ਸਿੱਖ ਜਜ਼ਬਾਤਾਂ ਖ਼ਿਲਾਫ਼ ਮਾਹੌਲ ਸਿਰਜਿਆ ਜਾ ਰਿਹੈ

ਸਿੱਖ ਜਜ਼ਬਾਤਾਂ ਖ਼ਿਲਾਫ਼ ਮਾਹੌਲ ਸਿਰਜਿਆ ਜਾ ਰਿਹੈ

ਹਰ ਸਮਾਜ ਵਾਂਗ ਸਿੱਖ ਸਮਾਜ ਵਿੱਚ ਵੀ ਕੁਝ ਚਿਹਰੇ ਕਿਸੇ ਨਾ ਕਿਸੇ ਕਾਰਨ ਚਰਚਿਤ ਹੁੰਦੇ ਹਨ। ਉਨ੍ਹਾਂ ਦੇ ਕਿਸੇ ਗੁਣ, ਕਿਸੇ ਘਾਲ-ਕਮਾਈ ਜਾਂ ਕਿਸੇ ਪ੍ਰਾਪਤੀ ਕਰਕੇ ਦੁਨੀਆ ਵਿੱਚ ਉਨ੍ਹਾਂ ਦੀ ਵੱਖਰੀ ਪਛਾਣ ਹੁੰਦੀ ਹੈ। ਕਲਾ, ਸਾਹਿਤ ਅਤੇ ਹੋਰ ਬੇਸ਼ੁਮਾਰ ਖੇਤਰ ਹਨ, ਜਿਨ੍ਹਾਂ ਵਿੱਚ ਕੋਈ ਬੰਦਾ ਆਪਣੀ ਥਾਂ ਬਣਾਉਂਦਾ ਹੈ। ਜਦੋਂ ਕਿਸੇ ਸਮਾਜ ਦੇ ਕਿਸੇ ਬੰਦੇ ਦੀ ਪ੍ਰਾਪਤੀ ਕਰਕੇ ਚੜ੍ਹਤ ਹੁੰਦੀ ਹੈ ਤਾਂ ਉਸ ਸਮਾਜ ਲਈ ਇਹ ਮਾਣ ਵਾਲੀ ਗੱਲ ਹੁੰਦੀ ਹੈ। ਪਰ ਉਸ ਬੰਦੇ ਨੂੰ ਇਹ ਖੁੱਲ੍ਹ ਨਹੀਂ ਮਿਲ ਜਾਂਦੀ ਕਿ ਜਦੋਂ ਉਹ ਕੋਈ ਨਾਂਹਪੱਖੀ ਗੱਲ ਕਰੇ ਤਾਂ ਉਹ ਸਮਾਜ ਉਸ ਨੂੰ ਕੁਝ ਨਾ ਕਹੇ। ਸਮਾਜ ਨੇ ਹਾਂਪੱਖੀ ਗੱਲ ਦੇਖ ਕੇ ਹਮਾਇਤ ਵੀ ਕਰਨੀ ਹੈ ਅਤੇ ਨਾਂਹਪੱਖੀ ਗੱਲ ਉੱਤੇ ਆਲੋਚਨਾ ਵੀ ਕਰਨੀ ਹੈ। ਬੱਲੇ-ਬੱਲੇ ਕਰਨ ਮੌਕੇ ਵੀ ਪ੍ਰਾਪਤੀ ਦੇ ਹਿਸਾਬ ਨਾਲ ਸ਼ਲਾਘਾ ਦਾ ਪੱਧਰ ਵੱਧ-ਘੱਟ ਹੋ ਸਕਦਾ ਹੈ। ਇਸੇ ਤਰ੍ਹਾਂ ਆਲੋਚਨਾ ਦਾ ਪੱਧਰ ਵੀ ਵੱਧ-ਘੱਟ ਹੋ ਸਕਦਾ ਹੈ।

ਜਦੋਂ ਸਿੱਖ ਸਮਾਜ ਦੇਖਦਾ ਹੈ ਕਿ ਕਿਸੇ ਸਿੱਖ ਨੇ ਇੱਜ਼ਤ ਬਣਾਈ ਹੈ ਤਾਂ ਸਿੱਖ ਸਮਾਜ ਉਸ ਦਾ ਸਤਿਕਾਰ ਕਰਦਾ ਹੈ। ਜਦੋਂ ਕੋਈ ਗ਼ਲਤੀ ਕਰੇ ਤਾਂ ਸਿੱਖ ਸਮਾਜ ਨੇ ਉਸ ਦਾ ਤਿਰਸਕਾਰ ਵੀ ਕਰਨਾ ਹੈ।

ਪਰ ਸਿੱਖਾਂ ਦੇ ਸ਼ਰੀਕ ਅਤੇ ਖ਼ਿਲਾਫ਼ ਲੋਕ ਚਾਹੁੰਦੇ ਹਨ ਕਿ ਜਦੋਂ ਵੀ ਸਿੱਖ ਗ਼ਲਤੀ ਕਰਨ ਵਾਲੇ ਆਪਣੇ ਕਿਸੇ ਬੰਦੇ ਦੀ ਆਲੋਚਨਾ ਕਰਦੇ ਹੋਣ ਤਾਂ ਅਸੀਂ ਉਸ ਬੰਦੇ ਦੀ ਹਮਾਇਤ ਕਰੀਏ, ਤਾਂ ਜੋ ਉਹ ਬੰਦਾ ਆਪਣੇ ਸਮਾਜ ਦੇ ਉਲਟ ਡਟ ਜਾਵੇ ਅਤੇ ਸਮਾਜ ਦੀ ਸੱਤਾ, ਵਕਾਰ ਤੇ ਹੈਸੀਅਤ ਰੁਲ ਜਾਵੇ।

ਪਿਛਲੇ ਸੱਠ-ਸੱਤਰ ਸਾਲਾਂ ਤੋਂ ਸਿੱਖ ਸਮਾਜ ਦੀ ਏਕਤਾ, ਇਤਫ਼ਾਕ, ਸੱਤਾ, ਵਕਾਰ ਅਤੇ ਹੈਸੀਅਤ ਰੋਲਣ ਲਈ ਹਿੰਦੂਤਵੀਆਂ, ਕਾਮਰੇਡਾਂ, ਕਾਂਗਰਸ ਅਤੇ ਭਾਜਪਾ ਰਾਹੀਂ ਭਾਰਤੀ ਨਿਜ਼ਾਮ ਲਗਾਤਾਰ ਮਿਹਨਤ ਕਰ ਰਿਹਾ ਹੈ।

ਜਿਹੜਾ ਵੀ ਸਿੱਖ ਆਪਣੇ ਸਮਾਜ ਦੀ ਲਛਮਣ ਰੇਖਾ ਟੱਪੇ, ਇੱਕ ਧਿਰ ਉਸ ਦੀ ਹਮਾਇਤ ਵਿੱਚ ਲਾਜ਼ਮੀ ਨਿੱਤਰਦੀ ਹੈ। ਇਸ ਕਰਕੇ ਕਲਾਕਾਰ, ਸਾਹਿਤਕਾਰ ਅਤੇ ਹੋਰ ਲੋਕ ਹੁਣ ਇਹ ਜਤਾਉਣ ਲਈ ਸਰਗਰਮ ਹਨ ਕਿ ਸਾਨੂੰ ਸਿੱਖ ਜਜ਼ਬਾਤ ਅਤੇ ਸਿੱਖ ਹਿੱਤਾਂ ਦੀ ਕੋਈ ਪ੍ਰਵਾਹ ਨਹੀਂ, ਅਸੀਂ ਸਿੱਖ ਸਮਾਜ ਨੂੰ ਕੱਖ ਨਹੀਂ ਸਮਝਦੇ। ਇਹੋ ਜਿਹੇ ਲੋਕ ਜਦੋਂ ਹੱਲਾਸ਼ੇਰੀ ਵਿੱਚ ਆ ਕੇ ਸਿੱਖ ਸਮਾਜ ਨੂੰ ਚਿੜਾਉਂਦੇ ਹਨ ਤਾਂ ਪਿੱਛੇ ਖੜ੍ਹੀ ਹਮਾਇਤੀ ਧਿਰ ਪੂਰੀ ਨਿਹਾਲ ਹੁੰਦੀ ਹੈ। ਲਗਾਤਾਰ ਇਹੋ ਜਿਹੇ ਬਾਗ਼ੀ ਵਧ ਰਹੇ ਹਨ।

ਕਮਾਲ ਦੀ ਗੱਲ ਹੈ ਕਿ ਹਿੰਦੂਆਂ ਦੀ ਰੀਝ ਹੈ ਕਿ ਕੋਈ ਵੀ ਹਿੰਦੂ ਉਨ੍ਹਾਂ ਦੇ ਧਰਮ ਦੀ ਮਰਿਆਦਾ ਨਾ ਟੱਪੇ। ਇਸੇ ਤਰ੍ਹਾਂ ਕਾਮਰੇਡ ਉਨ੍ਹਾਂ ਕਾਮਰੇਡਾਂ ਉੱਤੇ ਖਿਝਦੇ ਹਨ, ਜਿਹੜੇ ਉਨ੍ਹਾਂ ਦੇ ਨਿਯਮ ਭੰਗ ਕਰਦੇ ਹਨ। ਕਾਂਗਰਸ ਅਤੇ ਹੋਰ ਸਿਆਸੀ ਦਲ ਵੀ ਚਾਹੁੰਦੇ ਹਨ ਕਿ ਸਾਡੇ ਨੇਮ-ਕਾਨੂੰਨ ਕੋਈ ਬੰਦਾ ਭੰਗ ਨਾ ਕਰੇ। ਭਾਰਤੀ ਨਿਜ਼ਾਮ ਵੀ ਕਹਿੰਦਾ ਹੈ ਕਿ ਉਸ ਦੇ ਬਣਾਏ ਨਿਯਮ ਕੋਈ ਭੰਗ ਕਰੇਗਾ ਤਾਂ ਸਜ਼ਾ ਮਿਲੇਗੀ।

ਪਰ ਇਹ ਸਾਰੇ ਚਾਹੁੰਦੇ ਹਨ ਕਿ ਹਰ ਸਿੱਖ ਆਪਣੇ ਸਮਾਜ ਦੀ ਪ੍ਰਵਾਹ ਨਾ ਕਰੇ, ਮਰਿਆਦਾ ਦੀ ਉਲੰਘਣਾ ਕਰੇ, ਆਪਣੇ ਧਰਮ ਨੂੰ ਨੀਵਾਂ ਦਿਖਾਵੇ ਅਤੇ ਆਪਣੇ ਸਮਾਜ ਨੂੰ ਚਿੜਾਵੇ। ਇਨ੍ਹਾਂ ਸਾਰਿਆਂ ਨੂੰ ਉਹ ਸਿੱਖ ਜ਼ਹਿਰ ਵਰਗੇ ਜਾਪਦੇ ਹਨ, ਜਿਹੜੇ ਸਿੱਖ ਜਜ਼ਬਾਤ ਨੂੰ ਸੱਟ ਮਾਰਨ ਵਾਲੇ ਸਿੱਖਾਂ ਦਾ ਵਿਰੋਧ ਕਰਦੇ ਹਨ।

ਗੁਰਦਾਸ ਮਾਨ ਦੀ ਗਾਇਕੀ ਨੌਜਵਾਨੀ ਨੂੰ ਧਰਮ ਤੋਂ ਬਾਗ਼ੀ ਹੋਣ ਲਈ ਉਕਸਾਉਂਦੀ ਹੈ, ਨਸ਼ਿਆਂ ਵੱਲ ਤੋਰਦੀ ਹੈ ਅਤੇ ਪੋਥੀ ਤਿਆਗ ਕੇ ਮਸਤ ਹੋਣ ਤੇ ਅਯਾਸ਼ ਬਣਨ ਦੇ ਰਾਹ ਪਾ ਕੇ ਕਹਿੰਦੀ ਹੈ ਕਿ ਅੱਜ-ਕੱਲ੍ਹ ਮੁੰਡੇ-ਕੁੜੀਆਂ ਨੂੰ ਸਭ ਕੁਝ ਮਾਫ਼ ਹੋਣਾ ਚਾਹੀਦਾ ਹੈ। ਉਸ ਦੇ ਗਾਣੇ ਦੇ ਬੋਲ ਵਰਤਣ ਵਾਲੇ ਕਹਿੰਦੇ ਹਨ ਕਿ ਅੰਮ੍ਰਿਤ ਛਕਣ ਦੀ ਕੀ ਲੋੜ ਹੈ, ਦਿਲ ਸਾਫ਼ ਹੋਣਾ ਚਾਹੀਦਾ ਹੈ।

ਜਦੋਂ ਗੁਰਦਾਸ ਮਾਨ ਪੰਜਾਬੀ ਮਾਂ-ਬੋਲੀ ਖ਼ਿਲਾਫ਼ ਗੁਸਤਾਖ਼ੀ ਕਰ ਗਿਆ ਤਾਂ ਉਸ ਦੇ ਭਾਈਚਾਰੇ ਨੇ ਬੁਰਾ ਮਨਾਇਆ। ਉਹ ਸਮਝ ਗਿਆ ਅਤੇ ਅਗਲੇ ਦਿਨ ਮਾਫ਼ੀ ਵੀ ਮੰਗ ਲਈ, ਪਰ ਸਮਾਜ ਦਾ ਰੋਹ ਜ਼ਿਆਦਾ ਸੀ। ਉਹ ਗੱਲ ਨਿਬੇੜਨ ਦੀ ਥਾਂ ਇੱਕ ਗਾਣਾ ਲੈ ਕੇ ਆਪਣੇ ਆਪ ਨੂੰ ਸਹੀ ਅਤੇ ਆਪਣਾ ਵਿਰੋਧ ਕਰਨ ਵਾਲੇ ਲੋਕਾਂ ਨੂੰ ਗ਼ਲਤ ਕਹਿਣ ਲੱਗ ਪਿਆ। ਇਸ ਮੌਕੇ ਉਸ ਨੂੰ ਯਕੀਨ ਸੀ ਕਿ ਮੈਨੂੰ ਹਮਾਇਤ ਮਿਲੇਗੀ ਅਤੇ ਸੱਚ ਹੀ ਇਉਂ ਹੋਇਆ। ਹੁਣ ਹਰ ਉਹ ਸ਼ਖ਼ਸ ਬਹਾਨੇ ਬਣਾ-ਬਣਾ ਕੇ ਗੁਰਦਾਸ ਦੀ ਹਮਾਇਤ ਕਰ ਰਿਹਾ ਹੈ, ਜਿਹੜਾ ਚਾਹੁੰਦਾ ਹੈ ਕਿ ਕਲਾਕਾਰਾਂ, ਸਾਹਿਤਕਾਰਾਂ, ਨਾਟਕਾਂ, ਫ਼ਿਲਮਾਂ ਅਤੇ ਹੋਰ ਸਭ ਨੂੰ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ ਅਤੇ ਕਦੇ ਵੀ ਸਿੱਖਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ। ਇਹ ਹੁੰਦੇ ਕੌਣ ਹਨ ਆਪਣੇ ਹਿੱਤਾਂ ਦੀ ਰਾਖੀ ਕਰਨ ਵਾਲੇ? ਇਨ੍ਹਾਂ ਨੂੰ ਕੀ ਹੱਕ ਹੈ ਕਿ ਕਿਸੇ ਨੂੰ ਰੋਕਣ-ਟੋਕਣ?

ਸੋ ਬੇਹਯਾਈ ਨੂੰ ਬੇਲਗਾਮ ਕਰਨ ਦੇ ਹਾਮੀਆਂ ਤੋਂ ਲੈ ਕੇ ਹਰ ਤਰ੍ਹਾਂ ਦੇ ਲੋਕ ਗੁਰਦਾਸ ਮਾਨ ਦੀ ਹਮਾਇਤ ਵਿੱਚ ਹਨ ਕਿ ਐਵੇਂ ਸਿੱਖ ਲੱਗੇ ਰਹਿੰਦੇ ਹਨ ਕਿ ਇਹ ਗੱਲ ਗ਼ਲਤ ਹੈ, ਆਹ ਇਉਂ ਕਰੋ, ਆਹ ਨਾ ਕਰੋ।

ਗੁਰਦਾਸ ਮਾਨ ਦੇ ਰੂਪ ਵਿੱਚ ਉਨ੍ਹਾਂ ਨੂੰ ਇੱਕ ਢਾਲ ਵੀ ਮਿਲ ਗਈ ਅਤੇ ਇੱਕ ਤਲਵਾਰ ਵੀ। ਉਹ ਸਿੱਖ ਜਜ਼ਬਾਤ ਖ਼ਿਲਾਫ਼ ਮਾਹੌਲ ਸਿਰਜ ਰਹੇ ਹਨ, ਤਾਂ ਜੋ ਹਾਲਾਤ ਇਹੋ ਜਿਹੇ ਹੋ ਜਾਣ ਕਿ ਕੋਈ ਵੀ ਸਿੱਖਾਂ ਦੀ ਪ੍ਰਵਾਹ ਨਾ ਕਰਿਆ ਕਰੇ। ਇਹੀ ਬਿਰਤੀ ਚਮਕੀਲੇ ਦੀ ਸੀ ਕਿ ਮੈਂ ਜੋ ਮਰਜ਼ੀ ਲਿਖਾਂ ਅਤੇ ਗਾਵਾਂ; ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਨਾ ਸੁਣੋ। ਇਹੀ ਬਿਰਤੀ ਬਲਦੇਵ ਸੜਕਨਾਮਾ ਦੀ ਸੀ ਕਿ ਮੈਂ ਮਹਾਰਾਜਾ ਰਣਜੀਤ ਸਿੰਘ ਬਾਰੇ ਜੋ ਮਰਜ਼ੀ ਲਿਖਾਂ; ਤੁਹਾਨੂੰ ਚੰਗਾ ਨਹੀਂ ਲੱਗਦਾ ਤਾਂ ਨਾ ਪੜ੍ਹੋ। ਜਿਵੇਂ ਕੰਗਨਾ ਰਣੌਤ ਕਹਿੰਦੀ ਹੈ ਕਿ ਜੇ ਤੁਸੀਂ ਬਹੁਤ ਔਖੇ ਹੋ ਤਾਂ ਮੇਰੀ ਫ਼ਿਲਮ ਨਾ ਦੇਖਿਓ। ਸੋ ਸਿੱਖ ਸਮਾਜ ਦੇ ਦੋਖੀਆਂ ਨੇ ਹਰ ਉਸ ਸ਼ਖ਼ਸ, ਵਰਤਾਰੇ ਜਾਂ ਧਿਰ ਦੀ ਹਮਾਇਤ ਕਰਨੀ ਹੈ, ਜਿਸ ਤੋਂ ਸਿੱਖ ਦੁਖੀ ਹੋਣ।

ਨਿਸ਼ਾਨਾ ਇੱਕੋ ਹੈ ਕਿ ਸਿੱਖਾਂ ਦਾ ਵਕਾਰ ਰੋਲਣਾ ਹੈ। ਸਿੱਖਾਂ ਦੀ ਪ੍ਰਵਾਹ ਖ਼ਤਮ ਕਰਨੀ ਹੈ। ਇਸ ਖੇਡ ਵਿੱਚ ਜਾਣੇ-ਅਣਜਾਣੇ ਪੂਰਾ ਮੁਲਕ ਸ਼ਾਮਲ ਹੈ।

ਸਰਬਜੀਤ ਸਿੰਘ ਘੁਮਾਣ 
(ਖਾਲਿਸਤਾਨੀ ਚਿੰਤਕ)

ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
ਸ . ਸਰਬਜੀਤ ਸਿੰਘ ਘੁਮਾਣ ,ਖ਼ਾਲਿਸਤਾਨੀ ਸਿੱਖ ਚਿੰਤਕ
+91 97819 91622
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.