ਕੁਰਬਾਨੀ ਪੰਜਾਬ ਦੀ ਪਰ ਚੌਧਰ ਦਿੱਲੀ ਦੀ ਕਿਉਂ ?
- ਰਾਜਨੀਤੀ
- (Asia/Kolkata)
‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ’ ਇਹ ਅਖਾਣ ਪੰਜਾਬ ਦੇ ਪਿੰਡੇ ਉੱਤੇ ਲਿਖੀ ਹੋਈ ਹੈ। ਸਦੀਆਂ ਤੋਂ ਇਸ ਧਰਤੀ ਨੇ ਹਮਲੇ ਝੱਲੇ, ਜ਼ਖ਼ਮ ਖਾਧੇ ਅਤੇ ਆਪਣੀ ਹੋਂਦ ਲਈ ਜੰਗ ਲੜੀ ਹੈ। ਅੱਜ ਵੀ ਪੰਜਾਬ ਨੂੰ ਪਾਣੀਆਂ, ਬੋਲੀ, ਖੇਤੀ, ਧਰਮ ਅਤੇ ਕੌਮੀ ਹੱਕਾਂ ਲਈ ਸੜਕਾਂ ਉੱਤੇ ਬੈਠਣਾ ਪੈਂਦਾ ਹੈ। ਇੱਕ ਧੱਕੇ ਦਾ ਹਿਸਾਬ ਮੰਗੀਦਾ ਹੈ ਤਾਂ ਦੂਜਾ ਧੱਕਾ ਤਿਆਰ ਹੁੰਦਾ ਹੈ। ਹਾਕਮ ਦੱਸਣ, ਪੰਜਾਬ ਨੂੰ ਹਰ ਹੱਕ ਮੰਗਣ ਲਈ ਆਪਣਾ ਕੰਮ ਛੱਡ ਕੇ ਧਰਨੇ ਕਿਉਂ ਲਾਉਣੇ ਪੈਂਦੇ ਹਨ ? ਪੰਜਾਬ ਸਿੱਖਾਂ ਦਾ ਕੌਮੀ ਘਰ ਹੈ। ਇਸ ਧਰਤੀ ਨਾਲ ਸਾਡਾ ਰਿਸ਼ਤਾ ਗੁਰੂ ਸਾਹਿਬਾਨ, ਸ਼ਹੀਦਾਂ ਅਤੇ ਪੁਰਖਿਆਂ ਦੀਆਂ ਘਾਲਣਾਵਾਂ ਨੇ ਜੋੜਿਆ ਹੈ। ਇਸ ਦੀ ਮਿੱਟੀ ਵਿੱਚ ਸਾਡਾ ਲਹੂ ਰਚਿਆ ਹੋਇਆ ਹੈ। ਪੰਜਾਬ ਦੀ ਪਛਾਣ ਕਿਸੇ ਸਰਕਾਰ ਦੀ ਖ਼ੈਰਾਤ ਨਹੀਂ ਕਿ ਹਾਕਮ ਜਦੋਂ ਚਾਹੁਣ ਖੋਹ ਲੈਣ। ਇੱਥੇ ਵਸਦੇ ਹਰ ਭਾਈਚਾਰੇ ਨੂੰ ਸਮਝਣਾ ਪਵੇਗਾ ਕਿ ਪੰਜਾਬ ਦੇ ਹੱਕਾਂ ਉੱਤੇ ਵੱਜਦੀ ਸੱਟ ਸਾਡੇ ਸਾਰਿਆਂ ਦੇ ਭਵਿੱਖ ਉੱਤੇ ਵੱਜਦੀ ਹੈ। ਭਾਰਤ ਦੇ ਹਾਕਮ ਪੰਜਾਬ ਤੋਂ ਕੁਰਬਾਨੀ ਮੰਗਣ ਵੇਲੇ ਅੱਗੇ ਹੁੰਦੇ ਹਨ, ਪਰ ਪੰਜਾਬ ਨੂੰ ਹੱਕ ਦੇਣ ਵੇਲੇ ਪਿੱਛੇ ਕਿਉਂ ਹਟ ਜਾਂਦੇ ਹਨ ? ਅਜ਼ਾਦੀ ਦੇ ਸੰਘਰਸ਼ ਵਿੱਚ ਪੰਜਾਬੀਆਂ ਨੇ ਫਾਂਸੀਆਂ ਦੇ ਰੱਸੇ ਚੁੰਮੇ, ਜੇਲ੍ਹਾਂ ਕੱਟੀਆਂ ਅਤੇ ਘਰ ਉਜੜਵਾਏ। ਕਿਸਾਨਾਂ ਨੇ ਹੱਡ ਭੰਨ ਕੇ ਅਨਾਜ ਉਗਾਇਆ। ਜਵਾਨਾਂ ਨੇ ਸਰਹੱਦਾਂ ਉੱਤੇ ਜਾਨਾਂ ਵਾਰੀਆਂ। ਆਫ਼ਤਾਂ ਆਈਆਂ ਤਾਂ ਸਿੱਖ ਲੰਗਰ ਲੈ ਕੇ ਪਹੁੰਚੇ। ਫਿਰ ਆਪਣੇ ਹੱਕ ਮੰਗਣ ਵਾਲਾ ਪੰਜਾਬ ਹਾਕਮਾਂ ਨੂੰ ਚੁਭਣ ਕਿਉਂ ਲੱਗ ਪੈਂਦਾ ਹੈ ? ਕਿਸਾਨ ਫ਼ਸਲ ਦਾ ਮੁੱਲ ਮੰਗੇ ਤਾਂ ਰੋਕਾਂ, ਸਿੱਖ ਆਪਣੀ ਪਛਾਣ ਦੀ ਗੱਲ ਕਰੇ ਤਾਂ ਸ਼ੱਕ, ਸੰਗਤ ਬੇਅਦਬੀਆਂ ਦਾ ਇਨਸਾਫ਼ ਮੰਗੇ ਤਾਂ ਉਡੀਕ! ਬੰਦੀ ਸਿੰਘਾਂ ਦੇ ਪਰਿਵਾਰ ਦਰਵਾਜ਼ਿਆਂ ਵੱਲ ਤੱਕਦੇ ਬੁੱਢੇ ਹੋ ਰਹੇ ਹਨ। ਉਨ੍ਹਾਂ ਦੀ ਪੀੜ ਉੱਤੇ ਬਿਆਨ ਦੇਣ ਵਾਲੇ ਬਹੁਤ ਹਨ, ਪਰ ਜਵਾਬਦੇਹੀ ਕੌਣ ਲਵੇਗਾ ? ਹਰ ਵਾਰ ਸਬਰ ਦਾ ਪਾਠ ਪੰਜਾਬ ਨੂੰ ਹੀ ਕਿਉਂ ਪੜ੍ਹਾਇਆ ਜਾਂਦਾ ਹੈ ? ਹਾਕਮਾਂ ਨੂੰ ਇਨਸਾਫ਼ ਦਾ ਪਾਠ ਕੌਣ ਪੜ੍ਹਾਏਗਾ ? ਸਿੱਖ ਸੰਸਥਾਵਾਂ ਵਿੱਚ ਦਖ਼ਲਅੰਦਾਜ਼ੀ ਅਤੇ ਹੱਕ ਮੰਗਣ ਵਾਲਿਆਂ ਦੀ ਨੀਅਤ ਉੱਤੇ ਸਵਾਲ ਚੁੱਕਣ ਦੀ ਸੋਚ ਨੇ ਭਰੋਸੇ ਨੂੰ ਡੂੰਘੀ ਸੱਟ ਮਾਰੀ ਹੈ। ਸਿੱਖ ਹਰ ਵਾਰ ਆਪਣੀ ਵਫ਼ਾਦਾਰੀ ਦਾ ਸਰਟੀਫਿਕੇਟ ਕਿਉਂ ਦੇਣ ? ਜਿਨ੍ਹਾਂ ਦੇ ਪੁਰਖਿਆਂ ਦੀਆਂ ਕੁਰਬਾਨੀਆਂ ਇਤਿਹਾਸ ਵਿੱਚ ਦਰਜ ਹਨ, ਉਨ੍ਹਾਂ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕਰਨਾ ਕਿਹੜਾ ਇਨਸਾਫ਼ ਹੈ ? ਹਕੂਮਤ ਦੀ ਆਲੋਚਨਾ ਸੁਣਨ ਦੀ ਥਾਂ ਆਵਾਜ਼ ਚੁੱਕਣ ਵਾਲੇ ਨੂੰ ਬਦਨਾਮ ਕਰਨਾ ਹਾਕਮਾਂ ਦੀ ਕਮਜ਼ੋਰੀ ਦੱਸਦਾ ਹੈ। ਪੰਜਾਬ ਨੂੰ ਮਸਲਿਆਂ ਦੇ ਅਜਿਹੇ ਗੇੜ ਵਿੱਚ ਪਾ ਦਿੱਤਾ ਗਿਆ ਹੈ ਕਿ ਉਸ ਦੀ ਤਾਕਤ ਰੋਜ਼ ਸੜਕਾਂ ਉੱਤੇ ਖ਼ਰਚ ਹੁੰਦੀ ਹੈ। ਕਦੇ ਪਾਣੀ, ਕਦੇ ਖੇਤੀ, ਕਦੇ ਬੋਲੀ ਅਤੇ ਕਦੇ ਧਾਰਮਿਕ ਹੱਕ। ਲੋਕ ਰੋਜ਼ੀ ਛੱਡ ਕੇ ਧਰਨਿਆਂ ਵਿੱਚ ਬੈਠਦੇ ਹਨ ਅਤੇ ਹਾਕਮ ਫ਼ੈਸਲੇ ਲਟਕਾਉਂਦੇ ਹਨ। ਪੰਜਾਬ ਦਾ ਸਮਾਂ, ਸਰਮਾਇਆ ਅਤੇ ਸਬਰ ਕੋਈ ਮੁਫ਼ਤ ਦੀ ਚੀਜ਼ ਨਹੀਂ ਕਿ ਦਿੱਲੀ ਜਿੰਨਾ ਚਾਹੇ ਪਰਖਦੀ ਰਹੇ। ਆਪਣੇ ਆਗੂਆਂ ਤੋਂ ਵੀ ਹਿਸਾਬ ਮੰਗਣਾ ਪਵੇਗਾ। ਦਿੱਲੀ ਅੱਗੇ ਝੁਕ ਕੇ ਅਹੁਦੇ ਲੈਣ ਵਾਲਿਓ, ਤੁਹਾਡੀਆਂ ਕੁਰਸੀਆਂ ਬਚ ਗਈਆਂ, ਪੰਜਾਬ ਲਈ ਕੀ ਬਚਾਇਆ ? ਚੋਣਾਂ ਵੇਲੇ ਕੌਮੀ ਦਰਦ ਜਾਗਦਾ ਹੈ ਅਤੇ ਅਹੁਦਾ ਮਿਲਦਿਆਂ ਹੀ ਨੀਂਦ ਕਿਉਂ ਆ ਜਾਂਦੀ ਹੈ ? ਪੰਜਾਬ ਦੇ ਜ਼ਖ਼ਮ ਤੁਹਾਡੀ ਸਿਆਸਤ ਦੀ ਪੌੜੀ ਨਹੀਂ ਹਨ। ਹੁਣ ਲਾਰਿਆਂ ਨਾਲ ਕੰਮ ਨਹੀਂ ਚੱਲਣਾ। ਸਾਡਾ ਸਪੱਸ਼ਟ ਮੰਨਣਾ ਹੈ ਕਿ ਪੰਜਾਬ ਆਪਣੀ ਕਿਸਮਤ ਦਾ ਆਪ ਮਾਲਕ ਬਣੇ। ਭਾਰਤ ਤੋਂ ਵੱਖ ਅਜ਼ਾਦ ਪੰਜਾਬ ਦੀ ਮੰਗ ਨੂੰ ਸ਼ਾਂਤਮਈ, ਜਮਹੂਰੀ ਅਤੇ ਜਥੇਬੰਦ ਢੰਗ ਨਾਲ ਅੱਗੇ ਵਧਾਇਆ ਜਾਵੇ। ਆਪਣੀ ਧਰਤੀ, ਪਾਣੀਆਂ, ਵਸੀਲਿਆਂ ਅਤੇ ਭਵਿੱਖ ਦੇ ਫ਼ੈਸਲੇ ਪੰਜਾਬ ਦੇ ਲੋਕ ਆਪ ਕਰਨ। ਬਥੇਰੀਆਂ ਕੁਰਬਾਨੀਆਂ ਦੇ ਲਈਆਂ, ਬਥੇਰੇ ਲਾਰੇ ਸੁਣ ਲਏ। ਹੁਣ ਪੰਜਾਬ ਦੇ ਹੱਕਾਂ ਲਈ ਸਪੱਸ਼ਟ ਨੀਤੀ ਅਤੇ ਪੱਕੀ ਇਕਜੁੱਟਤਾ ਨਾਲ ਅੱਗੇ ਵਧਣ ਦਾ ਵੇਲਾ ਹੈ। "ਕੁਰਬਾਨੀ ਪੰਜਾਬ ਦੀ ਪਰ ਚੌਧਰ ਦਿੱਲੀ ਜਤਾਉਂਦੀ ਏ। ਹੱਕ ਮੰਗੀਏ ਜਦ ਆਪਣਾ ਤਾਂ ਰਾਹਾਂ ਵਿੱਚ ਰੋਕਾਂ ਲਾਉਂਦੀ ਏ। ਪੰਜਾਬੀਓ! ਹੁਣ ਜਾਗੋ ਤੇ ਆਪਣੀ ਧਰਤੀ ਦੀ ਸਾਰ ਲਵੋ। ਬਥੇਰੇ ਲਾਰੇ ਸੁਣ ਲਏ, ਆਪਣੀ ਕਿਸਮਤ ਆਪ ਘੜੋ।"
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883
Leave a Reply