ਸ਼ਹੀਦ ਭਾਈ ਜਿੰਦਾ-ਸੁੱਖਾ ਦੀ ਯਾਦ 'ਚ ਅਕਾਲ ਤਖ਼ਤ ਸਾਹਿਬ, ਪਿੰਡ ਗਦਲੀ ਅਤੇ ਰਾਜਸਥਾਨ ਵਿਖੇ 9 ਨੂੰ ਸ਼ਹੀਦੀ ਸਮਾਗਮਾਂ 'ਚ ਪੁੱਜਣ ਸੰਗਤਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 07 Oct, 2025 07:19 PM (Asia/Kolkata)
ਅੰਮ੍ਰਿਤਸਰ, 7 ਅਕਤੂਬਰ , ਨਜ਼ਰਾਨਾ ਟਾਈਮਜ ਬਿਊਰੋ
ਵੀਹਵੀਂ ਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਖ਼ਾਲਿਸਤਾਨ ਦੀ ਅਜ਼ਾਦੀ ਲਈ ਅਰੰਭੇ ਹਥਿਆਰਬੰਦ ਸੰਘਰਸ਼ 'ਚ ਜੂਝ ਕੇ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸੂਰਬੀਰ ਜਰਨੈਲ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੀ ਯਾਦ 'ਚ ਮਹਾਨ ਸ਼ਹੀਦੀ ਸਮਾਗਮ 9 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਪਿੰਡ ਗਦਲੀ (ਜ਼ਿਲ੍ਹਾ ਅੰਮ੍ਰਿਤਸਰ) ਤੇ ਰਾਜਸਥਾਨ (16 ਐਫ ਐਫ) ਵਿਖੇ ਪੂਰੇ ਖ਼ਾਲਸਾਈ ਜਾਹੋ-ਜਲਾਲ ਨਾਲ ਕਰਵਾਏ ਜਾਣਗੇ। ਇਹ ਜਾਣਕਾਰੀ ਸਾਂਝੀ ਕਰਦਿਆਂ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਵੇਂ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਅਤੇ ਭਾਈ ਸੁੱਖਾ ਸਿੰਘ ਮਾੜੀ ਕੰਬੋਕੇ ਨੇ ਮੱਸੇ ਰੰਘੜ ਨੂੰ ਸੋਧ ਕੇ ਉਸਦੇ ਪਾਪਾਂ ਦੀ ਸਜ਼ਾ ਦਿੱਤੀ ਸੀ, ਓਵੇਂ ਹੀ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਜੂਨ 1984 'ਚ ਪਾਪਣ ਇੰਦਰਾ ਗਾਂਧੀ ਦੇ ਹੁਕਮਾਂ 'ਤੇ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਟੈਂਕਾਂ-ਤੋਪਾਂ ਨਾਲ ਕਹਿਰੀ ਹਮਲਾ ਕਰਨ ਵਾਲੇ ਭਾਰਤੀ ਫ਼ੌਜਾਂ ਦੇ ਜਰਨੈਲ ਅਰੁਣ ਸ੍ਰੀਧਰ ਵੈਦਿਆ ਨੂੰ ਪੂਨੇ ਵਿਖੇ ਗੋਲ਼ੀਆਂ ਮਾਰ ਕੇ ਸੋਧਿਆ ਤੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ। ਇਹਨਾਂ ਦੋਵਾਂ ਯੋਧਿਆਂ ਨੇ ਅਨੇਕਾਂ ਜੁਝਾਰੂ ਕਾਰਨਾਮੇ ਕਰਦਿਆਂ ਨਵੰਬਰ 1984 'ਚ ਸਿੱਖਾਂ ਦੇ ਗਲਾਂ ਵਿੱਚ ਬਲ਼ਦੇ ਟਾਇਰ ਪਾਉਣ ਵਾਲੇ ਅਤੇ ਸਿੱਖ ਬੀਬੀਆਂ ਦੀ ਪੱਤ ਲੁੱਟਣ ਵਾਲੇ ਦੋਸ਼ੀਆਂ ਲਲਿਤ ਮਾਕਨ, ਅਰਜਨ ਦਾਸ, ਧਰਮ ਦਾਸ ਸ਼ਾਸਤਰੀ ਅਤੇ ਹੋਰ ਪੰਥ ਦੋਖੀਆਂ ਨੂੰ ਚੁਣ-ਚੁਣ ਕੇ ਗੱਡੀ ਚਾੜ੍ਹਿਆ ਤੇ ਖ਼ਾਲਿਸਤਾਨ ਦੀ ਅਜ਼ਾਦੀ ਦਾ ਸੰਘਰਸ਼ ਬੁਲੰਦ ਕੀਤਾ। ਸੂਰਮਿਆਂ ਦੇ ਬਚਨ ਸਨ ਕਿ 'ਖ਼ਾਲਿਸਤਾਨ ਦੀ ਮੰਗ ਉਹਨਾਂ ਅੱਤਿਆਚਾਰਾਂ ਦੀ ਦੇਣ ਹੈ ਜਿਹੜੇ ਸਾਡੇ ਉੱਤੇ ਕੀਤੇ ਗਏ ਅਤੇ ਕੀਤੇ ਜਾ ਰਹੇ ਨੇ।' ਤੇ 'ਖਾਲਿਸਤਾਨ ਲਈ ਅਸੀਂ ਹਰ ਕੁਰਬਾਨੀ ਕਰਨ ਨੂੰ ਤਿਆਰ ਹਾਂ।' ਭਾਈ ਰਣਜੀਤ ਸਿੰਘ ਨੇ ਕਿਹਾ ਕਿ 9 ਅਕਤੂਬਰ 1992 ਨੂੰ ਪੂਨੇ ਦੀ ਯੇਰਵਾੜਾ ਜੇਲ੍ਹ ਵਿੱਚ ਭਾਈ ਜਿੰਦਾ ਤੇ ਭਾਈ ਸੁੱਖਾ ਨੇ ਹੱਸ-ਹੱਸ ਕੇ ਫਾਂਸੀ ਦਾ ਰੱਸਾ ਚੁੰਮਿਆ ਤੇ ਉਹ ਸ਼ਹਾਦਤਾਂ ਪਾ ਕੇ ਸ਼ਾਨਾਮੱਤਾ ਇਤਿਹਾਸ ਰਚ ਗਏ ਜਿਸ ਉੱਤੇ ਕੌਮ ਨੂੰ ਸਦਾ ਮਾਣ ਰਹੇਗਾ। ਇਹਨਾਂ ਜੁਝਾਰੂਆਂ ਦਾ ਮਹਾਨ ਜੀਵਨ, ਕੌਮ ਲਈ ਸਮਰਪਣ ਭਾਵਨਾ, ਸਿੱਖੀ ਸਿਦਕ, ਘਾਲਣਾ, ਸੰਘਰਸ਼, ਜੁਝਾਰੂ ਕਾਰਨਾਮੇ ਅਤੇ ਸ਼ਹਾਦਤਾਂ ਸਾਡੇ ਲਈ ਪ੍ਰੇਰਨਾ ਸ੍ਰੋਤ ਹਨ। ਦੋਵਾਂ ਜੁਝਾਰੂ-ਜਰਨੈਲਾਂ ਦੀ ਯਾਦ ਵਿੱਚ 9 ਅਕਤੂਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਤੇ ਭਾਈ ਜਿੰਦਾ ਦੇ ਪਿੰਡ ਗਦਲੀ ਤੇ ਭਾਈ ਸੁੱਖਾ ਦੇ ਪਿੰਡ 16 ਐਫ ਐਫ (ਨੇੜੇ ਕਰਨਪੁਰ, ਰਾਜਸਥਾਨ) 'ਚ ਸ਼ਹੀਦੀ ਸਮਾਗਮ ਹੋਣਗੇ, ਸੰਗਤਾਂ ਨੂੰ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ। ਇਸ ਮੌਕੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਭਾਬੀ ਜੀ ਬੀਬੀ ਜਸਵਿੰਦਰ ਕੌਰ, ਭਤੀਜਾ ਭਾਈ ਰਮਨਦੀਪ ਸਿੰਘ ਅਤੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ ਤੁਗਲਵਾਲਾ ਦੀ ਸਿੰਘਣੀ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਹਾਜ਼ਰ ਸਨ।
Leave a Reply