ਸੰਤ ਬਾਬਾ ਠਾਕੁਰ ਸਿੰਘ ਜੀ ਨੇ ਦਮਦਮੀ ਟਕਸਾਲ ਵੱਲੋਂ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈ ਤੇ ਜੁਝਾਰੂ ਸਿੰਘਾਂ ਦਾ ਸਾਥ ਦਿੱਤਾ ਸੀ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਧਾਰਮਿਕ/ਰਾਜਨੀਤੀ
- (Asia/Kolkata)
ਐਮ.ਐਸ.ਮੁਲਤਾਨੀ ਵੱਲੋਂ ਸ਼ਹੀਦਾਂ ਤੇ ਲੋੜਵੰਦ ਪਰਿਵਾਰਾਂ ਦੀ ਮਾਇਕੀ ਸਹਾਇਤਾ ਤੇ ਸਨਮਾਨ
ਅੰਮ੍ਰਿਤਸਰ, 20 ਜੂਨ , ਨਜ਼ਰਾਨਾ ਟਾਈਮਜ ਬਿਊਰੋ
ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ਾਬੇਗ ਸਿੰਘ, ਸ਼ਹੀਦ ਬਾਬਾ ਠਾਹਰਾ ਸਿੰਘ ਤੇ ਜੂਨ 1984 ਘੱਲੂਘਾਰੇ ਦੇ ਸਮੂਹ ਸ਼ਹੀਦਾਂ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ ਗੁਰਦੁਆਰਾ ਸ੍ਰੀ ਗੁਰੂ ਹਰਿ ਰਾਏ ਸਾਹਿਬ, ਮਜੀਠਾ ਰੋਡ, ਸ੍ਰੀ ਅੰਮ੍ਰਿਤਸਰ ਵਿਖੇ ਐਮ.ਐਸ.ਮੁਲਤਾਨੀ (ਯੂ.ਐਸ.ਏ.) ਵੱਲੋਂ ਕਰਵਾਇਆ ਗਿਆ। ਰਾਗੀ ਅਤੇ ਢਾਡੀ ਜਥੇ ਤੋਂ ਬਾਅਦ ਸ਼ਹੀਦ ਜਨਰਲ ਸ਼ਬੇਗ ਸਿੰਘ ਦੇ ਭਰਾਤਾ ਭਾਈ ਬੇਅੰਤ ਸਿੰਘ ਖਿਆਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਪੰਥਕ ਪੱਤਰਕਾਰ ਭਾਈ ਬਲਵਿੰਦਰ ਸਿੰਘ ਪੱਖੋਕੇ, ਗੁਰਦੁਆਰਾ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਵਡਾਲਾ ਤੇ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਭਾਈ ਐਮ.ਐਸ. ਮੁਲਤਾਨੀ (ਯੂ.ਐਸ.ਏ.) ਵੱਲੋਂ ਭੇਜੀ ਨਗਦ ਰਾਸ਼ੀ ਜੋ 30 ਦੇ ਕਰੀਬ ਸ਼ਹੀਦਾਂ, ਜੁਝਾਰੂਆਂ ਤੇ ਲੋੜਵੰਦ ਪਰਿਵਾਰਾਂ ਨੂੰ ਸੌਂਪੀ ਗਈ ਅਤੇ ਸਿਰੋਪੇ ਤੇ ਢੱਠੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਤਸਵੀਰਾਂ ਦੇ ਕੇ ਸਨਮਾਨ ਵੀ ਕੀਤਾ ਗਿਆ। ਆਗੂਆਂ ਤੇ ਪਰਿਵਾਰਾਂ ਨੇ ਭਾਈ ਐਮ.ਐਸ. ਮੁਲਤਾਨੀ ਦੀਆਂ ਪੰਥਕ ਸੇਵਾਵਾਂ ਨੂੰ ਖ਼ੂਬ ਸਲਾਹਿਆ ਅਤੇ ਉਹਨਾਂ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੌਮੀ ਸ਼ਹੀਦਾਂ ਦੇ ਸੰਘਰਸ਼ ਨੂੰ ਜਾਰੀ ਰੱਖਣਾ, ਉਹਨਾਂ ਦਾ ਇਤਿਹਾਸ ਲਿਖਣਾ ਅਤੇ ਪਰਿਵਾਰਾਂ ਦੀ ਸਾਰ ਲੈਣੀ ਸਾਡਾ ਪੰਥਕ ਫ਼ਰਜ਼ ਹੈ। ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਨੇ ਦਮਦਮੀ ਟਕਸਾਲ ਵੱਲੋਂ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲਈ ਤੇ ਸੰਘਰਸ਼ ਨੂੰ ਵੀ ਸੇਧ ਦਿੱਤੀ ਸੀ। ਖ਼ਾਲਸਾ ਏਡ, ਸਿੱਖ ਰਿਲੀਫ਼ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਤੇ ਭਾਈ ਐਮ ਐਸ ਮੁਲਤਾਨੀ ਵੀ ਲੰਬੇ ਸਮੇਂ ਤੋਂ ਕਈ ਪਰਿਵਾਰਾਂ ਦਾ ਸਹਾਰਾ ਬਣ ਰਹੇ ਹਨ। ਭਾਈ ਬਲਵਿੰਦਰ ਸਿੰਘ ਪੱਖੋਕੇ ਨੇ ਕਿਹਾ ਕਿ ਉਹਨਾਂ ਵੱਲੋਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੁਣ ਤੱਕ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਹੋ ਚੁੱਕੀ ਹੈ, ਪਰ ਕਈ ਪਰਿਵਾਰਾਂ ਦੇ ਹਾਲਾਤ ਅੱਜ ਵੀ ਬਦਤਰ ਹਨ। ਭਾਈ ਬੇਅੰਤ ਸਿੰਘ ਖਿਆਲਾ ਨੇ ਕਿਹਾ ਕਿ ਸ਼ਹੀਦ ਸਾਡੀ ਕੌਮ ਦਾ ਸਰਮਾਇਆ ਨੇ, ਸ਼ਹੀਦਾਂ ਨੇ ਸਾਨੂੰ ਅਣਖ਼ ਨਾਲ ਜਿਊਣਾ ਸਿਖਾਇਆ ਹੈ। ਬੀਬੀ ਕੁਲਵਿੰਦਰ ਕੌਰ ਤੁਗਲਵਾਲਾ ਨੇ ਕਿਹਾ ਕਿ ਭਾਈ ਐਮ ਐਸ ਮੁਲਤਾਨੀ ਜੋ ਜੂਨ 1984 ਦੇ ਘੱਲੂਘਾਰੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ 'ਚ ਹਰ ਸਾਲ ਦੋ ਸ਼ਹੀਦੀ ਸਮਾਗਮ ਕਰਵਾਉਂਦੇ ਹਨ ਤੇ ਅਕਸਰ ਹੀ ਸ਼ਹੀਦਾਂ ਤੇ ਲੋੜਵੰਦ ਪਰਿਵਾਰਾਂ ਦੀ ਮਾਇਕੀ ਮਦਦ ਕਰਕੇ ਆਪਣਾ ਦਸਵੰਧ ਸਫਲਾ ਕਰਦੇ ਹਨ। ਪ੍ਰਧਾਨ ਭਾਈ ਜਗਦੀਸ਼ ਸਿੰਘ ਵਡਾਲਾ ਨੇ ਕਿਹਾ ਕਿ ਮੇਰੇ ਤਿੰਨ ਭਰਾ ਸੰਘਰਸ਼ 'ਚ ਸ਼ਹੀਦ ਹੋਏ ਹਨ, ਪੰਜਵੇਂ ਪਾਤਸ਼ਾਹ ਤੋਂ ਅਰੰਭ ਹੋਇਆ ਸ਼ਹੀਦੀਆਂ ਦਾ ਸਫ਼ਰ ਨਿਰੰਤਰ ਜਾਰੀ ਹੈ, ਖ਼ਾਲਸਾ ਹਮੇਸ਼ਾਂ ਜ਼ੁਲਮ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ। ਇਸ ਮੌਕੇ ਭਾਈ ਜੁਗਰਾਜ ਸਿੰਘ ਲਾਲ ਕਿਲ੍ਹਾ, ਨਿਰਮਲ ਸਿੰਘ ਆਰਫਕੇ, ਸਾਬਕਾ ਸਿਪਾਹੀ ਸਤਵੰਤ ਸਿੰਘ ਮਾਣਕ, ਰਮਨਦੀਪ ਸਿੰਘ, ਰਣਜੀਤ ਸਿੰਘ ਤੋਲੇਨੰਗਲ ਤੇ ਹੋਰ ਹਾਜ਼ਰ ਸਨ।
Leave a Reply