ਜੁਝਾਰੂ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦੇ ਹੱਕ 'ਚ ਨਿੱਤਰੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਰਬੱਤ ਖਾਲਸਾ ਜਥੇਦਾਰ ਦਾ ਧੰਨਵਾਦ : ਭਾਈ ਰਣਜੀਤ ਸਿੰਘ (ਫੈਡਰੇਸ਼ਨ ਭਿੰਡਰਾਂਵਾਲਾ)

ਜੁਝਾਰੂ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦੇ ਹੱਕ 'ਚ ਨਿੱਤਰੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਅਤੇ ਸਰਬੱਤ ਖਾਲਸਾ ਜਥੇਦਾਰ ਦਾ ਧੰਨਵਾਦ : ਭਾਈ ਰਣਜੀਤ ਸਿੰਘ (ਫੈਡਰੇਸ਼ਨ ਭਿੰਡਰਾਂਵਾਲਾ)

ਅੰਮ੍ਰਿਤਸਰ, 10 ਅਕਤੂਬਰ ਤਾਜੀਮਨੂਰ ਕੌਰ 
 

ਅੱਜ ਕੌਮੀ ਯੋਧੇ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਚੋਣ ਮੁਹਿੰਮ ਦਾ ਆਗਾਜ਼ ਕੀਤਾ ਗਿਆ। ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ 'ਚ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਦਾ ਸਮਰਥਨ ਕਰਦਿਆਂ ਕਿਹਾ ਕਿ ਭਾਈ ਸੰਦੀਪ ਸਿੰਘ ਸੰਨੀ ਦੀ ਸਿੱਖ ਕੌਮ ਤੇ ਪੰਜਾਬ ਲਈ ਵੱਡੀ ਕੁਰਬਾਨੀ ਹੈ, ਭਾਈ ਸੰਨੀ ਨੇ ਸੁਧੀਰ ਸੂਰੀ ਅਤੇ ਸੂਬਾ ਸਰਹੰਦ ਨੂੰ ਸੋਧ ਕੇ ਖ਼ਾਲਸਾ ਪੰਥ ਦਾ ਸਿਰ ਹੋਰ ਉੱਚਾ ਕੀਤਾ ਹੈ। ਅੱਜ ਲੋੜ ਹੈ ਕਿ ਉਹਨਾਂ ਦੇ ਭਰਾ ਭਾਈ ਮਨਦੀਪ ਸਿੰਘ ਨੂੰ ਤਰਨ ਤਾਰਨ ਦੀ ਚੋਣ ਵਿੱਚੋਂ ਜਿਤਾ ਕੇ ਇਸ ਪਰਿਵਾਰ ਨੂੰ ਹੋਰ ਮਾਣ-ਸਤਿਕਾਰ ਦਿੱਤਾ ਜਾਏ। ਉਹਨਾਂ ਕਿਹਾ ਕਿ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਸਮੁੱਚੀਆਂ ਪੰਥਕ ਜਥੇਬੰਦੀਆਂ ਨੇ ਭਾਈ ਮਨਦੀਪ ਸਿੰਘ ਨੂੰ ਸਮਰਥਨ, ਸਾਥ ਅਤੇ ਸਹਿਯੋਗ ਦਿੱਤਾ ਹੈ।

 ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਅਕਾਲੀ ਦਲ ਵਾਰਿਸ ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ (ਨਜ਼ਰਬੰਦ ਡਿਬਰੂਗੜ੍ਹ ਜੇਲ੍ਹ) ਦੇ ਪਿਤਾ ਸ. ਤਰਸੇਮ ਸਿੰਘ, ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖ਼ਾਲਸਾ (ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ), ਨਵਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਥਕ ਕੌਂਸਲ ਦੇ ਚੇਅਰਪਰਸਨ ਬੀਬੀ ਸਤਵੰਤ ਕੌਰ (ਸਪੁੱਤਰੀ ਸ਼ਹੀਦ ਭਾਈ ਅਮਰੀਕ ਸਿੰਘ ਜੀ), ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ, ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਭਾਈ ਗੁਰਦੀਪ ਸਿੰਘ ਬਠਿੰਡਾ, ਪੰਥਕ ਆਗੂ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਭਾਈ ਹਰਪਾਲ ਸਿੰਘ ਬਲੇਰ, ਭਾਈ ਉਪਕਾਰ ਸਿੰਘ ਸੰਧੂ, ਭਾਈ ਜਸਕਰਨ ਸਿੰਘ ਕਾਹਨਸਿੰਘਵਾਲਾ, ਭਾਈ ਮਨਜੀਤ ਸਿੰਘ ਭੋਲਾ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕੰਵਰ ਚੜ੍ਹਤ ਸਿੰਘ, ਪ੍ਰਧਾਨ ਭਾਈ ਦਲੇਰ ਸਿੰਘ ਡੋਡ, ਖਾਲੜਾ ਮਿਸ਼ਨ, ਸਮੂਹ ਸ਼ਹੀਦਾਂ ਦੇ ਪਰਿਵਾਰਾਂ, ਪੰਥਕ ਸ਼ਖਸੀਅਤਾਂ ਤੇ ਸੰਗਤਾਂ ਦਾ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਭਾਈ ਮਨਦੀਪ ਸਿੰਘ ਦਾ ਸਮਰਥਨ ਕਰਕੇ ਪੰਥਕ ਏਕਤਾ ਦਾ ਸਬੂਤ ਦਿੱਤਾ ਹੈ। 

ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਮੱਦੇਨਜ਼ਰ ਬਾਦਲਕਿਆਂ ਨੂੰ ਤਰਨ ਤਾਰਨ ਤੋਂ ਆਪਣਾ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਪਿੱਛੇ ਹਟਾ ਲੈਣਾ ਚਾਹੀਦਾ ਹੈ। 

ਉਹਨਾਂ ਨੇ ਸਮੁੱਚੀਆਂ ਸੰਪਰਦਾਵਾਂ, ਦਮਦਮੀ ਟਕਸਾਲ, ਨਿਹੰਗ ਸਿੰਘ ਦਲ ਪੰਥ, ਕਾਰ ਸੇਵਾ ਵਾਲਿਆਂ, ਸਮਾਜਿਕ ਸੰਸਥਾਵਾਂ ਅਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਭਾਈ ਮਨਦੀਪ ਸਿੰਘ ਨੂੰ ਜਿਤਾਉਣ ਲਈ ਸਾਥ ਦੇਣ। ਭਾਈ ਰਣਜੀਤ ਸਿੰਘ ਨੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਅਪੀਲ ਕੀਤੀ ਕਿ ਜਿਸ ਤਰ੍ਹਾਂ ਉਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਵੇਲੇ ਬੜੀ ਸ਼ਾਨਦਾਰ ਭੂਮਿਕਾ ਨਿਭਾਈ ਸੀ ਇਸੇ ਤਰ੍ਹਾਂ ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਦੀ ਚੋਣ ਮੁਹਿੰਮ ਵਿੱਚ ਵੀ ਉਹ ਕਿੰਗ ਮੇਕਰ ਵਜੋਂ ਸਰਗਰਮ ਹੋਣ। ਭਾਈ ਰਣਜੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਕਿਹਾ ਕਿ ਤੁਹਾਡੇ 94 ਵਿਧਾਇਕਾਂ ਨੇ ਡੱਕਾ ਨਹੀਂ ਭੰਨਿਆ ਤੇ ਹੁਣ ਇਸ ਚੋਣ ਵਿੱਚ ਨੈਤਿਕਤਾ ਦੇ ਆਧਾਰ ਉੱਤੇ ਝਾੜੂ ਪਾਰਟੀ ਨੂੰ ਚੋਣ ਮੈਦਾਨ ਖਾਲੀ ਕਰ ਦੇਣਾ ਚਾਹੀਦਾ ਹੈ। ਅੱਜ ਅਰਦਾਸ ਸਮਾਗਮ ਵਿੱਚ ਭਾਈ ਸੰਦੀਪ ਸਿੰਘ ਸੰਨੀ ਦੀ ਸੋ ਪਤਨੀ ਬੀਬੀ ਗੁਰਪ੍ਰੀਤ ਕੌਰ, ਛੋਟਾ ਭਰਾ ਭਾਈ ਹਰਦੀਪ ਸਿੰਘ, ਮਾਤਾ ਜੀ ਸਮੇਤ ਅਨੇਕਾਂ ਸੰਗਤਾਂ ਹਾਜ਼ਰ ਸਨ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.