ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਦੇ ਮਾਮਲੇ ’ਤੇ ਸਪੇਨ, ਇਟਲੀ ਅਤੇ ਗ੍ਰੀਸ ਦੀਆਂ ਸੰਗਤਾਂ ਵੱਲੋਂ ਸਾਂਝੀ ਬੇਨਤੀ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ”

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਦੇ ਮਾਮਲੇ ’ਤੇ ਸਪੇਨ, ਇਟਲੀ ਅਤੇ ਗ੍ਰੀਸ ਦੀਆਂ ਸੰਗਤਾਂ ਵੱਲੋਂ ਸਾਂਝੀ ਬੇਨਤੀ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ”

“ਸਤਿਗੁਰੂ ਜੀ ਦੀ ਯਾਤਰਾ ਦੀ ਸੇਵਾ ਲਈ ਅਸੀਂ ਮਨੋ, ਤਨੋ ਤੇ ਧਨੋ ਹਾਜ਼ਰ ਹਾਂ,

ਬਾਰਸੀਲੋਨਾ / ਬਰੇਸ਼ੀਆ/ਏਥਨ, (ਨਜ਼ਰਾਨਾ ਟਾਈਮਜ਼) – ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਨੂੰ ਭਾਰਤ ਤੋਂ ਕੈਨੇਡਾ ਲਿਜਾਣ ਦੌਰਾਨ ਕਥਿਤ ਤੌਰ ’ਤੇ ਵਾਪਰੀਆਂ ਮਰਿਆਦਾ ਸਬੰਧੀ ਉੱਠੀਆਂ ਚਿੰਤਾਵਾਂ ਨੂੰ ਲੈ ਕੇ ਸਪੇਨ, ਇਟਲੀ ਅਤੇ ਗ੍ਰੀਸ ਦੀਆਂ ਸਿੱਖ ਸੰਗਤਾਂ ਨੇ ਸਾਂਝੇ ਤੌਰ ’ਤੇ ਇੱਕ ਪ੍ਰੈੱਸ ਨੋਟ ਜਾਰੀ ਕਰਦਿਆਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਤੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਸੰਗਤਾਂ ਨੇ ਆਪਣੇ ਬਿਆਨ ਦੀ ਸ਼ੁਰੂਆਤ ਗੁਰਬਾਣੀ ਦੇ ਪਾਵਨ ਫੁਰਮਾਨ “ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ।।” ਨਾਲ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਉਹੀ ਸੇਵਾ ਸਫਲ ਮੰਨੀ ਜਾਂਦੀ ਹੈ ਜੋ ਸਤਿਗੁਰੂ ਨੂੰ ਭਾਵੇ ਅਤੇ ਗੁਰੂ ਰੂਪ ਖਾਲਸਾ ਪੰਥ ਦੀ ਮਰਿਆਦਾ ਅਨੁਸਾਰ ਨਿਭਾਈ ਜਾਵੇ।
ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਦਿਨੀਂ ਐਸ.ਜੀ.ਪੀ.ਸੀ. ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪ ਕੈਨੇਡਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਭੇਜੇ ਗਏ। ਸੰਗਤਾਂ ਦਾ ਦੋਸ਼ ਹੈ ਕਿ ਇਸ ਯਾਤਰਾ ਦੌਰਾਨ ਪੰਥਕ ਮਰਿਆਦਾ ਦੀ ਪਾਲਣਾ ਨਹੀਂ ਕੀਤੀ ਗਈ ਅਤੇ ਸ਼੍ਰੋਮਣੀ ਕਮੇਟੀ ਦੇ ਕਥਿਤ ਕਮਜ਼ੋਰ ਪ੍ਰਬੰਧਾਂ ਅਤੇ ਸਰੀ ਗੁਰਦੁਆਰਾ ਕਮੇਟੀ ਦੀ ਕਥਿਤ ਬਦਨੀਤੀ ਕਾਰਨ ਪਾਵਨ ਸਰੂਪ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਸਮੁੰਦਰੀ ਜਹਾਜ਼ ਦੇ ਕੰਟੇਨਰਾਂ ਵਿੱਚ ਰਹੇ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਜਿੱਥੇ ਪੰਜ ਪਿਆਰੇ ਸਾਹਿਬਾਨਾਂ ਲਈ ਹਵਾਈ ਯਾਤਰਾ ਅਤੇ ਹੋਰ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਗਿਆ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਯਾਤਰਾ ਲਈ ਲੋੜੀਂਦੇ ਪ੍ਰਬੰਧ ਨਹੀਂ ਕੀਤੇ ਗਏ। ਸੰਗਤਾਂ ਨੇ ਦਾਅਵਾ ਕੀਤਾ ਕਿ ਯਾਤਰਾ ਦੌਰਾਨ ਲੋੜੀਂਦੇ ਸੇਵਾਦਾਰ ਵੀ ਨਾਲ ਨਹੀਂ ਸਨ ਅਤੇ ਵੈਨਕੂਵਰ ਪੋਰਟ ਪਹੁੰਚਣ ਸਮੇਂ ਉਹ ਬੱਸ, ਜਿਸ ਵਿੱਚ ਪਾਵਨ ਸਰੂਪ ਸਵਾਰ ਸਨ, ਖ਼ਰਾਬ ਹੋਣ ਕਾਰਨ ਟੋਚਨ ਰਾਹੀਂ ਲਿਜਾਣੀ ਪਈ।
ਸਪੇਨ, ਇਟਲੀ ਅਤੇ ਗ੍ਰੀਸ ਦੀਆਂ ਸੰਗਤਾਂ ਨੇ ਕਿਹਾ ਕਿ ਜੇਕਰ ਮੌਜੂਦਾ ਪ੍ਰਬੰਧਕ ਸੰਸਥਾਵਾਂ ਸਤਿਗੁਰੂ ਜੀ ਦੀ ਯਾਤਰਾ ਲਈ ਯੋਗ ਪ੍ਰਬੰਧ ਕਰਨ ਦੇ ਸਮਰੱਥ ਨਹੀਂ ਹਨ ਤਾਂ ਯੂਰਪ ਦੀਆਂ ਸੰਗਤਾਂ ਇਸ ਸੇਵਾ ਨੂੰ ਆਪਣੇ ਵੱਡੇ ਭਾਗ ਸਮਝਦਿਆਂ ਖਾਲਸਾਈ ਰਹੁ-ਰੀਤਾਂ ਅਤੇ ਪੰਥਕ ਮਰਿਆਦਾ ਅਨੁਸਾਰ ਨਿਭਾਉਣ ਲਈ ਹਰ ਸਮੇਂ ਤਿਆਰ ਹਨ। ਉਨ੍ਹਾਂ ਗੁਰਬਾਣੀ ਦੇ ਪਾਵਨ ਫੁਰਮਾਨ “ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ।।” ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਮਨੋ, ਤਨੋ ਅਤੇ ਧਨੋ ਸਤਿਗੁਰੂ ਜੀ ਦੀ ਸੇਵਾ ਲਈ ਵਚਨਬੱਧ ਹਨ।
ਸੰਗਤਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਵੇਂ ਬਣੇ ਬੇਅਦਬੀ ਕਾਨੂੰਨ ਤਹਿਤ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੀ ਮੰਗ ਕੀਤੀ ਗਈ ਕਿ ਉਹ ਆਪਣੇ ਪੱਧਰ ’ਤੇ ਬਣਦੀ ਅਨੁਸ਼ਾਸਨਾਤਮਕ ਅਤੇ ਪੰਥਕ ਕਾਰਵਾਈ ਕਰੇ। ਸੰਗਤਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਮੇਂ ਸਿਰ ਕਾਰਵਾਈ ਨਾ ਹੋਈ ਤਾਂ ਪੂਰੇ ਯੂਰਪ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਇੱਕ ਵੱਡੀ ਪੰਥਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ।
ਇਹ ਸਾਂਝਾ ਪ੍ਰੈੱਸ ਨੋਟ ਸਤਿਗੁਰੂ ਜੀ ਦੀ ਯਾਤਰਾ ਸਬੰਧੀ ਸੇਵਾ ਲਈ ਤਿਆਰ ਸੇਵਾਦਾਰਾਂ ਭਾਈ ਬਲਜਿੰਦਰ ਸਿੰਘ (ਇਟਲੀ), ਭਾਈ ਕਸ਼ਮੀਰ ਸਿੰਘ (ਇਟਲੀ), ਭਾਈ ਸੁਖਜੀਤ ਸਿੰਘ (ਇਟਲੀ), ਭਾਈ ਕੁਲਵਿੰਦਰ ਸਿੰਘ (ਇਟਲੀ), ਭਾਈ ਜਰਨੈਲ ਸਿੰਘ (ਇਟਲੀ), ਭਾਈ ਜਸਵੀਰ ਸਿੰਘ (ਇਟਲੀ), ਭਾਈ ਦਿਲਜੋਤ ਸਿੰਘ (ਇਟਲੀ), ਜਗਤਾਰ ਸਿੰਘ (ਸਪੇਨ), ਸੀਤਲ ਸਿੰਘ (ਸਪੇਨ), ਹਰਜੀਤ ਸਿੰਘ (ਸਪੇਨ), ਬਲਵਿੰਦਰ ਸਿੰਘ (ਸਪੇਨ), ਸੁੱਖਾ ਸਿੰਘ (ਸਪੇਨ), ਭਾਈ ਕਮਲਜੀਤ ਸਿੰਘ (ਸਪੇਨ), ਭਾਈ ਜਗਜੀਤ ਸਿੰਘ (ਸਪੇਨ), ਭਾਈ ਅਮਰੀਕ ਸਿੰਘ (ਸਪੇਨ), ਭਾਈ ਬਲਕਾਸ ਸਿੰਘ (ਸੀਮਾਧਾਰੀ, ਗ੍ਰੀਸ), ਭਾਈ ਰਾਜਵੀਰ ਸਿੰਘ (ਏਥਨ, ਗ੍ਰੀਸ), ਭਾਈ ਮੇਜਰ ਸਿੰਘ (ਥੀਵਾ, ਗ੍ਰੀਸ), ਭਾਈ ਰਣਜੀਤ ਸਿੰਘ (ਮੇਗਾਰਾ, ਗ੍ਰੀਸ), ਭਾਈ ਅਮਰੀਕ ਸਿੰਘ (ਕਰੂਪੀ, ਗ੍ਰੀਸ) ਅਤੇ ਭਾਈ ਸੋਢੀ ਸਿੰਘ (ਸਕਾਲਾ ਰੋਪੋ, ਗ੍ਰੀਸ) ਵੱਲੋਂ ਸਾਂਝੇ ਤੌਰ ’ਤੇ ਜਾਰੀ ਕੀਤਾ ਗਿਆ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.