ਗੁਰਦੁਆਰਾ ਗੁਰਪੁਰੀ ਸਾਹਿਬ ਵਿਖੇ ਸੰਤ ਬਾਬਾ ਚਰਨ ਸਿੰਘ ਜੀ ਦੀ ਯਾਦ 'ਚ ਵਿਸ਼ਾਲ ਗੁਰਮਤਿ ਸਮਾਗਮ
- ਧਾਰਮਿਕ
- 11 Jul, 2026 03:01 PM (Asia/Kolkata)
ਕੀਰਤਨ,ਕਥਾ,ਸ਼ਸਤਰ ਵਿਦਿਆ ਦੇ ਪ੍ਰਦਰਸ਼ਨ ਤੇ ਅਤੁੱਟ ਲੰਗਰਾਂ ਨਾਲ ਸੰਗਤਾਂ ਨੇ ਭਰੀ ਸ਼ਰਧਾ ਨਾਲ ਹਾਜ਼ਰੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਮਹਾਂਪੁਰਖ ਸ੍ਰੀ ਮਾਨ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਦੀ ਪਾਵਨ ਯਾਦ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਗੁਰਪੁਰੀ ਸਾਹਿਬ, ਸੁਹਾਵਾ ਵਿਖੇ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਸਮਾਗਮ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਪਹੁੰਚੀਆਂ ਹਜ਼ਾਰਾਂ ਸੰਗਤਾਂ ਨੇ ਹਾਜ਼ਰੀ ਭਰ ਕੇ ਗੁਰੂ ਚਰਨਾਂ ਵਿੱਚ ਨਤਮਸਤਕ ਹੋਣ ਦਾ ਸੁਭਾਗ ਪ੍ਰਾਪਤ ਕੀਤਾ।

ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਬਾਨੀ ਸੰਤ ਬਾਬਾ ਤਾਰਾ ਸਿੰਘ ਜੀ ਅਤੇ ਸੰਤ ਬਾਬਾ ਚਰਨ ਸਿੰਘ ਜੀ ਵੱਲੋਂ ਕੀਤੀ ਨਿਸ਼ਕਾਮ ਸੇਵਾ ਅਤੇ ਬੰਦਗੀ ਦੀ ਮਹਿਮਾ ਦੇਸ਼ਾਂ-ਵਿਦੇਸ਼ਾਂ ਤੱਕ ਫੈਲੀ ਹੋਈ ਹੈ। ਸਾਲ 2001 ਤੋਂ ਸੰਪਰਦਾਇ ਦੇ ਤੀਜੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਅਤੇ ਸੰਤ ਬਾਬਾ ਹਾਕਮ ਸਿੰਘ ਜੀ ਦੀ ਅਗਵਾਈ ਹੇਠ ਮਾਨਵਤਾ ਦੀ ਭਲਾਈ ਲਈ ਅਨੇਕਾਂ ਧਾਰਮਿਕ ਅਤੇ ਸਮਾਜਿਕ ਸੇਵਾ ਕਾਰਜ ਨਿਰੰਤਰ ਜਾਰੀ ਹਨ,ਜਿਨ੍ਹਾਂ ਦੀ ਵਿਸ਼ਵ ਪੱਧਰ 'ਤੇ ਪ੍ਰਸ਼ੰਸਾ ਹੋ ਰਹੀ ਹੈ।

ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜੇ ਧਾਰਮਿਕ ਦੀਵਾਨ ਦੀ ਆਰੰਭਤਾ ਭਾਈ ਸੁਖਦੇਵ ਸਿੰਘ (ਹਜ਼ੂਰੀ ਰਾਗੀ,ਗੁਰਦੁਆਰਾ ਬੇਰ ਸਾਹਿਬ,ਸੁਲਤਾਨਪੁਰ ਲੋਧੀ) ਨੇ ਗੁਰਬਾਣੀ ਕੀਰਤਨ ਨਾਲ ਕੀਤੀ। ਇਸ ਉਪਰੰਤ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਸਾਬਕਾ ਜਥੇਦਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਨੇ ਸ੍ਰੀ ਮੁੱਖਵਾਕ ਦੀ ਕਥਾ ਕਰਦਿਆਂ ਸੰਗਤ ਨੂੰ ਗੁਰਮਤਿ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਗਿਆਨੀ ਜਸਬੀਰ ਸਿੰਘ ਰੋਡੇ,ਪ੍ਰਚਾਰਕ ਭਾਈ ਗੁਰਵਿੰਦਰ ਸਿੰਘ ਕੋਹਾੜਕਾ, ਭਾਈ ਮੰਗਤ ਸਿੰਘ (ਝਾੜ ਸਾਹਿਬ ਵਾਲੇ), ਭਾਈ ਮਨਜਿੰਦਰ ਸਿੰਘ ਢੋਟੀਆਂ ਵਾਲੇ,ਬਾਬਾ ਤਰਸੇਮ ਸਿੰਘ,ਗਿਆਨੀ ਸਰਬਜੀਤ ਸਿੰਘ ਢੋਟੀਆਂ,ਜਥੇਦਾਰ ਸ਼ਬਦਲ ਸਿੰਘ ਸਮੇਤ ਹੋਰ ਪ੍ਰਸਿੱਧ ਰਾਗੀਆਂ ਅਤੇ ਕਥਾਵਾਚਕਾਂ ਨੇ ਕੀਰਤਨ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਭਾਈ ਪਰਦੀਪ ਸਿੰਘ ਰਾਹਲ ਚਾਹਲ ਅਤੇ ਹਰਭਜਨ ਸਿੰਘ ਸੰਧੂ (ਸਕੱਤਰ ਸੰਪਰਦਾਇ) ਨੇ ਨਿਭਾਈ।
ਸ਼ਾਮ ਵੇਲੇ ਦਲ ਬਾਬਾ ਰਾਮ ਸਿੰਘ ਜਥੇਬੰਦੀ ਵੱਲੋਂ ਜਥੇਦਾਰ ਬਾਬਾ ਰਣਜੀਤ ਸਿੰਘ ਦੀ ਅਗਵਾਈ ਹੇਠ ਰਵਾਇਤੀ ਖਾਲਸਾਈ ਸ਼ਸਤਰ ਵਿਦਿਆ ਅਤੇ ਘੋੜ ਦੌੜ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ, ਜਿਸ ਨੂੰ ਸੰਗਤ ਨੇ ਬੜੇ ਉਤਸ਼ਾਹ ਨਾਲ ਦੇਖਿਆ। ਸਮਾਗਮ ਦੌਰਾਨ ਸਾਰਾ ਦਿਨ ਗੁਰੂ ਕੇ ਅਤੁੱਟ ਲੰਗਰ ਵਰਤਾਏ ਗਏ।

ਇਸ ਮੌਕੇ ਅਜੈਬ ਸਿੰਘ ਬੋਪਾਰਾਏ (ਪ੍ਰਧਾਨ,ਬੰਗਲਾਦੇਸ਼ ਗੁਰਦੁਆਰਾ ਮੈਨੇਜਮੈਂਟ ਬੋਰਡ,ਕਲਕੱਤਾ),ਬਾਬਾ ਗੁਰਦਾਸ ਸਿੰਘ ਬੁਰਜਾਂ ਵਾਲੇ,ਸੱਜਣ ਸਿੰਘ ਕਥਾਵਾਚਕ (ਮੁੱਖ ਸਲਾਹਕਾਰ,ਪੰਜਾਬ ਇੰਟਰਨੈਸ਼ਨਲ ਪੰਥਕ ਦਲ), ਜਥੇਦਾਰ ਬਲਬੀਰ ਸਿੰਘ ਸਾਬਕਾ ਸਰਪੰਚ ਠੱਠਾ,ਬਾਬਾ ਸਤਨਾਮ ਸਿੰਘ ਅਲਗੋਂ ਕਲਾਂ,ਗੁਰਭੇਜ ਸਿੰਘ ਜ਼ਿਲ੍ਹਾ ਪ੍ਰਧਾਨ ਤਰਨ ਤਾਰਨ,ਵੱਖ-ਵੱਖ ਪਿੰਡਾਂ ਦੇ ਸਰਪੰਚ, ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਜਥੇਦਾਰ ਅਤੇ ਵੱਡੀ ਗਿਣਤੀ ਵਿੱਚ ਸੇਵਾਦਾਰ ਤੇ ਸੰਗਤ ਹਾਜ਼ਰ ਸਨ।
Leave a Reply