ਸਿੱਖਾਂ ਦੀ ਦੋਸ਼ੀ ਕੌਣ ਪੰਜਾਬ ਪੁਲਿਸ ਜਾਂ ਹਿੰਦ ਸਰਕਾਰ ?
- ਰਾਜਨੀਤੀ
- 19 Jul, 2026 08:48 AM (Asia/Kolkata)
ਸਿੱਖਾਂ ਦੀ ਦੋਸ਼ੀ ਕੌਣ ਪੰਜਾਬ ਪੁਲਿਸ ਜਾਂ ਹਿੰਦ ਸਰਕਾਰ ?
ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਬਣੀ ਫ਼ਿਲਮ 'ਸਤਲੁਜ' ਬੇਹੱਦ ਚਰਚਿਤ ਹੋਣ ਕਰਕੇ ਅੱਜ ਜਿਨ੍ਹਾਂ ਜ਼ੁਲਮਾਂ ਦੀ ਗੱਲ ਛਿੜੀ ਹੈ ਉਹ ਭਾਰਤੀ ਹਕੂਮਤ/ਕਾਂਗਰਸ ਸਰਕਾਰ ਨੇ ਸਿੱਖਾਂ ਉੱਤੇ ਢਾਹੇ ਸਨ। ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਸਿੱਖਾਂ ਦੀ ਨਸਲਕੁਸ਼ੀ ਕਰਵਾ ਰਿਹਾ ਸੀ। ਪਹਿਲਾਂ 13 ਅਪ੍ਰੈਲ 1978 ਨੂੰ 13 ਸਿੰਘਾਂ ਦੀਆਂ ਸ਼ਹਾਦਤਾਂ, ਫਿਰ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ, ਫਿਰ ਨਵੰਬਰ 1984 ਦਾ ਸਿੱਖ ਕਤਲੇਆਮ ਤੇ ਫਿਰ ਪੰਜਾਬ ਵਿੱਚ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੇ ਭਿਆਨਕ ਦੌਰ ਨੂੰ ਇੱਕੋ ਲੜੀ ਵਿੱਚ ਵੇਖਣਾ ਚਾਹੀਦਾ ਹੈ।
ਖਾੜਕੂਵਾਦ ਨੂੰ ਖ਼ਤਮ ਕਰਨ ਦੇ ਬਹਾਨੇ ਭਾਰਤੀ ਹਕੂਮਤ, ਕਾਂਗਰਸੀ ਆਗੂਆਂ ਅਤੇ ਪੁਲਿਸ ਅਫ਼ਸਰਾਂ ਨੇ ਇੱਕ ਲੱਖ ਤੋਂ ਵੱਧ ਸਿੱਖ ਨੌਜਵਾਨ ਕੋਹ-ਕੋਹ ਕੇ ਸ਼ਹੀਦ ਕੀਤਾ ਤੇ ਕਰਵਾਇਆ। ਇਹ ਸਾਰੇ ਨੌਜਵਾਨ ਖਾੜਕੂ ਨਹੀਂ ਸਨ, ਇਹਨਾਂ ਨੇ ਹਥਿਆਰ ਨਹੀਂ ਸਨ ਚੁੱਕੇ ਹੋਏ, ਖਾੜਕੂਆਂ ਦੀ ਗਿਣਤੀ ਤਾਂ ਬਹੁਤ ਥੋੜ੍ਹੀ ਸੀ, ਬਾਕੀ ਘਰਾਂ, ਦੁਕਾਨਾਂ, ਖੇਤਾਂ, ਗੁਰਦੁਆਰਿਆਂ ਤੇ ਖੇਡ ਮੈਦਾਨ ਵਿੱਚੋਂ ਨਿਹੱਥੇ ਅਤੇ ਬੇਦੋਸ਼ੇ ਸਿੱਖਾਂ ਨੂੰ ਪੁਲਿਸ ਨੇ ਬੇਵਜ੍ਹਾ ਚੁੱਕ ਲਿਆ। ਫਿਰ ਕਈ ਦਿਨ ਥਾਣਿਆਂ ਅਤੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਉਹਨਾਂ ਉੱਤੇ ਅਣਮਨੁੱਖੀ ਤਸ਼ੱਦਦ ਕੀਤਾ, ਉਹਨਾਂ ਦੇ ਪਰਿਵਾਰਾਂ ਕੋਲੋਂ ਪੁਲਸੀਆਂ ਨੇ ਲੱਖਾਂ ਰੁਪਏ ਵੀ ਹੜੱਪ ਲਏ ਤੇ ਫਿਰ ਉਹਨਾਂ ਸਿੱਖਾਂ ਨੂੰ ਕਿਸੇ ਚੌਂਕ-ਚੁਰਾਹੇ, ਸੁੰਨਸਾਨ ਜਗ੍ਹਾ, ਰੋਹੀਆਂ ਦੇ ਪੁਲਾਂ ਅਤੇ ਦਰਿਆਵਾਂ ਦੇ ਕੰਢਿਆਂ 'ਤੇ ਲਿਜਾ ਕੇ ਝੂਠਾ ਮੁਕਾਬਲਾ ਬਣਾ ਦਿੱਤਾ ਜਾਂਦਾ ਤੇ ਅਗਲੇ ਦਿਨ ਅਖਬਾਰਾਂ ਵਿੱਚ ਖ਼ਬਰ ਹੁੰਦੀ ਕਿ 'ਚੋਟੀ ਦਾ ਖਾੜਕੂ ਜਬਰਦਸਤ ਪੁਲਿਸ ਮੁਕਾਬਲੇ ਵਿੱਚ ਢੇਰ।'
ਪਹਿਲਾਂ ਹਿੰਦ ਸਰਕਾਰ ਨੇ ਨਰਕਧਾਰੀਆਂ, ਪੁਲਿਸ ਅਤੇ ਸੀ.ਆਰ.ਪੀ.ਐੱਫ. ਕੋਲ਼ੋਂ ਸਿੱਖਾਂ ਨੂੰ ਮਰਵਾਇਆ ਸੀ, ਫਿਰ ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹੱਲਾ ਬੋਲ ਕੇ ਸਿੱਖ ਕੌਮ ਉੱਤੇ ਤੀਜਾ ਘੱਲੂਘਾਰਾ ਵਰਤਾ ਦਿੱਤਾ, ਫਿਰ ਨਵੰਬਰ 1984 ਦਾ ਕਤਲੇਆਮ ਸਰਕਾਰੀ ਸ਼ਹਿ ਹੇਠ ਹਿੰਦੂਤਵੀ ਭੀੜਾਂ ਨੇ ਕੀਤਾ ਤੇ ਫਿਰ ਜੂਲੀਓ ਫਰਾਂਸਿਸ ਰਿਬੈਰੋ ਵਰਗੇ ਪੁਲਿਸ ਮੁਖੀ ਪੰਜਾਬ ਵਿੱਚ ਲਾ ਕੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਗਿਆ, ਅਖੌਤੀ ਅਕਾਲੀ ਆਗੂ ਸੁਰਜੀਤ ਸਿੰਘ ਬਰਨਾਲੇ ਨੇ ਵੀ ਆਪਣੀ ਸਰਕਾਰ ਵਿੱਚ ਓਹੀ ਕੁਝ ਕਰਵਾਇਆ ਜੋ ਕੁਝ ਕੇਂਦਰ ਦੀ ਕਾਂਗਰਸ ਸਰਕਾਰ ਚਾਹੁੰਦੀ ਸੀ।
ਛੇਤੀ ਹੀ ਸਰਕਾਰ ਨੂੰ ਕੇ.ਪੀ.ਐੱਸ. ਗਿੱਲ ਅਤੇ ਮੁੱਖ ਮੰਤਰੀ ਬੇਅੰਤ ਸਿਹੁੰ ਵਰਗੇ ਦਰਿੰਦੇ ਮਿਲ਼ ਗਏ ਜਿਹੜੇ ਭੇਖ ਤੋਂ ਤਾਂ ਭਾਵੇਂ ਸਿੱਖ ਸਨ ਪਰ ਉਹਨਾਂ ਦੇ ਅੰਦਰ ਜ਼ਕਰੀਆਂ ਖ਼ਾਂ ਦੀ ਬਦਕਾਰ ਰੂਹ ਵੜੀ ਹੋਈ ਸੀ। ਜਿਵੇਂ ਜ਼ਕਰੀਆ ਖ਼ਾਂ ਅਤੇ ਮੀਰ ਮੰਨੂ ਦੇ ਵੇਲ਼ੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸਨ, ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ, ਓਹੀ ਕੁਝ ਦਿੱਲੀ ਦਰਬਾਰ ਦੇ ਕਹਿਣ ਉੱਤੇ ਬੇਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਨੇ ਕੀਤਾ ਤੇ ਪੰਜਾਬ ਨੂੰ ਖ਼ੂਨ ਨਾਲ਼ ਲਾਲ ਕਰ ਦਿੱਤਾ। ਅੱਜ ਬੇਅੰਤ ਸਿਹੁੰ ਅਤੇ ਕੇ.ਪੀ.ਐੱਸ. ਗਿੱਲ ਦਾ ਨਾਂਅ ਤਾਂ ਸਾਰਿਆਂ ਦੇ ਮੂੰਹ 'ਤੇ ਹੈ ਪਰ ਇਹ ਵੀ ਯਾਦ ਰੱਖਣ ਦੀ ਲੋੜ ਹੈ ਕਿ ਸਿੱਖਾਂ ਦਾ ਇਹ ਕਤਲੇਆਮ ਓ.ਪੀ. ਸ਼ਰਮਾ, ਰਾਜੀਵ ਗਾਂਧੀ ਅਤੇ ਹੋਰ ਭਾਰਤੀ/ਹਿੰਦੂਤਵੀ ਆਗੂ ਪਿੱਛੇ ਰਹਿ ਕੇ ਕਰਵਾ ਰਹੇ ਸਨ, ਪੁਲਿਸ ਅਫ਼ਸਰਾਂ ਅਤੇ ਸਿਆਸੀ ਆਗੂਆਂ ਨੂੰ ਏਹੀ ਹੁਕਮ ਦੇਣ ਵਾਲੇ ਸਨ।
ਰਾਜੀਵ ਗਾਂਧੀ ਦੇ ਚੀਥੜੇ ਉੱਡਣ ਤੋਂ ਬਾਅਦ ਬਣੇ ਪ੍ਰਧਾਨ ਮੰਤਰੀਆਂ ਨੇ ਵੀ ਸਿੱਖਾਂ ਪ੍ਰਤੀ ਵਿਰੋਧੀ ਨੀਤੀ ਜਾਰੀ ਰੱਖੀ। ਜਦੋਂ 31 ਅਗਸਤ 1995 ਨੂੰ ਜੁਝਾਰੂ ਸਿੰਘਾਂ ਨੇ ਮੁੱਖ ਮੰਤਰੀ ਬੇਅੰਤੇ ਬੁੱਚੜ ਨੂੰ ਬੰਬ ਨਾਲ਼ ਉਡਾ ਦਿੱਤਾ ਸੀ ਤਾਂ ਫਿਰ ਹੀ ਇਸ ਧਮਾਕੇ ਦੇ ਡਰ ਨਾਲ ਸਰਕਾਰਾਂ ਨੂੰ ਆਪਣੀ ਨੀਤੀ ਨਰਮ ਕਰਨੀ ਪਈ ਸੀ ਜਦਕਿ ਇਸ ਤੋਂ ਪਹਿਲਾਂ ਤਾਂ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਤੇਜੀ ਨਾਲ ਚੱਲ ਰਿਹਾ ਸੀ।
ਸਿੱਖਾਂ ਦੇ ਕਤਲੇਆਮ ਵਿੱਚ ਕੇਵਲ ਪੰਜਾਬ ਦੇ ਪੁਲਸੀਆਂ ਨੂੰ ਹੀ ਦੋਸ਼ੀ ਮੰਨ ਲੈਣਾ ਤੇ ਦਿੱਲੀ ਦਰਬਾਰ, ਭਾਰਤੀ ਹਕੂਮਤ ਤੇ ਹਿੰਦੂ ਆਗੂਆਂ ਨੂੰ ਬਰੀ ਕਰ ਦੇਣਾ ਬਹੁਤ ਵੱਡੀ ਬੇਈਮਾਨੀ ਅਤੇ ਇਤਿਹਾਸ ਨਾਲ ਖਿਲਵਾੜ ਹੈ। ਸਿੱਖਾਂ ਦਾ ਕਤਲੇਆਮ ਹਿੰਦੂ ਸਰਕਾਰ ਨੇ ਕਰਵਾਇਆ ਸੀ ਜਿਸ ਵਿੱਚ ਬੇਅੰਤੇ ਬੁੱਚੜ ਅਤੇ ਕੇ.ਪੀ.ਐੱਸ. ਗਿੱਲ, ਅਜੀਤ ਸੰਧੂ, ਸਵਰਨ ਘੋਟਣਾ, ਸੁਮੇਧ ਸੈਣੀ, ਥਾਣੇਦਾਰ ਸੂਬਾ ਸਰਹੰਦ ਵਰਗੇ ਸਿੱਖੀ ਭੇਖ ਵਾਲੇ ਅਤੇ ਗੋਬਿੰਦ ਰਾਮ, ਸੀਤਾ ਰਾਮ, ਖੂਬੀ ਰਾਮ, ਸੰਤ ਕੁਮਾਰ ਅਤੇ ਸਾਮੰਤ ਗੋਇਲ ਵਰਗੇ ਹਿੰਦੂਤਵੀਏ ਤੇ ਇਜ਼ਹਾਰ ਆਲਮ ਅਤੇ ਮੁਹੰਮਦ ਮੁਸਤਫ਼ਾ ਵਰਗੇ ਮੁਸਲਮਾਨ ਤੇ ਰਿਬੈਰੋ ਵਰਗੇ ਇਸਾਈ ਅਫ਼ਸਰ ਸ਼ਾਮਲ ਸਨ ਇਹ ਸਭ ਹਿੰਦ ਹਕੂਮਤ ਦੇ ਸੰਦ ਬਣੇ ਸਨ। ਸਿੱਖਾਂ ਵਿਰੁੱਧ ਇਕੱਲੀ ਕਾਂਗਰਸੀ ਹੀ ਨਹੀਂ, ਬਲਕਿ ਭਾਜਪਾ ਅਤੇ ਕਾਮਰੇਡਾਂ ਨੇ ਵੀ ਮਾੜੀ ਭੂਮਿਕਾ ਨਿਭਾਈ ਸੀ।
ਇਸ ਲਈ ਸਿੱਖਾਂ ਨੂੰ ਸਿਰਫ਼ ਸਾਹਮਣੇ ਦਿਖਾਈ ਦੇਣ ਵਾਲੇ ਹਥਿਆਰ ਜਾਂ ਹਮਲਾਵਰ ਨੂੰ ਹੀ ਨਹੀਂ ਵੇਖਣਾ ਚਾਹੀਦਾ। ਇਹ ਵੀ ਸਮਝਣਾ ਚਾਹੀਦਾ ਹੈ ਕਿ ਉਸ ਹਥਿਆਰ ਨੂੰ ਚਲਾਉਣ ਵਾਲਾ ਕੌਣ ਸੀ, ਉਸ ਨੂੰ ਹੁਕਮ ਦੇਣ ਵਾਲਾ ਕੌਣ ਸੀ ਅਤੇ ਪਿੱਛੇ ਬੈਠ ਕੇ ਸਾਰੀ ਨੀਤੀ ਬਣਾਉਣ ਵਾਲਾ ਕੌਣ ਸੀ। ਸਿੱਖ ਕੌਮ ਨੂੰ ਆਪਣੀ ਸ਼ੇਰ ਬਿਰਤੀ ਕਾਇਮ ਰੱਖਣ ਦੀ ਲੋੜ ਹੈ। ਦੁਸ਼ਮਣ ਦੀ ਸਹੀ ਪਛਾਣ ਹੀ ਸਾਨੂੰ ਸਹੀ ਨਿਸ਼ਾਨੇ ਅਤੇ ਸਹੀ ਰਾਹ ਵੱਲ ਲੈ ਕੇ ਜਾ ਸਕਦੀ ਹੈ। ਜਦੋਂ ਤਕ ਅਸੀਂ ਜ਼ੁਲਮ ਕਰਨ ਵਾਲੇ ਦੇ ਨਾਲ-ਨਾਲ ਜ਼ੁਲਮ ਕਰਵਾਉਣ ਵਾਲੇ ਹੱਥਾਂ ਨੂੰ ਨਹੀਂ ਪਛਾਣਦੇ, ਉਦੋਂ ਤੱਕ ਇਤਿਹਾਸ ਦੀ ਪੂਰੀ ਸੱਚਾਈ ਸਾਹਮਣੇ ਨਹੀਂ ਆ ਸਕਦੀ। ਥੋੜ੍ਹੀ ਜਿਹੀ ਘੋਖ ਕੀਤਿਆਂ ਹੀ ਇਹ ਗੱਲ ਸਪਸ਼ਟ ਤੌਰ 'ਤੇ ਸਾਹਮਣੇ ਆਵੇਗੀ ਕਿ ਸਿੱਖਾਂ ਨੂੰ ਸ਼ਹੀਦ ਕਰਵਾਉਣ ਵਾਲੀ ਭਾਰਤੀ ਹਕੂਮਤ/ਹਿੰਦ ਸਰਕਾਰ ਸੀ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
...
Leave a Reply