ਖ਼ਾਲਸਾ ਰਾਜ (ਖ਼ਾਲਿਸਤਾਨ) ਦਾ ਦਾਅਵਾ... ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਖ਼ਾਲਸਾ ਰਾਜ (ਖ਼ਾਲਿਸਤਾਨ) ਦਾ ਦਾਅਵਾ... ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਖ਼ਾਲਸਾ ਰਾਜ (ਖ਼ਾਲਿਸਤਾਨ) ਦਾ ਦਾਅਵਾ...
ਰਣਜੀਤ ਸਿੰਘ ਦਮਦਮੀ ਟਕਸਾਲ

ਖ਼ਾਲਸਾ ਰਾਜ (ਖ਼ਾਲਿਸਤਾਨ) ਦਾ ਸੰਕਲਪ ਸਿੱਖਾਂ ਦੇ ਰੋਮ-ਰੋਮ ਵਿੱਚ ਵਸਿਆ ਹੋਇਆ ਹੈ। ਖ਼ਾਲਿਸਤਾਨ ਦੀ ਅਸਲ ਜੜ੍ਹ ਖ਼ਾਲਸੇ ਦੀ ਆਜ਼ਾਦ ਹਸਤੀ, ਮੀਰੀ-ਪੀਰੀ ਦੇ ਸਿਧਾਂਤ ਅਤੇ ਸਰਬੱਤ ਦੇ ਭਲੇ ਵਿੱਚ ਹੈ। ਭਾਈ ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਖ਼ਾਲਸੇ ਦੇ ਪਾਤਸ਼ਾਹੀ ਦਾਅਵੇ ਨੂੰ ਗੁਰੂ ਦੀ ਬਖ਼ਸ਼ਿਸ਼ ਨਾਲ ਜੋੜਿਆ ਹੈ। ਇਸ ਪੰਥਕ ਸੋਚ ਦਾ ਭਾਵ ਇਹ ਹੈ ਕਿ ਖ਼ਾਲਸਾ ਆਪਣੀ ਹੋਂਦ ਅਤੇ ਭਵਿੱਖ ਦਾ ਫ਼ੈਸਲਾ ਕਰਨ ਦਾ ਹੱਕ ਰੱਖਦਾ ਹੈ। ਉਹ ਕਿਸੇ ਹਾਕਮ ਦੀ ਮਿਹਰ ਉੱਤੇ ਜਿਊਣ ਲਈ ਨਹੀਂ ਬਣਿਆ। ਉਸ ਨੂੰ ਆਪਣੀ ਜ਼ਿੰਮੇਵਾਰੀ ਆਪ ਚੁੱਕਣੀ ਅਤੇ ਆਪਣੇ ਪੈਰਾਂ ਉੱਤੇ ਖੜ੍ਹਨਾ ਹੈ। 
ਰਾਜ ਕਰੇਗਾ ਖ਼ਾਲਸਾ' ਦਾ ਪੰਥਕ ਨਿਸ਼ਾਨਾ ਵੀ ਇਸੇ ਜ਼ਿੰਮੇਵਾਰੀ ਨਾਲ ਸਮਝਣਾ ਚਾਹੀਦਾ ਹੈ। ਇਸ ਦਾ ਭਾਵ ਕਿਸੇ ਹੋਰ ਧਰਮ ਵਾਲੇ ਨੂੰ ਦਬਾਉਣਾ ਜਾਂ ਕਿਸੇ ਦੀ ਰੋਟੀ ਖੋਹਣਾ ਨਹੀਂ। ਖ਼ਾਲਸੇ ਦੇ ਰਾਜ ਵਿੱਚ ਜੇ ਗ਼ਰੀਬ ਹੀ ਰੁਲਦਾ ਰਹੇ, ਤਕੜਾ ਹੀ ਕਮਜ਼ੋਰ ਨੂੰ ਲੁੱਟਦਾ ਰਹੇ ਅਤੇ ਜਾਤ ਦੇ ਨਾਂ ਉੱਤੇ ਮਨੁੱਖ ਦਾ ਅਪਮਾਨ ਹੁੰਦਾ ਰਹੇ ਤਾਂ ਉਹ ਰਾਜ ਖ਼ਾਲਸਾਈ ਆਦਰਸ਼ ਉੱਤੇ ਪੂਰਾ ਨਹੀਂ ਉੱਤਰਦਾ। ਖ਼ਾਲਸਾ ਰਾਜ ਦੀ ਪਛਾਣ ਉਸ ਦਾ ਇਨਸਾਫ਼ ਹੋਵੇਗਾ। ਓਥੇ ਸਿੱਖ, ਹਿੰਦੂ, ਮੁਸਲਮਾਨ, ਇਸਾਈ ਅਤੇ ਹੋਰ ਧਰਮਾਂ ਦੇ ਲੋਕਾਂ ਨੂੰ ਬਰਾਬਰ ਦੀ ਇੱਜ਼ਤ ਤੇ ਸੁਰੱਖਿਆ ਮਿਲੇਗੀ। ਕਿਸੇ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਕਿਸੇ ਦੀ ਜਾਤ, ਨਸਲ ਜਾਂ ਬੋਲੀ ਕਾਰਨ ਉਸ ਦਾ ਹੱਕ ਨਹੀਂ ਮਾਰਿਆ ਜਾਵੇਗਾ। 
ਇੱਕ ਵੱਖਰੇ ਮੁਲਕ ਖ਼ਾਲਿਸਤਾਨ ਦੀ ਸਥਾਪਨਾ ਕਰਕੇ ਸਿੱਖ ਕੌਮ ਆਪਣਾ ਅਜਿਹਾ ਪ੍ਰਬੰਧ ਚਾਹੁੰਦੀ ਹੈ ਜੋ ਉਸ ਦੀ ਆਜ਼ਾਦ ਹਸਤੀ ਨੂੰ ਸੰਭਾਲੇ ਅਤੇ ਮਨੁੱਖਤਾ ਦੀ ਸੇਵਾ ਕਰੇ। ਪਰ ਇਸ ਮੰਗ ਨੂੰ ਗੁਰਮਤਿ ਨਾਲ ਜੋੜਨ ਲਈ ਉਸ ਦਾ ਅਮਲ ਵੀ ਗੁਰਮਤਿ ਵਾਲਾ ਹੋਣਾ ਚਾਹੀਦਾ ਹੈ। ਸਿਰਫ਼ ਨਾਂ ਖ਼ਾਲਿਸਤਾਨ ਰੱਖ ਲੈਣ ਨਾਲ ਕੋਈ ਰਾਜ ਖ਼ਾਲਸਾ ਰਾਜ ਨਹੀਂ ਬਣ ਜਾਂਦਾ। ਉਸ ਵਿੱਚ ਸੱਚ, ਸੇਵਾ, ਨਿਆਂ ਅਤੇ ਬਰਾਬਰੀ ਹੋਣੀ ਲਾਜ਼ਮੀ ਹੈ। ਸਿੱਖ ਲਈ ਰਾਜ ਦਾ ਮਤਲਬ ਸਿਰਫ਼ ਕੁਰਸੀ ਉੱਤੇ ਬੈਠਣਾ ਨਹੀਂ ਬਲਕਿ ਰਾਜ ਦਾ ਮਤਲਬ ਹੈ ਕਿ ਜ਼ੁਲਮ ਨੂੰ ਠੱਲ੍ਹ ਪਵੇ, ਗ਼ਰੀਬਾਂ ਦੀ ਸੁਣਵਾਈ ਹੋਵੇ ਅਤੇ ਹਰ ਮਨੁੱਖ ਇੱਜ਼ਤ ਨਾਲ ਜੀਵੇ। ਇਸੇ ਸੋਚ ਨਾਲ ਖ਼ਾਲਿਸਤਾਨ ਦਾ ਸੰਕਲਪ ਖ਼ਾਲਸਾ ਰਾਜ ਦੀ ਅਜੋਕੀ ਸਿਆਸੀ ਮੰਗ ਵਜੋਂ ਪੇਸ਼ ਹੁੰਦਾ ਹੈ। 
ਗੁਰੂ ਸਾਹਿਬ ਨੇ ਸਿੱਖ ਨੂੰ ਸੱਚ ਬੋਲਣਾ, ਜ਼ੁਲਮ ਅੱਗੇ ਖੜ੍ਹਨਾ ਅਤੇ ਮਜ਼ਲੂਮ ਦੀ ਬਾਂਹ ਫੜਨੀ ਸਿਖਾਈ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਮੀਰੀ-ਪੀਰੀ ਦਾ ਸਿਧਾਂਤ ਦੱਸਦਾ ਹੈ ਕਿ ਆਤਮਿਕ ਜੀਵਨ ਦੇ ਨਾਲ ਦੁਨਿਆਵੀ ਜ਼ਿੰਮੇਵਾਰੀ ਵੀ ਨਿਭਾਉਣੀ ਹੈ। ਜੇ ਸਿੱਖ ਨੇ ਧੱਕੇ ਖਾਂਦੇ ਮਨੁੱਖ ਦੀ ਰਾਖੀ ਕਰਨੀ ਹੈ ਤਾਂ ਉਸ ਨੂੰ ਰਾਜ, ਤਾਕਤ ਅਤੇ ਪ੍ਰਬੰਧ ਦੇ ਹੱਕ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ। ਨਿੱਜੀ ਰਾਜ ਦੀ ਲਾਲਸਾ ਛੱਡਣੀ ਅਤੇ ਕੌਮੀ ਰਾਜ ਦਾ ਹੱਕ ਛੱਡਣਾ ਦੋ ਵੱਖਰੀਆਂ ਗੱਲਾਂ ਹਨ। ਆਪਣੀ ਕੌਮ ਦੀ ਆਜ਼ਾਦ ਹਸਤੀ, ਬੋਲੀ, ਧਰਮ ਅਤੇ ਹੱਕਾਂ ਦੀ ਰਾਖੀ ਕਰਨੀ ਮਹਾਨ ਸੇਵਾ ਹੈ। 
ਖ਼ਾਲਿਸਤਾਨ ਦੀ ਪੰਥਕ ਵਕਾਲਤ ਦਾ ਸਭ ਤੋਂ ਮਜ਼ਬੂਤ ਆਧਾਰ ਇਹ ਹੈ ਕਿ ਖ਼ਾਲਸਾ ਆਪਣੀ ਆਜ਼ਾਦੀ ਦੇ ਨਾਲ ਹਰ ਮਨੁੱਖ ਦੀ ਆਜ਼ਾਦੀ ਦਾ ਰਾਖਾ ਬਣੇਗਾ। 'ਰਾਜ ਕਰੇਗਾ ਖ਼ਾਲਸਾ' ਦਾ ਦਾਅਵਾ ਨਿਭਾਉਣ ਲਈ ਖ਼ਾਲਸਾਈ ਕਿਰਦਾਰ ਵੀ ਨਿਭਾਉਣਾ ਪਵੇਗਾ। ਜਿੱਥੇ ਹਾਕਮ ਸੇਵਾਦਾਰ ਹੋਵੇ, ਕਮਜ਼ੋਰ ਦੀ ਬਾਂਹ ਫੜੀ ਜਾਵੇ ਅਤੇ ਹਰ ਮਨੁੱਖ ਦਾ ਮਾਣ ਬਚੇ, ਓਥੇ ਖ਼ਾਲਸਾ ਰਾਜ ਦਾ ਆਦਰਸ਼ ਅਮਲ ਵਿੱਚ ਦਿਸੇਗਾ। 
ਖ਼ਾਲਸਾ ਰਾਜ (ਖ਼ਾਲਿਸਤਾਨ) ਦੀ ਸਥਾਪਨਾ ਲਈ ਹਰ ਸਿੱਖ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਆਪਣੇ ਲੋਕਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਖ਼ਾਲਿਸਤਾਨ ਕੋਈ ਹਊਆ ਨਹੀਂ ਬਲਕਿ ਇਹ ਗੁਰਬਾਣੀ, ਗੁਰਮਤਿ, ਖ਼ਾਲਸਾਈ ਸਿਧਾਂਤ, ਸਿੱਖ ਇਤਿਹਾਸ ਅਤੇ ਸਿੱਖ ਫ਼ਲਸਫ਼ੇ ਅਨੁਸਾਰ ਹੈ ਇਸ ਲਈ ਹਜ਼ਾਰਾਂ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤਾਂ ਪਾਈਆਂ, ਤਸੀਹੇ ਝੱਲੇ ਅਤੇ ਲੰਮੇਰਾ ਸੰਘਰਸ਼ ਕੀਤਾ ਹੈ ਜੋ ਅੱਜ ਵੀ ਜਾਰੀ ਹੈ। (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.