ਚਰਚਿਤ ਕਿਤਾਬ : ਸੰਘਰਸ਼ੀ ਪੈਂਡੇ (ਇੱਕ ਖਾੜਕੂ ਜੋੜੀ ਦੀ ਆਤਮ ਕਥਾ)
- ਰਾਸ਼ਟਰੀ
- 10 Aug, 2026 02:20 PM (Asia/Kolkata)
ਅਮਰ ਸ਼ਹੀਦ ਭਾਈ ਪਰਮਜੀਤ ਸਿੰਘ ਜੀ ਪੰਮਾ ਉਰਫ਼ ਬਾਬਾ ਨੰਦ ਦਾ ਨਾਂ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨਾਲ਼ ਜੁੜਿਆ ਹੋਇਆ ਹੈ। ਕਬੱਡੀ ਵਿੱਚ ਮੱਲਾਂ ਮਾਰਨ ਵਾਲ਼ਾ ਇਹ ਚੋਟੀ ਦਾ ਨਾਮਵਰ ਖਿਡਾਰੀ ਜਦੋਂ ਬੜੇ ਚਾਵਾਂ ਨਾਲ਼ ਪੁਲੀਸ ’ਚ ਭਰਤੀ ਹੋਇਆ ਤਾਂ ਜੂਨ 1984 ’ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਫ਼ੌਜੀ ਹਮਲੇ ਨਾਲ਼ ਉਸ ਦੇ ਮਨ ਵਿੱਚ ਹਿੰਦ ਸਰਕਾਰ ਵਿਰੁੱਧ ਵਿਦਰੋਹ ਪੈਦਾ ਹੋ ਗਿਆ। ਤੁਰੰਤ ਸਰਕਾਰੀ ਨੌਕਰੀ ਨੂੰ ਛੱਡ ਕੇ ਉਹ ਪੰਥ ਲਈ ਸੰਘਰਸ਼ੀ ਪੈਂਡਿਆਂ ਉੱਤੇ ਤੁਰ ਪਿਆ ਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸ਼ਹੀਦੀ ਉੱਤੇ ਲੱਡੂ ਵੰਡਣ ਵਾਲ਼ੇ ‘ਸੁੰਦਰੀ ਬ੍ਹਾਮਣ’ ਨੂੰ ਖ਼ਾਲਸਈ ਰਵਾਇਤਾਂ ਅਨੁਸਾਰ ਸੋਧ ਕੇ ਪਹਿਲਾ ਜੁਝਾਰੂ ਕਾਰਨਾਮਾ ਕੀਤਾ।
ਫਿਰ ਤਸੀਹੇ ਅਤੇ ਜੇਲ੍ਹਾਂ ਵੀ ਭਾਈ ਸਾਹਿਬ ਨੂੰ ਕੌਮੀ ਨਿਸ਼ਾਨੇ ਤੋਂ ਮੋੜ ਨਾ ਸਕੀਆਂ। ਅਠਾਰ੍ਹਵੀਂ ਸਦੀ ਦੇ ਜੁਝਾਰੂ ਸਿੰਘਾਂ ਵਾਂਗ ਉਹਨਾਂ ਨੇ ਹਕੂਮਤ ਦੇ ਲਾਲਚਾਂ ਨੂੰ ਠੁਕਰਾਇਆ ਤੇ ‘ਪੰਥ ਵਸੈ ਮੈਂ ਉਜੜਾਂ’ ਸਿਧਾਂਤ ਉੱਤੇ ਚੱਲਦਿਆਂ ਆਪਣਾ ਜੀਵਨ ਕੌਮ ਲਈ ਨਿਛਾਵਰ ਕਰ ਦਿੱਤਾ। ਭਾਈ ਸਾਹਿਬ ਬਹੁਤ ਉੱਚੀ-ਸੁੱਚੀ ਸੋਚ ਦੇ ਮਾਲਕ, ਨੇਕ ਰੂਹ, ਦ੍ਰਿੜ੍ਹ ਇਰਾਦੇ ਵਾਲ਼ੇ ਅਤੇ ਗੁਰੂ ਸਾਹਿਬ ਨੂੰ ਸਮਰਪਿਤ ਬਹਾਦਰ ਸਿੱਖ ਸਨ।
ਜੁਝਾਰੂ ਸੰਘਰਸ਼ ’ਚ ਵਿਚਰਦਿਆਂ ਭਾਈ ਪਰਮਜੀਤ ਸਿੰਘ ਪੰਮਾ ਨੇ ਆਪਣੇ ਬੁਲੰਦ ਕਿਰਦਾਰ, ਭਾਰਤੀ ਫ਼ੋਰਸਾਂ ਨਾਲ਼ ਮੁਕਾਬਲੇ ਅਤੇ ਪੰਥ ਦੋਖੀਆਂ ਦੀ ਸੁਧਾਈ ਕਰਕੇ ‘ਬਾਬਾ ਨੰਦ’ ਦੇ ਨਾਂ ’ਤੇ ਪ੍ਰਸਿੱਧੀ ਹਾਸਲ ਕੀਤੀ। ਉਹਨਾਂ ਨੇ ਆਪਣੇ ਇਲਾਕੇ ਦੇ ਹਿੰਦੂਆਂ ਨੂੰ ਤੱਤੀ ਵਾਹ ਨਾ ਲੱਗਣ ਦਿੱਤੀ, ਅਨੇਕਾਂ ਲੜਕੀਆਂ ਦੇ ਘਰ ਵਸਾਏ, ਲੋੜਵੰਦਾਂ ਦੀ ਮਦਦ ਕੀਤੀ, ਆਪਣੀਆਂ ਲਿਖਤਾਂ ਅਤੇ ਤਕਰੀਰਾਂ ਰਾਹੀਂ ਖ਼ਾਲਿਸਤਾਨੀ ਸੰਘਰਸ਼ ਦਾ ਸਹੀ ਪੱਖ ਸੰਗਤਾਂ ਅੱਗੇ ਰੱਖਿਆ ਤੇ ਹਥਿਆਰਬੰਦ ਲਹਿਰ ਨੂੰ ਸਿਧਾਂਤਕ ਪੱਖੋਂ ਵੀ ਸ਼ਾਨਦਾਰ ਅਗਵਾਈ ਦਿੱਤੀ।
ਦਾਸ ਨੇ ਅਨੇਕਾਂ ਸੰਘਰਸ਼ੀ ਸਿੰਘਾਂ, ਸ਼ਹੀਦਾਂ ਦੇ ਪਰਿਵਾਰਾਂ ਤੇ ਇਲਾਕਾ ਨਿਵਾਸੀਆਂ ਤੋਂ ਭਾਈ ਪਰਮਜੀਤ ਸਿੰਘ ਪੰਮਾ ਦੀਆਂ ਅਨੇਕਾਂ ਸਿਫ਼ਤਾਂ ਸੁਣੀਆਂ ਹਨ। ਭਾਈ ਸਾਹਿਬ ਦੇ ਮੁੱਢਲੇ ਸਾਥੀ ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਸ਼ਹੀਦ ਭਾਈ ਗੁਰਮੇਜ ਸਿੰਘ ਢਿਲਵਾਂ, ਸ਼ਹੀਦ ਭਾਈ ਮੱਖਣ ਸਿੰਘ ਛਿੱਥ, ਸ਼ਹੀਦ ਭਾਈ ਰਵਿੰਦਰ ਸਿੰਘ ਲਾਡੀ, ਸ਼ਹੀਦ ਬਾਬਾ ਸੁਰਜਨ ਸਿੰਘ ਤਿੱਬੜ, ਸ਼ਹੀਦ ਭਾਈ ਪਿਆਰਾ ਸਿੰਘ ਤਿੱਬੜ, ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਅਤੇ ਸ਼ਹੀਦ ਭਾਈ ਕੰਵਲਜੀਤ ਸਿੰਘ ‘ਵਾਹਿਗੁਰੂ’ ਵੀ ਸਿੱਖ ਸੰਘਰਸ਼ ਦੇ ਐਸੇ ਨਾਇਕ ਹਨ ਜਿਨ੍ਹਾਂ ਦਾ ਜਦੋਂ ਲੋਕ ਨਾਂ ਲੈਂਦੇ ਹਨ ਤਾਂ ਅਦਬ ਨਾਲ਼ ਸੀਸ ਵੀ ਝੁਕਾਉਂਦੇ ਹਨ।
ਬਾਬਾ ਨੰਦ ਜੀ ਨੇ 1984 ਤੋਂ 1991 ਤਕ ਆਪਣਾ ਵਧੇਰੇ ਸਮਾਂ ਜੇਲ੍ਹਾਂ ਵਿੱਚ ਹੀ ਗੁਜ਼ਾਰਿਆ ਤੇ ਉਹ ਜਦੋਂ ਵੀ ਜ਼ਮਾਨਤ ’ਤੇ ਰਿਹਾਅ ਹੁੰਦੇ ਤਾਂ ਕਦੇ ਟਿਕ ਕੇ ਨਹੀਂ ਸਨ ਬੈਠਦੇ। ਭਾਈ ਸਾਹਿਬ ਨੇ ਖ਼ਾਲਿਸਤਾਨ ਆਰਮਡ ਫ਼ੋੋਰਸ, ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਅਤੇ ਖ਼ਾਲਿਸਤਾਨ ਲਿਬਰੇਸ਼ਨ ਆਰਗੇਨਾਈਜੇਸ਼ਨ ਰਾਹੀਂ ਖ਼ਾਲਿਸਤਾਨ ਦੀ ਪ੍ਰਾਪਤੀ ਲਈ ਹਥਿਆਰਬੰਦ ਸੰਘਰਸ਼ ਲੜਿਆ।
ਸਿੱਖ ਧਰਮ ਦੇ ਕੇਂਦਰੀ ਧਾਰਮਿਕ ਅਸਥਾਨ ਅਤੇ ਸਮੁੱਚੀ ਮਾਨਵਤਾ ਦੇ ਪੂਜਨੀਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਉੱਤੇ ਲੱਗੀਆਂ ਗੋਲ਼ੀਆਂ, ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਵੱਜੇ ਟੈਂਕਾਂ-ਤੋਪਾਂ ਦੇ ਗੋਲ਼ੇ, ਸੰਤ ਜਰਨੈਲ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ, ਸਿੱਖ ਰੈਫ਼ਰੈਂਸ ਲਾਇਬ੍ਰੇਰੀ ਦੀ ਲੁੱਟ ਅਤੇ ਤੋਸ਼ਾਖ਼ਾਨਾ ਦੀ ਤਬਾਹੀ, ਪ੍ਰਕਰਮਾ ਵਿੱਚ ਪਈਆਂ ਸੰਗਤਾਂ ਦੀਆਂ ਲਾਸ਼ਾਂ, ਅੰਮ੍ਰਿਤ ਸਰੋਵਰ ਵਿੱਚ ਡੁੱਲ੍ਹਿਆ ਖ਼ੂਨ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ, ਬੱਚਿਆਂ-ਬਜ਼ੁਰਗਾਂ ਅਤੇ ਮਾਈਆਂ-ਭਾਈਆਂ ਉੱਤੇ ਹੋਇਆ ਫ਼ੌਜ ਦਾ ਕਹਿਰ ਉਹਨਾਂ ਨੂੰ ਪੰਥਕ ਫ਼ਰਜਾਂ ਲਈ ਹਲੂਣਦਾ ਰਹਿੰਦਾ ਸੀ।
ਫ਼ਿਰਕੂ ਹਿੰਦੂਵਾਦੀਆਂ ਵੱਲੋਂ ਨਵੰਬਰ 1984 ’ਚ ਸਿੱਖਾਂ ਦੇ ਗਲ਼ਾਂ ਵਿੱਚ ਪਾਏ ਬਲ਼ਦੇ ਟਾਇਰ, ਗੁਰਦੁਆਰਿਆਂ ਅਤੇ ਘਰਾਂ ਨੂੰ ਲਾਈਆਂ ਅੱਗਾਂ ਤੇ ਸਿੱਖ ਬੀਬੀਆਂ ਦੀਆਂ ਲੁੱਟੀਆਂ ਪੱਤਾਂ ਦਾ ਉਹਨਾਂ ਨੂੰ ਚੀਕ-ਚਿਹਾੜਾ ਸੁਣਦਾ ਰਹਿੰਦਾ ਸੀ, ਝੂਠੇ ਪੁਲੀਸ ਮੁਕਾਬਲਿਆਂ ਰਾਹੀਂ ਸਿੱਖ ਜਵਾਨੀ ਦੇ ਹੋ ਰਹੇ ਘਾਣ ਨੂੰ ਉਹ ਅੱਖੀਂ ਤੱਕ ਰਹੇ ਸਨ। ਤੇ ਇਸ ਜ਼ੁਲਮ ਦਾ ਖ਼ਾਤਮਾ ਕਰਨ, ਸਰਕਾਰ ਨੂੰ ਸਬਕ ਸਿਖਾਉਣ ਅਤੇ ਕੌਮੀ ਘਰ ਖ਼ਾਲਿਸਤਾਨ ਨੂੰ ਅਜ਼ਾਦ ਕਰਵਾਉਣ ਲਈ ਉਹ ਦਿਨ-ਰਾਤ ਤਤਪਰ ਸਨ। ਭਾਰਤੀ ਹਕੂਮਤ ਨੇ ਉਹਨਾਂ ਦੇ ਸਿਰ ਦਾ ਇਨਾਮ ‘ਇੱਕ ਲੱਖ’ ਰੁਪਏ ਰੱਖਿਆ ਹੋਇਆ ਸੀ।
ਜਦੋਂ ‘ਬਾਬਾ ਨੰਦ’ ਪਹਿਲੀ ਵਾਰ ਜੇਲ੍ਹ ਵਿੱਚ ਗਏ ਸਨ ਤਾਂ ਵਾਹਿਗੁਰੂ ਨੇ ਉਹਨਾਂ ਦੀ ਸਾਂਝ ਇੱਕ ਜੁਝਾਰੂ ਸਿੰਘਣੀ ਨਾਲ਼ ਪਵਾ ਦਿੱਤੀ, ਜੋ ਉਹਨਾਂ ਦੀ ਜੀਵਨ ਸਾਥਣ ਬਣੀ। ਤੇ ਫਿਰ ਇਸ ਜੁਝਾਰੂ ਜੋੜੀ ਨੇ ਕੌਮੀ ਸੰਘਰਸ਼ ਵਿੱਚ ਅਥਾਹ ਸੇਵਾ ਕੀਤੀ, ਦੋਵੇਂ ਹੀ ਸ਼ਹੀਦੀ ਮਾਰਗ ਵੱਲ ਤੁਰੇ ਹੋਏ ਸਨ। ਭਾਈ ਸਾਹਿਬ ਨੂੰ 9 ਅਪ੍ਰੈਲ 1991 ਨੂੰ ਸ਼ਹਾਦਤ ਪ੍ਰਾਪਤ ਹੋ ਗਈ, ਜਿਸ ਬਾਰੇ ਉਹ ਪਹਿਲਾਂ ਹੀ ਦੱਸ ਗਏ ਸਨ ਕਿ ‘ਮੈਨੂੰ ਸ਼ਹੀਦਾਂ ਦੀਆਂ ਰੂਹਾਂ ਅਵਾਜ਼ਾਂ ਮਾਰ ਰਹੀਆਂ ਹਨ’ ਤੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਸ਼ਹੀਦ ਦੀ ਸੁਪਤਨੀ ਹੋਣ ਦਾ ਮਾਣ ਮਿਲ਼ ਗਿਆ। ਇਹ ਸ਼ੇਰ ਦਿਲ ਜੁਝਾਰੂ ਦੀ ਸ਼ੇਰ ਦਿਲ ਸਿੰਘਣੀ ਵੀ ਹਮੇਸ਼ਾਂ ਹੀ ਪੰਥ ਦੇ ਲਈ ਜੂਝਦੀ ਰਹੀ।
ਇਸ ਜੁਝਾਰੂ ਸਿੰਘਣੀ ਬਾਰੇ ਲਿਖਣ ਲੱਗਿਆਂ ਮੈਨੂੰ ਆਪਣੀ ਕਲਮ ਦੇ ਅੱਖਰ ਛੋਟੇ ਮਹਿਸੂਸ ਹੋ ਰਹੇ ਨੇ ਕਿਉਂਕਿ ਮਾਤਾ ਜੀ ਦੀ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਲਈ ਮਹਾਨ ਸੇਵਾ, ਕਰੜੀ ਘਾਲਣਾ ਅਤੇ ਵੱਡੀ ਕੁਰਬਾਨੀ ਹੈ। ਉਹਨਾਂ ਦੇ ਸਿੱਖੀ ਸਿਦਕ, ਠੋਸ ਸਿਰੜ, ਪੂਰਨ ਦ੍ਰਿੜ੍ਹਤਾ ਤੇ ਸੂਰਬੀਰਤਾ ਬਾਰੇ ਜੋ ਮੈਂ ਮਹਿਸੂਸ ਕੀਤਾ, ਵੇਖਿਆ ਅਤੇ ਸੁਣਿਆ ਹੈ, ਉਸ ਨੂੰ ਬਿਆਨਦਿਆਂ ਮੇਰਾ ਧਿਆਨ ਉਹਨਾਂ ਅਠਾਰ੍ਹਵੀਂ ਸਦੀ ਦੀਆਂ ਜੁਝਾਰੂ ਸਿੰਘਣੀਆਂ ਦੇ ਸ਼ਾਨਾਮੱਤੇ ਇਤਿਹਾਸ ਵੱਲ ਜਾਂਦਾ ਹੈ ਜਿਨ੍ਹਾਂ ਬਾਰੇ ਅਸੀਂ ਅਰਦਾਸ ’ਚ ਜ਼ਿਕਰ ਕਰਦਿਆਂ ਮੁੱਖੋਂ ‘ਵਾਹਿਗੁਰੂ’ ਆਖਦੇ ਹਾਂ।
ਬੀਬੀ ਕੁਲਵਿੰਦਰ ਕੌਰ ਖ਼ਾਲਸਾ ਮੇਰੇ ਲਈ ਮੇਰੀ ਮਾਂ ਸਮਾਨ ਹਨ। ਉਹਨਾਂ ਦਾ ਸਾਰਾ ਜੀਵਨ ਹੀ ਸੰਘਰਸ਼ੀ ਪੈਂਡਿਆਂ ’ਚੋਂ ਗੁਜ਼ਰਿਆ ਹੈ। ਉਹਨਾਂ ਦੀ ਜ਼ਿੰਦਗੀ ਇੱਕ ਸੰਘਰਸ਼ਮਈ ਗਾਥਾ ਹੈ ਤੇ ਸੰਘਰਸ਼ ਵਿੱਚ ਕੁੱਦਣ ਦਾ ਰਾਹ ਉਹਨਾਂ ਦੀ ਕੋਈ ਮਜਬੂਰੀ ਨਹੀਂ ਬਲਕਿ ਇਹ ਮਾਰਗ ਤਾਂ ਉਹਨਾਂ ਨੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸੇਵਾ ਲਈ ਖ਼ੁਦ ਹੀ ਚੁਣਿਆ ਸੀ। ਤੇ ਇਸ ਰਾਹ ਉੱਤੇ ਤੁਰਨ ਦੀ ਸਿੱਖਿਆ ਵੀ ਉਹਨਾਂ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਗੁਰਬਾਣੀ, ਸਿੱਖ ਇਤਿਹਾਸ, ਖ਼ਾਲਸਈ ਸਿਧਾਂਤ, ਪੰਥਕ ਮਰਯਾਦਾ ਤੇ ਸਿੱਖੀ ਅਸੂਲਾਂ ਵਿੱਚੋਂ ਹੀ ਪ੍ਰਾਪਤ ਹੋਈ ਸੀ।
ਉਹ ਗੁਰੂ ਸਾਹਿਬ ਦੇ ਸਨਮੁੱਖ ਸ਼ਰਧਾ-ਭਾਵਨਾ ਤੇ ਸਤਿਕਾਰ ਸਹਿਤ ਆਪਣਾ ਸੀਸ ਝੁਕਾਉਂਦੇ ਸਨ, ਜਿਨ੍ਹਾਂ ਸਤਿਗੁਰਾਂ ਨੇ ਕੁਰਾਹੇ ਪਏ ਸਮਾਜ ਨੂੰ ਅਗਿਆਨਤਾ ਦੇ ਹਨੇਰੇ ਵਿੱਚੋਂ ਕੱਢਿਆ, ਜ਼ੁਲਮ ਦੀ ਵਰ੍ਹਦੀ ਅੱਗ ’ਚੋਂ ਬਚਾਇਆ, ਲੋਕਾਈ ਨੂੰ ਇੱਕ ਅਕਾਲ ਪੁਰਖ ਦੇ ਲੜ ਲਾਇਆ, ਧੁਰ ਕੀ ਬਾਣੀ ਦਾ ਖ਼ਜ਼ਾਨਾ ਬਖ਼ਸ਼ਿਆ, ਸਿੱਖਾਂ ਨੂੰ ‘ਸੰਤ ਸਿਪਾਹੀ’ ਬਣਾਇਆ, ਸਰਬ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਦਾ ਉਪਦੇਸ਼ ਦਿੱਤਾ ਅਤੇ ਇਸਤਰੀ ਜਾਤੀ ਨੂੰ ਵੀ ਇੱਕ ਨਵਾਂ ਜੀਵਨ ਪ੍ਰਦਾਨ ਕੀਤਾ। ਗੁਰੂਆਂ ਦੇ ਇਸ ਆਸ਼ੇ ’ਤੇ ਚੱਲਦਿਆਂ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਵੀ ਆਪਣੀ ਧਰਤੀ ਅਤੇ ਆਪਣੇ ਲੋਕਾਂ ਲਈ ਕੁਝ ਕਰ-ਗੁਜ਼ਰਨ ਦਾ ਮਨ ਬਣਾਇਆ ਤੇ ਉਹਨਾਂ ਦੇ ਇਸ ਫ਼ੈਸਲੇ ਨੇ ਇੱਕ ਇਤਿਹਾਸ ਨੂੰ ਜਨਮ ਦਿੱਤਾ ਜਿਸ ਨੂੰ ਸੰਗਤਾਂ ਇਸ ਹਥਲੀ ਕਿਤਾਬ (ਸੰਘਰਸ਼ੀ ਪੈਂਡੇ) ’ਚੋਂ ਪੜ੍ਹ ਕੇ ਮਾਣ ਮਹਿਸੂਸ ਕਰਨਗੀਆਂ।
ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਜਦ ਜਵਾਨੀ ਦੀ ਦਹਿਲੀਜ਼ ’ਤੇ ਪੈਰ ਧਰਿਆ ਤਾਂ ਉਹਨੀਂ ਦਿਨੀਂ ਹੀ 13 ਅਪ੍ਰੈਲ 1978 ਨੂੰ ਸ੍ਰੀ ਅੰਮ੍ਰਿਤਸਰ ’ਚ ਖ਼ੂਨੀ ਸਾਕਾ ਵਾਪਰ ਗਿਆ ਤੇ ਹੋਰਾਂ ਸਿੰਘਾਂ-ਸਿੰਘਣੀਆਂ ਵਾਂਗ ਬੀਬੀ ਕੁਲਵਿੰਦਰ ਕੌਰ ਦਾ ਖ਼ੂਨ ਵੀ ਖ਼ੌਲ਼ ਉੱਠਿਆ। ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ, ਕਹਿਣੀ ਕਰਨੀ ਦੇ ਪੂਰੇ, ਦਸਮੇਸ਼ ਪਿਤਾ ਦੇ ਸੂਰੇ, ਮਰਦ-ਏ-ਮੁਜ਼ਾਹਿਦ, ਬਾਬਾ-ਏ-ਕੌਮ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਰੂਹਾਨੀ ਬਚਨਾਂ ਅਤੇ ਜਰਨੈਲੀ ਸ਼ਖ਼ਸੀਅਤ ਨੇ ਉਹਨਾਂ ਨੂੰ ਪੰਥਕ ਸੰਘਰਸ਼ ਵੱਲ ਖਿੱਚ ਲਿਆਂਦਾ ਤੇ ਫਿਰ ਉਹਨਾਂ ਨੇ ਕਦੇ ਮੁੜ ਕੇ ਨਹੀਂ ਵੇਖਿਆ ਤੇ ਆਪਣਾ ਹਰ ਕਦਮ ਕੌਮੀ ਸੇਵਾ ਲਈ ਅਗਾਂਹ ਹੀ ਪੁੱਟਿਆ।
ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਰਜਿੰਦਰ ਕੌਰ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੀ ਇਸਤਰੀ ਵਿੰਗ ਦੇ ਪ੍ਰਧਾਨ ਬੀਬੀ ਉਪਕਾਰ ਕੌਰ ਅਤੇ ਦਲ ਖ਼ਾਲਸਾ ਦੇ ਆਗੂ ਸ਼ਹੀਦ ਭਾਈ ਗੁਰਬਚਨ ਸਿੰਘ ਖ਼ਾਲਸਾ ਦੇ ਨਾਲ਼ ਰਲ਼ ਕੇ ਪੰਥਕ ਮੋਰਚਿਆਂ ਤੇ ਵੱਖ-ਵੱਖ ਸੰਘਰਸ਼ਾਂ ਵਿੱਚ ਨਿਧੜਕ ਹੋ ਕੇ ਸਰਗਰਮੀਆਂ ਕੀਤੀਆਂ।
ਗੁਰਦਾਸਪੁਰ ’ਚ ਕਾਂਗਰਸ ਦੀ ਰੈਲੀ ਵਿੱਚ ਧਮਾਕਾ ਕਰਨਾ ਅਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਬੋਲਣ ਨਾ ਦੇਣਾ, ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦਾ ਦਲੇਰੀ ਭਰਿਆ ਕਾਰਨਾਮਾ ਸੀ। ਦਰਿਆਈ ਪਾਣੀਆਂ ਦੀ ਰਾਖੀ ਲਈ ਸੰਘਰਸ਼ ਕਰਨਾ, ਧਰਮ ਯੁੱਧ ਮੋਰਚੇ ਵਿੱਚ ਗ੍ਰਿਫ਼ਤਾਰੀਆਂ ਦੇਣਾ, ਜੋਸ਼ੀਲੀਆਂ ਤਕਰੀਰਾਂ ਰਾਹੀਂ ਆਪਣੀ ਕੌਮ ਨੂੰ ਜਾਗਰੂਕ ਕਰਨਾ ਤੇ ਸੰਘਰਸ਼ ਨੂੰ ਹੋਰ ਭਖਾਉਣਾ ਅਤੇ ਲਿਖਤਾਂ ਰਾਹੀਂ ਪੰਥ ਦੋਖੀਆਂ ਨੂੰ ਜਵਾਬ ਦੇਣਾ ਬੀਬੀ ਕੁਲਵਿੰਦਰ ਕੌਰ ਦੇ ਅਹਿਮ ਕਾਰਜ ਸਨ।
6 ਜੂਨ 1984 ਨੂੰ ਬੀਬੀ ਕੁਲਵਿੰਦਰ ਕੌਰ ਦੀ ਭਾਰਤੀ ਫ਼ੌਜ ਵੱਲੋਂ ਗ੍ਰਿਫ਼ਤਾਰੀ, ਫ਼ੌਜੀ ਕੈਂਪਾਂ ਵਿੱਚ ਲੰਮਾ ਸਮਾਂ ਭਾਰੀ ਤਸ਼ੱਦਦ, ਜੇਲ੍ਹਾਂ ਦੀ ਚਾਰ ਦੀਵਾਰੀ ਦਾ ਸੰਤਾਪ, ਘਰ ਵਿੱਚ ਪੁਲੀਸ ਦੇ ਲਗਾਤਾਰ ਛਾਪੇ ਅਤੇ ਬੁੱਚੜ ਅਫ਼ਸਰ ਗੋਬਿੰਦ ਰਾਮ ਦਾ ਜ਼ੁਲਮ ਵੀ ਆਪ ਦੇ ਸਿੱਖੀ ਸਿਦਕ ਨੂੰ ਤੋੜ ਨਾ ਸਕਿਆ। ਤਰੀਕਾਂ ਭੁਗਤਣ ਸਮੇਂ ਉਹ ਕਚਹਿਰੀਆਂ ਵਿੱਚ ਵੀ ‘ਸੰਤ ਜਰਨੈਲ ਸਿੰਘ ਜ਼ਿੰਦਾਬਾਦ’ ਅਤੇ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਹਰੇ ਗਜਾਉਂਦੇ ਸਨ।

ਭਾਈ ਪਰਮਜੀਤ ਸਿੰਘ ‘ਬਾਬਾ ਨੰਦ’ ਨੇ ਆਪਣੀ ਸਿੰਘਣੀ ਵਿੱਚ ਸੰਘਰਸ਼ ਪ੍ਰਤੀ ਹੋਰ ਦ੍ਰਿੜ੍ਹਤਾ ਭਰਨ ਲਈ ਇਹ ਸਿੱਖਿਆ ਦਿੱਤੀ ਸੀ ਕਿ ‘ਮੇਰੀ ਸ਼ਹੀਦੀ ਤੋਂ ਬਾਅਦ ਵੀ ਕਦੇ ਡੋਲੀਂ ਨਾ ਤੇ ਆਪਣੀ ਜਗ੍ਹਾ ਡਟੀ ਰਹੀਂ।’ ਇਹਨਾਂ ਬਚਨਾਂ ’ਤੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੇ ਪੂਰੇ ਫੁੱਲ ਚੜ੍ਹਾਏ ਤੇ ਉਹ ਅੱਜ-ਤਕ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਵੱਲੋਂ ਅਰੰਭੇ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ (ਖ਼ਾਲਿਸਤਾਨ) ਦੀ ਸਥਾਪਤੀ ਲਈ ਸੰਘਰਸ਼ਸ਼ੀਲ ਹਨ। ਬੀਬੀ ਕੁਲਵਿੰਦਰ ਕੌਰ ਦਾ ਸਰੀਰਕ ਪੱਖੋਂ ਕੱਦ ਭਾਵੇਂ ਛੋਟਾ ਹੈ ਪਰ ਜਿਗਰਾ ਬਹੁਤ ਵੱਡਾ ਹੈ। ਸਾਡੇ ਇਤਿਹਾਸ ਵਿੱਚ ਦਰਜ਼ ਹੈ ਕਿ ਸ਼ਹੀਦ ਭਾਈ ਬਚਿੱਤਰ ਸਿੰਘ ਦਾ ਵੀ ਕੱਦ ਭਾਵੇਂ ਛੋਟਾ ਸੀ ਪਰ ਉਹ ਮੁਗਲ ਫ਼ੌਜਾਂ ਤੇ ਹਿੰਦੂ ਪਹਾੜੀ ਰਾਜਿਆਂ ਦੇ ਮਸਤ ਹਾਥੀ ਨਾਲ਼ ਜਾ ਟਕਰਾਏ ਸੀ।
ਇਸ ਸਮੇਂ ਬੀਬੀ ਕੁਲਵਿੰਦਰ ਕੌਰ ਦੀ ਉਮਰ ਭਾਵੇਂ 70 ਸਾਲ ਦੇ ਕਰੀਬ ਹੋ ਚੁੱਕੀ ਹੈ ਪਰ ਉਹਨਾਂ ਵਿੱਚ ਪੰਥਕ ਜੋਸ਼ ਅਤੇ ਜਜ਼ਬਾ ਪਹਿਲਾਂ ਵਾਂਗ ਹੀ ਠਾਠਾਂ ਮਾਰਦਾ ਹੈ। ਉਹ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਮੁੱਦਿਆਂ ਉੱਤੇ ਅਜੇ ਵੀ ਪੂਰੀ ਦਲੇਰੀ ਨਾਲ਼ ਲਿਖਦੇ-ਬੋਲਦੇ ਹਨ। ਭਾਰਤੀ ਹਕੂਮਤ ਵੱਲੋਂ ਸਿੱਖਾਂ ਨਾਲ਼ ਕੀਤੇ ਜਾ ਰਹੇ ਧੱਕੇ, ਵਿਤਕਰੇ, ਧੋਖਿਆਂ, ਬੇਇਨਸਾਫ਼ੀਆਂ ਤੇ ਜ਼ੁਲਮਾਂ ਖ਼ਿਲਾਫ਼ ਉਹ ਅਵਾਜ਼ ਬੁਲੰਦ ਕਰਦੇ ਹਨ। ਹਰੇਕ ਮੋਰਚੇ, ਸੰਘਰਸ਼, ਸੈਮੀਨਾਰ, ਮਾਰਚ ਅਤੇ ਸ਼ਹੀਦੀ ਸਮਾਗਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਂਦੇ ਹਨ। ਕਾਂਗਰਸ, ਭਾਜਪਾ, ਝਾੜੂ ਪਾਰਟੀ ਅਤੇ ਬਾਦਲ ਦਲ ਵਿਰੁੱਧ ਉਹ ਝੰਡਾ ਚੁੱਕੀ ਰੱਖਦੇ ਹਨ। ਬਜ਼ੁਰਗ ਉਮਰ ਵਿੱਚ ਵੀ ਉਹ ਪੰਥ ਲਈ ਗ੍ਰਿਫ਼ਤਾਰੀਆਂ ਦੇਣ ਤੋਂ ਪਿੱਛੇ ਨਹੀਂ ਹਟਦੇ। ਉਹਨਾਂ ਦੇ ਗਰਜਵੇਂ ਬੋਲਾਂ ਅਤੇ ਦਮਦਾਰ ਕਾਰਜਾਂ ਨੂੰ ਵੇਖ ਕੇ ਪੁਲੀਸ ਵਾਲ਼ੇ ਵੀ ਦੰਗ ਰਹਿ ਜਾਂਦੇ ਹਨ।
ਪੰਥ ਦੇ ਗ਼ੱਦਾਰ ਸੁਖਬੀਰ ਸਿੰਘ ਬਾਦਲ ਉੱਤੇ ਗੋਲ਼ੀ ਚਲਾਉਣ ਵਾਲ਼ੇ ਜੁਝਾਰੂ ਭਾਈ ਨਰਾਇਣ ਸਿੰਘ ਚੌੜਾ ਨਾਲ਼ ਜਦੋਂ ਬਾਦਲਕਿਆਂ ਨੇ ਬਦਸਲੂਕੀ ਕੀਤੀ ਤਾਂ ਮਾਤਾ ਕੁਲਵਿੰਦਰ ਕੌਰ ਖ਼ਾਲਸਾ ਨੇ ਪੰਥ ਦੋਖੀ ਜਸਪ੍ਰੀਤ ਰਾਣੇ ਨੂੰ ਧਮਕੀ ਦੇ ਕੇ ਪੂਰੀ ਜ਼ੁਰਅਤ ਵਿਖਾਈ। ਜਿਸ ਤੋਂ ਬਾਅਦ ਪਠਾਨਕੋਟ ਦੇ ਇੱਕ ਪੁਲੀਸ ਅਫ਼ਸਰ ਨੇ ਮਾਤਾ ਜੀ ਨੂੰ ਇਸ ਬਾਰੇ ਸਪਸ਼ਟੀਕਰਨ ਦੇਣ ਲਈ ਕਿਹਾ ਤਾਂ ਮਾਤਾ ਜੀ ਨੇ ਹੱਸਦਿਆਂ ਹੋਇਆ ਕਹਿ ਦਿੱਤਾ:- “ਉਸ ਨੌਜਵਾਨ ਨੂੰ ਕਹੋ ਕਿ ਐਵੇਂ ਡਰੇ ਨਾ, ਹੁਣ ਬਿਰਧ ਉਮਰ ’ਚ ਮੈਂ ਉਸ ਦਾ ਕੀ ਵਿਗਾੜ ਦੇਣਾ ਹੈ…!” ਤਾਂ ਅੱਗੋਂ ਉਸ ਅਫ਼ਸਰ ਦਾ ਜਵਾਬ ਸੀ ਕਿ “ਬੀਬਾ ਜੀ! ਤੁਸੀਂ ਤਾਂ ਇਸ ਉਮਰ ਵਿੱਚ ਵੀ ਨੌਜਵਾਨਾਂ ਨਾਲ਼ੋਂ ਕਿਤੇ ਵੱਧ ਦਲੇਰ ਹੋ, ਮੈਂ ਤਾਂ ਖ਼ੁਦ ਤੁਹਾਡਾ ਜੋਸ਼ ਅਤੇ ਜਜ਼ਬਾਤ ਵੇਖ ਕੇ ਹੈਰਾਨ ਹਾਂ, ਵੇਖਿਓ ਕਿਤੇ ਕੋਈ ਪੰਗਾ ਹੀ ਨਾ ਪਾ ਦਿਓ।”
ਮੈਂ ਕਈ ਸਿੰਘਾਂ-ਸਿੰਘਣੀਆਂ ਦੇ ਮੂੰਹੋਂ ਇਹ ਗੱਲ ਸੁਣੀ ਹੈ ਅਤੇ ਖ਼ੁਦ ਵੀ ਮਹਿਸੂਸ ਕੀਤੀ ਹੈ ਕਿ ਮਾਤਾ ਜੀ ਨੂੰ ਗਰਮੀ-ਸਰਦੀ ਦੀ ਕੋਈ ਪ੍ਰਵਾਹ ਨਹੀਂ ਹੈ ਅਤੇ ਨਾ ਹੀ ਉਹਨਾਂ ਦੇ ਮਨ ਵਿੱਚ ਸਰਕਾਰ ਦਾ ਕਿਸੇ-ਕਿਸਮ ਦਾ ਵੀ ਕੋਈ ਖ਼ੌਫ਼ ਹੈ, ਉਹ ਪੂਰੀ ਚੁਸਤੀ-ਫੁਰਤੀ ਦੇ ਨਾਲ਼ ਹਰੇਕ ਪੰਥਕ ਪ੍ਰੋਗਰਾਮ ’ਚ ਸਮੇਂ ਸਿਰ ਪੁੱਜ ਜਾਂਦੇ ਹਨ।
ਮੈਨੂੰ ਯਾਦ ਹੈ ਜਦੋਂ ਮੈਂ ਇੱਕ ਵਾਰ ਅਖੰਡ ਕੀਰਤਨੀ ਜਥੇ ਦੇ ਸ਼ਹੀਦ ਭਾਈ ਫ਼ੌਜਾ ਸਿੰਘ ਜੀ ਦੇ ਨੇੜਲੇ ਸਾਥੀ ਬਜ਼ੁਰਗ ਭਾਈ ਜਸਬੀਰ ਸਿੰਘ (ਪਿੰਡ ਘੋੜੇਵਾਹ) ਨੂੰ ਮਿਿਲ਼ਆ ਸੀ ਤਾਂ ਉਹਨਾਂ ਨੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਵੱਲ ਹੱਥ ਕਰ ਕੇ ਕਿਹਾ ਸੀ ਕਿ “ਇਹ ਬੀਬੀ ਜੀ ਪੰਥਕ ਸੰਘਰਸ਼ਾਂ ਵਿੱਚ ਤਾਂ ਸੂਰਬੀਰ ਹੈ ਹੀ ਪਰ ਇਹ ਨਾਲ਼-ਨਾਲ਼ ਜਤ-ਸਤ ਵਿੱਚ ਵੀ ਪੂਰੇ ਕਾਇਮ ਹਨ, ਬਾਬਾ ਨੰਦ ਦੀ ਸ਼ਹੀਦੀ ਤੋਂ ਬਾਅਦ ਇਸ ਨੇ ਆਪਣੇ ਆਪ ਨੂੰ ਪੂਰਾ ਕਾਇਮ ਅਤੇ ਸਾਂਭ ਕੇ ਰੱਖਿਆ ਹੈ, ਇਹ ਬੀਬੀ ਨਹੀਂ ਬਲਕਿ ਦਲੇਰ ਮਰਦ ਹੈ।
ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪੁਰਾਣੇ ਆਗੂ ਭਾਈ ਮਨਜੀਤ ਸਿੰਘ ਭੋਮਾ, ਭਾਈ ਜਸਬੀਰ ਸਿੰਘ ਘੁੰਮਣ, ਭਾਈ ਸਰਬਜੀਤ ਸਿੰਘ ਜੰਮੂ ਅਤੇ ਭਾਈ ਕੁਲਬੀਰ ਸਿੰਘ ਗੰਡੀਵਿੰਡ ਆਖਦੇ ਹਨ ਕਿ “ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਸੰਘਰਸ਼ ਵਿੱਚ ਵਿਚਰਦਿਆਂ ਭਾਵੇਂ 45 ਸਾਲ ਤੋ ਵਧੇਰੇ ਸਮਾਂ ਬੀਤ ਚੁੱਕਿਆ ਹੈ ਪਰ ਉਹ ਬਿਲਕੁਲ ਵੀ ਨਹੀਂ ਬਦਲੀ ਤੇ ਅੱਜ ਵੀ ਸੰਘਰਸ਼ ਵਿੱਚ ਡਟੀ ਹੋਈ ਹੈ, ਇਸ ਲਈ ਉਹ ਸ਼ਹੀਦ ਬੀਬੀ ਉਪਕਾਰ ਕੌਰ ਅਤੇ ਸ਼ਹੀਦ ਬੀਬੀ ਪਰਮਜੀਤ ਕੌਰ ਦੀ ਅਸਲ ਵਾਰਸ ਹੋ ਨਿੱਬੜੀ ਹੈ।”
ਖ਼ਾਲਿਸਤਾਨੀ ਜਰਨੈਲ ਸ. ਸਿਮਰਨਜੀਤ ਸਿੰਘ ਮਾਨ ਅਤੇ ਉਹਨਾਂ ਦੇ ਸਪੁੱਤਰ ਸ. ਇਮਾਨ ਸਿੰਘ ਮਾਨ ਵੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਬੇਹੱਦ ਸਤਿਕਾਰ ਦਿੰਦੇ ਹਨ ਤੇ ਇਸ ਸਮੇਂ ਬੀਬੀ ਜੀ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਹਨ ਅਤੇ ਇਸ ਦੇ ਨਾਲ਼-ਨਾਲ਼ ਉਹ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ, ਦਲ ਖ਼ਾਲਸਾ ਤੇ ਗੁਰੂ ਨਾਨਕ ਏਡ ਜਥੇਬੰਦੀ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਬੀਬੀ ਕੁਲਵਿੰਦਰ ਕੌਰ ਖ਼ਾਲਸਾ ਅਨੇਕਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਵੀ ਸੰਪਰਕ ਵਿੱਚ ਹਨ ਤੇ ਪਰਿਵਾਰਾਂ ਨਾਲ਼ ਉਹਨਾਂ ਦੀ ਕਾਫ਼ੀ ਸਾਂਝ, ਪਿਆਰ ਅਤੇ ਨੇੜਤਾ ਹੈ। ਸ਼ਹੀਦਾਂ ਦੇ ਪਰਿਵਾਰ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਆਪਣਾ ਪਰਿਵਾਰਕ ਮੈਂਬਰ ਹੀ ਸਮਝਦੇ ਹਨ। ਸ਼ਹੀਦ ਭਾਈ ਤਰਸੇਮ ਸਿੰਘ ਕੋਹਾੜ ਦੀ ਸੁਪਤਨੀ ਬੀਬੀ ਪਰਮਜੀਤ ਕੌਰ ਦੇ ਬੋਲ ਸਨ ਕਿ “ਬੀਬੀ ਕੁਲਵਿੰਦਰ ਕੌਰ ਤਾਂ ਮੇਰੀ ਵੱਡੀ ਭੈਣ ਹੈ।” ਸ਼ਹੀਦਾਂ ਦੇ ਪਰਿਵਾਰਾਂ ਦੀ ਸਾਰ ਲੈਣੀ ਤੇ ਉਹਨਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋ ਕੇ ਬੀਬੀ ਜੀ ਆਪਣੇ ਧੰਨਭਾਗ ਸਮਝਦੇ ਹਨ। ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੇ ਵਿਚਾਰ ਹਨ ਕਿ “ਸ਼ਹੀਦਾਂ ਦੇ ਪਰਿਵਾਰਾਂ ਨੂੰ ਕੌਮ ਪਾਸੋਂ ਕੇਵਲ ਮਾਇਕੀ ਮਦਦ ਜਾਂ ਸਨਮਾਨ ਲੈਣ ਤਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ ਬਲਕਿ ਸ਼ਹੀਦਾਂ ਦੇ ਅਜ਼ਾਦੀ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਮੌਜੂਦਾ ਸੰਘਰਸ਼ ਵਿੱਚ ਯੋਗਦਾਨ ਪਾਉਂਦੇ ਰਹਿਣਾ ਚਾਹੀਦਾ ਹੈ ਤੇ ਖ਼ਾਲਿਸਤਾਨ ਲਈ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਦੀ ਹੌਸਲਾ-ਅਫ਼ਜ਼ਾਈ ਕਰ ਕੇ ਉਹਨਾਂ ਦੀਆਂ ਬਾਂਹਾਂ ਬਣਨ ਦੀ ਲੋੜ ਹੈ।”
ਦਲ ਖ਼ਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਹਾਈਜੈਕਰ ਦੇ ਅਕਾਲ ਚਲਾਣਾ ਕਰ ਜਾਣ ਉਪਰੰਤ ਜਦੋਂ ਉਹਨਾਂ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ ਅਰਦਾਸ ਸਮਾਗਮ ਵਿੱਚ ਮੈਂ ਭਾਈ ਗਜਿੰਦਰ ਸਿੰਘ ਦੇ ਭਾਬੀ ਜੀ ਬੀਬੀ ਪਰਮਜੀਤ ਕੌਰ ਨਾਲ਼ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਮਿਲ਼ਾਇਆ ਤਾਂ ਵੇਖਦੇ ਸਾਰ ਉਹਨਾਂ ਨੇ ਬੀਬੀ ਕੁਲਵਿੰਦਰ ਕੌਰ ਨੂੰ ਕਿਹਾ:- “ਮੈਨੂੰ ਲੱਗਦਾ ਤੁਸੀਂ ਓਹੀ ਹੋ, ਜੋ ਮੇਰੇ ਭਰਾ (ਸ਼ਹੀਦ ਭਾਈ ਗੁਰਬਚਨ ਸਿੰਘ ਖ਼ਾਲਸਾ) ਨਾਲ਼ ਦਲ ਖ਼ਾਲਸਾ ਵਿੱਚ ਕੰਮ ਕਰਦੇ ਸੀ !” ਦੋਵਾਂ ਨੇ ਜੱਫੀਆਂ ਪਾਈਆਂ ਤੇ ਸੰਘਰਸ਼ ਬਾਬਤ ਅਨੇਕਾਂ ਗੱਲਾਂ ਸਾਂਝੀਆਂ ਕੀਤੀਆਂ। ਦੋਵਾਂ ਬੀਬੀਆਂ ਦਾ ਇਹ ਮੇਲ 45 ਸਾਲਾਂ ਬਾਅਦ ਹੋਇਆ ਸੀ।
ਖ਼ਾਲਿਸਤਾਨੀ ਚਿੰਤਕ ਭਾਈ ਸਰਬਜੀਤ ਸਿੰਘ ਘੁਮਾਣ ਵੀ ਆਖਦੇ ਹਨ ਕਿ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਨੂੰ ਭਾਵੇਂ ਬਹੁਤੇ ਲੋਕ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਕਰਕੇ ਹੀ ਜਾਣਦੇ ਹਨ ਪਰ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਜਦੋਂ ਇਹ ਬੀਬੀ ਵਿਆਹੀ ਵੀ ਨਹੀਂ ਸੀ ਤਾਂ ਜੂਨ 1984 ਤੋਂ ਪਹਿਲਾਂ ਹੀ ਇਸ ਨੇ ਦਲ ਖ਼ਾਲਸਾ ਤੇ ਫ਼ੈਡਰੇਸ਼ਨ ਵਿੱਚ ਖ਼ਾਲਿਸਤਾਨ ਲਈ ਬਹੁਤ ਸਰਗਰਮੀਆਂ ਕੀਤੀਆਂ ਸਨ।
ਗੁਰਦਾਸਪੁਰ ਜ਼ਿਲ੍ਹੇ ਵਿੱਚ ਸ਼ਹੀਦ ਬਾਬਾ ਨੰਦ ਦਾ ਐਨਾ ਵੱਡਾ ਨਾਂ ਸੀ ਕਿ ਅੱਜ ਵੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੀ ਕਿਸੇ ਨਾਲ਼ ਜਾਣ-ਪਛਾਣ ਕਰਵਾਉਣ ਸਮੇਂ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਹ ਬਾਬਾ ਨੰਦ ਦੀ ਸਿੰਘਣੀ ਹੈ ਤਾਂ ਲੋਕ ਝੱਟ ਪਛਾਣ ਜਾਂਦੇ ਹਨ ਤੇ ਬੀਬੀ ਜੀ ਨੂੰ ਬਹੁਤ ਮਾਣ-ਸਤਿਕਾਰ ਦਿੰਦੇ ਹਨ।
ਬੀਬੀ ਕੁਲਵਿੰਦਰ ਕੌਰ ਆਖਦੇ ਹਨ ਕਿ ਮੈਨੂੰ ਸ਼ਹੀਦ ਦੀ ਪਤਨੀ ਹੋਣ ’ਤੇ ਤਾਂ ਬਹੁਤ ਫ਼ਖ਼ਰ ਹੈ ਪਰ ਅਫ਼ਸੋਸ ਕਿ ਮੈਂ ਖ਼ੁਦ ਸ਼ਹਾਦਤ ਦੀ ਮਹਾਨ ਦਾਤ ਤੋਂ ਵਾਂਝੀ ਰਹਿ ਗਈ, ਇਹ ਮੇਰੇ ਭਾਗਾਂ ਵਿੱਚ ਜ਼ਰੂਰ ਹੋਣੀ ਚਾਹੀਦੀ ਸੀ।
ਅਸੀਂ ਜਦੋਂ ਸ਼ਹੀਦ ਭਾਈ ਮੱਖਣ ਸਿੰਘ ਛਿੱਥ ਦੇ ਘਰ ਗਏ ਤੇ ਉਹਨਾਂ ਦੇ ਭਰਾ ਜੁਝਾਰੂ ਭਾਈ ਮੱਸਾ ਸਿੰਘ ਨੂੰ ਮਿਲ਼ੇ ਤਾਂ ਉਹਨਾਂ ਕਿਹਾ ਕਿ “ਬਾਬਾ ਨੰਦ ਬਹੁਤ ਜਪੀ-ਤਪੀ, ਸੂਰਬੀਰ ਯੋਧਾ ਤੇ ਸੱਚਾ-ਸੁੱਚਾ ਸਿੰਘ ਸੀ, ਮੇਰਾ ਭਰਾ ਅਜਿਹੇ ਸਿੰਘਾਂ ਨਾਲ਼ ਰਹਿ ਕੇ ਬਹੁਤ ਖ਼ੁਸ਼ ਹੁੰਦਾ ਸੀ।”
ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ ਦੇ ਭਰਾ ਸ. ਕੁਲਵੰਤ ਸਿੰਘ ਆਖਦੇ ਹਨ ਕਿ “ਬਾਬਾ ਦਿਆਲਗੜ੍ਹ ਤੇ ਬਾਬਾ ਨੰਦ ਦੋਵੇਂ ਇੱਕ-ਦੂਜੇ ਦੀ ਜ਼ਿੰਦ-ਜਾਨ ਸਨ ਤੇ ਇਹਨਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਅਨੇਕਾਂ ਜੁਝਾਰੂ ਕਾਰਵਾਈਆਂ ਕਰਕੇ ਗੁਰਦਾਸਪੁਰ ਨੂੰ ਖ਼ਾਲਿਸਤਾਨ ਦੀ ਰਾਜਧਾਨੀ ਬਣਾ ਦਿੱਤਾ ਸੀ।”
ਮੇਰੇ ਦਿਲ ਵਿੱਚ ਬੜੀ ਰੀਝ ਸੀ ਕਿ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੇ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੇ ਸੰਘਰਸ਼ਮਈ ਜੀਵਨ-ਇਤਿਹਾਸ ਬਾਰੇ ਲਿਿਖਆ ਤੇ ਛਾਪਿਆ ਜਾਵੇ। ਫਿਰ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਪਾਸੋਂ ਦਾਸ ਨੇ ਬਹੁਤ ਕੁਝ ਲਿਖਵਾਇਆ ਅਤੇ ਉਹਨਾਂ ਪਾਸੋਂ ਕਈ ਘਟਨਾਵਾਂ ਸੁਣੀਆਂ ਤੇ ਹੋਰ ਸ਼ਹੀਦਾਂ ਬਾਰੇ ਜਾਣਕਾਰੀ ਇਕੱਤਰ ਕਰ ਕੇ ਮੈਂ ਉਸ ਨੂੰ ਕਲਮਬੰਦ ਕੀਤਾ। ਬਾਬਾ ਨੰਦ ਦੀ ਇੱਕ ਡਾਇਰੀ ਅਤੇ ਅਨੰਦ ਕਾਰਜ ਦੀ ਐਲਬਮ ਭਾਵੇਂ ਪੁਲੀਸ ਚੁੱਕ ਕੇ ਲੈ ਗਈ ਸੀ ਪਰ ਉਹਨਾਂ ਦੀ ਦੂਜੀ ਡਾਇਰੀ, ਕੁਝ ਚਿੱਠੀਆਂ ਤੇ ਹੋਰ ਨਿਸ਼ਾਨੀਆਂ ਚੰਗੇ ਭਾਗਾਂ ਨਾਲ਼ ਦਾਸ ਨੂੰ ਪ੍ਰਾਪਤ ਹੋ ਗਈਆਂ। ਤੇ ਇਸ ਹਥਲੀ ਕਿਤਾਬ ‘ਸੰਘਰਸ਼ੀ ਪੈਂਡੇ’ ਵਿੱਚ ਭਾਈ ਸਾਹਿਬ ਦੀਆਂ ਕਾਫ਼ੀ ਲਿਖਤਾਂ ਅਸੀਂ ਪੰਥ ਦੇ ਸਨਮੁੱਖ ਕਰਨ ਲਈ ਛਾਪੀਆਂ ਹਨ ਤਾਂ ਜੋ ਉਹ ਇਤਿਹਾਸ ਦਾ ਹਿੱਸਾ ਬਣ ਸਕੇ ਤੇ ਸੰਗਤਾਂ ਉਸ ਤੋਂ ਸੇਧ ਲੈਣ।
ਭਾਈ ਪਰਮਜੀਤ ਸਿੰਘ ਪੰਮਾ (ਬਾਬਾ ਨੰਦ) ਨੇ ਹੱਥ-ਲਿਖਤ ਇਤਿਹਾਸਕ ਡਾਇਰੀ ਵਿੱਚ ਗੁਰਬਾਣੀ ਦੇ ਸ਼ਬਦ, ਧਾਰਨਾਵਾਂ, ਸੌ ਸਾਖੀ ਦੇ ਬਚਨ, ਸਿੱਖ ਸੰਘਰਸ਼ ਤੇ ਪੰਥਕ ਮੁੱਦਿਆਂ ਬਾਰੇ ਅਹਿਮ ਲੇਖ, ਕੁਝ ਕਵਿਤਾਵਾਂ, ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਦਾ ਵੇਰਵਾ, ਅਨਮੋਲ ਵਿਚਾਰ, ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਸ਼ਹੀਦੀ ਪ੍ਰਤੀ ਵਿਚਾਰ, ਐੱਮ.ਪੀ. ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਲੀ ਪਾਰਲੀਮੈਂਟ ਵਿੱਚ ਕ੍ਰਿਪਾਨ ਲਿਜਾਣ ’ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਕੀਤੀ ਬੇਹੂਦਾ ਟਿੱਪਣੀ ਬਾਰੇ, ਜੁਝਾਰੂ ਜਥੇਬੰਦੀਆਂ ਨੂੰ ਸਿਧਾਂਤਕ ਸੇਧ, ਏਕਤਾ ਦਾ ਵਾਸਤਾ, ਭਰਾ-ਮਾਰੂ ਜੰਗ ਤਿਆਗਣ ਦਾ ਹੋਕਾ, ਗੁਰੂ ਸਾਹਿਬਾਨਾਂ ਅਤੇ ਕੌਮ ਪ੍ਰਤੀ ਵਫ਼ਾਦਾਰੀ ਦਾ ਪ੍ਰਣ, ਸੰਘਰਸ਼ ਪ੍ਰਤੀ ਦ੍ਰਿੜ੍ਹਤਾ, ਸਰਕਾਰ ਨੂੰ ਤਾੜਨਾ ਅਤੇ ਮੁਆਫ਼ੀ ਮੰਗਣ ਤੋਂ ਨਾ ਕਰਦਿਆਂ ਦਲੇਰਾਨਾ ਜਵਾਬ ਤੇ ਹੋਰ ਜਾਣਕਾਰੀ ਲਿਖੀ ਹੋਈ ਹੈ।
ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਦੇ ਕੁਝ ਜੁਝਾਰੂ ਸਾਥੀਆਂ (ਸ਼ਹੀਦ ਬਾਬਾ ਰਣਜੀਤ ਸਿੰਘ ਦਿਆਲਗੜ੍ਹ, ਸ਼ਹੀਦ ਭਾਈ ਤਰਸੇਮ ਸਿੰਘ ਕੋਹਾੜ, ਸ਼ਹੀਦ ਭਾਈ ਗੁਰਮੇਜ ਸਿੰਘ ਢਿਲਵਾਂ, ਸ਼ਹੀਦ ਭਾਈ ਸਰਵਨ ਸਿੰਘ ਗੋਲ਼ੀ, ਸ਼ਹੀਦ ਭਾਈ ਕੰਵਲਜੀਤ ਸਿੰਘ ਵਾਹਿਗੁਰੂ, ਸ਼ਹੀਦ ਭਾਈ ਮੱਖਣ ਸਿੰਘ ਛਿੱਥ, ਸ਼ਹੀਦ ਭਾਈ ਗੁਰਦੀਪ ਸਿੰਘ ਰੁਮਾਣਾ, ਸ਼ਹੀਦ ਬਾਬਾ ਸੁਰਜਨ ਸਿੰਘ ਤਿੱਬੜ, ਸ਼ਹੀਦ ਭਾਈ ਪਿਆਰਾ ਸਿੰਘ ਤਿੱਬੜ) ਅਤੇ ਪਿੰਡ ਤੁਗਲਵਾਲਾ ਦੇ ਸ਼ਹੀਦ ਸਿੰਘਾਂ (ਸ਼ਹੀਦ ਭਾਈ ਰਵਿੰਦਰ ਸਿੰਘ ਲਾਡੀ, ਸ਼ਹੀਦ ਭਾਈ ਗੁਰਮੀਤ ਸਿੰਘ ਖ਼ਾਲਸਾ, ਸ਼ਹੀਦ ਭਾਈ ਗੁਰਚਰਨ ਸਿੰਘ ਬੱਬਰ ਅਤੇ ਸ਼ਹੀਦ ਭਾਈ ਜਤਿੰਦਰ ਸਿੰਘ ਬਾਊ) ਦੀਆਂ ਜੀਵਨੀਆਂ, ਮੇਰੇ ਚਾਚਾ ਜੀ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਪੱਟੀ ਦਾ ਇਤਿਹਾਸ, ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੇ ਮਾਮਾ ਜੀ ਸ. ਗੁਰਮੀਤ ਸਿੰਘ ਚੀਮਾ ਦਾ ਜੂਨ 1984 ਦੇ ਘੱਲੂਘਾਰੇ ’ਚ ਹੱਡੀਂ ਹੰਢਾਈ ਦਾਸਤਾਨ ਬਾਰੇ ਇਤਿਹਾਸਕ ਲੇਖ, ਭਾਈ ਮਨਿੰਦਰ ਸਿੰਘ ਬਾਜਾ (ਹਿਸਟੋਰੀਅਨ) ਦਾ ਲੇਖ, ਜੁਝਾਰੂ-ਜਰਨੈਲ ਭਾਈ ਕੰਵਰ ਸਿੰਘ ਧਾਮੀ ਦਾ ਖ਼ਾਲਿਸਤਾਨ ਦੇ ਸੰਵਿਧਾਨ ਬਾਰੇ ਇਤਿਹਾਸਕ ਲੇਖ ਅਤੇ ਦਾਸ ਨੇ ਆਪਣੀ ਕਲਮ ਤੋਂ ਸਿੱਖ ਸੰਘਰਸ਼ ਬਾਰੇ ਕੁਝ ਹੋਰ ਲੇਖ ਇਸ ਕਿਤਾਬ ਦਾ ਸ਼ਿੰਗਾਰ ਬਣਾਏ ਹਨ।
ਪੰਜ ਸਾਲਾਂ ਦੀ ਖੋਜ-ਮਿਹਨਤ ਤੋਂ ਬਾਅਦ ‘ਸੰਘਰਸ਼ੀ ਪੈਂਡੇ’ ਕਿਤਾਬ ਨੂੰ ਖ਼ਾਲਸਾ ਪੰਥ ਦੀ ਝੋਲ਼ੀ ਵਿੱਚ ਪਾ ਕੇ ਦਾਸ ਨੂੰ ਬਹੁਤ ਖ਼ੁਸ਼ੀ ਹੋ ਰਹੀ ਹੈ। ਬੀਬੀ ਕੁਲਵਿੰਦਰ ਕੌਰ ਖ਼ਾਲਸਾ ਜੀ ਦਾ ਸਾਥ ਅਤੇ ਅਸੀਸਾਂ ਸਦਕਾ ਦਾਸ ਨੇ ਪੂਰੀ ਤਨਦੇਹੀ ਨਾਲ਼ ਇਸ ਕਾਰਜ ਨੂੰ ਸਿਰੇ ਚੜ੍ਹਾਉਣ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ। ਇਸ ਕਿਤਾਬ ਬਾਰੇ ਤੁਹਾਡੀ ਕੀ ਰਾਏ ਹੈ ? ਅਤੇ ਇਹਨਾਂ ਸ਼ਹੀਦ ਸਿੰਘਾਂ ਅਤੇ ਸੰਘਰਸ਼ ਦੀਆਂ ਘਟਨਾਵਾਂ ਬਾਬਤ ਜੇ ਕਿਸੇ ਪਾਸ ਹੋਰ ਜਾਣਕਾਰੀ ਹੋਈ ਤਾਂ ਦਾਸ ਨਾਲ਼ ਸੰਪਰਕ ਕਰ ਕੇ ਜ਼ਰੂਰ ਸਾਂਝੀ ਕਰਿਓ। ਤੁਹਾਡੇ ਫ਼ੋਨ, ਮੈਸੇਜ ਅਤੇ ਮੁਲਾਕਾਤ ਦਾ ਬੇਸਬਰੀ ਨਾਲ਼ ਇੰਤਜ਼ਾਰ ਰਹੇਗਾ। ਕਿਤਾਬ ਮੰਗਵਾਉਣ ਲਈ ਤੁਸੀਂ ਖ਼ਾਲਸਾ ਫ਼ਤਹਿਨਾਮਾ ਪ੍ਰਕਾਸ਼ਨ ਨਾਲ 98557-89851 ਫ਼ੋਨ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply