ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਸਰਬੱਤ ਖ਼ਾਲਸਾ ਯਾਦਗਾਰੀ ਸਮਾਗਮ 'ਚ ਵੱਧ-ਚੜ੍ਹ ਕੇ ਪੁੱਜਣ ਸੰਗਤਾਂ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਖ਼ਾਲਿਸਤਾਨ ਦੇ ਨਿਸ਼ਾਨੇ ਦੀ ਪੂਰਤੀ ਲਈ ਸਰਬੱਤ ਖ਼ਾਲਸਾ ਯਾਦਗਾਰੀ ਸਮਾਗਮ 'ਚ ਵੱਧ-ਚੜ੍ਹ ਕੇ ਪੁੱਜਣ ਸੰਗਤਾਂ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰੲ, 25 ਜਨਵਰੀ , ਕੰਵਰ ਪ੍ਰਤਾਪ ਸਿੰਘ 

26 ਜਨਵਰੀ 1986 ਦੇ ਸਰਬੱਤ ਖ਼ਾਲਸਾ ਸਮਾਗਮ ਦੀ ਯਾਦ ਵਿੱਚ ਚਾਰ ਪੰਥਕ ਜਥੇਬੰਦੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਦਲ ਖਾਲਸਾ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਚ ਪ੍ਰਧਾਨੀ ਜੱਥੇ ਵੱਲੋਂ 26 ਜਨਵਰੀ 2026 ਨੂੰ ਗੁ. ਸੰਤੋਖਸਰ ਸਾਹਿਬ ਦੇ ਬਾਹਰ ਕੀਤੀ ਜਾ ਰਹੀ ਪੰਥਕ ਇਕੱਤਰਤਾ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵੀ ਸ਼ਮੂਲੀਅਤ ਕਰੇਗੀ। ਇਹ ਬਿਆਨ ਜਾਰੀ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਥੇਬੰਦਕ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਬਾਬਾ ਲਹਿਣਾ ਸਿੰਘ ਤਲਵੰਡੀ ਬਖਤਾ ਅਤੇ ਭਾਈ ਗੁਰਦੀਪ ਸਿੰਘ ਲੋਹਾਰਾ ਨੇ ਕਿਹਾ ਕਿ ਜੂਨ 1984 ਘੱਲੂਘਾਰਾ ਅਤੇ ਨਵੰਬਰ 1984 ਨਸਲਕੁਸ਼ੀ ਭਾਰਤ ਸਰਕਾਰ ਵੱਲੋਂ ਸਿੱਖ ਕੌਮ ਉੱਤੇ ਵੱਡੇ ਹਮਲੇ ਸਨ। 26 ਜਨਵਰੀ 1986 ਨੂੰ ਦਮਦਮੀ ਟਕਸਾਲ ਦੇ ਕਾਰਜਕਾਰੀ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਜ਼ੁਲਮ ਦੀ ਵਰ੍ਹਦੀ ਅੱਗ ਵਿੱਚ ਹਿੰਦੁਸਤਾਨ ਦੀ ਸਰਕਾਰ ਨੂੰ ਵੰਗਾਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸਰਬੱਤ ਖ਼ਾਲਸਾ ਸੱਦਿਆ ਜਿਸ ਵਿੱਚ ਤਖਤਾਂ ਦੇ ਜਥੇਦਾਰਾਂ ਦੇ ਨਿਯੁਕਤੀ, ਕੌਮੀ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ, ਸ੍ਰੀ ਅਕਾਲ ਤਖਤ ਸਾਹਿਬ ਦੀ ਮੁੜ ਉਸਾਰੀ, ਪੰਜ ਮੈਂਬਰੀ ਪੰਥਕ ਕਮੇਟੀ ਦਾ ਗਠਨ ਅਤੇ ਸਿੱਖ ਕੌਮ ਦੀ ਖਿੰਡਰੀ ਪੁੰਡਰੀ ਸ਼ਕਤੀ ਨੂੰ ਇਕੱਠਾ ਕੀਤਾ ਗਿਆ ਤੇ ਸਿੱਖ ਸੰਘਰਸ਼ ਨੂੰ ਅਗਾਂਹ ਤੋਰਿਆ ਗਿਆ। ਪੰਥਕ ਕਮੇਟੀ ਨੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਦੀ ਪ੍ਰੋੜਤਾ ਕਰਦਿਆਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤੇ ਇਸ ਨਿਸ਼ਾਨੇ ਦੀ ਪੂਰਤੀ ਲਈ ਹਜ਼ਾਰਾਂ ਸ਼ਹੀਦੀਆਂ ਹੋਈਆਂ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਖਾਲਿਸਤਾਨ ਦੀ ਆਜ਼ਾਦੀ ਲਈ ਸਿੱਖ ਕੌਮ ਅੱਜ ਵੀ ਸੰਘਰਸ਼ਸ਼ੀਲ ਹੈ। ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਅਤੇ ਭਾਈ ਅਵਤਾਰ ਸਿੰਘ ਖੰਡਾ ਦੀਆਂ ਸ਼ਹੀਦੀਆਂ ਅਤੇ ਜੁਝਾਰੂ ਸਿੰਘਾਂ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦੀਆਂ ਇਸ ਚੱਲ ਰਹੀ ਜੰਗ ਦੀਆਂ ਗਵਾਹ ਹਨ। ਉਹਨਾਂ ਕਿਹਾ ਕਿ ਚਾਰ ਪੰਥਕ ਜਥੇਬੰਦੀਆਂ ਵੱਲੋਂ ਹੋਰ ਹਮਖ਼ਿਆਲੀ ਜਥੇਬੰਦੀਆਂ ਨਾਲ ਮਿਲ ਕੇ 26 ਜਨਵਰੀ ਨੂੰ ਸਰਬੱਤ ਖਾਲਸਾ ਯਾਦਗਾਰੀ ਸਮਾਗਮ ਕਰਵਾਉਣਾ ਸ਼ਾਨਦਾਰ ਉਪਰਾਲਾ ਹੈ ਜਿਸ ਨਾਲ ਖ਼ਾਲਿਸਤਾਨ ਦੇ ਸੰਘਰਸ਼ ਨੂੰ ਇੱਕ ਨਵੀਂ ਸੇਧ ਮਿਲੇਗੀ, ਪੰਥਕ ਜਥੇਬੰਦੀਆਂ ਇੱਕਮੁੱਠ ਹੋਣਗੀਆਂ, ਸ਼ਹੀਦਾਂ ਨੂੰ ਪ੍ਰਣਾਮ ਕਰਨਗੀਆਂ ਅਤੇ ਖਾਲਿਸਤਾਨ ਦੇ ਸੰਘਰਸ਼ ਦੀ ਸਫਲਤਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਵੀ ਹੋਵੇਗੀ। ਉਹਨਾਂ ਕਿਹਾ ਕਿ ਅਸੀਂ ਹਰੇਕ ਜਥੇਬੰਦੀ ਅਤੇ ਸਰਗਰਮ ਨੌਜਵਾਨ ਤੇ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਪ੍ਰੋਗਰਾਮ ਦਾ ਹਿੱਸਾ ਬਣਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.