ਹੀ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਭਾਰਤ ਭਰ ਵਿੱਚ ਸਿੱਖਾਂ ਉੱਤੇ ਹਮਲੇ ਹੋ ਰਹੇ ਹਨ ਜਿਸ ਦੇ ਸਿੱਖ ਹੋਣਾ ਹੀ ਸ਼ਸਤਰਧਾਰੀ ਹੋਣਾ ਹੈ, ਸ਼ਸਤਰਾਂ ਤੋਂ ਬਿਨਾਂ ਸਿੱਖ ਅਧੂਰਾ ਹੈ। ਉਹਨਾਂ ਕਿਹਾ ਕਿ ਹਥਿਆਰਾਂ ਨਾਲ਼ ਹੀ ਸਿੱਖਾਂ ਨੇ ਦੋ ਵਾਰ ਖ਼ਾਲਸਾ ਰਾਜ ਸਿਰਜਿਆ, ਜੰਗਾਂ ਕੀਤੀਆਂ, ਦੁਸ਼ਮਣਾਂ ਨੂੰ ਸੋਧਿਆ, ਸਿੱਖ ਇਤਿਹਾਸ ਦਾ ਹਰ ਪੰਨਾ ਸ਼ਸਤਰਾਂ ਤੇ ਖ਼ੂਨ ਨਾਲ਼ ਲਥ-ਪਥ ਹੈ। ਇਹ ਸ਼ਸਤਰ ਸਿੱਖਾਂ ਅਤੇ ਪੰਜਾਬ ਦਾ ਸੱਭਿਆਚਾਰ ਹੈ। ਸਿੱਖ ਦੇ ਸ਼ਸਤਰ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹਨ। ਅੱਜ ਜਿਹੜਾ ਵੀ ਬੰਦਾ, ਜਿਸ ਵੀ ਮਰਜ਼ੀ ਆਧਾਰ ਉੱਤੇ ਸਿੱਖਾਂ ਨੂੰ ਆਤਮ-ਰੱਖਿਆ ਲਈ ਸ਼ਸਤਰ ਰੱਖਣ ਦੇ ਖ਼ਿਲਾਫ਼ ਹੈ, ਓਹ ਸਿੱਖਾਂ ਦੀ ਨਸਲਕੁਸ਼ੀ ਦਾ ਸਮਰਥਕ ਹੈ। ਜੇ ਸਿੱਖਾਂ ਨੇ ਇਹਨਾਂ ਦੁਸ਼ਮਣਾਂ ਨੂੰ ਨਾ ਪਛਾਣਿਆ ਤਾਂ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਧਾਨ ਸ. ਗੁਰਬਚਨ ਸਿੰਘ ਪਵਾਰ ਦੀ ਅਗਵਾਈ ਵਿੱਚ ਕੌਮਾਂਤਰੀ ਗਤਕਾ ਦਿਹਾੜਾ ਪੂਰੇ ਖ਼ਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ।