ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਲਾਨ – ਹੁਣ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ ,ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜੱਥਾ

ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਲਾਨ – ਹੁਣ ਕੋਈ ਵੀ ਬਖ਼ਸ਼ਿਆ ਨਹੀਂ ਜਾਵੇਗਾ ,ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜੱਥਾ

ਅਜਨਾਲਾ , ਕੰਵਰ ਪ੍ਰਤਾਪ ਸਿੰਘ - ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ‘ਤੇ ਗੰਭੀਰ ਚਿੰਤਾ ਜਤਾਉਂਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜੱਥੇ ਦਾ ਵੱਡਾ ਇਕੱਠ ਅੱਜ ਅਜਨਾਲਾ ਵਿਖੇ ਹੋਇਆ । ਇਸ ਮੌਕੇ ਭਾਈ ਸੁਖਜੀਤ ਸਿੰਘ ਖੋਸੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਹੋ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਤਿੱਖੇ ਸ਼ਬਦਾਂ ਵਿੱਚ ਸ਼ਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਸਪੱਸ਼ਟ ਕਿਹਾ ਕਿ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲੇ ਕਿਸੇ ਵੀ ਕੀਮਤ ‘ਤੇ ਰਹਿਮ ਦੇ ਹੱਕਦਾਰ ਨਹੀਂ ਹਨ ਅਤੇ ਹੁਣ ਉਨ੍ਹਾਂ ਖ਼ਿਲਾਫ਼ ਸਭ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਇਹ ਘਟਨਾਵਾਂ ਸਿਰਫ਼ ਕੁਝ ਸ਼ਰਾਰਤੀ ਅਨਸਰਾਂ ਦੀ ਨਹੀਂ, ਸਗੋਂ ਕਈ ਥਾਵਾਂ ‘ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਘੋਰ ਲਾਪਰਵਾਹੀ ਅਤੇ ਨਿਕੰਮੇ ਪ੍ਰਬੰਧ ਦਾ ਨਤੀਜਾ ਵੀ ਹਨ। ਇਸ ਲਈ ਬੇਅਦਬੀ ਦੇ ਦੋਸ਼ੀਆਂ ਦੇ ਨਾਲ-ਨਾਲ ਉਹ ਪ੍ਰਬੰਧਕ ਵੀ ਕਟਘਰੇ ਵਿੱਚ ਖੜ੍ਹੇ ਕੀਤੇ ਜਾਣਗੇ, ਜਿਨ੍ਹਾਂ ਦੀ ਅਣਗਹਿਲੀ ਕਾਰਨ ਇਹ ਮਨ ਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ।
ਉਨ੍ਹਾਂ ਨੇ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ:
“ਜੇ ਗੁਰੂ ਘਰਾਂ ਵਿੱਚ 24 ਘੰਟੇ ਦੀ ਪੱਕੀ ਪਹਿਰੇਦਾਰੀ ਅਤੇ ਮਜ਼ਬੂਤ ਸੁਰੱਖਿਆ ਪ੍ਰਬੰਧ ਯਕੀਨੀ ਨਾ ਬਣਾਏ ਗਏ, ਤਾਂ ਸਤਿਕਾਰ ਜਥੇ ਮਜ਼ਬੂਰ ਹੋਣਗੇ ਕਿ ਗੁਰੂ ਮਹਾਰਾਜ ਦੇ ਪਵਿੱਤਰ ਸਰੂਪਾਂ ਨੂੰ ਉਥੋਂ ਲਿਜਾ ਕੇ ਕਿਸੇ ਸੁਰੱਖਿਅਤ ਥਾਂ ‘ਤੇ ਸਥਾਪਿਤ ਕੀਤਾ ਜਾਵੇ।”
ਉਨ੍ਹਾਂ ਨੇ ਕਿਹਾ ਕਿ ਹੁਣ ਇਹ ਮਾਮਲਾ ਬਹੁਤ ਗੰਭੀਰ ਮੋੜ ‘ਤੇ ਪਹੁੰਚ ਚੁੱਕਾ ਹੈ ਅਤੇ ਸੰਗਤਾਂ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ।
ਹਰ ਜ਼ਿਲ੍ਹੇ ਵਿੱਚ ਹੋਣਗੀਆਂ ਮੀਟਿੰਗਾਂ
ਭਾਈ ਸੁਖਜੀਤ ਸਿੰਘ ਖੋਸੇ ਤੇ ਭਾਈ ਅਮਰੀਕ ਸਿੰਘ ਅਜਨਾਲਾ ਤੇ ਭਾਈ ਤਰਲੋਚਨ ਸਿੰਘ ਨੇ ਐਲਾਨ ਕੀਤਾ ਕਿ
ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਜਥੇਬੰਦੀਆਂ ਵੱਲੋਂ ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਮੀਟਿੰਗਾਂ ਕੀਤੀਆਂ ਜਾਣਗੀਆਂ।
ਇਨ੍ਹਾਂ ਮੀਟਿੰਗਾਂ ਵਿੱਚ:
• ਸਿੱਖ ਸੰਗਤਾਂ ਨੂੰ ਜਾਗਰੂਕ ਕੀਤਾ ਜਾਵੇਗਾ
• ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਖ਼ਤ ਤੌਰ ‘ਤੇ ਸਚੇਤ ਕੀਤਾ ਜਾਵੇਗਾ
• ਜਿਨ੍ਹਾਂ ਦੀ ਲਾਪਰਵਾਹੀ ਕਾਰਨ ਬੇਅਦਬੀਆਂ ਹੋ ਰਹੀਆਂ ਹਨ, ਉਨ੍ਹਾਂ ਨੂੰ ਖੁੱਲ੍ਹੇ ਤੌਰ ‘ਤੇ ਜਵਾਬਦੇਹ ਬਣਾਇਆ ਜਾਵੇਗਾ
ਉਨ੍ਹਾਂ ਨੇ ਦੋ ਟੁਕ ਸ਼ਬਦਾਂ ਵਿੱਚ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਪ੍ਰਬੰਧਕ ਆਪਣੇ ਅੰਦਰ ਸੁਧਾਰ ਲਿਆਉਣ, ਨਹੀਂ ਤਾਂ ਸੰਗਤਾਂ ਆਪ ਮੈਦਾਨ ਵਿੱਚ ਉਤਰ ਕੇ ਕਾਰਵਾਈ ਕਰਨ ਲਈ ਮਜ਼ਬੂਰ ਹੋਣਗੀਆਂ।
ਸਖ਼ਤ ਨਿਰਦੇਸ਼ ਜਾਰੀ
• ਹਰ ਗੁਰਦੁਆਰਾ ਸਾਹਿਬ ਵਿੱਚ ਤੁਰੰਤ 24 ਘੰਟੇ ਪਹਿਰੇਦਾਰੀ ਲਾਗੂ ਕੀਤੀ ਜਾਵੇ
• ਸ਼ਸਤ੍ਰਧਾਰੀ ਸੇਵਾਦਾਰਾਂ ਦੀ ਡਿਊਟੀ ਲਾਜ਼ਮੀ ਕੀਤੀ ਜਾਵੇ
• ਹਰ ਸੰਦੇਹਜਨਕ ਹਲਚਲ ‘ਤੇ ਨਿਗਰਾਨੀ ਵਧਾਈ ਜਾਵੇ
ਮਰਯਾਦਾ ਦੀ ਪਾਲਣਾ ਲਾਜ਼ਮੀ
• ਦਰਸ਼ਨ ਲਈ ਹਰ ਕਿਸੇ ਨੂੰ ਆਉਣ ਦੀ ਆਜ਼ਾਦੀ ਹੈ, ਪਰ ਤੰਬਾਕੂ ਜਾਂ ਮਨਾਹੀ ਕੀਤੀਆਂ ਵਸਤਾਂ ਨਾਲ ਪ੍ਰਵੇਸ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ
• ਗੁਰੂ ਘਰ ਵਿੱਚ ਦਾਖਲ ਹੋ ਕੇ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਣਾ ਲਾਜ਼ਮੀ ਹੈ
• ਪ੍ਰਕਾਸ਼ ਸਮੇਂ ਗੱਦੇ, ਕੁਰਸੀਆਂ ਜਾਂ ਹੋਰ ਵਿਲੱਖਣ ਢੰਗ ਨਾਲ ਬੈਠਣਾ ਮਨਮਤ ਕਰਾਰ ਦਿੱਤਾ ਗਿਆ
ਸੰਗਤਾਂ ਲਈ ਜੋਸ਼ ਭਰਿਆ ਸੱਦਾ
ਅਖੀਰ ਵਿੱਚ ਉਨ੍ਹਾਂ ਨੇ ਤਿੱਖੇ ਲਹਿਜ਼ੇ ਵਿੱਚ ਕਿਹਾ:
ਇਹ ਸਮਾਂ ਚੁੱਪ ਰਹਿਣ ਦਾ ਨਹੀਂ। ਜੇ ਅਸੀਂ ਅੱਜ ਵੀ ਨਾ ਜਾਗੇ ਤਾਂ ਇਹ ਬੇਅਦਬੀਆਂ ਰੁਕਣ ਵਾਲੀਆਂ ਨਹੀਂ। ਹਰ ਸਿੱਖ ਨੂੰ ਅੱਗੇ ਆ ਕੇ ਗੁਰੂ ਮਹਾਰਾਜ ਦੇ ਸਤਿਕਾਰ ਦੀ ਰੱਖਿਆ ਲਈ ਖੜ੍ਹਾ ਹੋਣਾ ਪਵੇਗਾ।”
ਇਸ ਮੌਕੇ ਵਿਸ਼ੇਸ਼ ਤੌਰ ਤੇ ਮੇਜਰ ਸਿੰਘ ਪੰਡੋਰੀ ,,ਸ਼ਮਸ਼ੇਰ ਸਿੰਘ ਭੋਜੀਆਂ,ਭਾਈ ਬਲਵਿੰਦਰ ਸਿੰਘ, ਭਾਈ ਕੁਲਦੀਪ ਸਿੰਘ , ਭਾਈ ਸਾਹਿਬ ਸਿੰਘ ,ਭਾਈ ਮਲਕੀਤ ਸਿੰਘ , ਭਾਈ ਭਾਊ ਜੀ , ਭਾਈ ਹਰੀਸ਼ ਸਿੰਘ , ਭਾਈ ਮੋਹਨ ਸਿੰਘ ,ਭਾਈ ਸਾਬ ਸਿੰਘ ਕਰਨਬੀਰ ਸਿੰਘ ਬਡਾਲਾ ਗ੍ਰੰਥੀਆਂ ਨਿਸ਼ਾਨ ਸਿੰਘ ਸਿਆਲਕਾ , ਹਰਪ੍ਰੀਤ ਸਿੰਘ ਪਟਵਾਰੀ ਅਤੇ ਹੋਰ ਆਗੂ ਹਾਜ਼ਰ

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.