ਪੰਥਕ ਇਕਸੁਰਤਾ ਲਈ ਪੰਥਕ ਕੌਂਸਲ ਦੀ ਪੰਜ ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ

ਪੰਥਕ ਇਕਸੁਰਤਾ ਲਈ ਪੰਥਕ ਕੌਂਸਲ ਦੀ ਪੰਜ ਮੈਂਬਰੀ ਕਮੇਟੀ ਦੀ ਅਹਿਮ ਮੀਟਿੰਗ

ਅੰਮ੍ਰਿਤਸਰ, ਜੁਗਰਾਜ ਸਿੰਘ ਸਰਹਾਲੀ 
 

ਪੰਥਕ ਇਕਸੁਰਤਾ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਕਾਰਜਸ਼ੀਲ ਹੋਈ ਪੰਥਕ ਕੌਂਸਲ ਦੀ ਪੰਜ ਮੈਂਬਰੀ ਕਮੇਟੀ ਦੀ ਇਕ ਅਹਿਮ ਮੀਟਿੰਗ ਅੱਜ ਪੰਥਕ ਕੌਂਸਲ ਦੀ ਪ੍ਰਮੁੱਖ ਸੇਵਾਦਾਰ ਬੀਬੀ ਸਤਵੰਤ ਕੌਰ ਜੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪੰਥਕ ਕੌਂਸਲ ਦੇ ਕਾਰਜ ਖੇਤਰ ਨੂੰ ਸਮੁੱਚੇ ਪੰਜਾਬ ਦੇ 23 ਜ਼ਿਲ੍ਹਿਆਂ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੱਕ ਵਿਸਥਾਰ ਦੇਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਸੰਦਰਭ ਵਿੱਚ ਤਿੰਨ-ਤਿੰਨ ਜ਼ਿਲ੍ਹਿਆਂ ਦੇ ਆਧਾਰ ’ਤੇ ਕੁੱਲ ਅੱਠ ਜ਼ੋਨ ਬਣਾਉਣ ਦਾ ਫ਼ੈਸਲਾ ਲਿਆ ਗਿਆ।
ਮੀਟਿੰਗ ਵਿੱਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਜਲਦ ਹੀ ਇਨ੍ਹਾਂ ਅੱਠਾਂ ਜ਼ੋਨਾਂ ਦੇ ਜ਼ੋਨਲ ਇੰਚਾਰਜਾਂ ਅਤੇ ਉਨ੍ਹਾਂ ਦੀ ਅਗਵਾਈ ਹੇਠ ਬਣਨ ਵਾਲੀਆਂ ਜ਼ਿਲ੍ਹਾ ਪੱਧਰੀ ਕਮੇਟੀਆਂ ਦਾ ਐਲਾਨ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਬੀਬੀਆਂ ਨੂੰ ਵੀ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ।
ਇਸਦੇ ਨਾਲ ਹੀ ਜ਼ਿਲ੍ਹਾ ਪੱਧਰ ਤੋਂ ਬਲਾਕ ਅਤੇ ਪਿੰਡ ਪੱਧਰ ਤੱਕ ਦਰਜਾ-ਬ-ਦਰਜਾ ਕਮੇਟੀਆਂ ਦਾ ਗਠਨ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਪ੍ਰਕਿਰਿਆ ਰਾਹੀਂ ਪੰਥਕ ਕੌਂਸਲ ਪੰਥਕ ਇਕਸੁਰਤਾ, ਸੰਗਠਨਾਤਮਕ ਏਕਤਾ ਅਤੇ ਪੰਥਕ ਮਕਸਦਾਂ ਦੀ ਪ੍ਰਾਪਤੀ ਲਈ ਸਰਗਰਮ ਤੌਰ ’ਤੇ ਕਾਰਜ ਕਰੇਗੀ।
ਮੀਟਿੰਗ ਦੌਰਾਨ ਦੁਨੀਆ ਭਰ ਦੇ ਸਿੱਖਾਂ ਨੂੰ ਪੰਥਕ ਕੌਂਸਲ ਨਾਲ ਜੋੜਨ ਲਈ ਆਉਣ ਵਾਲੇ ਦਿਨਾਂ ਵਿੱਚ ਵਿਸ਼ਵ-ਵਿਆਪੀ ਕਮੇਟੀਆਂ ਦੇ ਐਲਾਨ ਦਾ ਵੀ ਫ਼ੈਸਲਾ ਲਿਆ ਗਿਆ। ਇਸਦੇ ਨਾਲ ਹੀ ਪੰਥਕ ਕੌਂਸਲ ਵੱਲੋਂ ਜਲਦ ਹੀ ਆਪਣਾ ਇੱਕ ਲੀਗਲ ਸੈੱਲ ਸਥਾਪਿਤ ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ।ਮੀਟਿੰਗ ਵਿੱਚ ਸ਼ਾਮਿਲ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਸਿੱਖ ਪੰਥ ਨੂੰ ਦਰਪੇਸ਼ ਸਮੱਸਿਆਵਾਂ ਅਤੇ ਚੁਣੌਤੀਆਂ ਦੇ ਹੱਲ ਲਈ ਸਮੁੱਚੇ ਪੰਥ ਨੂੰ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣਾ ਸਮੇਂ ਦੀ ਮੁੱਖ ਲੋੜ ਹੈ। ਪੰਥਕ ਕੌਂਸਲ ਇਸ ਦਿਸ਼ਾ ਵਿੱਚ ਲਗਾਤਾਰ ਢੁੱਕਵੇਂ ਕਦਮ ਚੁੱਕਦੀ ਰਹੇਗੀ।
ਕੌਂਸਲ ਨੇ ਸਪਸ਼ਟ ਕੀਤਾ ਕਿ ਪੰਥ ਦੀ ਚੜ੍ਹਦੀਕਲਾ ਅਤੇ ਇਕਸੁਰਤਾ ਉਸਦੀ ਸਰਵੋਚ ਪ੍ਰਾਥਮਿਕਤਾ ਰਹੇਗੀ। ਇਸ ਮੀਟਿੰਗ ਵਿੱਚ ਪ੍ਰਮੁੱਖ ਸੇਵਾਦਾਰ ਬੀਬੀ ਸਤਵੰਤ ਕੌਰ ਜੀ ਤੋਂ ਇਲਾਵਾ ਡਾ. ਜਸਪਾਲ ਸਿੰਘ, ਭਾਈ ਬਲਦੀਪ ਸਿੰਘ ਰਾਮੂੰਵਾਲੀਆ, ਐਡਵੋਕੇਟ ਬਲਵੰਤ ਸਿੰਘ ਅਤੇ ਐਡਵੋਕੇਟ ਪਰਮਜੀਤ ਸਿੰਘ ਭੰਗੂ ਵੀ ਮੌਜੂਦ ਰਹੇ।
#bibisatwantkaur #panthikconcile

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.