ਬੇਦਰਦ ਅਤੇ ਬਦਨਾਮ ਪੰਜਾਬ ਪੁਲਿਸ ਦੇ ਸਿੱਖ ਵਿਰੋਧੀ ਕਾਰੇ
- ਰਾਜਨੀਤੀ
- 08 Jul, 2026 08:41 PM (Asia/Kolkata)
ਪੰਜਾਬ ਪੁਲਿਸ ਨੇ ਦਿੱਲੀ ਦਰਬਾਰ ਦੇ ਆਖੇ ਲੱਗ ਕੇ ਸਿੱਖੀ ਅਤੇ ਸਿੱਖਾਂ ਨਾਲ ਜੋ ਦੁਸ਼ਮਣੀ ਕਮਾਈ ਉਹ ਭੁਲਾਈ ਨਹੀਂ ਜਾ ਸਕਦੀ। ਸਿੱਖਾਂ ਦੇ ਘਰਾਂ 'ਚ ਹੀ ਜੰਮੇ ਇਹਨਾਂ ਪੁਲਸੀਆਂ ਨੇ ਪੰਥ ਅਤੇ ਪੰਜਾਬ ਲਈ ਉੱਠੀ ਹਰ ਆਵਾਜ਼ ਅਤੇ ਲਹਿਰ ਨੂੰ ਦਬਾਉਣ ਵਿੱਚ ਕੋਈ ਕਸਰ ਬਾਕੀ ਨਾ ਛੱਡੀ। ਇਹ ਖ਼ਾਕੀ ਪੱਗਾਂ ਤੇ ਟੋਪੀਆਂ ਵਾਲਿਆਂ ਨੇ ਪੰਜਾਬ ਵਿੱਚ ਖ਼ੂਨ ਦੀਆਂ ਨਦੀਆਂ ਵਹਾਈਆਂ ਹਨ। ਆਪਣੇ ਹੀ ਭਰਾਵਾਂ ਨੂੰ ਮਾਰਦੇ ਸਮੇਂ ਇਹਨਾਂ ਨੂੰ ਰੱਤਾ ਵੀ ਤਰਸ ਨਾ ਆਇਆ। ਕੋਈ ਸਿੱਖ ਆਪਣੇ ਧਰਮ ਅਤੇ ਪੰਜਾਬ ਦੀ ਗੱਲ ਕਰਕੇ ਤਾਂ ਵੇਖੇ, ਤਾਂ ਇਹ ਪੁਲਸੀਏ ਉਸ ਦੇ ਵੈਰੀ ਬਣ ਜਾਣਗੇ। ਸਿੱਖ ਤਾਂ ਪਹਿਲਾਂ ਹੀ ਭਾਰਤੀ ਹਕੂਮਤੀ ਨੀਤੀਆਂ ਦਾ ਸ਼ਿਕਾਰ ਬਣੇ ਹੋਏ ਨੇ ਤਾਂ ਉਸ ਖ਼ਿਲਾਫ਼ ਜੱਦੋ-ਜਹਿਦ ਕਰਦੇ ਨੇ ਪਰ ਇਹ ਪੁਲਸੀਏ ਜੋ ਸਿੱਖਾਂ ਦੀ ਪੀੜ ਅਤੇ ਸੰਤਾਪ ਨੂੰ ਸਮਝਣ ਦੀ ਬਜਾਏ ਉਹਨਾਂ ਦੇ ਦੁੱਖ ਤੇ ਸੰਘਰਸ਼ ਵਿੱਚ ਸ਼ਾਮਿਲ ਹੋਣ ਦੀ ਬਜਾਏ ਸਿੱਖਾਂ 'ਤੇ ਡਾਂਗ ਫੇਰਨ ਲਈ ਕਾਹਲੇ ਰਹਿੰਦੇ ਨੇ। ਪੰਜਾਬ ਪੁਲਿਸ ਦਾ ਰਵੱਈਆ ਸਿੱਖਾਂ ਪ੍ਰਤੀ ਹਮੇਸ਼ਾਂ ਦੁਸ਼ਮਣਾਂ ਵਾਲਾ ਰਿਹਾ ਹੈ।
ਜਿਹੜੇ ਪੁਲੀਸ ਅਫ਼ਸਰ ਨੂੰ ਬੜਾ ਧਰਮੀ ਸਮਝਿਆ ਜਾਂਦਾ ਹੈ ਕਿ ਇਹ ਗੁਰਦੁਆਰੇ ਜਾਂਦਾ ਹੈ, ਨਿਤਨੇਮ ਕਰਦਾ ਹੈ, ਅਰਦਾਸ ਕਰਕੇ ਕੁਰਸੀ 'ਤੇ ਬੈਠਦਾ ਹੈ, ਸਿੱਖੀ ਸਰੂਪ ਵਿੱਚ ਹੈ ਉਹ ਵੀ ਜਦੋਂ ਥਾਣਿਆਂ ਅਤੇ ਬੁੱਚੜਖਾਨਿਆਂ ਵਿੱਚ ਆਪਣਾ ਅਸਲੀ ਕਰੂਰ ਚਿਹਰਾ ਵਿਖਾਉਂਦਾ ਹੈ ਤਾਂ ਵੇਖ ਕੇ ਬੰਦਾ ਹੱਕਾ-ਬੱਕਾ ਰਹਿ ਜਾਂਦਾ ਹੈ। ਪੰਥਕ ਸਫ਼ਾਂ ਵਿੱਚ ਵਿਚਰਦਿਆਂ ਅਕਸਰ ਹੀ ਅਜਿਹੇ ਪੁਲਸੀਆਂ ਨਾਲ ਵਾਹ ਪੈਂਦਾ ਰਹਿੰਦਾ ਹੈ ਜੋ ਬੁਰਾ ਸਲੂਕ ਕਰਦੇ ਹਨ। ਇਹਨਾਂ ਨੂੰ ਸਿੱਖੀ ਸਰੂਪ, ਦਸਤਾਰ, ਕਕਾਰ ਅਤੇ ਬਾਣਾ ਬਹੁਤ ਚੁਭਦਾ ਹੈ ਤੇ ਇਹ ਪੰਥਕ ਵਿਚਾਰਾਂ ਵਾਲਿਆਂ 'ਤੇ ਦਹਿਸ਼ਤ ਪਾ ਕੇ ਰੱਖਣਾ ਚਾਹੁੰਦੇ ਹਨ।
ਸੀ.ਆਈ.ਏ. ਸਟਾਫਾਂ ਅਤੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਇਹ ਪੁਲਸੀਏ ਕੀ ਕੁਝ ਨਹੀਂ ਕਰਦੇ ? ਬੰਦੇ ਨੂੰ ਤੂੰਬਾ-ਤੂੰਬਾ ਕਰ ਦਿੰਦੇ ਹਨ, ਅਜਿਹੇ ਖੌਫ਼ਨਾਕ ਤਸੀਹੇ ਦਿੰਦੇ ਹਨ ਕਿ ਪੜ੍ਹ-ਸੁਣ ਕੇ ਵੀ ਲੋਕਾਂ ਦੀ ਰੂਹ ਕੰਬ ਜਾਂਦੀ ਹੈ ਪਰ ਜਿਨ੍ਹਾਂ ਨਾਲ ਬੀਤਦੀ ਹੋਵੇਗੀ ਉਹਨਾਂ ਦਾ ਕੀ ਹਾਲ ਹੁੰਦਾ ਹੋਵੇਗਾ, ਪਰ ਇਹਨਾਂ ਪੁਲਸੀਆਂ ਨੂੰ ਕੋਈ ਤਰਸ ਨਹੀਂ ਆਉਂਦਾ। ਸਿੱਖ ਨੌਜਵਾਨਾਂ ਦੇ ਕਕਾਰ-ਦਸਤਾਰ ਓਥੇ ਰੁਲ ਰਹੇ ਹੁੰਦੇ ਹਨ। ਜੇ ਕੋਈ ਬੰਦਾ ਹੱਥ ਨਾ ਆਵੇ ਤਾਂ ਇਹ ਉਸਦੇ ਮਾਂ-ਬਾਪ, ਭੈਣ-ਭਰਾ ਤੇ ਰਿਸ਼ਤੇਦਾਰਾਂ ਨੂੰ ਵੀ ਚੁੱਕ ਲਿਆਉਂਦੇ ਨੇ, ਇਹ ਕਿਹੜਾ ਕਾਨੂੰਨ ਹੋਇਆ ? ਕਿਸੇ ਦੋਸ਼ ਜਾਂ ਜੁਰਮ ਵਿੱਚ ਸਾਰੀ ਦੁਨੀਆਂ ਦੇ ਮੁਲਕਾਂ ਦੀ ਪੁਲਿਸ ਪੁੱਛਗਿੱਛ ਕਰਦੀ ਹੈ ਪਰ ਪੰਜਾਬ ਪੁਲਿਸ ਅਣਮਨੁੱਖੀ ਤਸ਼ੱਦਦ ਕਰਕੇ ਕਿਹੋ ਜਿਹੀ ਡਿਊਟੀ ਕਰਦੀ ਹੈ ? ਪਤਾ ਨਹੀਂ ਇਹਨਾਂ ਆਦਮਖੋਰਾਂ ਨੇ ਕਿੰਨੇ ਮਾਵਾਂ ਦੇ ਪੁੱਤ ਖਾਧੇ ਹਨ ਤੇ ਕਿੰਨਿਆਂ ਦੇ ਸੁਹਾਗ ਉਜਾੜੇ ਹਨ, ਭਰਾਵਾਂ ਨੂੰ ਉਡੀਕਦੀਆਂ ਭੈਣਾਂ ਦੀਆਂ ਰੱਖੜੀਆਂ ਹੱਥਾਂ ਵਿੱਚ ਰਹਿ ਜਾਂਦੀਆਂ ਹਨ। ਇਹ ਪੁਲਸੀਏ ਹਰ ਸਮੇਂ ਸਿੱਖੀ ਖ਼ਿਲਾਫ਼ ਭੁਗਤੇ ਤੇ ਅੱਜ ਵੀ ਸੁਧਰੇ ਨਹੀਂ ਹਨ।
ਜਦੋਂ ਸਿੱਖਾਂ ਨੇ 'ਪੰਜਾਬੀ ਸੂਬਾ ਜ਼ਿੰਦਾਬਾਦ' ਆਖਣ ਉੱਤੇ ਲੱਗੀ ਪਾਬੰਦੀ ਖ਼ਿਲਾਫ ਮੋਰਚਾ ਲਾਇਆ ਸੀ ਤਾਂ ਇਹਨਾਂ ਪੁਲਿਸ ਵਾਲਿਆਂ ਨੇ 4 ਜੁਲਾਈ 1955 ਨੂੰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਪ੍ਰਕਰਮਾ ਵਿੱਚ ਅੱਥਰੂ ਗੈਸ ਦੇ ਗੋਲੇ ਸੁੱਟੇ ਤੇ ਗੋਲ਼ੀਆਂ ਚਲਾਈਆਂ ਸਨ। ਦੋ ਸਿੰਘ ਸ਼ਹੀਦ, 200 ਜ਼ਖਮੀਂ ਤੇ 12 ਹਜ਼ਾਰ ਸਿੱਖਾਂ ਨੂੰ ਗ੍ਰਿਫ਼ਤਾਰ ਕੀਤਾ ਸੀ। 13 ਅਪ੍ਰੈਲ 1978 ਨੂੰ ਨਰਕਧਾਰੀਆਂ ਨਾਲ਼ ਮਿਲ ਕੇ ਇਹਨਾਂ ਨੇ 13 ਸਿੰਘ ਸ਼ਹੀਦ ਕਰ ਦਿੱਤੇ, ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਚੰਦੋ ਕਲਾਂ ਵਿੱਚ ਫੜਨ ਗਈ ਪੁਲੀਸ ਨੇ ਭਾਈ ਮੋਹਕਮ ਸਿੰਘ ਦੀ ਦਸਤਾਰ ਲਾਹ ਦਿੱਤੀ ਅਤੇ ਹੋਰ ਅਨੇਕਾਂ ਸਿੰਘਾਂ ਨੂੰ ਕੁੱਟਿਆ ਤੇ ਗੁਰਬਾਣੀ ਦੀਆਂ ਪੋਥੀਆਂ ਵਾਲੀ ਬੱਸ ਨੂੰ ਅੱਗ ਲਾ ਦਿੱਤੀ ਸੀ। ਜਦੋਂ ਸੰਤਾਂ ਨੇ 20 ਸਤੰਬਰ 1981 ਨੂੰ ਮਹਿਤੇ ਵਿਖੇ ਗ੍ਰਿਫ਼ਤਾਰੀ ਦਿੱਤੀ ਤਾਂ ਪੁਲਿਸ ਨੇ ਗੋਲ਼ੀਆਂ ਮਾਰ ਕੇ 18 ਸਿੰਘ ਸ਼ਹੀਦ ਕਰ ਦਿੱਤੇ। 4 ਜੂਨ 1982 ਨੂੰ ਪੁਲਿਸ ਨੇ 11 ਸਿੰਘਾਂ ਨੂੰ ਇਸ਼ਤਿਹਾਰੀ ਮੁਜ਼ਰਿਮ ਕਰਾਰ ਦੇ ਕੇ ਸਿਰਾਂ ਦੇ ਇਨਾਮ ਰੱਖ ਦਿੱਤੇ। ਭਾਈ ਕੁਲਵੰਤ ਸਿੰਘ ਨਾਗੋਕੇ ਨੂੰ ਪੁਲਿਸ ਨੇ ਹਿਰਾਸਤ ਵਿੱਚ ਹੀ ਸ਼ਹੀਦ ਕਰਕੇ ਫਿਰ 11 ਜੂਨ 1982 ਨੂੰ ਮੁਕਾਬਲਾ ਵਿਖਾ ਦਿੱਤਾ ਸੀ।
ਜਦੋਂ ਫ਼ਿਰਕੂ ਹਿੰਦੂਤਵੀਏ ਸਿੱਖਾਂ ਖ਼ਿਲਾਫ਼ ਆਤੰਕ ਮਚਾਉਂਦੇ ਰਹੇ ਤਾਂ ਇਹ ਪੁਲਸੀਏ ਚੁੱਪ ਰਹੇ, ਪਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਿੰਘਾਂ ਨੂੰ ਇਹਨਾਂ ਨੇ ਹਮੇਸ਼ਾਂ ਨਿਸ਼ਾਨਾ ਬਣਾਈ ਰੱਖਿਆ। ਇਹਨਾਂ ਪੁਲਸੀਆਂ ਨੇ ਪਿੰਡ ਘੱਲ ਖੁਰਦ ਅਤੇ ਪਿੰਡ ਦਾਉਂ ਵਿੱਚ ਸਿੱਖਾਂ ਦੀਆਂ ਕੁੜੀਆਂ ਨੂੰ ਨਗਨ ਕੀਤਾ, ਭਾਈ ਜਸਵੀਰ ਸਿੰਘ ਚੁੱਪਕੀਤੀ ਪਿੰਡ ਦੇ ਮੂੰਹ ਵਿੱਚ ਤੰਬਾਕੂ ਤੁੰਨਣਾ ਚਾਹਿਆ, ਭਾਈ ਗੁਰਮੀਤ ਸਿੰਘ ਧੂਲਕੋਟ ਦਾ ਸਰੀਰ ਸਾੜ ਦਿੱਤਾ, ਗੁਰੂ ਹਰਸਹਾਏ ਥਾਣੇ ਵਿੱਚ ਭਾਈ ਲਹਿਰਾ ਸਿੰਘ ਦਾ ਦਾੜ੍ਹਾ ਤੇ ਕੇਸ ਬਿੱਛੂ ਰਾਮ ਥਾਣੇਦਾਰ ਨੇ ਕਤਲ ਕਰ ਦਿੱਤੇ ਤੇ ਕਹਿੰਦਾ "ਜਾ ਕੇ ਭਿੰਡਰਾਂਵਾਲੇ ਨੂੰ ਦੱਸ ਦੇਵੀਂ।" ਭਾਈ ਮਨਜੀਤ ਸਿੰਘ ਉਰਫ਼ ਭਾਈ ਮੁਸੀਬਤ ਸਿੰਘ ਨੂੰ ਰਾਜਾਸਾਂਸੀ ਹਵਾਈ ਅੱਡੇ ਉੱਤੇ ਗੋਲੀ ਮਾਰ ਦਿੱਤੀ। 15 ਮਾਰਚ 1983 ਨੂੰ ਦਮਦਮੀ ਟਕਸਾਲ ਦੇ ਸਿੰਘਾਂ ਦੀ ਜੀਪ ਉੱਤੇ ਮਾਨਾਂਵਾਲੇ ਪੁਲ ਕੋਲ ਪੁਲਿਸ ਨੇ ਰਾਕਟ ਦਾਗ ਦਿੱਤਾ ਜਿਸ ਨਾਲ ਭਾਈ ਹਰਦੇਵ ਸਿੰਘ ਸ਼ਹੀਦ ਹੋ ਗਿਆ।
4 ਅਪ੍ਰੈਲ 1983 ਨੂੰ ਮਲੇਰਕੋਟ ਦੇ ਕੋਲ ਪਿੰਡ ਕੁੱਪ ਵਿੱਚ ਸ਼ਾਂਤਮਈ ਧਰਨਾ ਦੇ ਰਹੇ 24 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ। ਅਗਸਤ 1982 ਤੋਂ ਫਰਵਰੀ 1984 ਤਕ ਪੁਲਿਸ ਨੇ 200 ਦੇ ਕਰੀਬ ਸਿੰਘ ਮਾਰ ਦਿੱਤੇ। ਜੂਨ 1984 ਦੇ ਘੱਲੂਘਾਰੇ ਵਿੱਚ ਪੂਰੇ ਪੰਜਾਬ ਵਿੱਚ ਸਿੱਖਾਂ ਉੱਤੇ ਹੋਏ ਕਹਿਰ ਦੌਰਾਨ ਪੁਲਿਸ ਨੇ ਭਾਰਤੀ ਫ਼ੌਜ ਦਾ ਸਾਥ ਦਿੱਤਾ। 19 ਮਾਰਚ 1986 ਨੂੰ ਨਕੋਦਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਮੰਗਦੇ ਸਿੱਖਾਂ ਉੱਤੇ ਗੋਲੀ ਚਲਾ ਕੇ ਚਾਰ ਨੌਜਵਾਨ ਸ਼ਹੀਦ ਕਰ ਦਿੱਤੇ, ਫਿਰ 29 ਮਾਰਚ 1986 ਨੂੰ ਹੋਲੇ ਮਹੱਲੇ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ 9 ਸਿੱਖ ਗੋਲੀਆਂ ਨਾਲ ਭੁੰਨ ਸੁੱਟੇ।
ਸਿੱਖ ਸੰਘਰਸ਼ ਦੌਰਾਨ ਅੱਤਵਾਦ ਨੂੰ ਖ਼ਤਮ ਕਰਨ ਦੀ ਆੜ ਹੇਠ ਇਹ ਪੁਲੀਸ ਵਾਲੇ ਤਾਂ ਹੋਰ ਵੀ ਬੇਲਗਾਮ ਹੋ ਗਏ ਸਨ। ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾ ਦਿੱਤੇ, ਲਾਵਾਰਿਸ ਕਹਿ ਕੇ ਸਾੜ ਦਿੱਤੇ, ਦਰਿਆਵਾਂ ਵਿੱਚ ਰੋੜ੍ਹ ਦਿੱਤੇ। ਇਹਨਾਂ ਪੁਲਸੀਆਂ ਨੇ ਸਟਾਰਾਂ, ਫੀਤੀਆਂ, ਤਰੱਕੀਆਂ ਤੇ ਇਨਾਮਾਂ ਦੇ ਲਾਲਚਾਂ ਵਿੱਚ ਸਿੱਖਾਂ ਦੇ ਚੱਡੇ ਪਾੜੇ, ਗੁਪਤ ਅੰਗਾਂ 'ਤੇ ਕਰੰਟ ਲਾਏ, ਗੁਦਾ ਵਿੱਚ ਡੰਡੇ ਧੱਕ ਦਿੱਤੇ, ਗਰਮ ਸਲਾਖਾਂ ਨਾਲ ਅੱਖਾਂ ਕੱਢੀਆਂ, ਪ੍ਰੈੱਸਾਂ ਨਾਲ ਸਰੀਰ ਸਾੜ ਦਿੱਤੇ, ਪੱਟ ਚੀਰ ਕੇ ਲੂਣ-ਮਿਰਚ ਭਰਦੇ, ਦੰਦ ਅਤੇ ਨਹੁੰ ਖਿੱਚਦੇ, ਪਾਣੀ ਵਿੱਚ ਉਬਾਲਦੇ ਅਤੇ ਖੋਪਰੀ ਲਾਹ ਦਿੰਦੇ ਤੇ ਸਰੀਰਾਂ ਵਿੱਚ ਸਰੀਏ ਖੋਭਦੇ ਸਨ।
ਇਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ, ਬਾਬਾ ਚਰਨ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲੇ ਅਤੇ ਮਨੁੱਖੀ ਹੱਕਾਂ ਦੇ ਪਹਿਰੇਦਾਰ ਭਾਈ ਜਸਵੰਤ ਸਿੰਘ ਖਾਲੜਾ ਨੂੰ ਵੀ ਨਹੀਂ ਸੀ ਬਖਸ਼ਿਆ। ਇਹ ਪੰਜਾਬ ਪੁਲਿਸ ਦੇ ਅਫ਼ਸਰ ਅਤੇ ਮੁਲਾਜ਼ਮ ਕਹਾਉਂਦੇ ਦਰਿੰਦਿਆਂ ਨੇ ਇੱਕ ਲੱਖ ਸਿੱਖ ਨੌਜਵਾਨ ਸ਼ਹੀਦ ਕੀਤਾ ਹੈ। ਅੱਜ ਵੀ ਸਿੱਖ ਜਦੋਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਨ ਤਾਂ ਇਹ ਉਹਨਾਂ ਨੂੰ ਖ਼ਾਮੋਸ਼ ਕਰਨ ਲਈ ਤਤਪਰ ਰਹਿੰਦੇ ਹਨ। ਪੰਜਾਬ ਪੁਲਿਸ ਐਨੀ ਬਦਨਾਮ ਹੈ ਕਿ ਇਹਨਾਂ ਨੂੰ ਨਾਕਿਆਂ 'ਤੇ ਵੇਖ ਕੇ ਹੀ ਲੋਕ ਸਹਿਮ ਜਾਂਦੇ ਹਨ। ਝੂਠੇ ਕੇਸ ਪਾਉਣੇ, ਭ੍ਰਿਸ਼ਟਾਚਾਰ ਅਤੇ ਬੇਈਮਾਨੀ ਕਰਨੀ ਇਹਨਾਂ ਦੇ ਖ਼ੂਨ ਵਿੱਚ ਹੈ। ਅਜਿਹੀ ਪੁਲੀਸ ਉੱਤੇ ਹਰ ਕੋਈ ਲਾਹਣਤ ਪਾਉਂਦਾ ਹੈ ਪਰ ਫਿਰ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply