ਉੱਤਰਾਖੰਡ, ਹਿਮਾਚਲ ਤੇ ਮਹਾਂਰਾਸ਼ਟਰ ਵਿੱਚ ਸਿੱਖਾਂ 'ਤੇ ਹਮਲੇ ਬਰਦਾਸ਼ਤਯੋਗ ਨਹੀਂ : ਭਾਈ ਗੁਰਪ੍ਰੀਤ ਸਿੰਘ
- ਰਾਜਨੀਤੀ
- 23 Jun, 2026 02:50 PM (Asia/Kolkata)
ਅੰਮ੍ਰਿਤਸਰ, 23 ਜੂਨ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਫਿਰਕੂ ਹਿੰਦੂਤਵੀਆਂ ਵੱਲੋਂ ਉੱਤਰਾਖੰਡ, ਹਿਮਾਚਲ ਤੇ ਮਹਾਂਰਾਸ਼ਟਰ ਵਿੱਚ ਸਿੱਖਾਂ 'ਤੇ ਕੀਤੇ ਜਾ ਰਹੇ ਹਮਲੇ ਬਰਦਾਸ਼ਤਯੋਗ ਨਹੀਂ ਹਨ। ਉਹਨਾਂ ਕਿਹਾ ਕਿ ਕਿਰਪਾਨ ਸਾਡਾ ਧਾਰਮਿਕ ਅਤੇ ਸੰਵਿਧਾਨਕ ਹੱਕ ਹੈ, ਇਸ ਉੱਤੇ ਪਾਬੰਦੀ ਲਗਾਉਣ ਦੀ ਮੰਗ ਕਰਨਾ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੇ ਬਰਾਬਰ ਹੈ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਜਹਾਂਗੀਰ ਅਤੇ ਔਰੰਗਜ਼ੇਬ ਨੂੰ ਵੀ ਸਮੱਸਿਆ ਸੀ ਕਿ ਸਿੱਖ ਗੁਰੂ ਹਥਿਆਰ ਅਤੇ ਫ਼ੌਜ ਕਿਉਂ ਰੱਖਦੇ ਹਨ। ਸਾਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰ ਰੱਖਣ ਦੀ ਤਾਕੀਦ ਕੀਤੀ ਹੋਈ ਹੈ। ਜਿਹੋ-ਜਿਹਾ ਮਹੌਲ ਚਲ ਰਿਹਾ ਹੈ ਇਸ ਦੇ ਟਾਕਰੇ ਲਈ ਤਾਂ ਸਗੋਂ ਹਰ ਸਿੱਖ ਨੂੰ ਅੰਮ੍ਰਿਤਧਾਰੀ, ਸ਼ਸਤਰਧਾਰੀ ਤੇ ਗੁਰਮਤਿ ਸਿਧਾਂਤਾਂ ਦੇ ਧਾਰਨੀ ਬਣਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼ਸ਼ਤਰ ਮਨੁੱਖ ਨੂੰ ਅਣਖ਼-ਗ਼ੈਰਤ, ਰੜਕ ਤੇ ਚੜ੍ਹਤ ਵਾਲ਼ੇ ਬਣਾਉਂਦਾ ਹੈ। ਸਿੱਖ ਅਹਿੰਸਾਵਾਦੀ ਨਹੀਂ, ਸਿੱਖ ਬੋਧੀ ਨਹੀਂ। ਸਿੱਖ ਸਿੰਘ ਹੈ, ਸੰਤ ਸਿਪਾਹੀ ਹੈ। ਹੁਣ ਦੇ ਵੇਲ਼ੇ ਸਿੱਖੀ ਦੇ ਵੈਰੀ ਸਿੱਖਾਂ ਨੂੰ ਵਰਗਲਾ ਕੇ ਹਥਿਆਰਹੀਣ ਕਰਨ ਲਈ ਯਤਨਸ਼ੀਲ ਹਨ।
Leave a Reply