ਬਿਜਲੀ ਦੇ ਲੰਬੇ ਕੱਟਾਂ ਅਤੇ ਸਰਕਾਰੀ ਝੂਠੇ ਪ੍ਰਚਾਰ ਕਾਰਨ ਉਦਯੋਗਿਕ ਇਕਾਈਆਂ ਤੇ ਆਮ ਲੋਕ ਪ੍ਰੇਸ਼ਾਨ – ਮਨਜੀਤ ਸਿੰਘ ਖਾਲਸਾ

ਬਿਜਲੀ ਦੇ ਲੰਬੇ ਕੱਟਾਂ ਅਤੇ ਸਰਕਾਰੀ ਝੂਠੇ ਪ੍ਰਚਾਰ ਕਾਰਨ ਉਦਯੋਗਿਕ ਇਕਾਈਆਂ ਤੇ ਆਮ ਲੋਕ ਪ੍ਰੇਸ਼ਾਨ – ਮਨਜੀਤ ਸਿੰਘ ਖਾਲਸਾ

ਅੱਪਰਾ, 19 ਜੁਲਾਈ-(ਤੀਰਥ ਸਿੰਘ ਮੈਂਗੜ੍ਹਾ): ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਨਜੀਤ ਸਿੰਘ ਖਾਲਸਾ ਨੇ ਇੱਕ ਪ੍ਰੈਸ ਦੇ ਨਾਮ ਇੱਕ ਪ੍ਰੈਸ ਨੋਟ ਜ਼ਾਰੀ ਕੀਤਾ। ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸੋਸ਼ਲ ਮੀਡੀਆ ਅਤੇ ਇਸ਼ਤਿਹਾਰਾਂ ਰਾਹੀਂ ਬਾਰ-ਬਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਘਰਾਂ ਨੂੰ ਚੌਵੀ ਘੰਟੇ ਅਤੇ ਮੋਟਰਾਂ ਨੂੰ ਸਾਰਾ ਦਿਨ ਬਿਜਲੀ ਦਿੱਤੀ ਜਾ ਰਹੀ ਹੈ, ਪਰ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਇਲਾਕੇ ਵਿੱਚ ਲੰਬੇ-ਲੰਬੇ ਬਿਜਲੀ ਕੱਟ ਲਗਾਏ ਜਾ ਰਹੇ ਹਨ, ਜਿਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਕਾਰਖਾਨਿਆਂ ਅਤੇ ਫੈਕਟਰੀਆਂ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਬਿਜਲੀ ਦੀ ਅਣਉਪਲਬਧਤਾ ਕਾਰਨ ਕਾਰਖਾਨਾ ਮਾਲਕਾਂ ਅਤੇ ਫੈਕਟਰੀ ਮਾਲਕਾਂ ਨੂੰ ਮਹਿੰਗੇ ਡੀਜ਼ਲ ਜਨੇਟਰਾਂ 'ਤੇ ਨਿਰਭਰ ਹੋਣਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਖਰਚੇ ਕਾਫ਼ੀ ਵੱਧ ਗਏ ਹਨ ਅਤੇ ਕੰਮਕਾਜ ਚਲਾਉਣਾ ਮੁਸ਼ਕਲ ਹੋ ਗਿਆ ਹੈ। ਇਸ ਝੂਠੇ ਪ੍ਰਚਾਰ ਨਾਲ ਸਰਕਾਰ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਵਿੱਚ ਬਿਜਲੀ ਦੀ ਸਪਲਾਈ ਸੁਚਾਰੂ ਨਹੀਂ ਹੈ।
ਉਨ੍ਹਾਂ ਅੱਗੇ ਕਿਹਾ ਕਿ ਇਸ ਸਮੇਂ ਪੈ ਰਹੀ ਭਿਆਨਕ ਗਰਮੀ ਅਤੇ ਹੁੰਮਸ ਕਾਰਨ ਲੋਕ ਪਹਿਲਾਂ ਹੀ ਪਰੇਸ਼ਾਨ ਹਨ, ਉੱਪਰੋਂ ਲੰਬੇ ਬਿਜਲੀ ਕੱਟਾਂ ਨੇ ਜਨਜੀਵਨ ਹੋਰ ਵੀ ਔਖਾ ਕਰ ਦਿੱਤਾ ਹੈ। ਬੱਚਿਆਂ, ਬਜ਼ੁਰਗਾਂ, ਮਰੀਜ਼ਾਂ ਅਤੇ ਮਜ਼ਦੂਰ ਵਰਗ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਨਜੀਤ ਸਿੰਘ ਖਾਲਸਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਝੂਠੇ ਪ੍ਰਚਾਰ ਕਰਨ ਦੀ ਬਜਾਏ ਜਲਦ ਤੋਂ ਜਲਦ ਬਿਜਲੀ ਸਪਲਾਈ ਦਾ ਢੁੱਕਵਾਂ ਇੰਤਜ਼ਾਮ ਕੀਤਾ ਜਾਵੇ, ਤਾਂ ਜੋ ਲੋਕਾਂ, ਦੁਕਾਨਦਾਰਾਂ ਅਤੇ ਉਦਯੋਗਿਕ ਇਕਾਈਆਂ ਨੂੰ ਰਾਹਤ ਮਿਲ ਸਕੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.