ਇੰਝ ਸ਼ੁਰੂ ਹੋਈ ਖ਼ਾਲਿਸਤਾਨ ਦੀ ਜੰਗ...
- ਰਾਜਨੀਤੀ
- 25 Jan, 2026 07:06 PM (Asia/Kolkata)
ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ’ਚ 13 ਅਪ੍ਰੈਲ 1978 ਨੂੰ 13 ਸਿੰਘਾਂ ਦੀਆਂ ਹੋਈਆਂ ਸ਼ਹਾਦਤਾਂ ਨਾਲ਼ ਸਿੱਖ ਸੰਘਰਸ਼ ਦਾ ਮੁੱਢ ਬੱਝ ਗਿਆ ਤੇ ਓਦੋਂ ਹੀ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗੰਮੀ ਅਤੇ ਜਰਨੈਲੀ ਸ਼ਖ਼ਸੀਅਤ ਦਾ ਉਭਾਰ ਹੋਇਆ। ਉਹਨੀਂ ਦਿਨੀਂ ਹੀ ਦਲ ਖ਼ਾਲਸਾ ਅਤੇ ਬੱਬਰ ਖ਼ਾਲਸਾ ਦੀ ਸਥਾਪਨਾ ਹੋਈ ਤੇ ਦੁਸ਼ਟਾਂ ਦੇ ਸੋਧੇ ਲੱਗਣੇ ਸ਼ੁਰੂ ਹੋ ਗਏ, 26 ਜਨਵਰੀ 1984 ਨੂੰ ਅਕਾਲ ਫੈਡਰੇਸ਼ਨ ਨੇ ਖ਼ਾਲਿਸਤਾਨ ਦਾ ਸੰਵਿਧਾਨ ਜਾਰੀ ਕਰ ਦਿੱਤਾ। ਬ੍ਰਾਹਮਣਵਾਦ ਦੀਆਂ ਸਿੱਖ-ਮਾਰੂ ਨੀਤੀਆਂ ਨੂੰ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਬਹੁਤ ਪਹਿਲਾਂ ਭਾਂਪ ਚੁੱਕੇ ਸਨ ਤੇ ਇਸੇ ਲਈ ਸੰਤ ਜੀ ਹਿੰਦੁਸਤਾਨੀ ਬੁਰਛਾਗਰਦੀ ਵਿਰੁੱਧ ਸੰਘਰਸ਼ ਵਿੱਢਣ ਲਈ ਖ਼ਾਲਸਈ ਰਵਾਇਤਾਂ ਅਨੁਸਾਰ ਡਟ ਗਏ ਸਨ। ਹਿੰਦੁਸਤਾਨ ਦੀ ਸਰਕਾਰ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪ੍ਰਾਪਤੀ ਲਈ ਲੱਗੇ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ ਸ੍ਰੀ ਦਰਬਾਰ ਸਾਹਿਬ ਉੱਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਹਿੰਦੂਤਵ ਨੇ ਜੂਨ 1984 ਤੇ ਨਵੰਬਰ 1984 ’ਚ ਸਿੱਖਾਂ ਨੂੰ ਅਜਿਹੇ ਡੂੰਘੇ ਜ਼ਖ਼ਮ ਦਿੱਤੇ ਜੋ ਕਦੇ ਨਹੀਂ ਭਰ ਸਕਦੇ। ਮੁਗਲ ਰਾਜ ਤੋਂ ਬਾਅਦ ਹਿੰਦੂਤਵੀਆਂ ਨੇ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਤੇ ਉਹ ਅੱਤਿਆਚਾਰ ਕੀਤੇ ਕਿ ਜਿਸ ਨਾਲ਼ ਸਾਰਾ ਸਿੱਖ ਜਗਤ ਤੜਪ ਉੱਠਿਆ। ਇਸ ਘੱਲੂਘਾਰੇ ਤੋਂ ਬਾਅਦ ਹਿੰਦੁਸਤਾਨ ਦੀ ਸਰਕਾਰ ਨੂੰ ਵੰਗਾਰ ਕੇ ਬ੍ਰਹਮ ਗਿਆਨੀ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਦਮਦਮੀ ਟਕਸਾਲ ਵਾਲਿਆਂ ਵੱਲੋਂ 26 ਜਨਵਰੀ 1986 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸਰਬੱਤ ਖ਼ਾਲਸਾ ਸਮਾਗਮ ਕੀਤਾ ਗਿਆ ਤੇ ਲੱਖਾਂ ਸਿੱਖਾਂ ਦਾ ਇਕੱਠ ਹੋਇਆ ਜਿਸ ਵਿੱਚ ਪੰਥ ਦਾ ਭਵਿੱਖ ਰੁਸ਼ਨਾਉਣ ਲਈ ਕਈ ਫ਼ੈਸਲੇ ਹੋਏ ਜਿਨ੍ਹਾਂ ਵਿੱਚ ਬੁੱਢਾ ਦਲ ਦੇ ਮੁਖੀ ਸੰਤਾ ਸਿੰਘ ਨਿਹੰਗ ਵੱਲੋਂ ਸਰਕਾਰੀ ਪੈਸੇ ਨਾਲ ਬਣਾਈ ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਾਹ ਕੇ ਸੰਗਤ ਦੇ ਦਸਵੰਧ ਅਤੇ ਹੱਥਾਂ ਨਾਲ ਨਵ-ਉਸਾਰੀ ਕਰਵਾਉਣੀ ਅਤੇ ਪੰਜ ਮੈਂਬਰੀ ਪੰਥਕ ਕਮੇਟੀ ਗਠਿਤ ਕਰਨੀ ਅਹਿਮ ਇਤਿਹਾਸਕ ਫ਼ੈਸਲੇ ਸਨ ਤੇ ਛੇਤੀ ਹੀ ਇਸ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਸ੍ਰੀ ਦਰਬਾਰ ਸਾਹਿਬ ਸਮੂਹ ਵਿੱਚੋਂ ਖ਼ਾਲਿਸਤਾਨ ਦਾ ਐਲਾਨ ਕਰ ਦਿੱਤਾ ਤੇ ਫਿਰ ਅਣਖ਼ੀ ਸਿੱਖ ਨੌਜਵਾਨ ਆਪਣੇ ਘਰਾਂ-ਪਰਿਵਾਰਾਂ ਦਾ ਮੋਹ ਤਿਆਗ ਕੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਮੈਦਾਨ-ਏ-ਜੰਗ ’ਚ ਕੁੱਦ ਪਏ ਤੇ ਅਣਗਿਣਤ ਸਿੰਘਾਂ-ਸਿੰਘਣੀਆਂ ਨੇ ਜੂਝ ਕੇ ਸ਼ਹਾਦਤਾਂ ਪਾਈਆਂ। ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਿਸੇ ਇੱਕ ਪਾਰਟੀ ਨੇ ਨਹੀਂ ਬਲਕਿ ਸਮੁੱਚੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ ਜਿਸ ਦੀ ਅਗਵਾਈ ਤਾਂ ਭਾਵੇਂ ਕਾਂਗਰਸ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਕੀਤੀ ਸੀ ਪਰ ਸਮਰਥਨ ਭਾਜਪਾ, ਆਰ.ਐੱਸ.ਐੱਸ., ਅਖੌਤੀ ਅਕਾਲੀ ਆਗੂਆਂ ਅਤੇ ਕਾਮਰੇਡ ਪਾਰਟੀਆਂ ਸਮੇਤ ਸਮੁੱਚੇ ਭਾਰਤ ਦੇ ਕੱਟੜ ਹਿੰਦੂਵਾਦੀਆਂ ਨੇ ਕੀਤਾ ਸੀ। ਇਸ ਹਮਲੇ ’ਚ ਹਿੰਦੂ ਭਾਰਤੀ ਮੀਡੀਆ ਦਾ ਰੋਲ ਵੀ ਅਣਗੌਲਿਆ ਨਹੀਂ ਜਾ ਸਕਦਾ, ਜਿਸ ਨੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਝੀ ਚਾਲ ਚੱਲੀ ਤੇ ਦਰਬਾਰ ਸਾਹਿਬ ’ਤੇ ਫ਼ੌਜੀ ਹਮਲੇ ਦਾ ਪਿੜ ਬੰਨ੍ਹਣ ’ਚ ਅਹਿਮ ਭੂਮਿਕਾ ਨਿਭਾਈ। ਭਾਰਤ ਦੀ ਹਿੰਦੂਤਵੀ ਸਰਕਾਰ ਵੱਲੋਂ ਸਿੱਖਾਂ ਉੱਤੇ ਕੀਤੇ ਗਏ ਜ਼ੁਲਮਾਂ ਨੇ ਮੁਗਲਾਂ ਅਤੇ ਅੰਗਰੇਜ਼ਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱੱਤੀ। ਐਨਾ ਕਹਿਰ ਤਾਂ ਸੋਮਨਾਥ ਮੰਦਰ ਢਾਹੁਣ ਵੇਲੇ ਮਹਿਮੂਦ ਗ਼ਜ਼ਨਵੀ ਨੇ ਵੀ ਨਹੀਂ ਢਾਹਿਆ ਸੀ, ਜਿੰਨਾ ਅਕ੍ਰਿਤਘਣ ਹਿੰਦੂਤਵੀਆਂ ਨੇ ਸਿੱਖਾਂ ਉੱਤੇ ਢਾਹਿਆ। ਘੱਲੂਘਾਰੇ ਮਗਰੋਂ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਨਿਰਣਾਇਕ ਬੋਲ ਹਰੇਕ ਸਿੱਖ ਦੇ ਹਿਰਦੇ ’ਚ ਘਰ ਕਰ ਗਏ ਕਿ “ਜੇ ਹਿੰਦੁਸਤਾਨ ਦੀ ਸਰਕਾਰ ਨੇ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਤਾਂ ਖ਼ਾਲਿਸਤਾਨ ਦੀ ਨੀਂਹ ਰੱਖੀ ਜਾਏਗੀ।” ਸੰਤ ਜੀ ਸਰਕਾਰ ਨੂੰ ਚੁਣੌਤੀ ਦਿੰਦੇ ਹੋਏ ਵਾਰ-ਵਾਰ ਇਹ ਗੱਲ ਕਹਿੰਦੇ ਰਹੇ ਸਨ ਕਿ “ਜਿੱਦੇਂ ਏਸ ਅਸਥਾਨ ’ਤੇ ਪੁਲੀਸ ਵੱਲੋਂ ਹੁਣ ਹਮਲਾ ਹੋਇਆ ਤਾਂ ਇਹ ਦੁਨੀਆਂ ’ਚ ਮਿਸਾਲ ਬਣੇਗੀ ਕਿ ਖ਼ਾਲਿਸਤਾਨ ਬਣਿਆਂ, ਓਸ ਦਿਨ ਜ਼ਰੂਰ ਖ਼ਾਲਿਸਤਾਨ ਬਣੇਗਾ।” ਸੰਤਾਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ “ਗੁਰੂ ਕਾ ਸਿੰਘ ਕਤਰਾ-ਕਤਰਾ ਹੋ ਜਾਵੇਗਾ, ਪਰ ਹਰਿਮੰਦਰ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗਾ, ਇਸ ਦੀ ਪ੍ਰਤੀਕਿਰਿਆ ਜ਼ਰੂਰ ਹੋਏਗੀ।” ਸੱਚਮੁੱਚ ਪ੍ਰਤੀਕਿਰਿਆ ਹੋਈ, ਤੇ ਹੋਈ ਵੀ ਐਨੀ ਜਬਰਦਸਤ ਕਿ ਪੰਜਾਬ ਦਾ ਮੈਦਾਨੀ ਇਲਾਕਾ ਹੋਣ ਦੇ ਬਾਵਜੂਦ ਵੀ ਜੁਝਾਰੂ ਸਿੰਘਾਂ ਨੇ ਸੰਸਾਰ ਦੀ ਚੌਥੀ ਤਾਕਤ ਕਹਾਉਂਦੀ ਭਾਰਤੀ ਸਟੇਟ ਵਿਰੁੱਧ ਹਥਿਆਰਬੰਦ ਹੋ ਕੇ ਲਹੂ-ਵਿੱਢਵੀਂ ਲੜਾਈ ਲੜੀ ਤੇ ਦਸ ਸਾਲ ਸਰਕਾਰ ਨੂੰ ਵਖ਼ਤ ਪਾਈ ਰੱਖਿਆ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਵੀ ਕਿਹਾ ਸੀ ਕਿ “ਖ਼ਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਤੇ ਕੀਤੇ ਜਾ ਰਹੇ ਨੇ।” ਖ਼ਾਲਿਸਤਾਨ ਕੋਈ ਹਊਆ ਨਹੀਂ। ਇਹ ਗੁਰੂ ਨਾਨਕ ਪਾਤਸ਼ਾਹ ਤੇ ਕਲਗੀਧਰ ਪਾਤਸ਼ਾਹ ਵੱਲੋਂ ਬਖ਼ਸ਼ਿਆ ਖ਼ਾਲਸਾ ਰਾਜ ਦਾ ਸੰਕਲਪ ਹੈ। ਇਹ ਸਾਡੇ ਧਾਰਮਿਕ ਸਿਧਾਂਤਾਂ ਨਾਲ਼ ਜੁੜਿਆ ਇੱਕ ਪਵਿੱਤਰ ਸ਼ਬਦ ਹੈ। ਖ਼ਾਲਿਸਤਾਨ ਸਿੱਖੀ ਦਾ ਆਲੀਸ਼ਾਨ ਮਹਿਲ ਹੈ ਜਿਸ ਦੀਆਂ ਨੀਂਹਾਂ 'ਚ ਸਾਡੇ ਹਜ਼ਾਰਾਂ-ਲੱਖਾਂ ਸਿੰਘਾਂ-ਸਿੰਘਣੀਆਂ ਦੇ ਸੀਸ ਲੱਗੇ ਹਨ ਜੋ ਗੁਰੂ ਲਈ ਆਪਾ ਵਾਰ ਗਏ। ਮੈਨੂੰ ਖ਼ਾਲਿਸਤਾਨ 'ਚੋਂ ਗੁਰਬਾਣੀ ਦੀਆਂ ਧੁਨਾਂ ਸੁਣਾਈ ਦਿੰਦੀਆਂ ਹਨ ਅਤੇ ਦਇਆ, ਧਰਮ, ਸਬਰ, ਸੰਤੋਖ, ਪਿਆਰ-ਮੁਹੱਬਤ, ਸੰਜਮ, ਸਹਿਣਸ਼ੀਲਤਾ, ਨਿਰਭਉ, ਨਿਰਵੈਰਤਾ, ਸ਼ਾਂਤੀ ਤੇ ਸਰਬ ਸਾਂਝੀਵਾਲਤਾ ਨਜ਼ਰੀ ਆਉਂਦੀ ਹੈ। ਸਿੱਖਾਂ ਨੂੰ ਆਪਣਾ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਸਥਾਪਿਤ ਕਰਨ ਲਈ ਹਰ ਸੰਭਵ ਤਰੀਕਾ ਅਪਣਾਉਣਾ ਚਾਹੀਦਾ ਹੈ। ਸਾਨੂੰ ਪਤਾ ਹੈ ਕਿ ਅਜ਼ਾਦੀ ਦੀ ਲੜਾਈ ਲੰਬੀ ਹੀ ਹੋਇਆ ਕਰਦੀ ਹੈ, ਕਈ ਵਾਰ ਸਦੀਆਂ ਲਗ ਜਾਂਦੀਆਂ ਹਨ, ਪੀੜੀ-ਦਰ-ਪੀੜੀ ਸੰਘਰਸ਼ ਲੜਨਾ ਪੈਂਦਾ ਹੈ। ਕਈ ਵਾਰ ਭਾਰਤੀ ਹਾਕਮਾਂ ਨੂੰ ਇੰਝ ਜਾਪੇਗਾ ਕਿ ਖ਼ਾਲਿਸਤਾਨ ਦੀ ਗੱਲ ਸ਼ਾਇਦ ਖ਼ਤਮ ਹੋ ਗਈ ਹੈ ਪਰ ਗੁਰਾਂ ਦਾ ਖ਼ਾਲਸਾ ਫੇਰ ਉੱਠੇਗਾ, ਕੌਮ ਦੀ ਅਜ਼ਾਦੀ ਦੀ ਆਵਾਜ਼ ਬੁਲੰਦ ਕਰੇਗਾ, ਨਵੀਆਂ ਸਰਗਰਮੀਆਂ ਤੇ ਨਵੇਂ ਐੱਕਸ਼ਨ ਕਰਕੇ ਸਭ ਪਾਸੇ ਤਰਥੱਲੀ ਮਚਾ ਦੇਵੇਗਾ। ਕਾਲ਼ੀਆਂ-ਬੋਲ਼ੀਆਂ ਤੇ ਹਨੇਰੀਆਂ ਰਾਤਾਂ ਵਿੱਚ ਧੁੰਦ ਦੇ ਬੱਦਲਾਂ ਨੂੰ ਪਾੜ ਕੇ ਇੱਕ ਦਿਨ ਖ਼ਾਲਿਸਤਾਨ ਦਾ ਸੂਰਜ ਲਾਜ਼ਮੀ ਚੜ੍ਹੇਗਾ। ਅਸੂਲ ਹੈ ਕਿ ਜਦ ਕਿਸੇ ਇਮਾਰਤ ਨੂੰ ਜਿੰਨਾ ਉੱਚਾ ਤੇ ਮਜ਼ਬੂਤ ਬਣਾਉਣਾ ਹੋਵੇ ਓਨੀ ਹੀ ਉਸ ਦੀ ਨੀਂਹ ਡੂੰਘੀ ਤੇ ਪੱਕੀ ਕਰਨੀ ਪੈਂਦੀ ਹੈ ਤੇ ਖ਼ਾਲਿਸਤਾਨ ਦੀ ਜੜ੍ਹਾਂ ਪਾਤਾਲ ਤਕ ਲਗ ਚੁੱਕੀਆਂ ਹਨ ਜਿਸ ਨੂੰ ਕੋਈ ਨਹੀਂ ਉਖਾੜ ਸਕਦਾ। ਖ਼ਾਲਿਸਤਾਨ ਦਾ ਇਹ ਸੰਘਰਸ਼ ਪੰਜਵੇਂ ਪਾਤਸ਼ਾਹ ਦੇ ਹਲੇਮੀ ਰਾਜ, ਭਗਤਾਂ ਦੇ ਬੇਗਮਪੁਰਾ ਤੇ ਦਸਮੇਸ਼ ਪਿਤਾ ਦੇ ਰਾਜ ਕਰੇਗਾ ਖ਼ਾਲਸਾ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਹੀ ਹੈ। ਖ਼ਾਲਿਸਤਾਨ ਸ਼ਬਦ ਸਿੱਖ ਕੌਮ ਦੇ ਧੁਰ ਅੰਦਰ ਤੱਕ ਸਮਾਅ ਚੁੱਕਾ ਹੈ ਜਿਸ ਨੂੰ ਕਦੇ ਵੀ ਮਨਫ਼ੀ ਨਹੀਂ ਕੀਤਾ ਜਾ ਸਕਦਾ। ਰਾਜ ਕੌਮਾਂ ਦੀ ਜ਼ਿੰਦ-ਜਾਨ ਹੋਇਆ ਕਰਦੇ ਨੇ, ਤੇ ਰਾਜ ਸਥਾਪਿਤ ਕਰਨ ਦੇ ਨਾਲ਼ ਹੀ ਕੌਮਾਂ ਪ੍ਰਫੁੱਲਿਤ ਹੁੰਦੀਆਂ ਹਨ। ਜਿਹੜੀ ਕੌਮ, ਰਾਜ ਤੋਂ ਵਿਹੂਣੀ ਹੋਵੇ ਉਹ ਸੰਸਾਰ ਦੇ ਨਕਸ਼ੇ ’ਤੇ ਬਹੁਤਾ ਚਿਰ ਤਕ ਜਿਉਂਦੀ ਨਹੀਂ ਰਹਿੰਦੀ। ਰਾਜ ਦੀ ਸਥਾਪਨਾ ਕਰਨ ਦੀ ਪ੍ਰੇਰਨਾ ਸਾਨੂੰ ਗੁਰਬਾਣੀ ਅਤੇ ਇਤਿਹਾਸ ’ਚੋਂ ਹੀ ਮਿਲ਼ਦੀ ਹੈ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ, ਸਿੱਖ ਮਿਸਲਾਂ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਵਿਸ਼ਾਲ ਅਤੇ ਸਰਬੱਤ ਦੇ ਭਲੇ ਵਾਲ਼ਾ ਖ਼ਾਲਸਾ ਰਾਜ ਸਥਾਪਿਤ ਕੀਤਾ ਸੀ। ਸਿੱਖਾਂ ਦਾ ਵੱਖਰਾ ਰਾਜ, ਗੁਰਬਾਣੀ ਅਤੇ ਸਿੱਖ ਰਵਾਇਤਾਂ ਦੇ ਇਤਿਹਾਸ ਅਨੁਸਾਰ ਹੈ। ਜਾਗਦੀ ਜ਼ਮੀਰ ਵਾਲ਼ੇ ਸਿੱਖਾਂ ਨੇ ਉਸ ਭਾਰਤੀ ਸਟੇਟ ਨੂੰ ਹਮੇਸ਼ਾਂ ਲਈ ਰੱਦ ਕਰ ਦਿੱਤਾ ਹੈ, ਜਿਸ ਨੇ ਸਾਡਾ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹਿਆ ਤੇ ਸਾਡੀ ਬਰਬਾਦੀ ’ਤੇ ਲੱਡੂ ਵੰਡੇ ਤੇ ਭੰਗੜੇ ਪਾ ਕੇ ਖ਼ੁਸ਼ੀਆਂ ਮਨਾਈਆਂ ਸਨ। ਅਸੀਂ ਅਜਿਹਾ ਰਾਜ-ਭਾਗ ਸਿਰਜਣਾ ਚਾਹੁੰਦੇ ਹਨ ਜਿੱਥੇ ਸਿੱਖ ਗੁਰਬਾਣੀ ਅਨੁਸਾਰ ਆਪਣਾ ਜੀਵਨ ਬਸਰ ਕਰ ਸਕਣ, ਜਿੱਥੇ ਉਹ ਅਜ਼ਾਦੀ ਦਾ ਨਿੱਘ ਮਾਣ ਸਕਣ, ਜਿੱਥੇ ਉਹਨਾਂ ਦਾ ਧਰਮ ਪ੍ਰਫੁੱਲਤ ਹੋਵੇ, ਜਿੱਥੇ ਉਹਨਾਂ ਦੀ ਮਾਂ-ਬੋਲੀ ਨੂੰ ਕੋਈ ਛੁਟਿਆਉਣ ਦਾ ਯਤਨ ਨਾ ਕਰੇ। ਜਿੱਥੇ ਉਹਨਾਂ ਦੇ ਧਰਮ ਸਥਾਨਾਂ ਤੇ ਧਰਮ ਗ੍ਰੰਥਾਂ ’ਤੇ ਹਮਲੇ ਕਰਨ ਦਾ ਕੋਈ ਹੀਆ ਨਾ ਕਰ ਸਕੇ, ਜਿੱਥੇ ਉਹਨਾਂ ਦੇ ਕੁਦਰਤੀ ਸ੍ਰੋਤਾਂ ਨੂੰ ਕੋਈ ਲੁੱਟ ਨਾ ਸਕੇ ਤੇ ਉਹਨਾਂ ਦੇ ਧਾਰਮਿਕ ਮਾਮਲਿਆਂ ’ਚ ਕੋਈ ਦਖ਼ਲ-ਅੰਦਾਜੀ ਨਾ ਕਰ ਸਕੇ। ਜੂਨ 1984 ਦੇ ਹਮਲੇ ਤੋਂ ਬਾਅਦ ਪੰਜਾਬ ਅੰਦਰ ਬਹੁਤ ਉਥਲ-ਪੁਥਲ ਹੋਈ। ਰਾਜਨੀਤੀ ਵਿੱਚ ਵੀ ਵੱਡੀ ਤਬਦੀਲੀ ਆਈ, ਰਾਜਨੀਤਕ ਸਮੀਕਰਨ ਵੀ ਬਦਲੇ ਪਰ ਇਹ ਸਭ ਘੱਲੂਘਾਰੇ ਦੇ ਜ਼ਖ਼ਮਾਂ ਨੂੰ ਭਰ ਨਹੀਂ ਸਕੇ। ਦਹਾਕੇ ਬੀਤਣ ਦੇ ਬਾਅਦ ਵੀ ਜ਼ਖ਼ਮ ਹਰੇ ਹਨ। ਸਾਡੀ ਅੱਜ ਵੀ ਪੀੜ ਸੱਜਰੀ ਹੈ ਤੇ ਸੰਘਰਸ਼ ਜਾਰੀ ਹੈ। ਸ੍ਰੀ ਦਰਬਾਰ ਸਾਹਿਬ ਉੱਤੇ ਹੌਲਨਾਕ ਹਮਲੇ ਦਾ ਪ੍ਰਭਾਵ ਦੁਨੀਆਂ ਪੱਧਰ ਉੱਤੇ ਅੱਜ ਵੀ ਵੇਖਣ ਨੂੰ ਮਿਲ਼ਦਾ ਹੈ ਤੇ ਸੱਚ ਦੁਨੀਆਂ ਦੇ ਸਾਹਮਣੇ ਹੈ। ਸਿੱਖ ਕੌਮ ਨੇ ਹਿੰਦੂਤਵ ਨੂੰ ਇਸ ਵਹਿਸ਼ੀ ਕਾਰੇ ਲਈ ਕਦੇ ਮੁਆਫ਼ ਨਹੀਂ ਕਰਨਾ, ਇਹ ਇਤਿਹਾਸ ਬੋਲੇਗਾ। ਖ਼ਾਲਿਸਤਾਨ ਦੀ ਜੰਗ-ਏ-ਅਜ਼ਾਦੀ ’ਚ ਜਿਨ੍ਹਾਂ ਸਿੰਘਾਂ-ਸਿੰਘਣੀਆਂ ਨੇ ਸ਼ਹਾਦਤਾਂ ਦਿੱਤੀਆਂ ਤੇ ਜੋ ਅੱਜ ਵੀ ਵੱਖ-ਵੱਖ ਤਰੀਕਿਆਂ ਨਾਲ ਸੰਘਰਸ਼ ਕਰ ਰਹੇ ਹਨ ਉਹ ਸਾਡੇ ਲਈ ਪ੍ਰੇਰਨਾਦਾਇਕ ਅਤੇ ਸਤਿਕਾਰਯੋਗ ਹਨ। ਖ਼ਾਲਿਸਤਾਨ ਦੇ ਸਮੂਹ ਸ਼ਹੀਦਾਂ, ਸੂਰਬੀਰਾਂ, ਜੁਝਾਰੂ-ਯੋਧਿਆਂ, ਬੰਦੀ ਸਿੰਘਾਂ, ਜਲਾਵਤਨੀ ਸਿੰਘਾਂ ਨੂੰ ਅਸੀਂ ਸਿਰ ਝੁਕਾਅ ਕੇ ਲੱਖਾਂ-ਕਰੋੜਾਂ ਵਾਰੀ ਪ੍ਰਣਾਮ ਕਰਦੇ ਹਾਂ ਅਤੇ ਇਸ ਸੰਘਰਸ਼ ’ਚ ਕਿਸੇ ਵੀ ਤਰ੍ਹਾਂ ਹਿੱਸਾ ਪਾਉਣ ਵਾਲ਼ੇ, ਸਾਥ ਦੇਣ ਵਾਲ਼ੇ ਤੇ ਹਮਾਇਤ ਕਰਨ ਵਾਲ਼ੇ ਲੋਕਾਂ ਦੇ ਅਸੀਂ ਦੇਣਦਾਰ ਤੇ ਧੰਨਵਾਦੀ ਹਾਂ। ਪ੍ਰਭੂਸੱਤਾ ਸੰਪੰਨ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਸਥਾਪਤੀ ਲਈ ਹਰ ਸਿੱਖ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ, ਕਲਗੀਧਰ ਪਾਤਸ਼ਾਹ ਜੀ ਸਹਾਈ ਹੋਣ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ : 8872293883
Leave a Reply