ਝੂਠੇ ਪੁਲਿਸ ਮੁਕਾਬਲਿਆਂ ਅਤੇ ਲਾਵਾਰਿਸ ਲਾਸ਼ਾਂ ਦੇ ਦੌਰ ਨੂੰ ਭੁਲਾਇਆ ਨਹੀਂ ਜਾ ਸਕਦਾ : ਭਾਈ ਗੁਰਪ੍ਰੀਤ ਸਿੰਘ
- ਰਾਜਨੀਤੀ
- 19 Jul, 2026 08:18 AM (Asia/Kolkata)
ਅੰਮ੍ਰਿਤਸਰ, 19 ਜੁਲਾਈ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਵੱਲੋਂ ਸ਼ਹੀਦ ਕਰਕੇ ਹਰੀਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ ਸੀ। ਹਿੰਦੁਸਤਾਨੀ ਹਕੂਮਤ ਨੇ ਸਿੱਖ ਹੱਕਾਂ ਲਈ ਉੱਠੀਆਂ ਇਹਨਾਂ ਅਵਾਜ਼ਾਂ ਨੂੰ ਖ਼ਾਮੋਸ਼ ਕਰਨਾ ਚਾਹਿਆ ਸੀ ਪਰ ਸਾਡੇ ਸ਼ਹੀਦਾਂ ਦੀ ਗੂੰਜ ਪੂਰੀ ਦੁਨੀਆਂ ਵਿੱਚ ਪੈ ਰਹੀ ਹੈ। ਸ਼ਹੀਦਾਂ ਦੀ ਜੈ-ਜੈਕਾਰ ਸਦਾ ਹੁੰਦੀ ਰਹੇਗੀ ਤੇ ਭਾਰਤੀ ਹਕੂਮਤ ਦੇ ਬੁੱਚੜਾਂ ਨੂੰ ਲਾਹਣਤਾਂ ਪੈਂਦੀਆਂ ਰਹਿਣਗੀਆਂ। ਹਕੂਮਤ ਨੇ ਕੇਵਲ ਪੰਜਾਬ ਦੇ ਦਰਿਆਵਾਂ ਵਿੱਚ ਵਗਦੇ ਪਾਣੀਆਂ ਨੂੰ ਹੀ ਨਹੀਂ ਲੁੱਟਿਆ ਬਲਕਿ ਇਹਨਾਂ ਦਰਿਆਵਾਂ ਨੂੰ ਸਾਡੇ ਖ਼ੂਨ ਨਾਲ਼ ਲਾਲ ਵੀ ਕੀਤਾ ਹੈ। ਇਹ ਦਰਿਆ ਅਤੇ ਸ਼ਮਸ਼ਾਨ ਘਾਟ ਸਾਡੇ ਉੱਤੇ ਵਾਪਰੇ ਘੱਲੂਘਾਰੇ ਤੇ ਨਸਲਕੁਸ਼ੀ ਦੀ ਗਵਾਹੀ ਭਰਦੇ ਹਨ। ਸਿੱਖਾਂ ਉੱਤੇ ਜ਼ੁਲਮ ਕਰਨ ਤੇ ਕਰਵਾਉਣ ਵਾਲੇ ਜੱਲਾਦਾਂ ਨੂੰ ਅੱਜ ਮੂੰਹ ਲੁਕਾਉਣ ਨੂੰ ਕੋਈ ਥਾਂ ਨਹੀਂ ਮਿਲ ਰਹੀ ਤੇ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਬਣ ਰਹੀਆਂ ਨੇ। ਇਸ ਹਰੀਕੇ ਦੇ ਕੋਲ ਹੀ ਮਹਾਂਪੁਰਖ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਕਾਰ ਸੇਵਾ ਵਾਲਿਆਂ ਨੂੰ ਦੋ ਜੀਪਾਂ ਪਿੱਛੇ ਬੰਨ੍ਹ ਕੇ ਵਿਚਾਲਿਓਂ ਪਾੜ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਭਾਈ ਖਾਲੜਾ ਅਤੇ ਸਾਡੇ ਹਜ਼ਾਰਾਂ ਸ਼ਹੀਦ ਲਾਵਾਰਿਸ ਨਹੀਂ ਹਨ, ਉਹਨਾਂ ਦਾ ਵਾਰਸ ਤਾਂ ਸਮੁੱਚਾ ਖ਼ਾਲਸਾ ਪੰਥ ਹੈ। ਤੇ ਪੰਥ ਆਪਣੇ ਸ਼ਹੀਦਾਂ ਨੂੰ ਕਦੇ ਇਕੱਲਿਆਂ ਨਹੀਂ ਛੱਡੇਗਾ, ਅਸੀਂ ਗੁਰਮਤਿ ਦੇ ਪਾਂਧੀ ਬਣ ਕੇ ਹੱਕ, ਸੱਚ, ਇਨਸਾਫ਼ ਅਤੇ ਆਪਣੇ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਰਹਾਂਗੇ, ਇਹ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
Leave a Reply