ਸੂਬੇ 'ਚ ਹੋਣ ਵਾਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਲਈ ਵਿਦੇਸ਼ੀ ਟੀਮਾਂ ਪੰਜਾਬ ਪਹੁੰਚਣੀਆਂ ਸ਼ੁਰੂ
- ਖੇਡ
- (Asia/Kolkata)
ਪੰਜਾਬ ਵੱਲੋਂ ਕੀਤਾ ਜਾ ਰਿਹਾ ਨਿੱਘਾ ਸਵਾਗਤ।
ਬਿੰਦਰ ਸਿੰਘ ਖੁੱਡੀ ਕਲਾਂ
ਪੰਜਾਬ ਦੀ ਪਵਿੱਤਰ ਅਤੇ ਖੇਡ ਪ੍ਰੇਮੀ ਧਰਤੀ 'ਤੇ ਇਤਿਹਾਸ ਵਿੱਚ ਪਹਿਲੀ ਵਾਰ ਹੋਣ ਜਾ ਰਹੇ ਅੰਤਰਰਾਸ਼ਟਰੀ ਹਾਕੀ ਦੇ ਮਹਾਕੁੰਭ ਹੀਰੋ ਮੈਨਜ਼ ਏਸ਼ੀਅਨ ਚੈਂਪੀਅਨਜ਼ ਟਰਾਫੀ 2026 ਨੂੰ ਲੈ ਕੇ ਪੂਰੇ ਸੂਬੇ ਵਿੱਚ ਭਾਰੀ ਉਤਸ਼ਾਹ, ਖੁਸ਼ੀ ਅਤੇ ਤਿਉਹਾਰੀ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੀ 27 ਅਕਤੂਬਰ ਤੋਂ 5 ਨਵੰਬਰ ਤੱਕ ਸੂਬੇ ਦੇ ਦੋ ਪ੍ਰਮੁੱਖ ਸ਼ਹਿਰਾਂ ਜਲੰਧਰ ਅਤੇ ਮੋਹਾਲੀ ਵਿਖੇ ਖੇਡੇ ਜਾਣ ਵਾਲੇ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਏਸ਼ਿਆਈ ਦੇਸ਼ਾਂ ਦੀਆਂ ਨਾਮਵਰ ਅੰਤਰਰਾਸ਼ਟਰੀ ਹਾਕੀ ਟੀਮਾਂ ਦਾ ਪੰਜਾਬ ਪਹੁੰਚਣ ਦਾ ਸਿਲਸਿਲਾ ਜਾਰੀ।
ਇਸ ਵਿਸ਼ਵ ਪੱਧਰੀ ਟੂਰਨਾਮੈਂਟ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਜਪਾਨ, ਦੱਖਣੀ ਕੋਰੀਆ, ਚੀਨ, ਮਲੇਸ਼ੀਆ ਅਤੇ ਬੰਗਲਾਦੇਸ਼ ਸਮੇਤ ਕੁੱਲ ਛੇ ਪ੍ਰਮੁੱਖ ਏਸ਼ਿਆਈ ਦੇਸ਼ਾਂ ਦੀਆਂ ਟੀਮਾਂ ਟਰਾਫੀ ਉੱਤੇ ਕਬਜ਼ਾ ਕਰਨ ਲਈ ਆਪਸ ਵਿੱਚ ਜ਼ੋਰਦਾਰ ਟੱਕਰ ਲੈਂਦੀਆਂ ਨਜ਼ਰ ਆਉਣਗੀਆਂ। ਖੇਡ ਪ੍ਰੇਮੀਆਂ ਅਤੇ ਨੌਜਵਾਨਾਂ ਵਿੱਚ ਇਸ ਵੱਡੇ ਖੇਡ ਮੁਕਾਬਲੇ ਨੂੰ ਲੈ ਕੇ ਬੇਹੱਦ ਬੇਸਬਰੀ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪ੍ਰਸ਼ਾਸਨ ਅਤੇ ਸੂਬਾ ਸਰਕਾਰ ਵੱਲੋਂ ਵੀ ਸੁਰੱਖਿਆ, ਰਿਹਾਇਸ਼ ਅਤੇ ਆਵਾਜਾਈ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸੇ ਲੜੀ ਤਹਿਤ ਜਪਾਨ ਦੀ 18 ਮੈਂਬਰੀ ਤਾਕਤਵਰ ਪੁਰਸ਼ ਹਾਕੀ ਟੀਮ ਜਿਸ ਦੀ ਅਗਵਾਈ ਤਜ਼ਰਬੇਕਾਰ ਕਪਤਾਨ ਫੁਜਿਸ਼ੀਮਾ ਰਾਇਕੀ ਕਰ ਰਹੇ ਹਨ, ਬੀਤੇ ਦਿਨ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਮੋਹਾਲੀ ਵਿਖੇ ਉਤਰੀ। ਜਪਾਨੀ ਟੀਮ ਦੇ ਪੰਜਾਬ ਦੀ ਧਰਤੀ 'ਤੇ ਕਦਮ ਰੱਖਦਿਆਂ ਹੀ ਉਨ੍ਹਾਂ ਦਾ ਰਵਾਇਤੀ ਪੰਜਾਬੀ ਸ਼ੈਲੀ ਅਤੇ ਸੱਭਿਆਚਾਰ ਮੁਤਾਬਕ ਸ਼ਾਨਦਾਰ ਗਾਰਡ ਆਫ਼ ਆਨਰ ਅਤੇ ਢੋਲ-ਨਗਾੜਿਆਂ ਦੀ ਗੂੰਜ ਵਿੱਚ ਪਾਏ ਗਏ ਭੰਗੜੇ ਨਾਲ ਬੇਹੱਦ ਨਿੱਘਾ ਅਤੇ ਯਾਦਗਾਰੀ ਸਵਾਗਤ ਕੀਤਾ ਗਿਆ। ਪੰਜਾਬ ਪਹੁੰਚਣ 'ਤੇ ਮਿਲੇ ਇਸ ਭਾਵੁਕ ਅਤੇ ਮਹਿਮਾਨਨਿਵਾਜ਼ੀ ਭਰਪੂਰ ਸਵਾਗਤ ਤੋਂ ਜਪਾਨੀ ਖਿਡਾਰੀ ਅਤੇ ਕੋਚਿੰਗ ਸਟਾਫ਼ ਕਾਫ਼ੀ ਪ੍ਰਭਾਵਿਤ ਨਜ਼ਰ ਆਏ। ਇਸ ਸ਼ਾਨਦਾਰ ਸਵਾਗਤ ਤੋਂ ਤੁਰੰਤ ਬਾਅਦ ਜਪਾਨੀ ਟੀਮ ਸੜਕੀ ਰਸਤੇ ਰਾਹੀਂ ਸਿੱਧੀ ਜਲੰਧਰ ਦੇ ਪ੍ਰਸਿੱਧ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਪਹੁੰਚੀ।ਜਿੱਥੇ ਉਹ ਆਉਣ ਵਾਲੇ ਕੜਕਵੇਂ ਮੁਕਾਬਲਿਆਂ ਲਈ ਆਪਣਾ ਅਭਿਆਸ ਅਤੇ ਤਿਆਰੀਆਂ ਸ਼ੁਰੂ ਕਰ ਚੁੱਕੇ ਹਨ।

ਜਪਾਨ ਤੋਂ ਇਲਾਵਾ ਏਸ਼ੀਆ ਦੀ ਇੱਕ ਹੋਰ ਮਜ਼ਬੂਤ ਟੀਮ ਮਲੇਸ਼ੀਆ ਦੀ ਹਾਕੀ ਟੀਮ ਵੀ ਸ਼੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਵਿਖੇ ਪਹੁੰਚੀ।ਹਵਾਈ ਅੱਡੇ 'ਤੇ ਪਹੁੰਚਣ 'ਤੇ ਪੰਜਾਬ ਦੇ ਖੇਡ ਅਧਿਕਾਰੀਆਂ ਅਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ, ਚੀਨ ਦੀ ਹਾਕੀ ਟੀਮ ਵੀ ਇਸ ਵੱਕਾਰੀ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਭਾਰਤ ਦੀ ਸਰਜ਼ਮੀਂ 'ਤੇ ਪਹੁੰਚ ਚੁੱਕੀ ਹੈ। ਜਿਸ ਦੀ ਅਧਿਕਾਰਤ ਜਾਣਕਾਰੀ ਹਾਕੀ ਇੰਡੀਆ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਹੈ। ਇਨ੍ਹਾਂ ਵਿਦੇਸ਼ੀ ਟੀਮਾਂ ਦੇ ਪੰਜਾਬ ਪਹੁੰਚਣ ਨਾਲ ਸੂਬੇ ਵਿੱਚ ਖੇਡਾਂ ਦਾ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ ਅਤੇ ਗਲੋਬਲ ਪੱਧਰ ਦੇ ਖਿਡਾਰੀ ਇੱਥੋਂ ਦੇ ਖਾਣ-ਪਾਣ, ਸੱਭਿਆਚਾਰ ਅਤੇ ਦੋਸਤਾਨਾ ਮਾਹੌਲ ਤੋਂ ਕਾਫ਼ੀ ਪ੍ਰਭਾਵਿਤ ਹੋ ਰਹੇ ਹਨ।
ਇਸ ਟੂਰਨਾਮੈਂਟ ਦੇ ਪੂਰੇ ਸ਼ਡਿਊਲ ਦੀ ਗੱਲ ਕਰੀਏ ਤਾਂ ਮੁਕਾਬਲੇ ਦੇ ਸਾਰੇ ਲੀਗ ਮੈਚ 27 ਅਕਤੂਬਰ ਤੋਂ 2 ਨਵੰਬਰ ਤੱਕ ਜਲੰਧਰ ਦੇ ਵਿਸ਼ਵ ਪ੍ਰਸਿੱਧ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਕਾਂ ਦੇ ਬੈਠਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਬਾਅਦ ਟੂਰਨਾਮੈਂਟ ਦੇ ਸਭ ਤੋਂ ਅਹਿਮ ਅਤੇ ਰੋਮਾਂਚਕ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਦੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਵਿਖੇ ਕ੍ਰਮਵਾਰ 4 ਅਤੇ 5 ਨਵੰਬਰ ਨੂੰ ਕਰਵਾਏ ਜਾਣਗੇ, ਜਦਕਿ 5 ਨਵੰਬਰ ਨੂੰ ਸ਼ਾਨਦਾਰ ਮਹਾਂ-ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦਾ ਸ਼ਾਨਦਾਰ ਅਤੇ ਰੰਗਾਰੰਗ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ। ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਖੇਡ ਵਿਭਾਗ ਵੱਲੋਂ ਇਸ ਮਹਾਂ-ਟੂਰਨਾਮੈਂਟ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕੀਤਾ ਗਿਆ ਹੈ ਤਾਂ ਜੋ ਪੰਜਾਬ ਦੀ ਪੁਰਾਣੀ ਖੇਡ ਵਿਰਾਸਤ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਅਤੇ ਵਿਸ਼ਵ ਭਰ ਵਿੱਚ ਪੰਜਾਬ ਦੀ ਅਮੀਰ ਮਹਿਮਾਨ ਨਿਵਾਜ਼ੀ ਦੀ ਮਿਸਾਲ ਪੇਸ਼ ਕੀਤੀ ਜਾ ਸਕੇ।
Leave a Reply