ਮਾਮਲਾ ਸ਼ੇਰੋਂ ਖੰਡ ਮਿੱਲ ਦਾ- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸਾਨਾਂ ਦੇ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇਣੇ ਅਤਿਅੰਤ ਚਿੰਤਾਜਨਕ-ਰਮਨਜੀਤ ਸਿੱਕੀ

ਮਾਮਲਾ ਸ਼ੇਰੋਂ ਖੰਡ ਮਿੱਲ ਦਾ-  ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕਿਸਾਨਾਂ ਦੇ ਹੱਕ ਕਾਰਪੋਰੇਟ ਘਰਾਣਿਆਂ ਨੂੰ ਦੇਣੇ ਅਤਿਅੰਤ ਚਿੰਤਾਜਨਕ-ਰਮਨਜੀਤ ਸਿੱਕੀ

ਰਾਕੇਸ਼ ਨਈਅਰ ਚੋਹਲਾ
ਖਡੂਰ ਸਾਹਿਬ/ਤਰਨਤਾਰਨ,24 ਜਨਵਰੀ
 

ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਤੋਂ ਸੂਬੇ ਦੀ ਸੱਤਾ ਤੇ ਕਾਬਜ਼ ਹੋਈ ਹੈ,ਉਦੋਂ ਤੋਂ ਹੀ ਇਹ ਸਰਕਾਰ ਕਿਸਾਨ,ਮਜ਼ਦੂਰ,ਵਪਾਰੀ ਅਤੇ ਮੁਲਾਜ਼ਮ ਭਾਵ ਕਿ ਹਰ ਵਰਗ ਨਾਲ ਧੱਕਾ ਕਰ ਰਹੀ ਹੈ।ਕੋਈ ਅਜਿਹਾ ਦਿਨ ਨਹੀਂ ਹੁੰਦਾ,ਜਦੋਂ ਪੰਜਾਬ ਦੀਆਂ ਸੜਕਾਂ,ਚੁਰਾਹਿਆਂ ਅਤੇ ਦਫਤਰਾਂ ਅੱਗੇ ਇਸ ਸਰਕਾਰ ਤੋਂ ਅੱਕੇ ਹੋਏ ਲੋਕਾਂ ਨੂੰ ਆਪਣੀਆਂ ਜਾਇਜ਼ ਮੰਗਾਂ ਵਾਸਤੇ ਧਰਨੇ,ਮੁਜ਼ਾਹਰੇ ਅਤੇ ਰੋਸ ਪ੍ਰਦਰਸ਼ਨ ਕਰਨੇ ਨਾ ਪੈ ਰਹੇ ਹੋਣ।ਹੁਣ ਇਕ ਵਾਰ ਫਿਰ ਇਹ ਸਰਕਾਰ ਤਰਨਤਾਰਨ ਜ਼ਿਲ੍ਹੇ ਨਾਲ ਇਕ ਹੋਰ ਬਹੁਤ ਵੱਡਾ ਧੋਖਾ ਕਰਨ ਜਾ ਰਹੀ ਹੈ।ਜਿਸ ਨਾਲ ਇਸ ਦੀ ਇਹ ਸਾਜਿਸ਼ੀ ਪੋਲ ਖੁੱਲਦੀ ਹੈ,ਕਿ ਇਹ ਸਰਕਾਰ ਸੂਬੇ ਦੇ ਲੋਕਾਂ ਦੀ ਨਹੀਂ,ਬਲਕਿ ਕਾਰਪੋਰੇਟ ਘਰਾਣਿਆਂ ਦੀ ਹਮਾਇਤੀ ਹੈ।ਇਹ ਵਿਚਾਰ ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਤੇ ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਸਰਦਾਰ ਰਮਨਜੀਤ ਸਿੰਘ ਸਿੱਕੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਹੁਣ ਇਹ ਸਰਕਾਰ,ਸਰਕਾਰੀ ਸ਼ੂਗਰ ਮਿੱਲ ਸ਼ੇਰੋਂ ਨੂੰ ਕਿਸੇ ਪ੍ਰਾਈਵੇਟ ਘਰਾਣੇ ਨੂੰ ਦੇਣ ਦੀਆਂ ਵਿਚੋਂ ਵਿੱਚ ਕੋਝੀਆਂ ਚਾਲਾਂ ਕਰ ਰਹੀ ਹੈ।ਉਹਨਾਂ ਕਿਹਾ ਕਿ ਇਸ ਸ਼ੂਗਰ ਮਿੱਲ ਵਿੱਚ 60 ਫੀਸਦੀ ਹਿੱਸਾ ਕਿਸਾਨਾਂ ਦਾ ਹੈ।ਇਸ ਲਈ ਸਰਕਾਰ ਦਾ ਇਹ ਫੈਸਲਾ ਜਿਥੇ ਇਲਾਕੇ ਦੇ ਕਿਸਾਨਾਂ ਲਈ ਮੰਦਭਾਗਾ ਹੈ,ਉਥੇ ਉਹਨਾਂ ਨਾਲ ਜਬਰ ਤੇ ਧੋਖਾ ਵੀ ਹੈ।ਨਾਲ-ਨਾਲ ਕਿਸਾਨਾਂ ਦੇ ਹੱਕਾਂ ਤੇ ਡਾਕਾ ਵੀ ਹੈ।ਸ.ਸਿੱਕੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼ੂਗਰ ਮਿੱਲ ਦੀ ਨਿੱਜੀਕਰਨ ਮਾਲਕੀਅਤ ਨੂੰ ਤਰੁੰਤ ਕੈਂਸਲ ਕਰ ਕੇ ਮਿੱਲ ਨੂੰ ਸਰਕਾਰੀ ਮਾਲਕੀਅਤ ਅਧੀਨ ਤਰੁੰਤ ਚਾਲੂ ਕੀਤਾ ਜਾਵੇ ਨਹੀਂ ਤਾਂ ਕਾਂਗਰਸ ਪਾਰਟੀ ਨੂੰ ਇਸ ਸਰਕਾਰੀ ਫੈਸਲੇ ਦੇ ਵਿਰੁੱਧ ਕੁਝ ਸੋਚਣ ਲਈ ਮਜਬੂਰ ਹੋਣਾ ਪਵੇਗਾ।ਬੇਹਤਰ ਹੋਵੇਗਾ ਕਿ ਜੇਕਰ ਸਰਕਾਰ ਇਸ ਮਿੱਲ ਨੂੰ ਉਚਿੱਤ ਤਰੀਕੇ ਨਾਲ ਚਾਲੂ ਕਰਵਾ ਕੇ ਇਸਦਾ ਲਾਭ ਕਿਸਾਨਾਂ ਨੂੰ ਦੇਵੇ।ਉਹਨਾਂ ਕਿਹਾ ਕਿ 'ਆਪ' ਸਰਕਾਰ ਨੇ ਸੂਬੇ ਨੂੰ ਦਿਵਾਲੀਆ ਕਰਕੇ ਰੱਖ ਦਿੱਤਾ ਹੈ।ਸਰਕਾਰ ਵਲੋਂ ਪਹਿਲਾਂ ਵੀ ਕਈ ਵਾਰ ਪੰਜਾਬ ਦੀਆਂ ਬੇਸ਼ੁਮਾਰ ਕੀਮਤੀ ਜਾਇਦਾਦਾਂ ਨੂੰ ਵੇਚਣ ਦੀਆਂ ਕੋਝੀਆਂ ਹਰਕਤਾਂ ਕੀਤੀਆਂ ਗਈਆਂ ਹਨ।ਪਰ ਸੂਬੇ ਦੇ ਲੋਕ ਅਜਿਹਾ ਹਰਗਿਜ਼ ਬਰਦਾਸ਼ਤ ਨਹੀਂ ਕਰਨਗੇ।ਉਹਨਾਂ ਪੰਜਾਬ ਕਾਂਗਰਸ ਦੀ ਗੱਲ ਕਰਦਿਆਂ ਕਿਹਾ ਕਿ ਹੁਣ ਚੋਣਾਂ ਬਹੁਤੀ ਦੂਰ ਨਹੀਂ ਹਨ,ਕੁਝ ਮਹੀਨੇ ਹੀ ਬਾਕੀ ਹਨ।ਸੂਬੇ ਦੇ ਸੂਝਵਾਨ ਵੋਟਰ ਆਉਣ ਵਾਲੇ ਸਮੇਂ ਵਿੱਚ ਇਸ ਸਰਕਾਰ ਨੂੰ ਬਿਲਕੁਲ ਵੀ ਮੂੰਹ ਨਹੀਂ ਲਾਉਣਗੇ ਅਤੇ ਪੰਜਾਬ ਵਿੱਚ ਕਾਂਗਰਸ ਪਾਰਟੀ ਦਾ ਸਾਥ ਦੇਣਗੇ।ਉਹਨਾਂ ਕਿਹਾ ਕਾਂਗਰਸ ਪਾਰਟੀ ਦੀ ਸਰਕਾਰ ਹੀ ਪੰਜਾਬ ਵਿੱਚ ਖੁਸ਼ਹਾਲੀ ਬਹਾਲ ਕਰ ਸਕਦੀ ਹੈ।ਸਾਬਕਾ ਵਿਧਾਇਕ ਸ.ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਚ ਕਿਸਾਨ ਜਥੇਬੰਦੀਆਂ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ ਅਸੀ ਪੂਰਨ ਸਮਰਥਨ ਦੇਵਾਂਗੇ ਅਤੇ ਖੰਡ ਮਿੱਲ ਸੇਰੋਂ ਦੀ ਜ਼ਮੀਨ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਹਰ ਲੜਾਈ ਲੜਣ ਲਈ ਤਿਆਰ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.